Asian Games 2026: ਹਾਰ ਦੇ ਬਾਵਜੂਦ Manush Shah ਅਤੇ Diya Chitale ਨੇ Table Tennis ਵਿੱਚਕਾਂਸੇ ਦਾ ਤਗ਼ਮਾ ਜਿੱਤਿਆ
ਸੈਮੀ ਫਾਈਨਲ ਵਿੱਚ ਚੀਨੀ ਜੋੜੀ ਹੱਥੋਂ ਮਿਲੀ ਹਾਰ
ਏਸ਼ਿਆਈ ਖੇਡਾਂ ਦੇ ਟੇਬਲ ਟੈਨਿਸ ਮੁਕਾਬਲਿਆਂ ਵਿੱਚ ਭਾਰਤ ਦੇ ਮਾਨੁਸ਼ ਸ਼ਾਹ ਅਤੇ ਦੀਆ ਚਿਤਾਲੇ ਦੀ ਜੋੜੀ ਨੂੰ ਮਿਕਸਡ ਡਬਲਜ਼ ਵਿੱਚ ਕਾਂਸੇ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਅੱਜ ਖੇਡੇ ਗਏ ਸੈਮੀ ਫਾਈਨਲ ਵਿੱਚ ਇਸ ਭਾਰਤੀ ਜੋੜੀ ਨੂੰ ਚੀਨ ਦੇ ਵਾਂਗ ਚੁਕਿਨ ਅਤੇ ਸਨ ਯਿੰਗਸ਼ਾ ਹੱਥੋਂ 0-4 (8-11, 5-11, 8-11, 2-11) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਸਕਾਈ ਹਾਲ ਵਿੱਚ ਖੇਡਿਆ ਗਿਆ ਇਹ ਮੁਕਾਬਲਾ 30 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਖ਼ਤਮ ਹੋ ਗਿਆ। ਹਾਰ ਦੇ ਬਾਵਜੂਦ ਇਸ ਜੋੜੀ ਨੇ ਮੌਜੂਦਾ ਖੇਡਾਂ ਵਿੱਚ ਭਾਰਤ ਲਈ ਟੇਬਲ ਟੈਨਿਸ ਦਾ ਪਹਿਲਾ ਤਗ਼ਮਾ ਪੱਕਾ ਕੀਤਾ। ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿੱਚ ਦੋਵਾਂ ਨੇ ਦੁਨੀਆ ਦੀ ਚੌਥੇ ਨੰਬਰ ਦੀ ਹਾਂਗਕਾਂਗ ਜੋੜੀ ਡੂ ਹੋਈ ਕੇਮ ਅਤੇ ਵੋਂਗ ਚੁਨ ਟਿੰਗ ਨੂੰ 3-1 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਏਸ਼ਿਆਈ ਖੇਡਾਂ ਦੇ ਮਿਕਸਡ ਡਬਲਜ਼ ਵਿੱਚ ਭਾਰਤ ਦਾ ਇਹ ਸਿਰਫ਼ ਦੂਜਾ ਤਗ਼ਮਾ ਹੈ। ਅੱਠ ਸਾਲ ਪਹਿਲਾਂ ਜਕਾਰਤਾ ਵਿੱਚ ਸ਼ਰਤ ਕਮਲ ਅਤੇ ਮਨਿਕਾ ਬੱਤਰਾ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
ਸਿੰਗਲਜ਼ ਮੁਕਾਬਲਿਆਂ ਵਿੱਚ ਮਾਨੁਸ਼ ਸ਼ਾਹ ਨੇ ਇਰਾਨ ਦੇ ਬੈਂਜਾਮਿਨ ਫਰਾਜੀ ਨੂੰ 4-0 ਨਾਲ ਅਤੇ ਮਹਿਲਾ ਵਰਗ ਵਿੱਚ ਯਸ਼ਸਵਿਨੀ ਘੋਰਪੜੇ ਨੇ ਸੀਰੀਆ ਦੀ ਹੈਂਡ ਜ਼ਾਜ਼ਾ ਨੂੰ 4-1 ਨਾਲ ਹਰਾ ਕੇ ਆਖ਼ਰੀ 16 ਵਿੱਚ ਥਾਂ ਬਣਾਈ।
ਬਾਕੀ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਮਾਨਵ ਠੱਕਰ ਅਤੇ ਸ੍ਰੀਜਾ ਅਕੁਲਾ ਆਪੋ-ਆਪਣੇ ਸਿੰਗਲਜ਼ ਮੁਕਾਬਲਿਆਂ ਵਿੱਚ ਉੱਤਰੀ ਕੋਰੀਆ ਦੇ ਖਿਡਾਰੀਆਂ ਹੱਥੋਂ ਹਾਰ ਗਏ। ਪੁਰਸ਼ ਡਬਲਜ਼ ਵਿੱਚ ਹਰਮੀਤ ਦੇਸਾਈ ਤੇ ਜੀ ਸਾਥੀਆਨ ਦੀ ਜੋੜੀ ਅਤੇ ਮਾਨੁਸ਼ ਤੇ ਮਾਨਵ ਦੀ ਜੋੜੀ ਜਪਾਨੀ ਖਿਡਾਰੀਆਂ ਹੱਥੋਂ ਹਾਰ ਕੇ ਬਾਹਰ ਹੋ ਗਈ। ਮਹਿਲਾ ਡਬਲਜ਼ ਵਿੱਚ ਸ੍ਰੀਜਾ ਅਕੁਲਾ ਤੇ ਸਿੰਡਰੇਲਾ ਦਾਸ ਅਤੇ ਯਸ਼ਸਵਿਨੀ ਤੇ ਦੀਆ ਚਿਤਾਲੇ ਦੀਆਂ ਜੋੜੀਆਂ ਵੀ ਚੀਨੀ ਖਿਡਾਰਨਾਂ ਤੋਂ ਹਾਰ ਗਈਆਂ।

