ਐਸ਼ੇਜ਼: ਆਸਟਰੇਲੀਆ 134 ਦੌੜਾਂ ਨਾਲ ਅੱਗੇ
ਹੈੱਡ ਤੇ ਸਮਿਥ ਨੇ ਬਣਾਏ ਸੈਂਕੜੇ; ਹੈੱਡ ਨੇ ਲੜੀ ’ਚ ਆਪਣਾ ਤੀਜਾ ਸੈਂਕੜਾ ਲਗਾਇਆ
ਟ੍ਰੈਵਿਸ ਹੈੱਡ ਦੇ ਇਸ ਸੀਰੀਜ਼ ਦੇ ਤੀਜੇ ਸੈਂਕੜੇ ਤੇ ਸਟੀਵ ਸਮਿਥ ਦੇ ਪਹਿਲੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਪੰਜਵੇਂ ਅਤੇ ਆਖ਼ਰੀ ਐਸ਼ੇਜ਼ ਟੈਸਟ ਦੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਵਿਰੁੱਧ 134 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ।
ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 518 ਦੌੜਾਂ ਬਣਾ ਲਈਆਂ ਹਨ; ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 384 ਦੌੜਾਂ ਬਣਾਈਆਂ ਸਨ। ਅੱਜ 91 ਦੌੜਾਂ ਤੋਂ ਅੱਗੇ ਖੇਡਦਿਆਂ ਹੈੱਡ ਨੇ 166 ਗੇਂਦਾਂ ਵਿੱਚ 163 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਸੀਰੀਜ਼ ਵਿੱਚ ਇਹ ਉਸ ਦਾ ਤੀਜਾ ਸੈਂਕੜਾ ਹੈ। ਉਹ 2002-03 ਵਿੱਚ ਮੈਥਿਊ ਹੇਡਨ ਤੋਂ ਬਾਅਦ ਇੱਕ ਐਸ਼ੇਜ਼ ਸੀਰੀਜ਼ ਵਿੱਚ ਤਿੰਨ ਸੈਂਕੜੇ ਲਗਾਉਣ ਵਾਲਾ ਪਹਿਲਾ ਆਸਟਰੇਲੀਆਈ ਸਲਾਮੀ ਬੱਲੇਬਾਜ਼ ਬਣ ਗਿਆ ਹੈ। ਸਮਿਥ 129 ਦੌੜਾਂ ਬਣਾ ਕੇ ਨਾਬਾਦ ਰਿਹਾ। ਇਹ ਉਸ ਦੇ ਟੈਸਟ ਕਰੀਅਰ ਦਾ 37ਵਾਂ ਤੇ ਐਸ਼ੇਜ਼ ਦਾ 13ਵਾਂ ਸੈਂਕੜਾ ਹੈ।
ਇੰਗਲੈਂਡ ਲਈ ਅੱਜ ਦਾ ਦਿਨ ਫੀਲਡਿੰਗ ਦੇ ਲਿਹਾਜ਼ ਨਾਲ ਨਿਰਾਸ਼ਾਜਨਕ ਰਿਹਾ। ਵਿਲ ਜੈਕਸ ਨੇ ਬ੍ਰਾਈਡਨ ਕਾਰਸ ਦੀ ਗੇਂਦ ’ਤੇ 121 ਦੌੜਾਂ ’ਤੇ ਹੈੱਡ ਦਾ ਕੈਚ ਛੱਡ ਦਿੱਤਾ। ਇਹ ਇਸ ਸੀਰੀਜ਼ ਵਿੱਚ ਇੰਗਲੈਂਡ ਦਾ 12ਵਾਂ ਛੁੱਟਿਆ ਕੈਚ ਸੀ। ਲੰਚ ਤੋਂ ਠੀਕ ਪਹਿਲਾਂ ਜੈਕਸ ਨੇ ਹੈੱਡ ਦਾ ਇੱਕ ਹੋਰ ਔਖਾ ਰਿਟਰਨ ਕੈਚ ਵੀ ਛੱਡਿਆ। ਸਟੀਵ ਸਮਿਥ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਲੀਡ ਨੂੰ 200 ਦੌੜਾਂ ਤੋਂ ਪਾਰ ਲੈ ਕੇ ਜਾਣ ਦੀ ਹੋਵੇਗੀ ਤਾਂ ਜੋ ਇੰਗਲੈਂਡ ’ਤੇ ਦਬਾਅ ਬਣਾਇਆ ਜਾ ਸਕੇ।

