ਅਮਨਜੀਤ ਦੀ ਭਾਰਤੀ ਪੈਰਾ ਕ੍ਰਿਕਟ ਟੀਮ ਲਈ ਚੋਣ
ਆਨੰਦਪੁਰ ਸਾਹਿਬ ਦਾ ਵਸਨੀਕ ਕੋਲੰਬੋ ’ਚ ਕਰੇਗਾ ਦੇਸ਼ ਦੀ ਨੁਮਾਇੰਦਗੀ; 2005 ’ਚ ਹਾਦਸੇ ਦੌਰਾਨ ਗੁਆਉਣੀ ਪਈ ਸੀ ਲੱਤ
ਇੱਥੋਂ ਦੇ ਮੁਹੱਲਾ ਬਾਗ ਕਲੋਨੀ ਦੇ ਵਸਨੀਕ ਅਮਨਜੀਤ ਸਿੰਘ ਦੀ ਭਾਰਤੀ ਪੈਰਾ ਕ੍ਰਿਕਟ ਟੀਮ ਲਈ ਚੋਣ ਹੋਈ ਹੈ। ਉਹ 13 ਤੋਂ 17 ਨਵੰਬਰ ਤੱਕ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਹੋਣ ਵਾਲੀ ਪੈਰਾ ਟੀ-20 ਲੜੀ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗਾ। ਅਮਨਜੀਤ ਸਿੰਘ ਨੇ ਦੱਸਿਆ ਕਿ 2005 ਵਿੱਚ ਹਾਦਸੇ ਦੌਰਾਨ ਉਸ ਨੂੰ ਲੱਤ ਗੁਆਉਣੀ ਪਈ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ। ਉਹ 2009 ਵਿੱਚ ਇੰਗਲੈਂਡ ਗਿਆ, ਜਿੱਥੇ ਐੱਮ ਬੀ ਏ ਦੀ ਪੜ੍ਹਾਈ ਦੇ ਨਾਲ-ਨਾਲ ਉਹ ਹਰਟਫੋਰਡਸ਼ਾਇਰ ਅਤੇ ਮਿਡਲਸੈਕਸ ਦੀਆਂ ਪੈਰਾ ਕਾਊਂਟੀ ਕ੍ਰਿਕਟ ਟੀਮਾਂ ਲਈ ਵੀ ਖੇਡਿਆ। ਇਸ ਤੋਂ ਇਲਾਵਾ ਉਸ ਨੇ ਵੇਲਜ਼ ਕ੍ਰਿਕਟ ਬੋਰਡ ਤੋਂ ਲੈਵਲ-1 ਅੰਪਾਇਰਿੰਗ ਦਾ ਕੋਰਸ ਕਰ ਕੇ 6 ਸਾਲ ਅੰਪਾਇਰ ਵਜੋਂ ਸੇਵਾਵਾਂ ਵੀ ਨਿਭਾਈਆਂ। ਕੁਝ ਸਾਲ ਇੰਗਲੈਂਡ ਰਹਿਣ ਤੋਂ ਬਾਅਦ ਵਤਨ ਪਰਤ ਕੇ ਉਸ ਨੇ ਅਭਿਆਸ ਜਾਰੀ ਰੱਖਿਆ, ਜਿਸ ਦੇ ਸਿੱਟੇ ਵਜੋਂ ਹੁਣ ਉਸ ਦੀ ਚੋਣ ਭਾਰਤੀ ਟੀਮ ਵਿੱਚ ਹੋਈ ਹੈ। ਅਮਨਜੀਤ ਨੇ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ, ‘‘ਦੁੱਖ-ਸੁੱਖ ਜ਼ਿੰਦਗੀ ਦਾ ਹਿੱਸਾ ਹਨ, ਇਸ ਲਈ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਜੇ ਲਗਾਤਾਰ ਮਿਹਨਤ ਕੀਤੀ ਜਾਵੇ ਤਾਂ ਜਿੱਤ ਯਕੀਨੀ ਹੈ।’’ ਇਸ ਪ੍ਰਾਪਤੀ ’ਤੇ ਅਮਨਜੀਤ ਦੀ ਮਾਤਾ ਸੁਰਿੰਦਰ ਕੌਰ, ਚਾਚਾ ਹਰਪਾਲ ਸਿੰਘ ਅਤੇ ਭਰਾ ਮਨਦੀਪ ਸਿੰਘ ਅਰੋੜਾ ਨੇ ਖੁਸ਼ੀ ਪ੍ਰਗਟਾਈ।

