Ashmita Chaliha ਨੇ Korean Masters ਦਾ ਖ਼ਿਤਾਬ ਜਿੱਤਿਆ
ਭਾਰਤ ਦੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲੀਹਾ ਨੇ ਕੋਰਿਆਈ ਮਾਸਟਰਜ਼ ਸੁਪਰ 300 ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅੱਜ ਇੱਥੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ 26 ਸਾਲਾ ਅਸ਼ਮਿਤਾ ਨੇ ਚੀਨ ਦੀ ਚੌਥਾ ਦਰਜਾ ਪ੍ਰਾਪਤ ਹਾਨ ਕਿਆਨ...
ਭਾਰਤ ਦੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲੀਹਾ ਨੇ ਕੋਰਿਆਈ ਮਾਸਟਰਜ਼ ਸੁਪਰ 300 ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅੱਜ ਇੱਥੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ 26 ਸਾਲਾ ਅਸ਼ਮਿਤਾ ਨੇ ਚੀਨ ਦੀ ਚੌਥਾ ਦਰਜਾ ਪ੍ਰਾਪਤ ਹਾਨ ਕਿਆਨ ਸ਼ੀ ਨੂੰ 14-21, 21-14, 21-14 ਨਾਲ ਹਰਾ ਕੇ ਆਪਣਾ ਪਹਿਲਾ ਬੀ ਡਬਲਿਊ ਐੱਫ ਵਿਸ਼ਵ ਟੂਰ ਟਾਈਟਲ ਜਿੱਤਿਆ। ਇਹ ਜਿੱਤ ਅਸ਼ਮਿਤਾ ਲਈ ਇਸ ਲਈ ਵੀ ਖ਼ਾਸ ਹੈ ਕਿਉਂਕਿ ਦੋ ਸਾਲ ਪਹਿਲਾਂ ਕੋਰੀਆ ਵਿੱਚ ਹੀ ਉਸ ਦੇ ਸੱਜੇ ਗੋਡੇ ’ਤੇ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਸ ਦਾ ਖੇਡ ਕਰੀਅਰ ਖ਼ਤਰੇ ਵਿੱਚ ਪੈ ਗਿਆ ਸੀ। ਗੁਹਾਟੀ ਵਿੱਚ ਕੋਚ ਪਾਰਕ ਤਾਏ-ਸਾਂਗ ਤੋਂ ਸਿਖਲਾਈ ਲੈਣ ਵਾਲੀ ਅਸ਼ਮਿਤਾ ਨੇ ਜਿੱਤ ਮਗਰੋਂ ਕਿਹਾ ਕਿ ਇਹ ਬਹੁਤ ਸ਼ਾਨਦਾਰ ਅਹਿਸਾਸ ਹੈ ਅਤੇ ਹੁਣ ਉਸ ਅੰਦਰ ਹੋਰ ਵੱਡੀਆਂ ਪ੍ਰਾਪਤੀਆਂ ਦੀ ਭੁੱਖ ਪੈਦਾ ਹੋ ਗਈ ਹੈ। ਅੱਜ ਪਹਿਲੀ ਗੇਮ ਵਿੱਚ ਅਸ਼ਮਿਤਾ 14-21 ਨਾਲ ਹਾਰ ਗਈ ਸੀ। ਹਵਾ ਕਾਰਨ ਉਸ ਨੂੰ ਖੇਡਣ ਵਿੱਚ ਮੁਸ਼ਕਲ ਆ ਰਹੀ ਸੀ। ਪਰ ਦੂਜੀ ਗੇਮ ਵਿੱਚ ਉਸ ਨੇ ਵਾਪਸੀ ਕਰਦਿਆਂ 11-8 ਦੀ ਲੀਡ ਲਈ ਅਤੇ ਸ਼ਾਨਦਾਰ ਸਮੈਸ਼ ਮਾਰਦਿਆਂ 21-14 ਨਾਲ ਗੇਮ ਜਿੱਤ ਲਈ। ਫ਼ੈਸਲਾਕੁਨ ਗੇਮ ਵਿੱਚ ਹਾਨ ਨੇ 11-9 ਦੀ ਲੀਡ ਬਣਾਈ ਹੋਈ ਸੀ, ਪਰ ਕੋਚ ਦੀ ਹਦਾਇਤ ਮਗਰੋਂ ਅਸ਼ਮਿਤਾ ਨੇ ਹਮਲਾਵਰ ਖੇਡ ਦਿਖਾਈ। ਉਸ ਨੇ 15-11 ਦੀ ਲੀਡ ਬਣਾਉਣ ਮਗਰੋਂ ਤੀਜੀ ਗੇਮ ਵੀ 21-14 ਨਾਲ ਜਿੱਤ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਭਾਰਤੀ ਖਿਡਾਰੀਆਂ ਦਾ ਇਹ ਲਗਾਤਾਰ ਦੂਜਾ ਬੀ ਡਬਲਿਊ ਐੱਫ ਵਿਸ਼ਵ ਟੂਰ ਖ਼ਿਤਾਬ ਹੈ। ਪਿਛਲੇ ਹਫ਼ਤੇ ਤਨਵੀ ਸ਼ਰਮਾ ਨੇ ਤੈਪਈ ਓਪਨ ਜਿੱਤਿਆ ਸੀ। ਕੋਚ ਪਾਰਕ ਨੇ ਦੱਸਿਆ ਕਿ ਫਾਈਨਲ ਤੋਂ ਪਹਿਲਾਂ ਦੋਵਾਂ ਨੇ ਚੀਨੀ ਖਿਡਾਰਨ ਦੀਆਂ ਵੀਡੀਓਜ਼ ਦੇਖ ਕੇ ਰਣਨੀਤੀ ਬਣਾਈ ਸੀ। ਉਸ ਨੇ ਅਸ਼ਮਿਤਾ ਨੂੰ ਆਪਣੀਆਂ ਗ਼ਲਤੀਆਂ ਘਟਾਉਣ ਅਤੇ ਹਮਲਾਵਰ ਖੇਡਣ ਦੀ ਸਲਾਹ ਦਿੱਤੀ ਸੀ।

