ਰੰਗਾਰੰਗ ਪਰ ਗੰਭੀਰ ਮਾਹੌਲ ’ਚ ਹੋਇਆ Asian Games ਦਾ ਆਗ਼ਾਜ਼
ਜਪਾਨ ਨੇ ਉਦਘਾਟਨੀ ਸਮਾਰੋਹ ’ਚ ਤਕਨੀਕੀ ਤੇ ਉਦਯੋਗਿਕ ਤਾਕਤ ਦਾ ਪ੍ਰਦਰਸ਼ਨ ਕੀਤਾ; 45 ਦੇਸ਼ਾਂ ਦੇ ਲਗਪਗ 11,000 ਐਥਲੀਟ 43 ਖੇਡਾਂ ਦੇ ਮੁਕਾਬਲਿਆਂ ’ਚ ਹਿੱਸਾ ਲੈਣਗੇ
ਜਪਾਨ ਨੇ ਅੱਜ ਏਸ਼ਿਆਈ ਖੇਡਾਂ ਦੇ ਸਾਦੇ ਪਰ ਰੰਗਾਰੰਗ ਉਦਘਾਟਨੀ ਸਮਾਰੋਹ ਵਿੱਚ ਆਪਣੀ ਤਕਨੀਕੀ ਅਤੇ ਉਦਯੋਗਿਕ ਤਾਕਤ ਦੇ ਨਾਲ-ਨਾਲ ਆਪਣੇ ਡੂੰਘੇ ਸੱਭਿਆਚਾਰਕ ਵਿਰਸੇ ਨੂੰ ਬਾਖ਼ੂਬੀ ਪੇਸ਼ ਕੀਤਾ। ਇਸ ਸਮਾਰੋਹ ਨੇ ਇਸ ਮੈਗਾ ਈਵੈਂਟ ਦੀ ਤਿਆਰੀ ਦੌਰਾਨ ਆਈਆਂ ਪ੍ਰਬੰਧਕੀ ਅਤੇ ਹੋਰ ਮੁਸ਼ਕਲਾਂ ਤੋਂ ਬਾਅਦ ਰਾਹਤ ਦੀ ਕਿਰਨ ਦਾ ਕੰਮ ਕੀਤਾ।
ਅਗਲੇ 15 ਦਿਨਾਂ ਤੱਕ 45 ਦੇਸ਼ਾਂ ਦੇ ਲਗਪਗ 11,000 ਐਥਲੀਟ 43 ਖੇਡਾਂ, 71 ਉਪ-ਖੇਡ ਮੁਕਾਬਲਿਆਂ ਵਿੱਚ ਮੁਕਾਬਲਾ ਕਰਨਗੇ ਅਤੇ 4 ਅਕਤੂਬਰ ਨੂੰ ਸਮਾਪਤੀ ਵਾਲੇ ਦਿਨ ਤੱਕ ਕੁੱਲ 469 ਸੋਨ ਤਗ਼ਮੇ ਦਾਅ ’ਤੇ ਹੋਣਗੇ। ਬਾਸਕਟਬਾਲ, ਫੁਟਬਾਲ, ਕ੍ਰਿਕਟ ਅਤੇ ਕੁਝ ਹੋਰ ਖੇਡਾਂ ਦੇ ਮੁਕਾਬਲੇ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ।
‘ਹਾਰਮੋਨਿਕ ਹਾਰਟ ਬੀਟ’ ਦੇ ਸੰਕਲਪ ਨਾਲ, ਜਪਾਨ ਨੇ 1958 (ਟੋਕੀਓ) ਅਤੇ 1994 (ਹੀਰੋਸ਼ੀਮਾ) ਤੋਂ ਬਾਅਦ ਆਪਣੇ ਇਤਿਹਾਸ ਵਿੱਚ ਤੀਜੀ ਵਾਰ ਏਸ਼ਿਆਈ ਖੇਡਾਂ ਦੇ ਐਥਲੀਟਾਂ ਦਾ ਸਵਾਗਤ ਕੀਤਾ ਹੈ। ਇਸ ਸਮਾਰੋਹ ਵਿੱਚ ਖਿੱਚ ਦਾ ਮੁੱਖ ਕੇਂਦਰ ਦਿਲ ਦੇ ਆਕਾਰ ਦਾ ਮੁੱਖ ਸਟੇਜ ਸੀ, ਜਿਸ ਨੂੰ ‘ਵਨ ਏਸ਼ੀਆ’ ਦੇ ਥੀਮ ਨੂੰ ਦਰਸਾਉਣ ਲਈ ਚੁਣਿਆ ਗਿਆ ਸੀ, ਜੋ ਪੂਰੇ ਮਹਾਦੀਪ ਦੇ ਐਥਲੀਟਾਂ ਅਤੇ ਲੋਕਾਂ ਨੂੰ ‘ਦਿਲ ਤੋਂ ਦਿਲ’ ਤੱਕ ਜੋੜਨ ਦਾ ਪ੍ਰਤੀਕ ਹੈ। ਤੀਹ ਹਜ਼ਾਰ ਦੀ ਸਮਰੱਥਾ ਵਾਲੇ ਅਤੇ ਪੂਰੀ ਤਰ੍ਹਾਂ ਭਰੇ ਮਿਜ਼ੂਹੋ ਪਾਰਕ ਐਥਲੈਟਿਕ ਸਟੇਡੀਅਮ ਵਿੱਚ ਹੋਏ ਇਸ ਸ਼ਾਨਦਾਰ ਸ਼ੋਅ ਨੇ ਸਥਾਨਕ ਆਇਚੀ ਉਦਯੋਗਿਕ ਤਕਨਾਲੋਜੀ ਨੂੰ ਸ਼ਾਸਤਰੀ ਕਲਾ ਨਾਲ ਬਾਖ਼ੂਬੀ ਜੋੜਿਆ। ਇਸ ਵਿੱਚ ਰਵਾਇਤੀ ਜਪਾਨੀ ਕਾਬੁਕੀ ਸਟੇਜ ਦੇ ਤੱਤ ਦੇ ਨਾਲ-ਨਾਲ ਝੰਡਾ ਲਹਿਰਾਉਂਦਾ ਹੋਇਆ ਵਿਸ਼ਾਲ ਉਦਯੋਗਿਕ ਰੋਬੋਟ ਬਾਹੂ ਵੀ ਦੇਖਣ ਨੂੰ ਮਿਲਿਆ। ਦੋ ਘੰਟੇ ਤੱਕ ਚੱਲੇ ਇਸ ਉਦਘਾਟਨੀ ਸਮਾਰੋਹ ਦੌਰਾਨ, ਜਪਾਨ ਦੇ ਸਮਰਾਟ ਨਾਰੂਹਿਤੋ ਨੇ ਮਹਾਰਾਣੀ ਮਾਸਾਕੋ, ਓਲੰਪਿਕ ਕੌਂਸਲ ਆਫ ਏਸ਼ੀਆ ਦੇ ਪ੍ਰਧਾਨ ਸ਼ੇਖ ਜੋਆਨ ਬਿਨ ਹਮਦ ਅਲ ਥਾਨੀ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਦੀ ਮੁਖੀ ਕ੍ਰਿਸਟੀ ਕੋਵੈਂਟਰੀ ਦੀ ਮੌਜੂਦਗੀ ਵਿੱਚ 20ਵੀਆਂ ਏਸ਼ਿਆਈ ਖੇਡਾਂ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ।
ਤੂਰ ਦੀ ਥਾਂ ਸਹਿਰਾਵਤ ਬਣਿਆ ਝੰਡਾਬਰਦਾਰ
ਨਾਗੋਆ: ਚੋਟੀ ਦੀ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਕਬੱਡੀ ਖਿਡਾਰੀ ਪਵਨ ਸਹਿਰਾਵਤ ਦੀ ਅਗਵਾਈ ਹੇਠ, ਭਾਰਤੀ ਦਲ ਤਾੜੀਆਂ ਦੀ ਗੂੰਜ ਨਾਲ ਐਥਲੀਟ ਪਰੇਡ ਵਿੱਚ ਦਾਖ਼ਲ ਹੋਇਆ। ਗੋਲਾ ਸੁਟਾਵੇ ਤਜਿੰਦਰਪਾਲ ਸਿੰਘ ਤੂਰ ਨੂੰ ਵੇਲੇ ਸਿਰ ਰਸਮੀ ਕਿੱਟ ਨਾ ਮਿਲਣ ਕਾਰਨ, ਪਵਨ ਸਹਿਰਾਵਤ ਨੂੰ ਭਾਰਤ ਦਾ ਝੰਡਾਬਰਦਾਰ ਬਣਾਇਆ ਗਿਆ। ਗੂੜ੍ਹੀ ਨੀਲੀ ਸਾੜ੍ਹੀ ਅਤੇ ਬੰਦਗਲਾ-ਸ਼ੈਲੀ ਦੀ ਰਵਾਇਤੀ ਜੈਕਟ ਪਹਿਨੀ ਮਨੂ ਭਾਕਰ ਨੂੰ ਪਵਨ ਸਹਿਰਾਵਤ ਦੇ ਨਾਲ 150 ਮੈਂਬਰੀ ਭਾਰਤੀ ਦਲ ਦੀ ਅਗਵਾਈ ਕਰਦੇ ਹੋਏ ਅਤੇ ਭੀੜ ਵੱਲ ਹੱਥ ਹਿਲਾਉਂਦੇ ਹੋਏ ਦੇਖਿਆ ਗਿਆ। ਭਾਰਤੀ ਪੁਰਸ਼ ਪ੍ਰਤੀਯੋਗੀਆਂ ਨੇ ਵੀ ਮੇਲ ਖਾਂਦੀਆਂ ਪੈਂਟਾਂ ਦੇ ਨਾਲ ਗੂੜ੍ਹੀ ਨੀਲੀ ਬੰਦਗਲਾ-ਸ਼ੈਲੀ ਦੀਆਂ ਰਵਾਇਤੀ ਜੈਕਟਾਂ ਪਹਿਨੀਆਂ ਹੋਈਆਂ ਸਨ। -ਪੀਟੀਆਈ

