ਸਪੇਨ ਦੇ ਸਟਾਰ ਖਿਡਾਰੀ ਕਾਰਲੋਸ ਅਲਕਰਾਜ਼ ਨੇ ਐਲੈਕਸ ਡੈਮਿਨੌਰ ਨੂੰ 7-5, 6-2 ਤੇ 6-1 ਨਾਲ ਹਰਾ ਕੇ ਪਹਿਲੀ ਵਾਰ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।
ਅਲਕਰਾਜ਼ ਨੇ ਰੌਡ ਲੇਵਰ ਐਰੇਨਾ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਛੇਵਾਂ ਦਰਜਾ ਪ੍ਰਾਪਤ ਡੇ ਮਿਨੌਰ ਨੂੰ ਹਰਾ ਦਿੱਤਾ ਹੈ। ਪਹਿਲੇ ਸੈੱਟ ਵਿੱਚ ਅਲਕਰਾਜ਼ ਨੇ 3-0 ਦੀ ਬੜ੍ਹਤ ਬਣਾਈ ਸੀ, ਪਰ ਡੇ ਮਿਨੌਰ ਨੇ ਜ਼ਬਰਦਸਤ ਵਾਪਸੀ ਕਰਦਿਆਂ ਸਕੋਰ 4-4 ਨਾਲ ਬਰਾਬਰ ਕਰ ਦਿੱਤਾ। ਹਾਲਾਂਕਿ ਅਲਕਰਾਜ਼ ਨੇ ਅੰਤ ਵਿੱਚ ਸੈੱਟ 7-5 ਨਾਲ ਆਪਣੇ ਨਾਂ ਕੀਤਾ। ਪਹਿਲਾ ਸੈੱਟ ਜਿੱਤਣ ਤੋਂ ਬਾਅਦ ਅਲਕਰਾਜ਼ ਨੇ ਮੈਚ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਤੇ ਅਗਲੇ ਦੋ ਸੈੱਟਾਂ ਵਿੱਚ ਡੇ ਮਿਨੌਰ ਨੂੰ ਕੋਈ ਮੌਕਾ ਨਹੀਂ ਦਿੱਤਾ। ਅਲਕਰਾਜ਼ ਨੇ ਕਿਹਾ ਕਿ ਉਹ ਆਪਣੀ ਖੇਡ ਤੋਂ ਬਹੁਤ ਖੁਸ਼ ਹੈ। ਹਰੇਕ ਮੈਚ ਨਾਲ ਉਸ ਦਾ ਹੌਸਲਾ ਹੋਰ ਵਧ ਰਿਹਾ ਹੈ। ਉਸ ਨੇ ਮੰਨਿਆ ਕਿ ਡੇ ਮਿਨੌਰ ਦੇ ਖ਼ਿਲਾਫ਼ ਖੇਡਣਾ ਮੁਸ਼ਕਲ ਹੈ। ਅਲਕਰਾਜ਼ ਨੇ ਕਿਹਾ ਕਿ ਮੈਚ ਦੌਰਾਨ ਉਸ ਨੂੰ ਬਹੁਤ ਸੰਜਮ ਨਾਲ ਖੇਡਣਾ ਪਿਆ। ਹੁਣ ਸੈਮੀਫਾਈਨਲ ਵਿੱਚ ਅਲਕਰਾਜ਼ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੈਰੇਵ ਨਾਲ ਹੋਵੇਗਾ। ਅਲਕਰਾਜ਼ ਨੇ ਕਿਹਾ ਕਿ ਜ਼ਵੈਰੇਵ ਬਹੁਤ ਵਧੀਆ ਖੇਡ ਰਿਹਾ ਹੈ। ਉਹ ਹਮਲਾਵਰ ਹੈ ਤੇ ਉਸ ਦੀ ਸਰਵਿਸ ਵੀ ਮਜ਼ਬੂਤ ਹੈ। ਅਲਕਰਾਜ਼ ਨੇ ਕਿਹਾ ਕਿ ਇਹ ਇੱਕ ਵੱਡਾ ਮੈਚ ਹੋਵੇਗਾ।

