Archery: ਭਾਰਤ ਦੀਆਂ Compound Teams ਸੈਮੀ ਫਾਈਨਲ ’ਚ
ਰੀਕਰਵ ਅਤੇ ਮਿਕਸਡ ਟੀਮਾਂ ਵੀ ਸ਼ਾਨਦਾਰ ਜਿੱਤਾਂ ਦਰਜ ਕਰ ਕੇ ਸੈਮੀ ਫਾਈਨਲ ਵਿੱਚ ਪੁੱਜੀਆਂ
ਭਾਰਤ ਨੇ ਅੱਜ ਇੱਥੇ ਆਪਣੀ ਏਸ਼ੀਅਨ ਖੇਡਾਂ ਦੀ ਤੀਰਅੰਦਾਜ਼ੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਜਿੱਥੇ ਪੁਰਸ਼ ਅਤੇ ਮਹਿਲਾ ਕੰਪਾਊਂਡ ਟੀਮਾਂ ਦੇ ਨਾਲ-ਨਾਲ ਰੀਕਰਵ ਅਤੇ ਮਿਕਸਡ ਟੀਮਾਂ ਵੀ ਕਈ ਸ਼ਾਨਦਾਰ ਜਿੱਤਾਂ ਦਰਜ ਕਰਦਿਆਂ ਸੈਮੀ ਫਾਈਨਲ ਵਿੱਚ ਪਹੁੰਚ ਗਈਆਂ।
ਕੁਸ਼ਲ ਦਲਾਲ, ਸਾਹਿਲ ਜਾਧਵ ਅਤੇ ਗਣੇਸ਼ ਮਣੀ ਰਤਨਮ ਦੀ ਬਣੀ ਪੁਰਸ਼ ਕੰਪਾਊਂਡ ਟੀਮ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਯੂ ਏ ਈ ਨੂੰ 235-215 ਨਾਲ ਹਰਾ ਕੇ ਆਪਣੇ ਮੁਕਾਬਲੇ ਦੀ ਸ਼ੁਰੂਆਤ ਕੀਤੀ ਅਤੇ ਫਿਰ ਕੁਆਰਟਰ ਫਾਈਨਲ ਵਿੱਚ ਭੂਟਾਨ ਨੂੰ 235-232 ਨਾਲ ਮਾਤ ਦਿੱਤੀ। ਜਯੋਤੀ ਸੁਰੇਖਾ ਵੇਨਮ, ਚਿਕਿਤਾ ਤਾਨੀਪਾਰਥੀ ਅਤੇ ਪ੍ਰਿਤਿਕਾ ਪ੍ਰਦੀਪ ਦੀ ਮਹਿਲਾ ਕੰਪਾਊਂਡ ਤਿੱਕੜੀ ਨੇ ਵੀ ਦੋ ਜਿੱਤਾਂ ਦਰਜ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਮੰਗੋਲੀਆ ਨੂੰ 238-223 ਅਤੇ ਕੁਆਰਟਰ ਫਾਈਨਲ ਵਿੱਚ ਕਜ਼ਾਖ਼ਸਤਾਨ ਨੂੰ 233-230 ਨਾਲ ਹਰਾਇਆ। ਭਾਰਤ ਦੀਆਂ ਦੋਵੇਂ ਕੰਪਾਊਂਡ ਟੀਮਾਂ 30 ਸਤੰਬਰ ਨੂੰ ਸੈਮੀ ਫਾਈਨਲ ਵਿੱਚ ਦੱਖਣੀ ਕੋਰੀਆ ਨਾਲ ਭਿੜਨਗੀਆਂ।
ਪੁਰਸ਼ ਰੀਕਰਵ ਵਰਗ ਵਿੱਚ, ਧੀਰਜ ਬੋਮਦਾਦੇਵਰਾ ਅਤੇ ਸੰਜੈ ਭੋਗੇ ਨੇ ਫਿਲਪੀਨਜ਼ ਵਿਰੁੱਧ 5-1 ਦੀ ਜਿੱਤ ਨਾਲ ਸ਼ੁਰੂਆਤ ਕੀਤੀ ਅਤੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਇੱਕ ਹੋਰ ਅਜਿਹੀ ਹੀ ਜਿੱਤ ਦਰਜ ਕੀਤੀ। ਕੀਰਤੀ ਅਤੇ ਕੁਮਕੁਮ ਦੀ ਮਹਿਲਾ ਰੀਕਰਵ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਆਪੋ-ਆਪਣੇ ਮੁਕਾਬਲਿਆਂ ਵਿੱਚ ਮੰਗੋਲੀਆ ਅਤੇ ਚੀਨੀ ਤੈਪਈ ਨੂੰ 6-0 ਨਾਲ ਹਰਾ ਕੇ ਆਖਰੀ ਚਾਰ ਵਿੱਚ ਪੁੱਜੀਆਂ।
ਬਾਅਦ ਵਿੱਚ ਰੀਕਰਵ ਮਿਕਸਡ ਟੀਮ ਈਵੈਂਟ ਵਿੱਚ ਧੀਰਜ ਬੋਮਦਾਦੇਵਰਾ ਅਤੇ ਕੁਮਕੁਮ ਨੇ ਯੂ ਏ ਈ ਨੂੰ 6-0 ਨਾਲ ਹਰਾਉਣ ਤੋਂ ਬਾਅਦ ਵੀਅਤਨਾਮ ਵਿਰੁੱਧ ਵੀ ਅਜਿਹਾ ਹੀ ਸਕੋਰ ਬਣਾ ਕੇ ਆਪਣੀ ਸੈਮੀ ਫਾਈਨਲ ਸੀਟ ਪੱਕੀ ਕੀਤੀ। ਚਿਕਿਤਾ ਤਾਨੀਪਾਰਥੀ ਅਤੇ ਸਾਹਿਲ ਜਾਧਵ ਦੀ ਕੰਪਾਊਂਡ ਮਿਕਸਡ ਟੀਮ ਨੇ ਵੀ ਆਪਣੇ ਦੋਵਾਂ ਮੁਕਾਬਲਿਆਂ ਵਿੱਚ ਮੰਗੋਲੀਆ ਨੂੰ 160-146 ਅਤੇ ਕਜ਼ਾਖ਼ਸਤਾਨ ਨੂੰ 159-154 ਨਾਲ ਹਰਾ ਕੇ ਅੱਗੇ ਥਾਂ ਬਣਾਈ।

