ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਲਈ 16 ਹਜ਼ਾਰ ਖਿਡਾਰੀ ਕੁਆਲੀਫਾਈ
ਇੱਥੇ ਅੱਜ ਸ਼ੁਰੂ ਹੋਈ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਪਿਸਟਲ, ਰਾਈਫਲ ਅਤੇ ਸ਼ਾਟਗਨ ਮੁਕਾਬਲਿਆਂ ਲਈ 16,000 ਤੋਂ ਵੱਧ ਖਿਡਾਰੀਆਂ ਨੇ ਕੁਆਲੀਫਾਈ ਕੀਤਾ ਹੈ। ਇਸ ਵਾਰ ਖਿਡਾਰੀਆਂ ਦੀ ਗਿਣਤੀ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਜਦੋਂ 13,500 ਤੋਂ ਵੱਧ ਖਿਡਾਰੀ ਇਸ ਸਾਲਾਨਾ ਮੁਕਾਬਲੇ ਦਾ ਹਿੱਸਾ ਬਣੇ ਸਨ। ਚੈਂਪੀਅਨਸ਼ਿਪ ਦੀ ਸ਼ੁਰੂਆਤ ਅੱਜ ਤੁਗਲਕਾਬਾਦ ਸਥਿਤ ਕਰਣੀ ਸਿੰਘ ਰੇਂਜ ਵਿੱਚ ਸ਼ਾਟਗਨ ਮੁਕਾਬਲਿਆਂ ਨਾਲ ਹੋਈ ਹੈ। ਦੂਜੇ ਪਾਸੇ ਪਿਸਟਲ ਅਤੇ ਰਾਈਫਲ ਦੇ ਮੁਕਾਬਲੇ 11 ਦਸੰਬਰ ਤੋਂ ਕ੍ਰਮਵਾਰ ਦਿੱਲੀ ਅਤੇ ਭੁਪਾਲ ਵਿੱਚ ਸ਼ੁਰੂ ਹੋਣਗੇ। ਅਗਲੇ ਇੱਕ ਮਹੀਨੇ ਤੱਕ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਤਿੰਨੋਂ ਵੰਨਗੀਆਂ (ਪਿਸਟਲ, ਰਾਈਫਲ, ਸ਼ਾਟਗਨ) ਨੂੰ ਸੱਤ ਵਰਗਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚ ਸੁਪਰ ਮਾਸਟਰਜ਼ (70 ਸਾਲ ਤੇ ਵੱਧ), ਸੀਨੀਅਰ ਮਾਸਟਰਜ਼ (60-70 ਸਾਲ), ਮਾਸਟਰਜ਼ (45-60 ਸਾਲ), ਸੀਨੀਅਰਜ਼ (ਓਪਨ), ਜੂਨੀਅਰਜ਼ (21 ਸਾਲ), ਯੂਥ (19 ਸਾਲ) ਅਤੇ ਸਬ-ਯੂਥ (16 ਸਾਲ) ਸ਼ਾਮਲ ਹਨ। ਨੈਸ਼ਨਲ ਰਾਈਫਲ ਐਸੋਸੀਏਸ਼ਨ ਮੁਤਾਬਕ ਖਿਡਾਰੀ ਭਾਵੇਂ ਕਿੰਨੇ ਵੀ ਵਰਗਾਂ ਵਿੱਚ ਰਜਿਸਟਰ ਹੋਣ, ਉਹ ਪੂਰੇ ਮੁਕਾਬਲੇ ਦੌਰਾਨ ਸਿਰਫ਼ ਇੱਕ ਵਾਰ ਨਿਸ਼ਾਨਾ ਲਗਾਉਣਗੇ ਪਰ ਉਨ੍ਹਾਂ ਦੇ ਅੰਕ ਹੋਰ ਰਜਿਸਟਰਡ ਵਰਗਾਂ ਲਈ ਵੀ ਗਿਣੇ ਜਾਣਗੇ। ਇਸ ਵਾਰ 68ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਉਹ ਖਿਡਾਰੀ ਹਿੱਸਾ ਲੈ ਰਹੇ ਹਨ, ਜਿਨ੍ਹਾਂ ਨੇ 66ਵੀਂ ਤੇ 67ਵੀਂ ਨੈਸ਼ਨਲ, ਜ਼ੋਨਲ ਚੈਂਪੀਅਨਸ਼ਿਪ 2025, 34ਵੀਂ ਜੀ ਵੀ ਮਾਵਲੰਕਰ ਚੈਂਪੀਅਨਸ਼ਿਪ 2025, ਇੰਡੀਆ ਓਪਨ 2025 ਅਤੇ 27ਵੀਂ ਆਲ ਇੰਡੀਆ ਕੁਮਾਰ ਸੁਰਿੰਦਰ ਸਿੰਘ ਚੈਂਪੀਅਨਸ਼ਿਪ ਵਿੱਚ ਕੁਆਲੀਫਾਇੰਗ ਅੰਕ ਹਾਸਲ ਕੀਤੇ ਹਨ।
