Asian Champions Trophy: ਦੱਖਣੀ ਕੋਰੀਆ ਤੇ ਜਾਪਾਨ ਸੈਮੀਫਾਈਨਲ ’ਚ ਪੁੱਜੇ
ਦੱਖਣੀ ਕੋਰੀਆ ਨੇ ਬੰਗਲਾਦੇਸ਼ ਨੂੰ 5-0 ਨਾਲ ਹਰਾਇਆ; ਜਾਪਾਨ ਨੇ ਚੀਨ ਨਾਲ 2-2 ਨਾਲ ਖੇਡਿਆ ਡਰਾਅ
Asian Champions Trophy: ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ ਦੱਖਣੀ ਕੋਰੀਆ ਅਤੇ ਜਾਪਾਨ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਦੱਖਣੀ ਕੋਰੀਆ ਨੇ ਐਤਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 5-0 ਨਾਲ ਹਰਾਇਆ, ਜਦਕਿ ਜਾਪਾਨ ਨੇ ਚੀਨ ਨਾਲ 2-2 ਨਾਲ ਡਰਾਅ ਖੇਡਿਆ।
ਮੇਜ਼ਬਾਨ ਭਾਰਤ ਅਤੇ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਭਾਰਤੀ ਟੀਮ ਨਾਲ ਏਸ਼ਿਆਈ ਖੇਡਾਂ ਦੀ ਚਾਂਦੀ ਦਾ ਤਗ਼ਮਾ ਜੇਤੂ ਮਲੇਸ਼ੀਆ ਪਹਿਲਾਂ ਹੀ ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਚੁੱਕੇ ਹਨ।
ਦਿਨ ਦੇ ਪਹਿਲੇ ਮੈਚ ਵਿੱਚ ਦੱਖਣੀ ਕੋਰੀਆ ਨੇ ਬੰਗਲਾਦੇਸ਼ ਨੂੰ 5-0 ਨਾਲ ਕਰਾਰੀ ਮਾਤ ਦੇ ਕੇ ਆਖ਼ਰੀ ਚਾਰ ਵਿੱਚ ਜਗ੍ਹਾ ਬਣਾਈ। ਦੱਖਣੀ ਕੋਰੀਆ ਦੀ ਟੀਮ ਚਾਰ ਮੈਚਾਂ ਵਿੱਚੋਂ ਦੋ ਜਿੱਤਾਂ ਨਾਲ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ।
ਦੱਖਣੀ ਕੋਰੀਆ ਵੱਲੋਂ ਡੇਨ ਸੋਨ ਨੇ 17ਵੇਂ, 32ਵੇਂ ਅਤੇ 51ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਹੈਟ੍ਰਿਕ ਬਣਾਈ। ਇਸ ਤੋਂ ਇਲਾਵਾ ਪਾਰਕ ਗਿਊਨਵੂ ਨੇ 7ਵੇਂ ਅਤੇ 34ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ। ਦੱਖਣੀ ਕੋਰੀਆ ਦਾ ਅਗਲਾ ਮੁਕਾਬਲਾ ਸੋਮਵਾਰ ਨੂੰ ਭਾਰਤ ਨਾਲ ਹੋਵੇਗਾ।
ਆਖ਼ਰੀ ਮਿੰਟ ਵਿੱਚ ਗੋਲ ਖਾ ਕੇ ਜਾਪਾਨ ਦਾ ਮੈਚ ਡਰਾਅ
ਇੱਕ ਹੋਰ ਮੁਕਾਬਲੇ ਵਿੱਚ ਜਾਪਾਨ ਨੂੰ ਚੀਨ ਖ਼ਿਲਾਫ਼ ਆਖ਼ਰੀ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਖਾਣ ਕਾਰਨ 2-2 ਨਾਲ ਡਰਾਅ ਖੇਡਣਾ ਪਿਆ। ਚੀਨ ਨੇ 8ਵੇਂ ਮਿੰਟ ਵਿੱਚ ਜਿਆਲਿਆਂਗ ਝਾਂਗ ਦੇ ਮੈਦਾਨੀ ਗੋਲ ਨਾਲ ਲੀਡ ਬਣਾ ਲਈ ਸੀ।
ਜਾਪਾਨ ਦੇ ਕਪਤਾਨ ਰਾਇਕੀ ਫੁਸ਼ੀਸ਼ਿਮਾ ਨੇ 48ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਕੁਝ ਸਕਿੰਟਾਂ ਬਾਅਦ ਹੀ ਯੂਮਾ ਨਾਗਾਈ ਨੇ ਮੈਦਾਨੀ ਗੋਲ ਕਰਕੇ ਜਾਪਾਨ ਨੂੰ 2-1 ਨਾਲ ਅੱਗੇ ਕਰ ਦਿੱਤਾ।
ਚੀਨ ਦੀ ਟੀਮ ਨੇ ਹੌਸਲਾ ਨਹੀਂ ਹਾਰਿਆ ਅਤੇ ਮੈਚ ਦੇ ਆਖ਼ਰੀ ਮਿੰਟ ਵਿੱਚ ਬੇਨਹਾਈ ਚੇਨ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਹਾਲਾਂਕਿ ਇਹ ਡਰਾਅ ਚੀਨ ਨੂੰ ਸੈਮੀਫਾਈਨਲ ਵਿੱਚ ਪਹੁੰਚਾਉਣ ਲਈ ਕਾਫ਼ੀ ਨਹੀਂ ਸੀ ਅਤੇ ਜਾਪਾਨ ਨੇ ਆਖ਼ਰੀ ਚਾਰ ਵਿੱਚ ਥਾਂ ਬਣਾ ਲਈ।

