3 Indians ਆਲਮੀ Athletics ਅੰਡਰ-20 Championship ਦੇ Final ’ਚ
ਪੁਰਸ਼ਾਂ ਦੀ 800 ਮੀਟਰ ਦੌੜ ਵਿੱਚ ਮੋਗਾਲੀ ਵੈਂਕਟਰਾਮ ਨੇ ਸੈਮੀ ਫਾਈਨਲ ਵਿੱਚ ਥਾਂ ਬਣਾਈ
ਆਲਮੀ ਐਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਦੇ ਪਹਿਲੇ ਦਿਨ ਭਾਰਤ ਲਈ ਚੰਗੀ ਸ਼ੁਰੂਆਤ ਰਹੀ। ਨੇਜ਼ਾਬਾਜ਼ੀ ਦੇ ਆਸ਼ੀਸ਼ ਯਾਦਵ ਅਤੇ ਟੀ ਧਰਨੀਧਰਨ ਦੇ ਨਾਲ-ਨਾਲ ਡਿਸਕਸ ਥ੍ਰੋਅਰ ਅਮਾਨਤ ਕੰਬੋਜ ਨੇ ਆਪੋ-ਆਪਣੇ ਮੁਕਾਬਲਿਆਂ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ।
ਆਸ਼ੀਸ਼ ਯਾਦਵ ਨੇ ਪੁਰਸ਼ਾਂ ਦੇ ਨੇਜ਼ਾਬਾਜ਼ੀ ਦੇ ਗਰੁੱਪ ‘ਏ’ ਕੁਆਲੀਫਿਕੇਸ਼ਨ ਵਿੱਚ 69.87 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਪਹਿਲਾ ਸਥਾਨ ਹਾਸਲ ਕੀਤਾ। ਕੁੱਲ ਮਿਲਾ ਕੇ ਉਹ ਦੂਜੇ ਸਥਾਨ ’ਤੇ ਰਿਹਾ। ਦੱਖਣੀ ਅਫਰੀਕਾ ਦੇ ਖਿਤਾਬ ਦੇ ਦਾਅਵੇਦਾਰ ਜਾਨ-ਹੈਂਡਰਿਕ ਹੇਮਨਜ਼ ਨੇ ਗਰੁੱਪ ‘ਬੀ’ ਵਿੱਚ 76.02 ਮੀਟਰ ਦੀ ਥ੍ਰੋਅ ਨਾਲ ਕੁੱਲ ਪਹਿਲਾ ਸਥਾਨ ਹਾਸਲ ਕੀਤਾ। 19 ਸਾਲਾ ਆਸ਼ੀਸ਼ ਦਾ ਇਸ ਸੀਜ਼ਨ ਅਤੇ ਕਰੀਅਰ ਦਾ ਸਰਬੋਤਮ ਪ੍ਰਦਰਸ਼ਨ 74.49 ਮੀਟਰ ਹੈ। ਹੇਮਨਜ਼ ਹੀ ਇਕਲੌਤਾ ਐਥਲੀਟ ਰਿਹਾ ਜਿਸ ਨੇ 72.50 ਮੀਟਰ ਦੇ ਆਟੋਮੈਟਿਕ ਕੁਆਲੀਫਿਕੇਸ਼ਨ ਮਾਪਦੰਡ ਪਾਰ ਕੀਤਾ।
ਟੀ ਧਰਨੀਧਰਨ ਨੇ 68.07 ਮੀਟਰ ਦੀ ਥ੍ਰੋਅ ਨਾਲ ਗਰੁੱਪ ‘ਬੀ’ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਅਤੇ ਕੁੱਲ 12ਵੇਂ ਤੇ ਆਖ਼ਰੀ ਕੁਆਲੀਫਾਇੰਗ ਸਥਾਨ ਨਾਲ ਫਾਈਨਲ ਵਿੱਚ ਜਗ੍ਹਾ ਬਣਾਈ। ਨੇਜ਼ਾਬਾਜ਼ੀ ਦਾ ਫਾਈਨਲ ਸ਼ੁੱਕਰਵਾਰ ਨੂੰ ਹੋਵੇਗਾ। ਭਾਰਤ ਦਾ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਇਸ ਮੁਕਾਬਲੇ ਦਾ ਮੌਜੂਦਾ ਵਿਸ਼ਵ ਰਿਕਾਰਡਧਾਰਕ ਹੈ। ਉਸ ਨੇ 2016 ਵਿੱਚ ਪੋਲੈਂਡ ਦੇ ਬਿਡਗੋਸ਼ਚ ਵਿੱਚ ਹੋਈ ਚੈਂਪੀਅਨਸ਼ਿਪ ਦੌਰਾਨ 86.48 ਮੀਟਰ ਦੀ ਥ੍ਰੋਅ ਨਾਲ ਇਹ ਰਿਕਾਰਡ ਬਣਾਇਆ ਸੀ। ਮਹਿਲਾ ਡਿਸਕਸ ਥ੍ਰੋਅ ਵਿੱਚ ਅਮਾਨਤ ਕੰਬੋਜ ਨੇ ਇਸ ਸੀਜ਼ਨ ਦਾ ਆਪਣਾ ਸਰਬੋਤਮ ਪ੍ਰਦਰਸ਼ਨ ਕਰਦਿਆਂ 52.58 ਮੀਟਰ ਦੀ ਥ੍ਰੋਅ ਸੁੱਟੀ। ਉਹ ਗਰੁੱਪ ‘ਏ’ ਵਿੱਚ ਛੇਵੇਂ ਅਤੇ ਕੁੱਲ 12ਵੇਂ ਸਥਾਨ ’ਤੇ ਰਹੀ, ਜਿਸ ਨਾਲ ਉਸ ਨੇ ਫਾਈਨਲ ਲਈ ਆਖ਼ਰੀ ਕੁਆਲੀਫਾਇੰਗ ਸਥਾਨ ਹਾਸਲ ਕੀਤਾ। ਚੀਨ ਦੀ ਸੂ ਯੀਸ਼ਿਨ ਨੇ 58.06 ਮੀਟਰ ਦੀ ਥ੍ਰੋਅ ਨਾਲ ਕੁੱਲ ਪਹਿਲਾ, ਉਸ ਦੀ ਹਮਵਤਨ ਮਾ ਚੇਨਾਈ ਨੇ 57.72 ਮੀਟਰ ਨਾਲ ਦੂਜਾ ਸਥਾਨ ਹਾਸਲ ਕੀਤਾ। ਪੁਰਸ਼ਾਂ ਦੀ 800 ਮੀਟਰ ਦੌੜ ਵਿੱਚ ਮੋਗਾਲੀ ਵੈਂਕਟਰਾਮ ਨੇ ਸੈਮੀ ਫਾਈਨਲ ਵਿੱਚ ਥਾਂ ਬਣਾਈ। ਵੈਂਕਟਰਾਮ ਨੇ ਹੀਟ-5 ਵਿੱਚ 1 ਮਿੰਟ 52.81 ਸਕਿੰਟ ਦਾ ਸਮਾਂ ਕੱਢਦੇ ਹੋਏ ਤੀਜਾ ਸਥਾਨ ਹਾਸਲ ਕੀਤਾ ਅਤੇ ਸੈਮੀ ਫਾਈਨਲ ਲਈ ਕੁਆਲੀਫਾਈ ਕੀਤਾ। ਪੰਜਾਂ ਹੀਟਾਂ ਵਿੱਚ ਯੂਗਾਂਡਾ ਦੇ ਸ਼ਾਫੇਕ ਮੁਰੂਂਗੀ ਨੇ 1 ਮਿੰਟ 46.64 ਸਕਿੰਟ ਦਾ ਨਿੱਜੀ ਸਰਬੋਤਮ ਸਮਾਂ ਕੱਢਦੇ ਹੋਏ ਸਭ ਤੋਂ ਤੇਜ਼ ਦੌੜ ਦਾ ਰਿਕਾਰਡ ਬਣਾਇਆ।

