Asian Games 2026: 14 ਸਾਲਾ ਤੀਰਅੰਦਾਜ਼ ਹੱਥੋਂ ਹਾਰ ਕੇ Archery Event ਵਿੱਚੋਂ ਬਾਹਰ ਹੋਈ Jyothi Surekha Vennam
ਭਾਰਤ ਦੀ ਮੌਜੂਦਾ ਚੈਂਪੀਅਨ ਤੀਰਅੰਦਾਜ਼ ਜੋਤੀ ਸੁਰੇਖਾ ਵੇਨਮ ਏਸ਼ਿਆਈ ਖੇਡਾਂ ਦੇ ਮਹਿਲਾ ਵਿਅਕਤੀਗਤ ਕੰਪਾਊਂਡ ਮੁਕਾਬਲੇ ’ਚੋਂ ਬਾਹਰ ਹੋ ਗਈ ਹੈ। ਅੱਜ ਖੇਡੇ ਗਏ ਪ੍ਰੀ-ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਮਹਿਜ਼ 14 ਸਾਲਾ ਕਾਂਗ ਯਿਓਨਸਿਓ ਨੇ ਸ਼ਤ-ਪ੍ਰਤੀਸ਼ਤ, 150 ਅੰਕ ਲੈ ਕੇ...
ਭਾਰਤ ਦੀ ਮੌਜੂਦਾ ਚੈਂਪੀਅਨ ਤੀਰਅੰਦਾਜ਼ ਜੋਤੀ ਸੁਰੇਖਾ ਵੇਨਮ ਏਸ਼ਿਆਈ ਖੇਡਾਂ ਦੇ ਮਹਿਲਾ ਵਿਅਕਤੀਗਤ ਕੰਪਾਊਂਡ ਮੁਕਾਬਲੇ ’ਚੋਂ ਬਾਹਰ ਹੋ ਗਈ ਹੈ। ਅੱਜ ਖੇਡੇ ਗਏ ਪ੍ਰੀ-ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਮਹਿਜ਼ 14 ਸਾਲਾ ਕਾਂਗ ਯਿਓਨਸਿਓ ਨੇ ਸ਼ਤ-ਪ੍ਰਤੀਸ਼ਤ, 150 ਅੰਕ ਲੈ ਕੇ ਜੋਤੀ ਨੂੰ ਕਰਾਰੀ ਮਾਤ ਦਿੱਤੀ। ਪਿਛਲੀਆਂ ਖੇਡਾਂ ਵਿੱਚ ਤਿੰਨ ਸੋਨ ਤਗ਼ਮੇ ਜਿੱਤਣ ਵਾਲੀ ਜੋਤੀ 146 ਅੰਕ ਹੀ ਬਣਾ ਸਕੀ। ਪਹਿਲੀ ਵਾਰ ਹਿੱਸਾ ਲੈ ਰਹੇ ਚਿਕਿਤਾ ਤਨਿਪਾਰਥੀ ਅਤੇ ਗਣੇਸ਼ ਮਣੀ ਰਤਨਮ ਥਿਰੂਮੁਰੂ ਆਪੋ-ਆਪਣੇ ਵਰਗਾਂ ਦੇ ਕੁਆਰਟਰ ਫਾਈਨਲ ਵਿੱਚ ਪੁੱਜ ਗਏ ਹਨ। ਚਿਕਿਤਾ ਨੇ ਚੀਨੀ ਤੈਪਈ ਦੀ ਚੇਨ ਯੀ-ਸੁਆਨ ਨੂੰ ਰੋਮਾਂਚਕ ਸ਼ੂਟ-ਆਫ ਵਿੱਚ ਹਰਾਇਆ। ਦੋਵੇਂ ਖਿਡਾਰਨਾਂ 148-148 ਅੰਕਾਂ ਨਾਲ ਬਰਾਬਰੀ ’ਤੇ ਸਨ, ਪਰ ਸ਼ੂਟ-ਆਫ ਵਿੱਚ ਚਿਕਿਤਾ ਨੇ ਇਨਰ 10 ’ਤੇ ਨਿਸ਼ਾਨਾ ਲਾ ਕੇ ਜਿੱਤ ਦਰਜ ਕੀਤੀ। ਵੀਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਉਸ ਦਾ ਸਾਹਮਣਾ ਇੰਡੋਨੇਸ਼ੀਆ ਦੀ ਨੂਰੀਸਾ ਡਿਆਨ ਅਸ਼ਰੀਫਾਹ ਨਾਲ ਹੋਵੇਗਾ।
ਦੂਜੇ ਪਾਸੇ, ਪੁਰਸ਼ਾਂ ਦੇ ਕੰਪਾਊਂਡ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਦੋ ਭਾਰਤੀ ਖਿਡਾਰੀਆਂ ਗਣੇਸ਼ ਅਤੇ ਸਾਹਿਲ ਜਾਧਵ ਵਿਚਾਲੇ ਸਖ਼ਤ ਟੱਕਰ ਹੋਈ। ਚਾਰ ਗੇੜਾਂ ਮਗਰੋਂ ਦੋਵੇਂ 119-119 ਦੀ ਬਰਾਬਰੀ ਉੱਤੇ ਸਨ। ਆਖਰੀ ਗੇੜ ਵਿੱਚ ਗਣੇਸ਼ ਨੇ 149-148 ਦੇ ਸਕੋਰ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਵੀਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਗਣੇਸ਼ ਦਾ ਮੁਕਾਬਲਾ ਚੀਨੀ ਤੈਪਈ ਦੇ 28 ਸਾਲਾ ਤੀਰਅੰਦਾਜ਼ ਚੇਨ ਚੀਹ-ਲੁਨ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਹਿਲ ਨੇ ਮੰਗੋਲੀਆ ਦੇ ਖਿਡਾਰੀ ਨੂੰ ਅਤੇ ਗਣੇਸ਼ ਨੇ ਇੰਡੋਨੇਸ਼ੀਆ ਦੇ ਖਿਡਾਰੀ ਨੂੰ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਸੀ।

