Asian Champions Trophy: ਭਾਰਤ ਨੇ ਦੱਖਣੀ ਕੋਰੀਆ ਨੂੰ 8-0 ਨਾਲ ਹਰਾਇਆ; ਲੀਗ ਗੇੜ ਵਿੱਚ ਮੋਹਰੀ
ਦਿਲਪ੍ਰੀਤ ਸਿੰਘ ਨੇ ਕੀਤੇ ਦੋ ਗੋਲ; ਸੈਮੀਫਾਈਨਲ ਵਿੱਚ ਮੁੜ ਦੱਖਣੀ ਕੋਰੀਆ ਨਾਲ ਹੋਵੇਗਾ ਮੁਕਾਬਲਾ; ਜਾਪਾਨ ਨੇ ਮਲੇਸ਼ੀਆ ਨੂੰ 2-1 ਨਾਲ ਹਰਾਇਆ; ਚੀਨ ਤੇ ਬੰਗਲਾਦੇਸ਼ ਦਾ ਮੈਚ 1-1 ਨਾਲ ਬਰਾਬਰ ਰਿਹਾ
Asian Champions Trophy: ਭਾਰਤੀ ਹਾਕੀ ਟੀਮ ਨੇ ਅੱਜ ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਦੱਖਣੀ ਕੋਰੀਆ ਨੂੰ 8-0 ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਨਾਲ ਭਾਰਤ ਨੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਲੀਗ ਗੇੜ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਦਿਲਪ੍ਰੀਤ ਸਿੰਘ ਨੇ ਦੋ ਗੋਲ ਕੀਤੇ, ਜਦਕਿ ਕਪਤਾਨ ਹਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਸ਼ਿਲਾਨੰਦ ਲਾਕੜਾ, ਸੰਜੇ ਅਤੇ ਅੰਗਦ ਬੀਰ ਸਿੰਘ ਨੇ ਇੱਕ-ਇੱਕ ਗੋਲ ਕੀਤਾ।
ਮੈਚ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਨੀਦਰਲੈਂਡ ਦੇ ਡਰੈਗ ਫਲਿੱਕਰ ਫਲੋਰਿਸ ਜਾਨ ਬੋਵੇਲੈਂਡਰ ਨੇ ਭਾਰਤੀ ਅਤੇ ਦੱਖਣੀ ਕੋਰੀਆਈ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਟੀਮਾਂ ਦੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਗਿਆ। ਲੀਗ ਗੇੜ ਵਿੱਚ ਭਾਰਤ ਨੇ ਪਹਿਲਾ, ਜਾਪਾਨ ਨੇ 10 ਅੰਕਾਂ ਨਾਲ ਦੂਜਾ ਅਤੇ ਮਲੇਸ਼ੀਆ ਨੇ 9 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਦੱਖਣੀ ਕੋਰੀਆ 6 ਅੰਕਾਂ ਨਾਲ ਚੌਥੇ ਸਥਾਨ ’ਤੇ ਰਿਹਾ।
ਇਸ ਤੋਂ ਪਹਿਲਾਂ ਚੀਨ ਅਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ 1-1 ਨਾਲ ਬਰਾਬਰ ਰਿਹਾ। ਚੀਨ ਨੇ ਦੂਜੇ ਮਿੰਟ ਵਿੱਚ ਬੇਨਹਾਈ ਚੇਨ ਦੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਲੀਡ ਬਣਾਈ। ਬੰਗਲਾਦੇਸ਼ ਦੇ ਕਪਤਾਨ ਅਸ਼ਰਫੁਲ ਇਸਲਾਮ ਨੇ 38ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ ਬਰਾਬਰੀ ਦਿਵਾਈ।
ਦੂਜੇ ਪਾਸੇ ਜਾਪਾਨ ਨੇ ਮਲੇਸ਼ੀਆ ਨੂੰ 2-1 ਨਾਲ ਹਰਾਇਆ। ਮਲੇਸ਼ੀਆ ਦੇ ਅਬੂ ਕਮਾਲ ਅਜ਼ਰਾਈ ਨੇ 10ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ। ਜਾਪਾਨ ਦੇ ਕੇਨਤਾਰੋ ਫੁਕੁਦਾ ਨੇ 24ਵੇਂ ਅਤੇ 54ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ।
ਹੁਣ 4 ਨਵੰਬਰ ਨੂੰ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਸੈਮੀਫਾਈਨਲ ਖੇਡੇ ਜਾਣਗੇ। ਭਾਰਤ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਅਤੇ ਜਾਪਾਨ ਦਾ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ। ਫਾਈਨਲ ਮੁਕਾਬਲਾ 5 ਨਵੰਬਰ ਨੂੰ ਮੁਹਾਲੀ ਵਿੱਚ ਹੋਵੇਗਾ।
ਜਲੰਧਰ ਨੇ ਏਸ਼ੀਅਨ ਹਾਕੀ ਮੁਕਾਬਲਿਆਂ ਨੂੰ ਯਾਦਗਾਰੀ ਵਿਦਾਇਗੀ ਦਿੱਤੀ
ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਆਖਰੀ ਦਿਨ ਦਰਸ਼ਕਾਂ ਦੀ ਭਾਰੀ ਭੀੜ ਜੁੜੀ। ਸਥਾਨਕ ਵਸਨੀਕਾਂ ਅਤੇ ਹਾਕੀ ਪ੍ਰੇਮੀਆਂ ਨੇ ਟੂਰਨਾਮੈਂਟ ਦੇ ਮੁਕਾਬਲਿਆਂ ਨੂੰ ਯਾਦਗਾਰੀ ਵਿਦਾਇਗੀ ਦਿੱਤੀ। ਦਰਸ਼ਕਾਂ ਨੇ ਖੇਡ ਸਮਾਗਮ ਲਈ ਕੀਤੇ ਪ੍ਰਬੰਧਾਂ ਅਤੇ ਸਹੂਲਤਾਂ ਦੀ ਸ਼ਲਾਘਾ ਕੀਤੀ।
ਗਾਂਧੀ ਕੈਂਪ ਦੇ ਵਸਨੀਕ ਸੌਰਵ ਨੇ ਕਿਹਾ ਕਿ ਸਟੇਡੀਅਮ ਦੇ ਦਾਖ਼ਲੇ ਤੋਂ ਲੈ ਕੇ ਬਾਹਰ ਜਾਣ ਤੱਕ ਪ੍ਰਬੰਧ ਸੁਚਾਰੂ ਸਨ। ਭਾਰੀ ਭੀੜ ਦੇ ਬਾਵਜੂਦ ਆਵਾਜਾਈ ਅਤੇ ਸਟੇਡੀਅਮ ਵਿੱਚ ਦਾਖ਼ਲੇ ਸਮੇਂ ਕਿਸੇ ਨੂੰ ਮੁਸ਼ਕਲ ਨਹੀਂ ਆਈ। ਇੱਕ ਹੋਰ ਦਰਸ਼ਕ ਸਾਹਿਲ ਕੁਮਾਰ ਨੇ ਪਾਰਕਿੰਗ, ਜਨਤਕ ਸਹੂਲਤਾਂ ਅਤੇ ਖਾਣ-ਪੀਣ ਲਈ ਬਣਾਏ ਗਏ ਫੂਡ ਕੋਰਟ ਦੀ ਸ਼ਲਾਘਾ ਕੀਤੀ।
ਸਟੇਡੀਅਮ ਦੇ ਆਲੇ-ਦੁਆਲੇ ਲਾਈਆਂ ਵੱਡੀਆਂ ਐੱਲਈਡੀ ਸਕਰੀਨਾਂ ਰਾਹੀਂ ਬਾਹਰ ਮੌਜੂਦ ਲੋਕਾਂ ਨੇ ਵੀ ਮੁਕਾਬਲੇ ਦੇਖੇ। ਬਸਤੀ ਬਾਵਾ ਖੇਲ ਦੇ ਬਲਜੀਤ ਸਿੰਘ ਨੇ ਕਿਹਾ ਕਿ ਸਕਰੀਨਾਂ ’ਤੇ ਮੈਚ ਦੇਖਣ ਅਤੇ ਖਾਣ-ਪੀਣ ਦੀਆਂ ਸਹੂਲਤਾਂ ਨੇ ਦਰਸ਼ਕਾਂ ਦਾ ਤਜਰਬਾ ਹੋਰ ਵਧੀਆ ਬਣਾਇਆ। ਲੋਕਾਂ ਨੇ ਆਸ ਜਤਾਈ ਕਿ ਟੂਰਨਾਮੈਂਟ ਦੀ ਸਫ਼ਲ ਮੇਜ਼ਬਾਨੀ ਨਾਲ ਜਲੰਧਰ ਵਿੱਚ ਭਵਿੱਖ ਵਿੱਚ ਹੋਰ ਕੌਮਾਂਤਰੀ ਖੇਡ ਮੁਕਾਬਲੇ ਕਰਵਾਉਣ ਦਾ ਰਾਹ ਖੁੱਲ੍ਹੇਗਾ।

