Asian Games: ਭਾਰਤ ਨੇ ਮਿਕਸਡ ਰਿਲੇਅ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ
10 ਹਜ਼ਾਰ ਮੀਟਰ ਦੌੜ ਵਿੱਚ ਸੀਮਾ ਨੇ ਕਾਂਸੀ ਦਾ ਤਗ਼ਮਾ ਕੀਤਾ ਆਪਣੇ ਨਾਮ
ਭਾਰਤ ਨੇ ਵੀਰਵਾਰ ਨੂੰ ਇੱਥੇ ਏਸ਼ਿਆਈ ਖੇਡਾਂ ਦੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਸੀਮਾ ਕੁਮਾਰੀ ਨੇ ਮਹਿਲਾਵਾਂ ਦੀ 10 ਹਜ਼ਾਰ ਮੀਟਰ ਦੌੜ ਦੇ ਫਾਈਨਲ ਵਿੱਚ ਦੇਸ਼ ਨੂੰ ਇਤਿਹਾਸਕ ਕਾਂਸੀ ਦਾ ਤਗ਼ਮਾ ਦਿਵਾਇਆ।
ਪੂਵੰਮਾ ਰਾਜੂ, ਵਿਸ਼ਾਲ ਥੇਨਾਰਾਸੂ, ਵਿੱਥਿਆ ਰਾਮਰਾਜ ਅਤੇ ਮਨੂ ਟੀਐੱਸ ਦੀ ਚੌਕੜੀ ਨੇ 3 ਮਿੰਟ 14.46 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇਸ ਦੇ ਨਾਲ ਹੀ ਭਾਰਤ ਨੇ 2023 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਜਿੱਤਿਆ ਆਪਣਾ ਚਾਂਦੀ ਦਾ ਤਗ਼ਮਾ ਬਰਕਰਾਰ ਰੱਖਿਆ।
ਵਿੱਥਿਆ ਰਾਮਰਾਜ ਨੇ ਆਖ਼ਰੀ ਗੇੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਚਾਂਦੀ ਦਾ ਤਗ਼ਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉੱਥੇ ਹੀ ਬਹਿਰੀਨ ਨੇ 3 ਮਿੰਟ 12.87 ਸਕਿੰਟ ਦੇ ਰਿਕਾਰਡ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ।
ਦੂਜੇ ਪਾਸੇ ਮਹਿਲਾਵਾਂ ਦੇ 10 ਹਜ਼ਾਰ ਮੀਟਰ ਮੁਕਾਬਲੇ ਵਿੱਚ ਸੀਮਾ ਨੇ 32 ਮਿੰਟ 50.05 ਸਕਿੰਟ ਦਾ ਸਮਾਂ ਕੱਢਿਆ। ਸੀਮਾ ਨੇ ਸਖ਼ਤ ਮੁਕਾਬਲੇ ਵਿੱਚ 16 ਸਾਲਾਂ ਦੇ ਵਕਫ਼ੇ ਮਗਰੋਂ ਇਸ ਮੁਕਾਬਲੇ ਵਿੱਚ ਭਾਰਤ ਨੂੰ ਤਗ਼ਮਾ ਦਿਵਾਇਆ। ਏਸ਼ਿਆਈ ਖੇਡਾਂ ਦੇ ਇਸ ਮੁਕਾਬਲੇ ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਿਰਫ਼ ਤੀਜਾ ਤਗ਼ਮਾ ਹੈ।

