Mastuana Sahib ਦੇ 3 Volleyball Players ਦੀ ਭਾਰਤੀ ਟੀਮ ’ਚ ਚੋਣ
ਚੀਨ ਵਿੱਚ ਹੋਣ ਵਾਲੀ ਵਾਲੀਬਾਲ ਚੈਂਪੀਅਨਸ਼ਿਪ ’ਚ ਦੇਸ਼ ਦੀ ਨੁਮਾਇੰਦਗੀ ਕਰਨਗੇ
ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਸਿਖਲਾਈ ਸੈਂਟਰ ਮਸਤੂਆਣਾ ਸਾਹਿਬ ਦੇ ਤਿੰਨ ਹੋਣਹਾਰ ਵਾਲੀਬਾਲ ਖਿਡਾਰੀਆਂ ਦੀ ਕੌਮਾਂਤਰੀ ਪੱਧਰ ’ਤੇ ਭਾਰਤੀ ਟੀਮ ਵਿੱਚ ਚੋਣ ਹੋਈ ਹੈ। ਇਹ ਖਿਡਾਰੀ ਚੀਨ ਦੇ ਸ਼ਾਂਗਲੂਓ ਸ਼ਹਿਰ ਵਿੱਚ ਪਹਿਲੀ ਤੋਂ 10 ਜੁਲਾਈ ਤੱਕ ਹੋਣ ਵਾਲੀ ਅੰਡਰ-18 ਵਰਲਡ ਸਕੂਲ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਚੁਣੇ ਗਏ ਖਿਡਾਰੀਆਂ ਵਿੱਚ ਸ਼ਬਦ ਗੌਤਮ, ਅਰਸ਼ਪ੍ਰੀਤ ਸਿੰਘ ਅਤੇ ਅਰਪਿਤ ਸਾਂਗਵਾਨ ਸ਼ਾਮਲ ਹਨ। ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਸਹਾਇਕ ਨਿਰਦੇਸ਼ਕ ਪੁਸ਼ਕਰ ਸਿੰਘ ਅਤੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਤਿੰਨਾਂ ਖਿਡਾਰੀਆਂ ਦੀ ਕੌਮੀ ਟੀਮ ਲਈ ਚੋਣ ਉਨ੍ਹਾਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ, ਖੇਡ ਪ੍ਰਤੀ ਲਗਨ ਅਤੇ ਸਮਰਪਣ ਭਾਵਨਾ ਸਦਕਾ ਹੋਈ ਹੈ। ਵੱਡੇ ਮੰਚ ’ਤੇ ਦੇਸ਼ ਦੀ ਅਗਵਾਈ ਕਰਨਾ ਨਾ ਸਿਰਫ਼ ਇਸ ਸੈਂਟਰ ਲਈ, ਸਗੋਂ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਹ ਸੈਂਟਰ ਜ਼ਮੀਨੀ ਪੱਧਰ ਤੋਂ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਤਰਾਸ਼ਣ ਅਤੇ ਉਨ੍ਹਾਂ ਨੂੰ ਕੌਮਾਂਤਰੀ ਮੁਕਾਬਲਿਆਂ ਦੇ ਯੋਗ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਖੇਡ ਸੈਂਟਰ ਦੇ ਪ੍ਰਬੰਧਕਾਂ ਅਤੇ ਕੋਚਿੰਗ ਸਟਾਫ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵੱਲੋਂ ਖਿਡਾਰੀਆਂ ਨੂੰ ਲਗਾਤਾਰ ਦਿੱਤੇ ਜਾ ਰਹੇ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਮਸਤੂਆਣਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।
