Asian Champions Trophy Jalandhar: 2006 ਦੀ ਯਾਦਗਾਰੀ ਟੈਸਟ ਸੀਰੀਜ਼ ਦੀਆਂ ਯਾਦਾਂ ਹੋਈਆਂ ਤਾਜ਼ਾ
ਜਲੰਧਰ ’ਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਨੂੰ ਲੈ ਕੇ ਬਣੀ ਬੇਯਕੀਨੀ
ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਹਿੱਸੇ ਵਜੋਂ ਜਲੰਧਰ ਵਿੱਚ 1 ਨਵੰਬਰ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਦੇ ਆਲੇ-ਦੁਆਲੇ ਦੀ ਬੇਯਕੀਨੀ ਨੇ ਟੂਰਨਾਮੈਂਟ ਦੇ ਉਤਸ਼ਾਹ ਨੂੰ ਮੱਧਮ ਕਰ ਦਿੱਤਾ ਹੈ। ਮਾਹੌਲ ਨੇ ਜਲੰਧਰ ਵਿੱਚ 2006 ਦੀ ਭਾਰਤ-ਪਾਕਿਸਤਾਨ ਟੈਸਟ ਲੜੀ ਦੀਆਂ ਯਾਦਾਂ ਨੂੰ ਵਾਪਸ ਲਿਆ ਦਿੱਤਾ ਹੈ। ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਦਰਸ਼ਕਾਂ ਦੇ ਜ਼ਬਰਦਸਤ ਉਤਸ਼ਾਹ ਨੂੰ ਯਾਦ ਕੀਤਾ ਹੈ; ਪ੍ਰਸ਼ੰਸਕਾਂ ਦੇ ਜਨੂੰਨ ਨੇ ਪੁਲੀਸ ਨੂੰ ਬਰਲਟਨ ਪਾਰਕ ਦੇ ਬਾਹਰ ਭਾਰੀ ਭੀੜ ਨੂੰ ਕੰਟਰੋਲ ਕਰਨ ਲਈ ਮਜਬੂਰ ਕੀਤਾ ਸੀ।
ਓਲੰਪੀਅਨ ਸੁਰਿੰਦਰ ਸੋਢੀ, ਜੋ ਉਸ ਸਮੇਂ ਪੰਜਾਬ ਹਾਕੀ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਅਤੇ ਲੜੀ ਦੇ ਪ੍ਰਬੰਧਕਾਂ ਵਿੱਚੋਂ ਇੱਕ ਸਨ, ਨੇ ਕਿਹਾ, “ਇਹ ਇੱਕ ਸ਼ਾਨਦਾਰ ਦਿਨ ਸੀ। ਬਹੁਤ ਭੀੜ ਸੀ। ਪੁਲੀਸ ਨੂੰ ਗੇਟਾਂ ਦੇ ਬਾਹਰ ਬੈਰੀਕੇਡ ਲਗਾਉਣੇ ਪਏ ਕਿਉਂਕਿ ਭੀੜ ਬਾਹਰ ਇਕੱਠੀ ਹੋ ਗਈ ਸੀ।”
ਹਾਕੀ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੁਲਬੀਰ ਸਿੰਘ ਨੇ ਕਿਹਾ, “ਵੱਡੀ ਭੀੜ ਭਾਰਤ-ਪਾਕਿਸਤਾਨ ਹਾਕੀ ਮੈਚ ਲਈ ਜਨੂੰਨ ਨੂੰ ਦਰਸਾਉਂਦੀ ਸੀ; ਸਟੇਡੀਅਮ ਦੋਵਾਂ ਦੇਸ਼ਾਂ ਨੂੰ ਆਹਮੋ-ਸਾਹਮਣੇ ਦੇਖਣ ਲਈ ਉਤਸੁਕ ਦਰਸ਼ਕਾਂ ਨਾਲ ਭਰਿਆ ਹੋਇਆ ਸੀ। ਉਦੋਂ ਬਹੁਤ ਕ੍ਰੇਜ਼ ਸੀ ਅਤੇ ਹੁਣ ਵੀ ਹੈ। ਪਾਕਿਸਤਾਨ ਨੂੰ ਅਜੇ ਵੀ ਖੇਡਣਾ ਚਾਹੀਦਾ ਹੈ।” ਰਾਜਪਾਲ ਸਿੰਘ ਹੁੰਦਲ, ਜੋ ਹੁਣ ਪਟਿਆਲਾ ਵਿੱਚ ਐਸਐਸਪੀ ਵਿਜੀਲੈਂਸ ਹਨ, 2006 ਵਿੱਚ ਭਾਰਤੀ ਟੀਮ ਦਾ ਹਿੱਸਾ ਸਨ ਅਤੇ ਇੱਕ ਫਾਰਵਰਡ ਵਜੋਂ ਖੇਡੇ ਸਨ। ਮਾਹੌਲ ਨੂੰ ਯਾਦ ਕਰਦੇ ਹੋਏ, ਉਨ੍ਹਾਂ ਕਿਹਾ ਕਿ ਜਦੋਂ ਦੋਵੇਂ ਟੀਮਾਂ ਇੱਕ ਦੂਜੇ ਦੇ ਸਾਹਮਣੇ ਸਨ ਤਾਂ ਸਟੇਡੀਅਮ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਹੁੰਦਲ ਨੇ ਕਿਹਾ, “ਜਦੋਂ ਦਰਸ਼ਕ ਅਤੇ ਪ੍ਰਸ਼ੰਸਕ ਟੀਮਾਂ ਨੂੰ ਪਸੰਦ ਕਰਦੇ ਹਨ, ਤਾਂ ਇਹ ਖਿਡਾਰੀਆਂ ਲਈ ਮਲਟੀਵਿਟਾਮਿਨ ਵਾਂਗ ਕੰਮ ਕਰਦਾ ਹੈ। 2006 ਵਿੱਚ ਵੀ ਅਜਿਹਾ ਹੀ ਹੋਇਆ ਸੀ। ਇਹ ਇੱਕ ਵਧੀਆ ਅਹਿਸਾਸ ਸੀ।”
ਹੁੰਦਲ ਨੇ ਇਹ ਵੀ ਮਹਿਸੂਸ ਕੀਤਾ ਕਿ ਪਾਕਿਸਤਾਨ ਦੀ ਮੌਜੂਦਗੀ ਨੇ ਟੂਰਨਾਮੈਂਟ ਵਿੱਚ ਵਧੇਰੇ ਦਿਲਚਸਪੀ ਪੈਦਾ ਕਰਨ ਅਤੇ ਹਾਕੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ ਹੋਵੇਗੀ। ਉਨ੍ਹਾਂ ਕਿਹਾ,“ ਜੇਕਰ ਪਾਕਿਸਤਾਨ ਆਉਂਦਾ ਹੈ, ਤਾਂ ਇਹ ਖੇਡਾਂ ਦੇ ਪ੍ਰਚਾਰ ਲਈ ਵੀ ਬਹੁਤ ਵਧੀਆ ਹੋਵੇਗਾ।”

