DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਿਸ ਨੇ ਪੀ ਰੱਖੀ ਹੈ ?

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਤਿੰਨ-ਚਾਰ ਦਿਨ ਪਹਿਲਾਂ ਬੜਾ ਸੰਜੀਦਾ, ਗੰਭੀਰ ਅਤੇ ਸੂਬੇ ਦੀ ਮਾਣ-ਮਰਿਆਦਾ ਮੁਤਾਬਿਕ ਬਿਆਨ ਆਇਆ ਹੈ, ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਉੱਤਰਾਖੰਡ ਦੀ ਭੂਮੀ ਨੇ ਹਮੇਸ਼ਾ ਆਪਣੇ ਕਲਾਕਾਰਾਂ, ਸਾਹਿਤਕਾਰਾਂ ਅਤੇ ਵਿਦਵਾਨਾਂ ਦਾ ਬਹੁਤ...

  • fb
  • twitter
  • whatsapp
  • whatsapp
Advertisement

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਤਿੰਨ-ਚਾਰ ਦਿਨ ਪਹਿਲਾਂ ਬੜਾ ਸੰਜੀਦਾ, ਗੰਭੀਰ ਅਤੇ ਸੂਬੇ ਦੀ ਮਾਣ-ਮਰਿਆਦਾ ਮੁਤਾਬਿਕ ਬਿਆਨ ਆਇਆ ਹੈ, ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਉੱਤਰਾਖੰਡ ਦੀ ਭੂਮੀ ਨੇ ਹਮੇਸ਼ਾ ਆਪਣੇ ਕਲਾਕਾਰਾਂ, ਸਾਹਿਤਕਾਰਾਂ ਅਤੇ ਵਿਦਵਾਨਾਂ ਦਾ ਬਹੁਤ ਸਤਿਕਾਰ ਕੀਤਾ ਹੈ। ਬਿਲਕੁਲ ਸਹੀ ਕਿਹਾ ਹੈ ਧਾਮੀ ਹੋਰਾਂ ਨੇ, ਕਿਸੇ ਵੀ ਸੱਭਿਅਕ ਇਨਸਾਨ, ਸਮਾਜ ਅਤੇ ਦੇਸ਼ ਦਾ ਵਿਹਾਰ ਅਜਿਹਾ ਹੀ ਹੋਣਾ ਚਾਹੀਦਾ ਹੈ।

ਅਜਿਹੀ ਖ਼ੂਬਸੂਰਤ ਗੱਲ ਕਾਰਨ ਧਾਮੀ ਹੋਰਾਂ ਦਾ ਇਹ ਬਿਆਨ ਤੁਹਾਨੂੰ ਚੰਗਾ ਲੱਗਦਾ ਹੈ ਪਰ ਬਿਆਨਾਂ ਦੀ ਦੁਨੀਆ ਤੋਂ ਬਾਹਰ ਇੱਕ ਦੁਨੀਆ ਹਕੀਕਤ ਦੀ ਵੀ ਹੈ। ਇਸੇ ਮਹੀਨੇ ਦੀ 18 ਤਾਰੀਖ਼ ਨੂੰ ਟੀਹਰੀ ਗੜ੍ਹਵਾਲ ਜ਼ਿਲ੍ਹੇ ਦੇ ਕੁੰਜਾਪੁਰੀ ਮੇਲੇ ਵਿੱਚ ਮੰਚ ਸਜਿਆ ਹੋਇਆ ਸੀ ਅਤੇ ਗਾਇਕ ਦਲੇਰ ਮਹਿੰਦੀ ਆਪਣੇ ਸਾਜ਼ਿੰਦਿਆਂ ਨਾਲ ਗੀਤ ਗਾ ਰਹੇ ਸਨ। ਅਚਾਨਕ ਮੂਹਰਲੀ ਕਤਾਰ ਵਿੱਚੋਂ ਇੱਕ ਬੰਦਾ ਉੱਠ ਕੇ ਤੇਜ਼ੀ ਨਾਲ ਮੰਚ ’ਤੇ ਜਾ ਚੜ੍ਹਿਆ। ਉਸ ਨੇ ਦਲੇਰ ਮਹਿੰਦੀ ਦੇ ਹੱਥੋਂ ਮਾਈਕ ਖੋਹ ਲਿਆ ਅਤੇ ਸਮੁੱਚੇ ਇਕੱਠ ਦੇ ਸਾਹਮਣੇ ਮਾਈਕ ਫੜ ਕੇ ਦਲੇਰ ਮਹਿੰਦੀ ਨੂੰ ਉੱਚੀ ਉੱਚੀ ਬੁਰਾ ਭਲਾ ਆਖਿਆ। ਇਹ ਭੱਦਰ ਪੁਰਸ਼ ਕੋਈ ਹੋਰ ਨਹੀਂ, ਸੂਬੇ ਦਾ ਕੈਬਨਿਟ ਮੰਤਰੀ ਸੁਬੋਧ ਉਨਿਆਲ ਸੀ।

Advertisement

ਮੰਤਰੀ ਜੀ ਨੇ ਮੰਚ ’ਤੇ ਮਾਈਕ ਫੜ ਕੇ ਇਸ ਸੀਨੀਅਰ ਕਲਾਕਾਰ ਨੂੰ ਬੁਰਾ-ਭਲਾ ਤਾਂ ਆਖਿਆ ਹੀ ਪਰ ਨਾਲ ਹੀ ਇਉਂ ਵਿਹਾਰ ਕੀਤਾ ਜਿਵੇਂ ਪੈਸਾ ਦੇ ਕੇ ਅਤੇ ਉਸ ਨੂੰ ਸੱਦ ਕੇ ਇਸ ਕਲਾਕਾਰ ’ਤੇ ਅਹਿਸਾਨ ਕੀਤਾ ਹੋਵੇ। ਜਦੋਂ ਤੁਸੀਂ ਮੰਤਰੀ ਜੀ ਦਾ ਉਹ ਵੀਡੀਓ ਦੇਖਦੇ ਹੋ ਤਾਂ ਨਜ਼ਰ ਪੈਂਦਾ ਹੈ ਕਿ ਸੰਗੀਤ ਦੀ ਦੁਨੀਆ ਦੇ ਵੱਡੇ ਕਲਾਕਾਰ ਦਲੇਰ ਮਹਿੰਦੀ ਨੂੰ ਇਹ ਸਮਝ ਨਹੀਂ ਲੱਗੀ ਕਿ ਉਹ ਅੱਗਿਓਂ ਜਵਾਬ ਕੀ ਦੇਵੇ। ਭੁਚੱਕੇ ਜਿਹੇ ਨਜ਼ਰ ਆਉਂਦੇ ਦਲੇਰ ਮਹਿੰਦੀ, ਜਿਸ ਨੂੰ ਸਾਰੇ ਭਲੇ ਬੰਦੇ ਵਜੋਂ ਜਾਣਦੇ ਹਨ, ਨੇ ਆਪਣੇ ਸੁਭਾਅ ਮੁਤਾਬਿਕ ਨਿਮਰਤਾ ਨਾਲ ਹੱਥ ਜੋੜ ਕੇ ਆਖਿਆ, ‘‘ਸਰ, ਮਿਹਰਬਾਨੀ ਆਪਨੇ ਬੁਲਾਇਆ’’ ਪਰ ‘ਸਰ’ ਜੀ ਨੇ ਅੱਗਿਓਂ ਚਿਤਾਰਿਆ, ‘‘ਆਪਕੋ ਮੰਚ ਕਾ ਸੰਮਾਨ ਕਰਨਾ ਚਾਹੀਏ ਥਾ। ਆਪ ਇਤਨੇ ਡਰੰਕਡ (ਸ਼ਰਾਬੀ) ਹੋ ਕਿ ਆਪਸੇ ਬੋਲਾ ਨਹੀਂ ਜਾ ਰਹਾ।’’ ਦਲੇਰ ’ਤੇ ਸ਼ਰਾਬ ਪੀ ਕੇ ਮੰਚ ਉੱਤੇ ਆਉਣ ਦੀ ਗੱਲ ਕਰਦਿਆਂ ਇਹ ਦੋਸ਼ ਵੀ ਲਾਇਆ ਗਿਆ ਕਿ ਉਹ ਲਾਈਵ ਨਹੀਂ ਗਾ ਰਿਹਾ, ਲਿੱਪ ਸਿੰਕ ਕਰ ਰਿਹਾ ਹੈ ਅਤੇ ਉਹ ਵੀ ਸਹੀ ਨਹੀਂ ਕਰ ਰਿਹਾ। ਮੰਤਰੀ ਨੇ ‘ਇਤਨੇ ਪੈਸੇ ਦੇ ਕਰ ਆਪ ਕੋ ਬੁਲਾਇਆ ਹੈ’ ਦਾ ਮਿਹਣਾ ਇਸ ਕਲਾਕਾਰ ਨੂੰ ਲੋਕਾਂ ਦੇ ਇਕੱਠ ਸਾਹਮਣੇ ਚੰਗੀ ਤਰ੍ਹਾਂ ਸੁਣਾ ਕੇ ਮਾਰਿਆ। ਮੰਤਰੀ ਜੀ ਨੇ ਇਉਂ ਜ਼ਾਹਿਰ ਕੀਤਾ ਕਿ ਉਨ੍ਹਾਂ ਨੂੰ ਲੋਕਾਂ ਦੇ ‘ਐਂਟਰਟੇਨਮੈਂਟ’ (ਮਨੋਰੰਜਨ) ਦੀ ਬਹੁਤ ਹੀ ਫ਼ਿਕਰ ਹੈ। ਹਾਂ, ਲੋਕਾਂ ਦੇ ਮੁੱਦਿਆਂ ਤੇ ਸਮੱਸਿਆਵਾਂ ਅਤੇ ਕਿਸੇ ਦੂਜੇ ਮਨੁੱਖ ਦੇ ਸਤਿਕਾਰ ਦੀ ਉਨ੍ਹਾਂ ਨੂੰ ਕੋਈ ਫ਼ਿਕਰ ਹੋਵੇ ਜਾਂ ਨਾ ਪਰ ਉਨ੍ਹਾਂ ਨੂੰ ਲੋਕਾਂ ਦੇ ਮਨੋਰੰਜਨ ਦੀ ਬਹੁਤ ਫ਼ਿਕਰ ਹੈ। ਕੀ ਮੰਤਰੀ ਜੀ ਨੂੰ ਇਹ ਸੱਚ ਨਹੀਂ ਸੀ ਪਤਾ ਕਿ ਉਸ (ਦਲੇਰ ਮਹਿੰਦੀ) ਨੂੰ ਇਸ ਸਮਾਗਮ ਵਿੱਚ ਕਿਉਂ ਸੱਦਿਆ ਗਿਆ ਹੈ? ਦਰਅਸਲ, ਉਸ ਸਮਾਗਮ ’ਚ ਕਲਾਕਾਰ ਸੁਨੰਦਾ ਸ਼ਰਮਾ ਨੇ ਪ੍ਰੋਗਰਾਮ ਪੇਸ਼ ਕਰਨਾ ਸੀ, ਜੋ ਆਪਣੀ ਕਿਸੇ ਮਜਬੂਰੀ ਕਾਰਨ ਸਮਾਗਮ ’ਚ ਹਿੱਸਾ ਨਾ ਲੈ ਸਕੀ। ਸੁਨੰਦਾ ਸ਼ਰਮਾ ਨੇ ਇੱਕ ਦਿਨ ਪਹਿਲਾਂ ਹੀ ਪ੍ਰਬੰਧਕਾਂ ਨੂੰ ਪ੍ਰੋਗਰਾਮ ਵਿੱਚ ਹਾਜ਼ਰ ਨਾ ਹੋ ਸਕਣ ਬਾਰੇ ਆਪਣੀ ਅਸਮਰੱਥਾ ਜ਼ਾਹਿਰ ਕੀਤੀ ਸੀ। ਇਸ ਲਈ ਆਖ਼ਰੀ ਮੌਕੇ ਦਲੇਰ ਮਹਿੰਦੀ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ ਗਿਆ ਸੀ ਤੇ ਇਹ ਸੱਦਾ ਕਿਸੇ ਜਾਣਕਾਰ ਦੀ ਬੇਨਤੀ ’ਤੇ ਉਸ ਨੇ ਤਬੀਅਤ ਨਾਸਾਜ਼ ਹੋਣ ਦੇ ਬਾਵਜੂਦ ਪ੍ਰਵਾਨ ਕੀਤਾ ਸੀ।

Advertisement

ਇਸ ਸਮਾਗਮ ’ਚ ਇਹੀ ਬੇਸੁਆਦੀ ਨਹੀਂ ਹੋਈ। ਮੰਤਰੀ ਜੀ ਨੇ ਦਲੇਰ ਮਹਿੰਦੀ ਤੋਂ ਸੂਈ ਚੁੱਕਦਿਆਂ ਹੀ ਉੱਤਰਾਖੰਡੀਆਂ ਦਾ ਪੰਜਾਬੀ ਗਾਇਕ ਮਨਿੰਦਰ ਬੁੱਟਰ ਨਾਲ ਜੁੜਿਆ ਕਿੱਸਾ ਛੋਹ ਲਿਆ। ਉਨ੍ਹਾਂ ਮਾਣ ਨਾਲ ਦੱਸਿਆ, ‘‘ਮਨਿੰਦਰ ਬੁੱਟਰ ਯਹਾਂ ਆਇਆ ਥਾ ਔਰ ਯਹਾਂ ਸੇ ਪਿਟ ਕਰ ਗਿਆ ਹੈ। ਇਤਨਾ ਪਿਟ ਕਰ ਗਿਆ ਹੈ ਕਿ ਉਸ ਕਾ ਬਾਪ ਭੀ ਯਹਾਂ ਆਨੇ ਕੀ ਹਿੰਮਤ ਨਹੀਂ ਕਰੇਗਾ।’’ ਜਿਹੜੇ ਲੋਕ ‘ਬਿਟਵੀਨ ਦਿ ਲਾਈਨਜ਼’ (ਅਣਕਿਹਾ) ਪੜ੍ਹਨਾ ਜਾਣਦੇ ਹਨ ਉਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ‘ਵੋਹ ਪਿਟ ਕਰ ਗਿਆ ਥਾ’ ਦਾ ਮਤਲਬ ਦਲੇਰ ਮਹਿੰਦੀ ਨੂੰੂ ਕੀ ਕਹਿਣਾ ਤੇ ਸਮਝਾਉਣਾ ਹੈ। ਸਮਝ ਆਈ...?

ਅਜਿਹੇ ਵਿਹਾਰ ਦਾ ਕਿਸੇ ਸੰਵੇਦਨਸ਼ੀਲ ਕਲਾਕਾਰ ’ਤੇ ਕੀ ਅਸਰ ਪੈਂਦਾ ਹੈ? ਇਸ ਬਾਰੇ ਪਤਾ ਦਲੇਰ ਮਹਿੰਦੀ ਦੇ ਭਰਾ ਮੀਕਾ ਸਿੰਘ ਵੱਲੋਂ ਉਨ੍ਹਾਂ ਦੇ ਹੱਕ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ’ਚ ਹੋਈ ਗੱਲਬਾਤ ਤੋਂ ਲੱਗਦਾ ਹੈ। ਮੀਕਾ ਸਿੰਘ ਨੇ ਦੱਸਿਆ ਕਿ ਇਸ ਘਟਨਾ ਮਗਰੋਂ ਜਦੋਂ ਉਸ ਨੇ ਆਪਣੇ ਭਰਾ ਨੂੰ ਫੋਨ ਕੀਤਾ ਤਾਂ ਉਹ ਅੱਗਿਉਂ ਰੋਣ ਲੱਗ ਪਏ। ਮੀਕਾ ਦਾ ਆਪਣੇ ਭਰਾ ਨਾਲ ਗਿਲਾ ਸੀ ਕਿ ਉਨ੍ਹਾਂ ਨੇ ਮੰਤਰੀ ਨੂੰ ਉਸੇ ਵੇਲੇ ਮੰਚ ਦੇ ਉੱਤੇ ਹੀ ਢੁੱਕਵਾਂ ਜਵਾਬ ਕਿਉਂ ਨਹੀਂ ਦਿੱਤਾ। ਦਲੇਰ ਦਾ ਅੱਗਿਉਂ ਕਹਿਣਾ ਸੀ ਕਿ ਸਾਰੀ ਜ਼ਿੰਦਗੀ ਉਸ ਨੇ ਕਦੇ ਕਿਸੇ ਨਾਲ ਬਦਕਲਾਮੀ ਨਹੀਂ ਕੀਤੀ।

ਭਾਜਪਾ ਹਮਾਇਤੀ ਉੱਘੇ ਕਲਾਕਾਰ ਅਨੁਪਮ ਖੇਰ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਆਖਿਆ, ‘‘ਕਿਸੇ ਨੂੰ ਕਿਸੇ ਨਾਲ ਖੁੱਲ੍ਹੇ ਮੰਚ ’ਤੇ ਏਦਾਂ ਨਹੀਂ ਬੋਲਣਾ ਚਾਹੀਦਾ। ਸਾਡੀ ਇੰਡਸਟਰੀ ਨੂੰ ਇਸ ਮੁੱਦੇ ਨੂੰ ਰਲ ਕੇ ਉਠਾਉਣਾ ਚਾਹੀਦਾ ਹੈ।’’ ਅਨੁਪਮ ਖੇਰ ਦਾ ਇਹ ਵੀ ਕਹਿਣਾ ਸੀ, ‘‘ਮੈਂ 25-30 ਸਾਲਾਂ ਤੋਂ ਦਲੇਰ ਨੂੰ ਜਾਣਦਾ ਹਾਂ ਤੇ ਮੈਨੂੰ ਪਤਾ ਹੈ ਕਿ ਦਲੇਰ ਸ਼ਰਾਬ ਨਹੀਂ ਪੀਂਦਾ। ਸਿਹਤ ਠੀਕ ਨਾ ਹੋਣ ਦੇ ਬਾਵਜੂਦ ਦਲੇਰ ਮਹਿੰਦੀ ਨੇ ਆਖ਼ਰੀ ਮੌਕੇ ਸਮਾਗਮ ’ਚ ਜਾਣਾ ਮੰਨਿਆ ਸੀ। ਜੇਕਰ ਮੰਤਰੀ ਨੂੰ ਉਨ੍ਹਾਂ ਦੀ ਪੇਸ਼ਕਾਰੀ ’ਚ ਕੋਈ ਕਮੀ ਲੱਗੀ ਸੀ ਤਾਂ ਗੀਤ ਖ਼ਤਮ ਹੋਣ ’ਤੇ ਉਹ ਖ਼ਾਮੋਸ਼ੀ ਨਾਲ ਗਾਇਕ ਨੂੰ ਮੰਚ ਤੋਂ ਪਰ੍ਹੇ ਲਿਜਾ ਕੇ ਆਪਣੇ ਇਤਰਾਜ਼ ਦੱਸ ਸਕਦੇ ਸਨ।’’ ਪਰ ਮੰਤਰੀ ਨੇ ਤਾਂ ਪ੍ਰੋਗਰਾਮ ਵਿਚਾਲੇ ਰੋਕ ਕੇ ਕਲਾਕਾਰ ਨੂੰ ਮੰਚ ’ਤੇ ਜ਼ਲੀਲ ਕੀਤਾ। ਦਲੇਰ ਮਹਿੰਦੀ ਤਾਂ ਖ਼ਾਮੋਸ਼ ਹੋ ਗਏ ਪਰ ਉਨ੍ਹਾਂ ਦੇ ਭਰਾ ਮੀਕਾ ਸਿੰਘ ਨੇ ਇਸ ਮੁੱਦੇ ’ਤੇ ਰੀਲ ਪਾ ਕੇ ਮੰਤਰੀ ਵੱਲੋਂ ਆਪਣੇ ਭਰਾ ’ਤੇ ਸ਼ਰਾਬ ਪੀਣ ਦਾ ਦੋਸ਼ ਲਾਉਣ ਬਾਰੇ ਸਵਾਲ ਉਠਾਇਆ। ਮੀਕਾ ਦਾ ਦਾਅਵਾ ਸੀ ਕਿ ਉਸ ਦੇ ਭਰਾ ਨੇ ਜ਼ਿੰਦਗੀ ’ਚ ਕਦੇ ਸ਼ਰਾਬ ਨਹੀਂ ਪੀਤੀ। ਉਸ ਨੇ ਇਹ ਦੋਸ਼ ਸਾਬਿਤ ਕਰ ਕੇ ਦਿਖਾਉਣ ਦੀ ਚੁਣੌਤੀ ਦਿੱਤੀ। ਇਸ ਮਗਰੋਂ ਉਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੰਤਰੀ ਦੇ ਬੋਲਣ ਦੇ ਤਰੀਕੇ (ਮਨਿੰਦਰ ਬੁੱਟਰ ਦੇ ‘ਪਿਟ ਕਰ’ ਜਾਣ ਵਾਲੀ ਟਿੱਪਣੀ) ’ਤੇ ਸਵਾਲ ਉਠਾਉਂਦਿਆਂ ਕਿਹਾ, ‘‘ਕੀ ਕਿਸੇ ਮੰਤਰੀ ਨੂੰ ਕਲਾਕਾਰਾਂ ਬਾਰੇ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ? ਕੀ ਮੰਤਰੀ ਜੀ ਚਾਹੁੰਦੇ ਹਨ ਕਿ ਕਲਾਕਾਰ ਉੱਤਰਾਖੰਡ ਜਾਣਾ ਹੀ ਬੰਦ ਕਰ ਦੇਣ?’’ ਮੀਕਾ ਸਿੰਘ ਦੇ ਤਿੱਖੇ ਤੇਵਰਾਂ ਮਗਰੋਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਖ਼ੁਦ ਦੋਵਾਂ ਭਰਾਵਾਂ ਨੂੰ ਫੋਨ ਕਰ ਕੇ ਸਮੁੱਚੇ ਮਾਮਲੇ ’ਤੇ ਅਫ਼ਸੋਸ ਜਤਾਇਆ। ਧਾਮੀ ਦਾ ਕਹਿਣਾ ਸੀ ਕਿ ਕੈਬਨਿਟ ਮੰਤਰੀ ਉਨਿਆਲ ਨੇ ਖ਼ੁਦ ਉਨ੍ਹਾਂ ਨੂੰ ਸਪੱਸ਼ਟ ਕੀਤਾ ਹੈ ਕਿ ਉਸ ਦਾ ਦਲੇਰ ਮਹਿੰਦੀ ਦਾ ਅਪਮਾਨ ਕਰਨ ਦੀ ਕੋਈ ਮਨਸ਼ਾ ਨਹੀਂ ਸੀ। ਜੇਕਰ ‘ਮਨਸ਼ਾ ਨਾ ਹੋਣ’ ’ਤੇ ਮੰਤਰੀ ਦੀ ਬੋਲ-ਬਾਣੀ ਅਜਿਹੀ ਹੈ ਤਾਂ ‘ਮਨਸ਼ਾ ਹੋਣ’ ਦੀ ਸੂਰਤ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਲਓ।

ਦਲੇਰ ਮਹਿੰਦੀ ਨਾਲ ਮੰਤਰੀ ਵੱਲੋਂ ਕੀਤੇ ਗਏ ਅਜਿਹੇ ਅਪਮਾਨਜਨਕ ਵਿਹਾਰ ਦੀ ਬਹੁਤ ਸਾਰੇ ਕਲਾਕਾਰਾਂ ਨੇ ਨਿੰਦਾ ਕੀਤੀ। ਪ੍ਰੈੱਸ ਕਾਨਫਰੰਸ ਵਿੱਚ ਮੀਕਾ ਸਿੰਘ ਨੇ ਬੌਲੀਵੁੱਡ ਕਲਾਕਾਰਾਂ ਤੇ ਪੰਜਾਬੀ ਸੰਗੀਤ ਤੇ ਫਿਲਮ ਜਗਤ ਦੀਆਂ ਉੱਘੀਆਂ ਹਸਤੀਆਂ ਵੱਲੋਂ ਉਸ ਦੇ ਭਰਾ ਦੀ ਹਮਾਇਤ ਕਰਨ ਲਈ ਧੰਨਵਾਦ ਕੀਤਾ। ਮੰਤਰੀ ਦੀ ਬੋਲਬਾਣੀ ਬਾਰੇ ਇਸੇ ਪ੍ਰੈੱਸ ਕਾਨਫਰੰਸ ’ਚ ਗੱਲ ਕਰਦਿਆਂ ਮੀਕਾ ਸਿੰਘ ਦਾ ਕਹਿਣਾ ਸੀ, ‘‘ਅਸੀਂ ਕੋਈ ਗੁੰਡੇ ਨਹੀਂ ਅਤੇ ਮੰਤਰੀ ਜੀ ਵੀ ਕੋਈ ਗੁੰਡੇ ਨਹੀਂ।’’ ਸ਼ਾਇਦ ਇੱਥੇ ਮੀਕਾ ਮੰਤਰੀ ਨੂੰ ਕੁਝ ਅਣਕਿਹਾ ਸੁਣਾ ਰਿਹਾ ਸੀ। ਉਹ ਗੁੰਡੇ ਅਤੇ ਭਾਸ਼ਾ ਦਾ ਸਬੰਧ ਦੱਸਣ/ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜਾਪਦਾ ਸੀ। ਉਸ ਨੇ ਗੱਲ ਭਾਸ਼ਾ ’ਤੇ ਹੀ ਨਹੀਂ ਮੁਕਾਈ, ਸਗੋਂ ਕਿਸੇ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਆਖਿਆ, ‘‘ਵੀਡੀਓ ਦੇਖਨੇ ਪੇ ਪਤਾ ਚਲ ਜਾਏਗਾ ਕਿ ਦਾਰੂ (ਸੱਤਾ ਦਾ ਨਸ਼ਾ) ਕਿਸ ਨੇ ਪੀ ਰੱਖੀ ਹੈ?’’

ਮੀਕਾ ਸਿੰਘ ਨੇ ਤਾਂ ਆਪਣੇ ਭਰਾ ਦੇ ਹੱਕ ਵਿੱਚ ਜੋ ਕਹਿਣਾ ਸੀ ਡਟ ਕੇ ਕਹਿ ਦਿੱਤਾ, ਪਰ ਗੱਲ ਤਾਂ ਇਹੋ ਸਮਝਣ ਵਾਲੀ ਹੈ ਕਿ ਸੱਤਾ ਦਾ ਨਸ਼ਾ ਤੁਹਾਡੀ ਝੋਲੀ ਨੇਕਨਾਮੀ ਨਹੀਂ ਸਗੋਂ ਖੁਨਾਮੀ ਹੀ ਪੁਆਉਂਦਾ ਹੈ।

Advertisement
×