Amritsar: ਖਾਲਸਾ ਯੂਨੀਵਰਸਿਟੀ ’ਚ ਦੌੜਾਕ ਗੁਰਿੰਦਰਵੀਰ ਦਾ ਸਨਮਾਨ
ੲੇਸ਼ਿਆਈ ਤਗ਼ਮਾ ਜੇਤੂ ਦੌੜਾਕ ਨੇ ਮੁਸ਼ਕਲਾਂ ਦੇ ਬਾਵਜੂਦ ਅੱਗੇ ਵਧਣ ਲਈ ਪ੍ਰੇਰਿਆ
ਉੱਭਰਦੇ ਦੌੜਾਕ ਤੇ ਏਸ਼ਿਆਈ ਖੇਡਾਂ ’ਚ ਕਾਂਸੀ ਦਾ ਤਗ਼ਮਾ ਜੇਤੂ ਗੁਰਿੰਦਰਵੀਰ ਸਿੰਘ ਨੂੰ 100 ਮੀਟਰ ਦੌੜ ’ਚ ਬਣਾਏ ਕੌਮੀ ਰਿਕਾਰਡ ਲਈ ਅੱਜ ਇਥੇ ਖਾਲਸਾ ਯੂਨੀਵਰਸਿਟੀ ਵਿੱਚ ‘ਮੈਂਬਰਜ਼ ਮਿਸ਼ਨਰੀਜ਼ ਖਿਦਮਤਗਾਰਾਂ, ਪੋਲਿਊਸ਼ਨ ਕੰਟਰੋਲ ਕਮੇਟੀ, ਸ੍ਰੀ ਗੀਤਾ ਸੇਵਾ ਸਮਿਤੀ ਤੇ ਸ੍ਰੀ ਸੁਖਮਨੀ ਸੇਵਾ ਸੁਸਾਇਟੀ’ ਵੱਲੋਂ ਕਰਵਾਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਗੁਰਿੰਦਰਵੀਰ ਨੂੰ 1.25 ਲੱਖ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ। ਇਸ ਮੌਕੇ ‘ਮਿਸ਼ਨਰੀਜ਼ ਆਫ਼ ਖੁਦਾਈ ਖਿਦਮਤਗਾਰ’ ਸੰਸਥਾ ਤੋਂ ਸੇਵਾਮੁਕਤ ਬ੍ਰਿਗੇਡੀਅਰ ਪ੍ਰਕਾਸ਼ ਸਿੰਘ ਭੱਟੀ ਵੀ ਮੌਜੂਦ ਸਨ। ਉਪ ਕੁਲਪਤੀ ਨੇ ਕਿਹਾ ਕਿ ਗੁਰਿੰਦਰਵੀਰ ਦੀ ਪ੍ਰਾਪਤੀ ਪੰਜਾਬ ਦੇ ਨੌਜਵਾਨਾਂ ਲਈ ਮਾਣ ਵਾਲੀ ਗੱਲ ਹੈ। ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਨਹੀਂ, ਸਗੋਂ ਮਨੁੱਖ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਹਿਣਸ਼ੀਲਤਾ ਅਤੇ ਸੰਘਰਸ਼ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਹੋਰਨਾਂ ਬੁਲਾਰਿਆਂ ਧਰਮ ਅਧਿਐਨ ਵਿਭਾਗ ਦੇ ਮੁਖੀ ਤੇ ਡੀਨ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਐਗਜ਼ਾਮੀਨੇਸ਼ਨ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਗੁਰਿੰਦਰਵੀਰ ਦੀ ਪ੍ਰਾਪਤੀ ਸਿੱਖਿਆ ਦਿੰਦੀ ਹੈ ਕਿ ਜ਼ਿੰਦਗੀ ’ਚ ਕਾਮਯਾਬੀ ਹਾਸਲ ਕਰਨ ਲਈ ਹੌਸਲਾ, ਸਬਰ ਅਤੇ ਨਿਰੰਤਰ ਯਤਨ ਬਹੁਤ ਜ਼ਰੂਰੀ ਹਨ। ਗੁਰਿੰਦਰਵੀਰ ਸਿੰਘ ਨੇ ਕਿਹਾ ਕਿ ਜ਼ਿੰਦਗੀ ’ਚ ਕਾਮਯਾਬ ਹੋਣ ਲਈ ਸਭ ਤੋਂ ਜ਼ਰੂਰੀ ਹੈ ਕਿ ਇਨਸਾਨ ਕਦੇ ਹਾਰ ਨਾ ਮੰਨੇ।

