Asian Champions Trophy: ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਕੀਤੀ ਦਰਜ
ਮਲੇਸ਼ੀਆ ਨੇ ਵੀ ਲਗਾਤਾਰ ਤੀਜਾ ਮੁਕਾਬਲਾ ਜਿੱਤਿਆ; ਬੰਗਲਾਦੇਸ਼ ਨੂੰ 6-1 ਨਾਲ ਦਿੱਤੀ ਕਰਾਰੀ ਮਾਤ; ਦੱਖਣੀ ਕੋਰੀਆ ਨੇ ਚੀਨ ਨੂੰ 2-1 ਨਾਲ ਹਰਾਇਆ*
ਭਾਰਤ ਨੇ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਸਟੇਡੀਅਮ ਵਿੱਚ ਚੱਲ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਭਾਰਤ ਨੇ ਸ਼ਾਨਦਾਰ ਸਟਿਕਵਰਕ (ਹਾਕੀ ਖੇਡਣ ਦੀ ਕਲਾ) ਦਾ ਪ੍ਰਦਰਸ਼ਨ ਕਰਦਿਆਂ ਜਾਪਾਨ ਨੂੰ 4-1 ਨਾਲ ਹਰਾਇਆ।
ਭਾਰਤ ਦੀ ਇਸ ਜਿੱਤ ਵਿੱਚ ਅਭਿਸ਼ੇਕ ਨੈਨ ਮੁੱਖ ਖਿਡਾਰੀ ਰਹੇ, ਜਿਨ੍ਹਾਂ ਨੇ 11ਵੇਂ ਅਤੇ 51ਵੇਂ ਮਿੰਟ ਵਿੱਚ ਫੀਲਡ ਗੋਲ ਕੀਤੇ, ਜਦਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਨੌਜਵਾਨ ਖਿਡਾਰੀ ਵਿਸ਼ਨੂਕਾਂਤ ਨੇ 56ਵੇਂ ਮਿੰਟ ਵਿੱਚ ਇੱਕ ਫੀਲਡ ਗੋਲ ਕੀਤਾ। ਜਾਪਾਨ ਲਈ, ਸ਼ੋਤਾ ਯਾਮਾਦਾ ਨੇ 15ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਰਾਹੀਂ ਗੋਲ ਕੀਤਾ। ਇਸ ਤੋਂ ਪਹਿਲਾਂ, ਜਾਪਾਨ ਨੇ 2 ਮੈਚ ਜਿੱਤੇ ਸਨ।
ਉੱਥੇ ਹੀ ਮਲੇਸ਼ੀਆ ਨੇ ਵੀ ਲਗਾਤਾਰ ਤੀਜੀ ਜਿੱਤ ਦਰਜ ਕਰਦਿਆਂ ਬੰਗਲਾਦੇਸ਼ ਨੂੰ 6-1 ਨਾਲ ਕਰਾਰੀ ਮਾਤ ਦਿੱਤੀ। ਜੇਤੂ ਟੀਮ ਲਈ ਅਬੂ ਕਮਾਲ ਅਜ਼ਰਾਈ ਨੇ 14ਵੇਂ ਮਿੰਟ ਵਿੱਚ ਫੀਲਡ ਗੋਲ ਅਤੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤੇ। ਮੁਹੰਮਦ ਅਖੀਮੁੱਲਾ ਅਨੁਆਰ ਈਸੂਕ ਨੇ 29ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ, ਅਜ਼ੀਮੁੱਦੀਨ ਕਮਾਰੁੱਦੀਨ ਨੇ 32ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ, ਸ਼ੈਲੋ ਸਿਲਵੇਰੀਅਸ ਨੇ 33ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ ਅਤੇ ਆਇਮਨ ਰੋਜ਼ੇਮੀ ਨੇ 50ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ। ਬੰਗਲਾਦੇਸ਼ ਵੱਲੋਂ ਅਮੀਰੁਲ ਇਸਲਾਮ ਨੇ 26ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।
ਇੱਕ ਹੋਰ ਮੈਚ ਵਿੱਚ, ਦੱਖਣੀ ਕੋਰੀਆ ਨੇ ਇੱਕ ਗੋਲ ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰਦਿਆਂ ਚੀਨ ਨੂੰ 2-1 ਨਾਲ ਹਰਾਇਆ ਅਤੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਚੀਨ ਲਈ ਚੇਨ ਚੋਂਗਕੋਂਗ ਨੇ 8ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਰਾਹੀਂ ਗੋਲ ਕੀਤਾ, ਜਦਕਿ ਦੱਖਣੀ ਕੋਰੀਆ ਲਈ ਕਪਤਾਨ ਕਿਮ ਯੋਂਗ-ਬੋਕ ਨੇ 35ਵੇਂ ਮਿੰਟ ਵਿੱਚ ਅਤੇ ਕਿਮ ਜਾਏਹੋ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ। ਦੋਵੇਂ ਫੀਲਡ ਗੋਲ ਸਨ।

