Wins First Recurve Gold & Olympic Quota at Asian Games: ਤੀਰਅੰਦਾਜ਼ ਕੁਮਕੁਮ ਮੋਹਦ ਨੇ ਸੁਨਹਿਰੀ ਇਤਿਹਾਸ ਸਿਰਜਿਆ
ਰੀਕਰਵ ਵਰਗ ਵਿੱਚ ਸੋਨ ਤਗ਼ਮਾ ਫੁੰਡ ਕੇ ਓਲੰਪਿਕ ਦਾ ਟਿਕਟ ਕਟਾਇਆ
ਭਾਰਤੀ ਤੀਰਅੰਦਾਜ਼ੀ ਕੁਮਕੁਮ ਮੋਹਦ ਨੇ ਇੱਥੇ ਏਸ਼ਿਆਈ ਖੇਡਾਂ ਦੌਰਾਨ ਦਬਦਬਾ ਬਣਾਉਂਦਿਆਂ ਰੀਕਰਵ ਵਰਗ ਦਾ ਸੋਨ ਤਗ਼ਮਾ ਆਪਣੇ ਨਾਂ ਕਰਦਿਆਂ ਇਤਿਹਾਸ ਸਿਰਜ ਦਿੱਤਾ ਅਤੇ ਓਲੰਪਿਕ ਦਾ ਟਿਕਟ ਕਟਾ ਲਿਆ ਹੈ। ਕੁਮਕੁਮ ਨੇ ਫ਼ਾਈਨਲ ਵਿੱਚ ਦੱਖਣੀ ਕੋਰੀਆ ਦੀ ਓ ਯੇਜਿਨ ਨੂੰ ਸ਼ੂਟ-ਆਊਟ ਵਿੱਚ 6-5 ਨਾਲ ਮਾਤ ਦਿੱਤੀ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਉਹ ਏਸ਼ਿਆਈ ਖੇਡਾਂ ਦੇ ਵਿਅਕਤੀਗਤ ਰੀਕਰਵ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਇਸ ਤੋਂ ਇਲਾਵਾ ਉਸ ਨੇ 2028 ਦੇ ਲਾਸ ਏਂਜਲਸ ਓਲੰਪਿਕ ਲਈ ਵੀ ਕੋਟਾ ਹਾਸਲ ਕਰ ਲਿਆ ਹੈ।
ਮੁਕਾਬਲੇ ਦੌਰਾਨ ਕੁਮਕੁਮ ਨੇ ਵਿਸ਼ਵ ਚੈਂਪੀਅਨ ਕਾਂਗ ਚੇਯੌਂਗ ਅਤੇ ਚੀਨ ਦੀ ਜਿੰਗਯੀ ਜ਼ੂ ਵਰਗੀਆਂ ਖਿਡਾਰਨਾਂ ਨੂੰ ਹਰਾ ਕੇ ਫ਼ਾਈਨਲ ਵਿੱਚ ਥਾਂ ਬਣਾਈ ਸੀ। ਜਿੱਤ ਤੋਂ ਬਾਅਦ ਜਦੋਂ ਕੌਮੀ ਤਰਾਨਾ ਵੱਜਿਆ, ਤਾਂ ਕੁਮਕੁਮ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਆ ਗਏ। ਪੁਰਸ਼ਾਂ ਦੇ ਵਿਅਕਤੀਗਤ ਰੀਕਰਵ ਮੁਕਾਬਲੇ ਵਿੱਚ ਭਾਰਤ ਦੇ ਨੀਰਜ ਚੌਹਾਨ ਨੇ ਵੀ ਤਾਲਮੇਲ ਅਤੇ ਸੰਜਮ ਦਾ ਮੁਜ਼ਾਹਰਾ ਕਰਦਿਆਂ ਆਪਣੇ ਹੀ ਹਮਵਤਨੀ ਧੀਰਜ ਬੋਮਡੇਵਾਰਾ ਨੂੰ 6-4 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।

