Asian Champions Trophy: 5 ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਪੰਜਾਬ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਤਿਆਰ
ਜਲੰਧਰ ਅਤੇ ਮੁਹਾਲੀ ਵਿੱਚ ਖੇਡੀ ਜਾਵੇਗੀ ਏਸ਼ਿਆਈ ਚੈਂਪੀਅਨਜ਼ ਟਰਾਫ਼ੀ, ਸਭ ਤੋਂ ਸਫ਼ਲ ਟੀਮ ਵਜੋਂ ਉਤਰੇਗੀ ਭਾਰਤ
ਸਾਲ 2011 ਵਿੱਚ ਸ਼ੁਰੂ ਹੋਈ ਏਸ਼ਿਆਈ ਚੈਂਪੀਅਨਜ਼ ਟਰਾਫ਼ੀ (ACT) ਦਾ ਖ਼ਿਤਾਬ ਪੰਜ ਵਾਰ ਆਪਣੇ ਨਾਂ ਕਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਇਸ ਮਹੀਨੇ ਪੰਜਾਬ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਸਭ ਤੋਂ ਸਫ਼ਲ ਟੀਮ ਵਜੋਂ ਮੈਦਾਨ ਵਿੱਚ ਨਿੱਤਰੇਗੀ। ਭਾਰਤ ਦੀਆਂ ਇਨ੍ਹਾਂ ਵੱਡੀਆਂ ਪ੍ਰਾਪਤੀਆਂ ਵਿੱਚ ਪਹਿਲੇ ਟੂਰਨਾਮੈਂਟ ਦੌਰਾਨ ਰੋਮਾਂਚਕ ਸ਼ੂਟਆਊਟ ਜਿੱਤ ਤੋਂ ਲੈ ਕੇ 2024 ਵਿੱਚ ਚੀਨ ਦੀ ਧਰਤੀ ’ਤੇ ਆਪਣੇ ਖ਼ਿਤਾਬ ਦਾ ਬਚਾਅ ਕਰਨਾ ਸ਼ਾਮਲ ਹੈ। ਹੁਣ ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿਖੇ ਖੇਡਿਆ ਜਾਵੇਗਾ।
ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਵਿੱਚ ਭਾਰਤ ਵੱਲੋਂ ਜਿੱਤੇ ਪੰਜ ਖ਼ਿਤਾਬਾਂ ਦਾ ਸੰਖੇਪ ਵੇਰਵਾ
ਪਹਿਲਾ ਖ਼ਿਤਾਬ (2011, ਓਰਦੋਸ, ਚੀਨ): ਛੇ ਟੀਮਾਂ (ਚੀਨ, ਭਾਰਤ, ਮਲੇਸ਼ੀਆ, ਪਾਕਿਸਤਾਨ, ਦੱਖਣੀ ਕੋਰੀਆ ਅਤੇ ਜਾਪਾਨ) ਦਰਮਿਆਨ ਹੋਏ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਅਤੇ ਪਾਕਿਸਤਾਨ ਨਿਰਧਾਰਤ ਸਮੇਂ ਤੱਕ ਬਰਾਬਰ ਰਹੇ। ਪੈਨਲਟੀ ਸ਼ੂਟਆਊਟ ਵਿੱਚ ਭਾਰਤ ਨੇ 4-2 ਨਾਲ ਜਿੱਤ ਦਰਜ ਕਰਕੇ ਪਹਿਲਾ ਖ਼ਿਤਾਬ ਜਿੱਤਿਆ।
ਦੂਜਾ ਖ਼ਿਤਾਬ (2016, ਕੁਆਨਤਾਨ, ਮਲੇਸ਼ੀਆ): ਛੇ ਟੀਮਾਂ ਦੀ ਸ਼ਮੂਲੀਅਤ ਵਾਲੇ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-2 ਨਾਲ ਹਰਾਇਆ। ਭਾਰਤ ਵੱਲੋਂ ਰੁਪਿੰਦਰ ਪਾਲ ਸਿੰਘ, ਅਫ਼ਾਨ ਯੂਸਫ਼ ਅਤੇ ਨਿੱਕਿਨ ਥਿਮਈਆ ਨੇ ਗੋਲ ਦਾਗੇ।
ਤੀਜਾ ਖ਼ਿਤਾਬ (2018, ਮਸਕਟ, ਓਮਾਨ): ਭਾਰਤ, ਜਾਪਾਨ, ਮਲੇਸ਼ੀਆ, ਓਮਾਨ, ਪਾਕਿਸਤਾਨ ਅਤੇ ਦੱਖਣੀ ਕੋਰੀਆ ਦੀ ਭਾਗੀਦਾਰੀ ਵਾਲੇ ਇਸ ਟੂਰਨਾਮੈਂਟ ਦਾ ਫਾਈਨਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀ। ਭਾਰੀ ਮੀਂਹ ਕਾਰਨ ਮੈਚ ਰੱਦ ਹੋਣ ਮਗਰੋਂ ਦੋਵਾਂ ਟੀਮਾਂ ਨੂੰ ਸਾਂਝੇ ਤੌਰ ’ਤੇ ਜੇਤੂ ਐਲਾਨਿਆ ਗਿਆ।
ਚੌਥਾ ਖ਼ਿਤਾਬ (2023, ਚੇਨਈ): ਫਾਈਨਲ ਵਿੱਚ ਮਲੇਸ਼ੀਆ ਪਹਿਲੇ ਹਾਫ਼ ਤੱਕ 3-1 ਨਾਲ ਅੱਗੇ ਸੀ, ਪਰ ਆਖ਼ਰੀ 16 ਮਿੰਟਾਂ ਵਿੱਚ ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਅਕਾਸ਼ਦੀਪ ਸਿੰਘ ਦੇ ਗੋਲਾਂ ਦੀ ਬਦੌਲਤ ਭਾਰਤ ਨੇ ਜ਼ਬਰਦਸਤ ਵਾਪਸੀ ਕਰਦਿਆਂ 4-3 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਟੂਰਨਾਮੈਂਟ ਦੀ ਸਭ ਤੋਂ ਕਾਮਯਾਬ ਟੀਮ ਬਣਿਆ।
ਪੰਜਵਾਂ ਖ਼ਿਤਾਬ (2024, ਹੁਲੁਨਬੁਈਰ, ਚੀਨ): ਫਾਈਨਲ ਵਿੱਚ ਭਾਰਤ ਦਾ ਸਾਹਮਣਾ ਮੇਜ਼ਬਾਨ ਚੀਨ ਨਾਲ ਹੋਇਆ। ਇਸ ਸਖ਼ਤ ਮੁਕਾਬਲੇ ਵਿੱਚ ਜੁਗਰਾਜ ਸਿੰਘ ਦੇ ਫੈਸਲਾਕੁੰਨ ਗੋਲ ਸਦਕਾ ਭਾਰਤ ਨੇ 1-0 ਨਾਲ ਜਿੱਤ ਦਰਜ ਕਰਕੇ ਪੰਜਵੀਂ ਵਾਰ ਟਰਾਫ਼ੀ ਆਪਣੇ ਨਾਂ ਕੀਤੀ।

