ਆਂਡਿਆਂ ਦੀ ਜ਼ਰਦੀ ਤੇ ਸਫ਼ੈਦੀ ਸਿਆਹ ਸਿਆਸਤ ਦੇ ਲੇਖੇ
ਲੰਘੇ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈ, ਜਿਸ ਵਿੱਚ ਉਹ ਆਪਣੇ ਲੋਕ ਸਭਾ ਹਲਕੇ ਵਿੱਚ ਗੱਡੀ ’ਚ ਬੈਠ ਕੇ ਇੱਕ ਵੀਡੀਓ ਬਣਾ ਰਹੀ ਹੈ ਤੇ ਉਸ ਦੇ...
ਲੰਘੇ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈ, ਜਿਸ ਵਿੱਚ ਉਹ ਆਪਣੇ ਲੋਕ ਸਭਾ ਹਲਕੇ ਵਿੱਚ ਗੱਡੀ ’ਚ ਬੈਠ ਕੇ ਇੱਕ ਵੀਡੀਓ ਬਣਾ ਰਹੀ ਹੈ ਤੇ ਉਸ ਦੇ ਮੂੰਹ, ਸਿਰ ਅਤੇ ਵਾਲਾਂ ’ਤੇ ਆਂਡੇ ਦੀ ਜ਼ਰਦੀ ਪਈ ਨਜ਼ਰ ਆ ਰਹੀ ਹੈ। ਵਾਲਾਂ ਵਿੱਚ ਆਂਡਿਆਂ ਦੇ ਛਿਲਕੇ ਫਸੇ ਵੀ ਨਜ਼ਰ ਆ ਰਹੇ ਹਨ। ਭੁਲੇਖਾ ਨਾ ਖਾਓ! ਉਸ ਦੇ ਚਿਹਰੇ ’ਤੇ ਦਿਸਦੀ ਆਂਡੇ ਦੀ ਸਫ਼ੈਦੀ ਉਸ ਦੀ ਕਿਸੇ ਸਕਿਨ ਕੇਅਰ ਜਾਂ ਫੇਸ਼ੀਅਲ ਥੈਰੇਪੀ ਦਾ ਹਿੱਸਾ ਨਹੀਂ ਸਗੋਂ ਇਹ ਤਾਂ ਇਨ੍ਹੀਂ ਦਿਨੀਂ ਦੇਸ਼ ਦੀ ਜਮਹੂਰੀਅਤ ’ਚ ਪ੍ਰਚੱਲਿਤ ਨਵੀਂ ‘ਸਿਆਸੀ ਥੈਰੇਪੀ’ ਹੈ। ਬੇਸ਼ੱਕ ਸਾਡੇ ਦੇਸ਼ ਵਿੱਚ ਕਿਸੇ ’ਤੇ ਆਂਡੇ ਸੁੱਟਣਾ ਕੋਈ ਨਵੀਂ ਗੱਲ ਨਹੀਂ, ਪਰ ਇਸ ਰੁਝਾਨ ਨੂੰ ਇਨ੍ਹੀਂ ਦਿਨੀਂ ਮੁੜ ਤੇਜ਼ੀ ਨਾਲ ਪ੍ਰਚਲਨ ’ਚ ਲਿਆਉਣ ਦਾ ਸਿਹਰਾ ਪੱਛਮੀ ਬੰਗਾਲ ਦੇ ਸਿਰ ਬੱਝਦਾ ਹੈ ਤੇ ਮਹੂਆ ਅਜਿਹੀ ਪਹਿਲੀ ਸਿਆਸਤਦਾਨ ਨਹੀਂ, ਜਿਸ ਨੂੰ ਇਹ ‘ਥੈਰੇਪੀ’ ਦਿੱਤੀ ਗਈ ਹੈ। ਪੱਛਮੀ ਬੰਗਾਲ ’ਚ ਨਵੀਂ ਸਰਕਾਰ ਦੇ ਹੋਂਦ ’ਚ ਆਉਣ ਮਗਰੋਂ ਹਲਕੇ ਵਿੱਚ ਜਾਣ ਵਾਲੇ ਟੀ ਐੱਮ ਸੀ ਵਿਧਾਇਕਾਂ ਨੂੰ ਵੀ ਆਂਡਿਆਂ ਦੀ ਬਰਸਾਤ ’ਚ ਭਿੱਜਣਾ ਪਿਆ ਅਤੇ ਇਹ ਭਿੱਜੀਆਂ ਭਿੱਜੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਵੀ ਛਪੀਆਂ। ਗ਼ਰੀਬ ਲੋਕਾਂ ਲਈ ਸੰਵੇਦਨਾ ਅਤੇ ਦਰਦ ਰੱਖਣ ਵਾਲੇ ਲੋਕਾਂ ਨੇ ਇਸ ਰੁਝਾਨ ਦੀ ਸ਼ੁਰੂਆਤ ਮੌਕੇ ਬੜਾ ਰੌਲਾ ਪਾਇਆ ਕਿ ਸੂਬੇ ਦੇ ਗ਼ਰੀਬਾਂ ਕੋਲ ਤਾਂ ਏਨੀ ਪੁੱਜਤ ਵੀ ਨਹੀਂ ਕਿ ਉਹ ਆਪਣੇ ਬੱਚਿਆਂ ਨੂੰ ਮਹਿੰਗੇ ਭਾਅ ਮਿਲਦੇ ਆਂਡੇ ਖੁਆ ਸਕਣ ਅਤੇ ਓਧਰ ਸਰਦੇ ਪੁੱਜਦੇ ਸਿਆਸਤਦਾਨਾਂ ’ਤੇ ਅੰਨ੍ਹੇਵਾਹ ਆਂਡਿਆਂ ਦਾ ਮੀਂਹ ਵਰ੍ਹਾਇਆ ਜਾ ਰਿਹਾ ਹੈ। ਇਨ੍ਹਾਂ ਸੰਵੇਦਨਸ਼ੀਲ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਸ ਨਾਲੋਂ ਤਾਂ ਇਹ ਆਂਡੇ ਗ਼ਰੀਬ ਬੱਚਿਆਂ ਨੂੰ ਖੁਆਏ ਜਾ ਸਕਦੇ ਸਨ, ਪਰ ਇਸ ‘ਥੈਰੇਪੀ’ ਦੇ ਸਮਰਥਕਾਂ ਨੇ
ਗ਼ਰੀਬਾਂ ਲਈ ਮਾਰੇ ਗਏ ਹਾਅ ਦੇ ਨਾਅਰੇ ’ਤੇ ਕੰਨ ਹੀ ਨਹੀਂ ਧਰਿਆ।
ਕੋਈ ‘ਆਇਡੀਆ’ ਜਦੋਂ ਇੱਕ ਵਾਰ ਜਨਤਕ ਹੋ ਜਾਂਦਾ ਹੈ ਤਾਂ ਫਿਰ ਉਸ ਉੱਤੇ ਕਿਸੇ ਇੱਕ ਪਾਰਟੀ ਜਾਂ ਧੜੇ ਦਾ ਏਕਾਧਿਕਾਰ ਨਹੀਂ ਰਹਿ ਜਾਂਦਾ। ਇਸੇ ਆਇਡੀਆ ਨੂੰ ਪੰਜਾਬ ਵਿੱਚ ਵੀ ਅਪਣਾ ਲਿਆ ਗਿਆ ਅਤੇ ਇਸ ਵਿੱਚ ਆਂਡਿਆਂ ਦੇ ਨਾਲ-ਨਾਲ ਟਮਾਟਰਾਂ ਨੂੰ ਵੀ ਜੋੜ ਲਿਆ ਗਿਆ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਸ਼ੁੱਕਰਵਾਰ ਨੂੰ ਜਿਸ ਵੇਲੇ ‘ਨਸ਼ਾ ਮੁਕਤ ਪੰਜਾਬ’ ਯਾਤਰਾ ’ਚ ਹਿੱਸਾ ਲੈਣ ਆਏ ਤਾਂ ਬਟਾਲਾ ਨੇੜੇ ਅੰਮ੍ਰਿਤਸਰ-ਗੁਰਦਾਸਪੁਰ ਕੌਮੀ ਮਾਰਗ ’ਤੇ ਆਂਡਿਆਂ ਅਤੇ ਟਮਾਟਰਾਂ ਦੇ ਹਮਲੇ ਦੀ ਜ਼ਦ ਵਿੱਚ ਆ ਗਏ। ਨਿਸ਼ਚੇ ਹੀ ਕੋਈ ਵੀ ਸੂਝਵਾਨ ਤੇ ਸੰਵੇਦਨਸ਼ੀਲ ਵਿਅਕਤੀ ਰਵਨੀਤ ਬਿੱਟੂ ਹੋਰਾਂ ’ਤੇ ਆਂਡੇ ਸੁੱਟੇ ਜਾਣ ਦੀ ਹਮਾਇਤ ਨਹੀਂ ਕਰ ਸਕਦਾ। ਖ਼ੁਦ ਬਿੱਟੂ ਦਾ ਵੀ ਕਹਿਣਾ ਸੀ ਕਿ ਜੇਕਰ ਉਨ੍ਹਾਂ ਦਾ ਵਿਰੋਧ ਕਰਨਾ ਹੀ ਸੀ ਤਾਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਜਾਂ ਰੋਸ ਤਖ਼ਤੀਆਂ ਦਿਖਾਈਆਂ ਜਾ ਸਕਦੀਆਂ ਸਨ। ਉਨ੍ਹਾਂ ਦਾ ਕਹਿਣਾ ਬਿਲਕੁਲ ਦਰੁਸਤ ਸੀ। ਜਮਹੂਰੀਅਤ ਵਿੱਚ ਰੋਸ ਪ੍ਰਗਟਾਉਣ ਦੇ ਸਰਬ-ਪ੍ਰਵਾਨਿਤ ਢੰਗ ਤਰੀਕੇ ਹੁੰਦੇ ਹਨ। ਸ੍ਰੀ ਰਵਨੀਤ ਬਿੱਟੂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਗ੍ਰਹਿ ਮੰਤਰੀ ਨੂੰ ਪੰਜਾਬ ਪੁਲੀਸ ਦੇ ਰਵੱਈਏ ਬਾਰੇ ਜਾਣੂੰ ਕਰਵਾ ਦਿੱਤਾ ਹੈ। ਉਨ੍ਹਾਂ ਵੀ ਮਹੂਆ ਵਾਂਗ ਦੋਸ਼ ਲਾਇਆ ਸੀ ਕਿ ਉਨ੍ਹਾਂ ਉੱਤੇ ਪੁਲੀਸ ਦੀ ਮੌਜੂਦਗੀ ਵਿੱਚ ਆਂਡਿਆਂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੀ ਆਂਡੇ ਸੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਸੌ ਫ਼ੀਸਦੀ ਜਾਇਜ਼ ਸੀ।
ਫਿਰ ਅਚਾਨਕ ਅਗਲੇ ਦਿਨ ਯਾਨੀ ਸ਼ਨਿੱਚਰਵਾਰ ਨੂੰ ਅਜਿਹਾ ਕੀ ਹੋਇਆ ਕਿ ਰਵਨੀਤ ਬਿੱਟੂ ਆਪਣੀ ਹੀ ਗੱਲ ਭੁੱਲ ਗਏ ਤੇ ਉਨ੍ਹਾਂ ਜਵਾਬੀ ਕਾਰਵਾਈ ਵਜੋਂ ਮੁੱਖ ਮੰਤਰੀ ਦੇ ਕਾਫ਼ਲੇ ’ਤੇ ਬੋਤਲ, ਆਂਡੇ ਅਤੇ ਟਮਾਟਰ ਸੁੱਟੇ। ਬਿੱਟੂ ਦੀ ਦਲੀਲ ਸੀ ਕਿ ਉਨ੍ਹਾਂ ਦੇ ਕਾਫ਼ਲੇ ਦੀਆਂ ਗੱਡੀਆਂ ’ਤੇ ਜਿਹੜੇ ਆਂਡੇ ਟਮਾਟਰ ਸੁੱਟੇ ਗਏ ਸਨ, ਹੁਣ ਉਹ ਉਹੀ ਮੁੱਖ ਮੰਤਰੀ ਨੂੰ ਵਿਆਜ ਸਮੇਤ ਵਾਪਸ ਕਰਨ ਆਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਵਰਕਰ ਚੁੱਪ ਨਹੀਂ ਬੈਠਣਗੇ ਤੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਖ਼ੈਰ, ਆਂਡਿਆਂ ਦਾ ਜਵਾਬ ਆਂਡਿਆਂ ਨਾਲ ਤਾਂ ਉਹ ਦੇ ਹੀ ਚੁੱਕੇ ਹਨ।
ਓਧਰ ਪੱਛਮੀ ਬੰਗਾਲ ਵਿੱਚ ਮਹੂਆ ਮੋਇਤਰਾ ’ਤੇ ਉਦੋਂ ਹਮਲਾ ਕੀਤਾ ਗਿਆ ਸੀ, ਜਦੋਂ ਉਹ ਆਪਣੇ ਲੋਕ ਸਭਾ ਹਲਕੇ ਵਿੱਚ ਨਦੀਆ ਜ਼ਿਲ੍ਹੇ ਦੇ ਤਿਹੱਟਾ ਵਿਖੇ ਪਾਰਟੀ ਦੀ ਕਿਸੇ ਮੀਟਿੰਗ ’ਚ ਹਿੱਸਾ ਲੈਣ ਗਈ ਸੀ। ਸੂਬਾਈ ਸਰਕਾਰ ਵੱਲੋਂ ਉਸ ਦੀ ਸੁਰੱਖਿਆ ਲਈ ਮੁਹੱਈਆ ਕਰਵਾਏ ਗਏ ਚਾਰ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਬਾਵਜੂਦ ਮਹੂਆ ’ਤੇ ਆਂਡੇ ਸੁੱਟੇ ਗਏ। ਆਂਡੇ ਸੁੱਟਣ ਵਾਲਿਆਂ ਨੂੰ ਪੁਲੀਸ ਦਾ ਕੋਈ ਡਰ ਭੈਅ ਨਹੀਂ ਜਾਪਦਾ ਸੀ। ਵੀਡੀਓ ’ਚ ਦਿਸਦਾ ਹੈ ਕਿ ਇਨ੍ਹਾਂ ਚਾਰ ਪੁਲੀਸ ਮੁਲਾਜ਼ਮਾਂ ਵਿੱਚ ਇੱਕ ਮਹਿਲਾ ਪੁਲੀਸ ਮੁਲਾਜ਼ਮ ਵੀ ਹੈ। ਉਹ ਆਂਡੇ ਸੁੱਟਣ ਵਾਲੇ ਨੂੰ ਪਿੱਛੇ ਧੱਕਦੀ ਹੈ, ਪਰ ਆਂਡੇ ਸੁੱਟਣ ਵਾਲੇ ਦੇ ਚਿਹਰੇ ’ਤੇ ਪੂਰੀ ਆਕ੍ਰਮਕਤਾ ਦਿਸਦੀ ਹੈ ਅਤੇ ਉਹ ਉੱਚੀ ਉੱਚੀ ਰੱਬ ਦੇ ਨਾਂ ’ਤੇ ਨਾਅਰੇ ਲਾਉਂਦਾ ਹੈ ਅਤੇ ਫਿਰ ਮਹੂਆ ਦੀ ਕਾਰ ਦੇ ਪਿੱਛੇ ਤੇ ਨਾਲ ਨਾਲ ਭੱਜਦਾ ਵੀ ਨਜ਼ਰ ਆਉਂਦਾ ਹੈ। ਮਹੂਆ ਆਪਣੀ ਗੱਡੀ ਦੇ ਸ਼ੀਸ਼ੇ ਹੇਠਾਂ ਕਰ ਕੇ ਇਨ੍ਹਾਂ ਆਂਡੇ ਸੁੱਟਣ ਵਾਲਿਆਂ ਦੀ ਲਗਾਤਾਰ ਵੀਡੀਓ ਬਣਾ ਰਹੀ ਹੈ ਅਤੇ ਨਾਲ ਨਾਲ ਸਾਰਿਆਂ ਨੂੰ ਦੱਸਦੀ ਜਾ ਰਹੀ ਹੈ ਕਿ ਪੁਲੀਸ ਦੀ ਮੌਜੂਦਗੀ ਵਿੱਚ ਉਸ ਨਾਲ ਇਹ ਸਲੂਕ ਹੋ ਰਿਹਾ ਹੈ। ਪੁਲੀਸ ਉਸ ਨੂੰ ਗੱਡੀ ਅੰਦਰ ਬੈਠਣ ਲਈ ਕਹਿੰਦੀ ਹੈ ਤਾਂ ਮਹੂਆ ਰੋਸ ਜਤਾਉਂਦੀ ਹੈ ਕਿ ਉਹ ਬਾਕਾਇਦਾ ਪੁਲੀਸ ਤੇ ਪ੍ਰਸ਼ਾਸਨ ਨੂੰ ਸੂਚਿਤ ਕਰ ਕੇ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਕੰਮਾਂ ਬਾਰੇ ਮੀਟਿੰਗ ਲਈ ਆਈ ਸੀ। ‘ਹਮਲਾਵਰਾਂ’ ਨੂੰ ਰੋਕਣ ਦੀ ਬਜਾਏ ਪੁਲੀਸ ਉਸ ਨੂੰ ਹੀ ਗੱਡੀ ਵਿੱਚ ਬੈਠਣ ਲਈ ਕਹਿ ਰਹੀ ਹੈ ਜਦੋਂਕਿ ਉਸ ਉੱਤੇ ਲਗਾਤਾਰ ਆਂਡਿਆਂ ਦਾ ਮੀਂਹ ਵਰ੍ਹਾਇਆ ਜਾ ਰਿਹਾ ਹੈ। ਜਦੋਂ ਡਰਾਈਵਰ ਨੇ ਗੱਡੀ ਦੇ ਸ਼ੀਸ਼ੇ ਬੰਦ ਕਰਨੇ ਚਾਹੇ ਤਾਂ ਮਹੂਆ ਨੇ ਉਸ ਨੂੰ ਅਜਿਹਾ ਕਰਨ ਤੋਂ ਡੱਕ ਦਿੱਤਾ ਤਾਂ ਜੋ ਵੀਡੀਓ ਰਾਹੀਂ ਲੋਕ ਸਭ ਕੁਝ ਆਪ ਦੇਖ ਸਕਣ।
ਏਧਰ ਰਵਨੀਤ ਬਿੱਟੂ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਉਹ ਇਸ ਮਾਮਲੇ ’ਤੇ ਹਾਈਕੋਰਟ ਤੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰਨਗੇ, ਪਰ ਅਗਲੇ ਦਿਨ ਉਨ੍ਹਾਂ ਆਪਣਾ ਰੁਖ਼ ਬਦਲ ਲਿਆ। ਸ਼ਾਇਦ ਉਨ੍ਹਾਂ ਨੂੰ ਸੁਪਰੀਮ ਕੋਰਟ ਵਿੱਚ ਮਹੂਆ ਮੋਇਤਰਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਜਸਟਿਸ ਦੀਪਾਂਕਰ ਦੱਤਾ ਦੀ ਟਿੱਪਣੀ ਧਿਆਨ ਵਿੱਚ ਆ ਗਈ ਹੋਵੇ। ਮਹੂਆ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਕੇ ਆਪਣੇ ਇੱਕ ਬਿਆਨ ਸਬੰਧੀ ਕਲਕੱਤਾ ਹਾਈਕੋਰਟ ਦੇ ਹੁਕਮਾਂ ’ਤੇ ਰੋਕ ਲਾਉਣ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਆਂਡਿਆਂ ਨਾਲ ਸੰਭਾਵੀ ਹਮਲੇ ਦੇ ਡਰੋਂ ਜਾਂਚ ਅਧਿਕਾਰੀ ਅੱਗੇ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਮੰਗਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ। ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਜਸਟਿਸ ਦੀਪਾਂਕਰ ਦੱਤਾ ਨੇ ਜ਼ੁਬਾਨੀ ਟਿੱਪਣੀ ਕੀਤੀ ਸੀ: ‘‘ਤੁਸੀਂ ਉਸ ਲੋਕ ਸਭਾ ਹਲਕੇ ਦੇ ਚੁਣੇ ਹੋਏ ਨੁਮਾਇੰਦੇ ਹੋ। ਸਿਆਸਤ ਵਿੱਚ ਪੈਰ ਧਰਨ ਮਗਰੋਂ ਤੁਸੀਂ ਆਂਡਿਆਂ ਤੋਂ ਡਰ ਗਏ? ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੇ ਤਾਂ ਸੀਨੇ ’ਤੇ ਗੋਲੀਆਂ ਖਾਧੀਆਂ ਸਨ। ਅਜਿਹੀਆਂ ਅਰਜ਼ੀਆਂ ਸੁਣਵਾਈ ਲਈ ਅੱਗੇ ਤੋਂ ਇਸ ਅਦਾਲਤ ਮੂਹਰੇ ਪੇਸ਼ ਨਾ ਕੀਤੀਆਂ ਜਾਣ।’’ ਹੋ ਸਕਦੈ ਕਿ ਇਨ੍ਹਾਂ ਸਾਰੇ ਹਾਲਾਤ ਦੇ ਮੱਦੇਨਜ਼ਰ ਸ੍ਰੀ ਬਿੱਟੂ ਅੱਗੇ ਵੀ ਵੱਡਾ ਸਵਾਲ ਇਹ ਹੋਵੇ ਕਿ ਅੱਗੋਂ ਕੀ ਕੀਤਾ ਜਾਵੇ? ਖ਼ੈਰ, ਅਖੀਰ ਉਨ੍ਹਾਂ ਆਂਡੇ ਤੇ ਟਮਾਟਰ ਸੁੱਟਣ ਵਾਲਿਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਲਈ ਜ਼ੋਰ ਪਾਉਣ ਦੀ ਬਜਾਏ ਖ਼ੁਦ ਵੀ ਉਹੀ ਰਾਹ ਅਖ਼ਤਿਆਰ ਕਰ ਲਿਆ, ਜਿਸ ਦੇ ਖ਼ਿਲਾਫ਼ ਉਨ੍ਹਾਂ ਇੱਕ ਦਿਨ ਪਹਿਲਾਂ ਜ਼ੋਰਦਾਰ ਆਵਾਜ਼ ਉਠਾਈ ਸੀ।
ਰਾਜਨੀਤਿਕ ਧਿਰ ਭਾਵੇਂ ਕੋਈ ਵੀ ਹੋਵੇ, ਕੀ ਦੇਸ਼ ਦੇ ਲੋਕਾਂ ਨੇ ਸਿਆਸੀ ਨੁਮਾਇੰਦਿਆਂ ਦੀ ਚੋਣ ਆਂਡਿਆਂ ਦੀ ਇਹ ਖੇਡ ਖੇਡਣ ਲਈ ਕੀਤੀ ਹੈ?

