Asian Champions Trophy: ਜਲੰਧਰ ਵਿੱਚ ਏਸ਼ਿਆਈ ਚੈਂਪੀਅਨਜ਼ ਟਰਾਫੀ ਦਾ ਆਗਾਜ਼ ਅੱਜ ਤੋਂ
ਪੰਜਾਬ ਵਿੱਚ 17 ਸਾਲਾਂ ਬਾਅਦ ਕੌਮਾਂਤਰੀ ਹਾਕੀ ਪਰਤੀ; ਬੰਗਲਾਦੇਸ਼ ਨਾਲ ਭਿਡ਼ੇਗੀ ਭਾਰਤੀ ਟੀਮ
ਪੰਜ ਵਾਰ ਦੀ ਜੇਤੂ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਮੰਗਲਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਮੈਦਾਨ ਵਿੱਚ ਉਤਰੇਗੀ। ਇਸ ਟੂਰਨਾਮੈਂਟ ਰਾਹੀਂ ਪੰਜਾਬ ਵਿੱਚ 17 ਸਾਲਾਂ ਮਗਰੋਂ ਕੌਮਾਂਤਰੀ ਹਾਕੀ ਵਾਪਸ ਆਈ ਹੈ, ਜਿਸ ਸਦਕਾ ਖਿਡਾਰੀਆਂ ਅਤੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਪੰਜਾਬ ਨੂੰ ਭਾਰਤੀ ਹਾਕੀ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਟੀਮ ਦੇ ਅੱਧੇ ਤੋਂ ਵੱਧ ਖਿਡਾਰੀ ਇਸੇ ਸੂਬੇ ਨਾਲ ਸਬੰਧਤ ਹਨ। ‘ਭਾਰਤੀ ਹਾਕੀ ਦਾ ਮੱਕਾ’ ਮੰਨੇ ਜਾਂਦੇ ਜਲੰਧਰ ਦੇ ਸੰਸਾਰਪੁਰ ਪਿੰਡ ਨੇ ਦੇਸ਼ ਨੂੰ 14 ਓਲੰਪੀਅਨ ਅਤੇ 300 ਤੋਂ ਵੱਧ ਕੌਮੀ ਤੇ ਕੌਮਾਂਤਰੀ ਖਿਡਾਰੀ ਦਿੱਤੇ ਹਨ। ਟੂਰਨਾਮੈਂਟ ਵਿੱਚ ਭਾਰਤ, ਬੰਗਲਾਦੇਸ਼, ਚੀਨ, ਜਪਾਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਮੇਜ਼ਬਾਨ ਭਾਰਤ ਨੂੰ ਇਸ ਖ਼ਿਤਾਬ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਚਾਰ ਸੀਨੀਅਰ ਖਿਡਾਰੀਆਂ ਮਨਦੀਪ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ ਅਤੇ ਨੀਲਕਾਂਤ ਸ਼ਰਮਾ ਲਈ ਇਹ ਆਖ਼ਰੀ ਕੌਮਾਂਤਰੀ ਟੂਰਨਾਮੈਂਟ ਹੋ ਸਕਦਾ ਹੈ। ਓਲੰਪਿਕਸ ਅਤੇ ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂ ਇਹ ਖਿਡਾਰੀ ਹੋਰ ਖੇਡਣਾ ਚਾਹੁੰਦੇ ਸਨ ਪਰ ਹਾਕੀ ਇੰਡੀਆ ਵੱਲੋਂ 2028 ਦੀਆਂ ਓਲੰਪਿਕਸ ਦੀ ਤਿਆਰੀ ਤਹਿਤ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਮੰਗਲਵਾਰ ਨੂੰ ਹੋਰਨਾਂ ਮੁਕਾਬਲਿਆਂ ਵਿੱਚ ਮਲੇਸ਼ੀਆ ਦਾ ਸਾਹਮਣਾ ਚੀਨ ਨਾਲ ਅਤੇ ਦੱਖਣੀ ਕੋਰੀਆ ਦਾ ਮੁਕਾਬਲਾ ਜਪਾਨ
ਨਾਲ ਹੋਵੇਗਾ।
ਕਿਸੇ ਨੂੰ ਹਲਕੇ ਵਿੱਚ ਨਹੀਂ ਲਵਾਂਗੇ: ਹਰਮਨਪ੍ਰੀਤ
ਜਲੰਧਰ (ਹਤਿੰਦਰ ਮਹਿਤਾ): ਏਸ਼ਿਆਈ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਟੀਮ ਦਾ ਮੁੱਖ ਧਿਆਨ ਰੱਖਿਆਤਮਕ ਖੇਡ ’ਤੇ ਰਹੇਗਾ। ਛੇ ਦੇਸ਼ਾਂ ਦੇ ਕਪਤਾਨਾਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਉਸ ਨੇ ਕਿਹਾ ਕਿ ਭਾਰਤ ਕਿਸੇ ਵੀ ਵਿਰੋਧੀ ਟੀਮ ਨੂੰ ਹਲਕੇ ਵਿੱਚ ਨਹੀਂ ਲਵੇਗਾ। ਇਸ ਦੌਰਾਨ ਬੰਗਲਾਦੇਸ਼, ਦੱਖਣੀ ਕੋਰੀਆ ਅਤੇ ਮਲੇਸ਼ੀਆ ਦੇ ਕਪਤਾਨਾਂ ਨੇ ਭਾਰਤੀ ਟੀਮ ਦਾ ਲੋਹਾ ਮੰਨਿਆ। ਬੰਗਲਾਦੇਸ਼ ਦੇ ਕਪਤਾਨ ਅਸ਼ਰਫੁਲ ਇਸਲਾਮ ਨੇ ਹਰਮਨਪ੍ਰੀਤ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਜਪਾਨ ਵਿੱਚ ਏਸ਼ਿਆਈ ਖੇਡਾਂ ਦੌਰਾਨ ਉਸ ਨੇ ਭਾਰਤੀ ਕਪਤਾਨ ਤੋਂ ਡਰੈਗ ਫਲਿਕਿੰਗ ਦੇ ਅਹਿਮ ਗੁਰ ਸਿੱਖੇ ਸਨ, ਜਿਨ੍ਹਾਂ ਦਾ ਉਸ ਨੂੰ ਕਾਫ਼ੀ ਫ਼ਾਇਦਾ ਹੋਇਆ। ਦੱਖਣੀ ਕੋਰੀਆ ਦੇ ਕਪਤਾਨ ਨੇ ਵੀ ਭਾਰਤ ਨੂੰ ਸਭ ਤੋਂ ਮਜ਼ਬੂਤ ਟੀਮ ਕਰਾਰ ਦਿੱਤਾ। ਦੂਜੇ ਪਾਸੇ ਤਜਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਸੱਟ ਕਾਰਨ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ ਹੈੈ। ਉਸ ਨੇ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ਨਾ ਖੇਡ ਸਕਣ ’ਤੇ ਨਿਰਾਸ਼ਾ ਪ੍ਰਗਟਾਈ।

