ਡਾਕ ਐਤਵਾਰ ਦੀ: ਟਿਰਨੀ ਦੇ ਅਰਥ
ਐਤਵਾਰ, 25 ਅਕਤੂਬਰ ਦੇ ‘ਦਸਤਕ’ ਵਿੱਚ ਜਗਤਾਰਜੀਤ ਸਿੰਘ ਦਾ ਜਾਣਕਾਰੀ ਭਰਪੂਰ ਲੇਖ ਅਮਰਨਾਥ ਸਹਿਗਲ ਦੀ ਕਲਾ ਬਾਰੇ ‘ਅਮਰਨਾਥ ਸਹਿਗਲ ਦੀ ‘ਟਿਰਨੀ’’ ਛਪਿਆ ਹੈ। ਲੇਖ ਪੜ੍ਹ ਕੇ ਬਹੁਤ ਹੀ ਚੰਗਾ ਲੱਗਿਆ ਤੇ ਵਿਸ਼ੇ ਸਬੰਧੀ ਵਧੀਆ ਜਾਣਕਾਰੀ ਵੀ ਮਿਲੀ। ਇਸ ਲੇਖ ਵਿੱਚ...
ਐਤਵਾਰ, 25 ਅਕਤੂਬਰ ਦੇ ‘ਦਸਤਕ’ ਵਿੱਚ ਜਗਤਾਰਜੀਤ ਸਿੰਘ ਦਾ ਜਾਣਕਾਰੀ ਭਰਪੂਰ ਲੇਖ ਅਮਰਨਾਥ ਸਹਿਗਲ ਦੀ ਕਲਾ ਬਾਰੇ ‘ਅਮਰਨਾਥ ਸਹਿਗਲ ਦੀ ‘ਟਿਰਨੀ’’ ਛਪਿਆ ਹੈ। ਲੇਖ ਪੜ੍ਹ ਕੇ ਬਹੁਤ ਹੀ ਚੰਗਾ ਲੱਗਿਆ ਤੇ ਵਿਸ਼ੇ ਸਬੰਧੀ ਵਧੀਆ ਜਾਣਕਾਰੀ ਵੀ ਮਿਲੀ। ਇਸ ਲੇਖ ਵਿੱਚ ‘ਟਿਰਨੀ’ ਸ਼ਬਦ ਦੇ ਪੰਜਾਬੀ ਵਿੱਚ ਅਰਥ ਦੱਸੇ ਗਏ ਹਨ। ਇਹ ਸ਼ਬਦ Tyranny ਅਸਲ ਵਿੱਚ ਅੰਗਰੇਜ਼ੀ ਦਾ ਹੈ ਜਿਸ ਦੇ ਅਰਥ ਹੁੰਦੇ ਹਨ ‘ਅੱਤਿਆਚਾਰ, ਧੱਕੇਸ਼ਾਹੀ, ਜ਼ੋਰ-ਜਬਰਦਸਤੀ’ ਆਦਿ।
ਦਰਸ਼ਨ ਬੋਪਾਰਾਏ, ਮੁੱਲਾਂਪੁਰ ਦਾਖਾ ਮੰਡੀ (ਲੁਧਿਆਣਾ)
ਕਿਸ ਨੇ ਪੀ ਰੱਖੀ ਹੈ?
ਐਤਵਾਰ, 25 ਅਕਤੂਬਰ ਦੇ ਅੰਕ ’ਚ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਨੇ ਲੇਖ ‘ਕਿਸ ਨੇ ਪੀ ਰੱਖੀ ਹੈ?’ ਰਾਹੀਂ ਸੱਤਾ ਦੇ ਨਸ਼ੇ ਦੀ ਬਦਗੁਮਾਨੀ ਦਾ ਵਿਖਿਆਨ ਦਲੇਰ ਮਹਿੰਦੀ ਨਾਲ ਕੀਤੀ ਬਦਸਲੂਕੀ ਰਾਹੀਂ ਕੀਤਾ ਹੈ। ਇਹ ਸੱਤਾ ਦੇ ਨਸ਼ੇ ਦਾ ਪ੍ਰਦਰਸ਼ਨ ਹੈ ਕਿ ਕਿਸ ਤਰ੍ਹਾਂ ਇਹ ਸਿਰ ਚੜ੍ਹ ਕੇ ਬੋਲਦਾ ਹੈ। ਇਸ ਨਸ਼ੇ ਹੇਠ ਹੀ ਲੋਕ ਸਾਹਮਣੇ ਵਾਲੇ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਲੱਗਿਆਂ ਇੱਕ ਵਾਰ ਨਹੀਂ ਸੋਚਦੇ। ਇਹ ਕੰਮ ਨਸ਼ੇ ’ਚ ਧੁੱਤ ਕੋਈ ਨਸ਼ੇੜੀ ਹੀ ਕਰ ਸਕਦਾ ਹੈ, ਫ਼ਿਰ ਉਹ ਨਸ਼ਾ ਭਾਵੇਂ ਸੱਤਾ ਦਾ ਹੀ ਕਿਉਂ ਨਾ ਹੋਵੇ। ਦਲੇਰ ਮਹਿੰਦੀ ਕਿਸੇ ਕਰੀਬੀ ਜਾਂ ਕਿਸੇ ਮੰਤਰੀ ਦੀ ਬੇਨਤੀ ’ਤੇ ਸਿਹਤ ਨਾਸਾਜ਼ ਹੁੰਦਿਆਂ ਵੀ ਪ੍ਰੋਗਰਾਮ ਕਰਨ ਆਏ। ਘਰ ਆਏ ਮਹਿਮਾਨ ਨਾਲ ਅਜਿਹਾ ਵਿਹਾਰ ਕਰਨਾ ਵਾਕਈ ਬਹੁਤ ਨਿੰਦਣਯੋਗ ਹੈ।
ਸਤਿਗੁਰ ਸਿੰਘ, ਸੈਦਪੁਰਾ
(2)
25 ਅਕਤੂਬਰ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਨੇ ਆਪਣੇ ਲੇਖ ਵਿੱਚ ਬਿਲਕੁਲ ਸਹੀ ਕਿਹਾ ਹੈ ਕਿ ਭਾਜਪਾ ਦੇ ਹੈਂਕੜਬਾਜ ਮੰਤਰੀ ਸੁਬੋਧ ਉਨਿਆਲ ਨੂੰ ਬਿਨਾਂ ਕਿਸੇ ਸਬੂਤ ਦੇ ਆਧਾਰ ’ਤੇ ਦਲੇਰ ਮਹਿੰਦੀ ਨੂੰ ਸ਼ਰਾਬੀ ਐਲਾਨਣਾ ਬਿਲਕੁਲ ਗ਼ਲਤ ਹੈ। ਇਹ ਇੱਕ ਤਰ੍ਹਾਂ ਨਾਲ ਗਾਇਕ ਦੀ ਕਿਰਦਾਰਕੁਸ਼ੀ ਕਰਨ ਸਮਾਨ ਹੈ। ਅਜਿਹੇ ਲੋਕ ਦੂਜਿਆਂ ਨੂੰ ਨੀਵਾਂ ਦਿਖਾ ਕੇ ਖ਼ੁਦ ਵੱਡਾ ਬਣਨਾ ਚਾਹੁੰਦੇ ਹਨ। ਅਨੁਪਮ ਖੇਰ ਵਰਗਾ ਭਾਜਪਾ ਹਮਾਇਤੀ ਅਦਾਕਾਰ ਵੀ ਕਹਿ ਰਿਹਾ ਹੈ ਕਿ ਦਲੇਰ ਮਹਿੰਦੀ ਨੇ ਕਦੇ ਸ਼ਰਾਬ ਨਹੀਂ ਪੀਤੀ ਪਰ ਮੰਤਰੀ ਸੁਬੋਧ ਉਨਿਆਲ ਦੇ ਸਿਰ ਨੂੰ ਚੜ੍ਹੀ ਸਿਆਸੀ ਸ਼ਰਾਬ ਨੇ ਇੱਕ ਭਲੇਮਾਣਸ ਕਲਾਕਾਰ ਦੀ ਸਾਰੇ ਦੇਸ਼ ਵਿੱਚ ਕਿਰਕਿਰੀ ਕਰਵਾ ਦਿੱਤੀ। ਅਸਲ ਵਿੱਚ ਜੇਕਰ ਸੁਨੰਦਾ ਸ਼ਰਮਾ ਨੇ ਇੱਕ ਦਿਨ ਪਹਿਲਾਂ ਜਵਾਬ ਨਾ ਦਿੱਤਾ ਹੁੰਦਾ ਤਾਂ ਦਲੇਰ ਮਹਿੰਦੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਇਹ ਪ੍ਰੋਗਰਾਮ ਬੁੱਕ ਨਾ ਕਰਦਾ। ਸੁਬੋਧ ਉਨਿਆਲ ਦੀ ਗਾਇਕ ਮਨਿੰਦਰ ਬੁੱਟਰ ਬਾਰੇ ਕੀਤੀ ਟਿੱਪਣੀ ਵੀ ਨਿੰਦਣਯੋਗ ਹੈ।
ਚਮਕੌਰ ਸਿੰਘ ਬਾਘੇਵਾਲੀਆ
(3)
25 ਅਕਤੂਬਰ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਕਿਸ ਨੇ ਪੀ ਰੱਖੀ ਹੈ? ਪੜਿ੍ਹਆ। ਜੇ ਮੰਤਰੀ ਸਾਹਿਬਾਨ ਨੂੰ ਗਾਇਕ ਵਿੱਚ ਕੋਈ ਗ਼ਲਤੀ ਲੱਗਦੀ ਵੀ ਸੀ ਤਾਂ ਇਹ ਗੱਲ ਪਾਸੇ ਲਿਜਾ ਕੇ ਵੀ ਕਹੀ ਜਾ ਸਕਦੀ ਸੀ, ਪਰ ਅਜਿਹਾ ਨਹੀਂ ਹੋਇਆ। ਉਸ ਵੇਲੇ ਮੰਤਰੀ ਵੱਲੋਂ ਕੀਤੇ ਗਏ ਵਿਹਾਰ ਵਿੱਚੋਂ ਉਸ ’ਤੇ ਤਾਕਤ ਦਾ ਘੁਮੰਡ ਝਲਕਦਾ ਹੈ ਜਿਸ ਦੇ ਪ੍ਰਭਾਵ ਹੇਠ ਉਸ ਨੇ ਇਹ ਹੋਛਾ ਵਿਹਾਰ ਕੀਤਾ ਹੈ। ਬਾਅਦ ਵਿੱਚ ਗ਼ਲਤੀ ਮਹਿਸੂਸ ਕਰਨ ਨਾਲ ਪਹਿਲਾਂ ਕੀਤੀ ਗਈ ਗ਼ਲਤੀ ਨੂੰ ਮਿਟਾਇਆ ਨਹੀਂ ਜਾ ਸਕਦਾ।
ਅਮਰਜੀਤ ਮੱਟੂ, ਭਰੂਰ (ਸੰਗਰੂਰ)
ਵੰਡ ਦਾ ਸੰਤਾਪ
ਐਤਵਾਰ, 18 ਅਕਤੂਬਰ ਦੇ ‘ਦਸਤਕ’ ਪੰਨੇ ’ਤੇ ਡਾ. ਚੰਦਰ ਤ੍ਰਿਖਾ ਦਾ ਛਪਿਆ ਲੇਖ ‘ਬੇਕਫ਼ਨ ਦਿਨ, ਜੋ ਕਦੇ ਦਫ਼ਨ ਨਾ ਹੋਏ’ ਪੜ੍ਹ ਕੇ ਵੰਡ ਦੀਆਂ ਕੌੜੀਆਂ ਯਾਦਾਂ ਮੁੜ ਤਾਜ਼ਾ ਹੋ ਗਈਆਂ। ਨਿੱਜੀ ਫ਼ਾਇਦਿਆਂ ਲਈ ਦੋ ਦੇਸ਼ਾਂ ਦੀ ਵੰਡ, ਵੰਡ ਨਹੀਂ ਸੀ ਸਗੋਂ ਇਹ ਸਦੀਆਂ ਤੱਕ ਨਾ ਭਰਨ ਵਾਲਾ ਨਾਸੂਰ ਬਣ ਕੇ ਉੱਭਰੀ। ਗੀਤਕਾਰ ਅਤੇ ਲੇਖਕ ਗੁਲਜ਼ਾਰ ਦੀਆਂ ਕਹਾਣੀਆਂ ਦੁਆਰਾ ਸਿੱਧ ਹੁੰਦਾ ਹੈ ਕਿ ਲੋਕਾਂ ਨੇ ਵੰਡ ਵਿੱਚੋਂ ਕੁਝ ਨਹੀਂ ਖੱਟਿਆ। ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਸਿਪਾਹੀਆਂ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਸਾਧਨ ਨਹੀਂ ਸਨ ਤਾਂ ਫਿਰ ਉਨ੍ਹਾਂ ਦੇ ਹੱਥਾਂ ਵਿੱਚ ਦਿੱਤੀਆਂ ਮਹਿੰਗੀਆਂ ਤੋਪਾਂ ਅਤੇ ਐਟਮ ਬੰਬਾਂ ਦਾ ਕੀ ਫ਼ਾਇਦਾ? ਵੰਡਣ ਵਾਲਿਆਂ ਦਾ ਕੁਝ ਨਹੀਂ ਵਿਗੜਿਆ, ਪਰ ਜੋ ਵੰਡੇ ਗਏ, ਉਨ੍ਹਾਂ ਦਾ ਸਭ ਕੁਝ ਉੱਜੜ ਗਿਆ, ਜਿਸ ਦਾ ਸੰਤਾਪ ਉਹ ਅੱਜ ਵੀ ਹੰਢਾ ਰਹੇ ਹਨ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਦਿਲ ਵਲੂੰਧਰਨ ਵਾਲੀ ਰਚਨਾ
ਐਤਵਾਰ, 11 ਅਕਤੂਬਰ ਦੇ ‘ਦਸਤਕ’ ਅੰਕ ’ਚ ਸਵਰਾਜਬੀਰ ਦਾ ਲੇਖ ‘ਦਲਿਤ ਹੋ... ਚੁੱਪ ਰਹੋ’ ਪੜਿ੍ਹਆ। ਹਾਥਰਸ ਕਾਂਡ ਦੁਨੀਆ ਨੇ ਆਪਣੀ ਅੱਖੀਂ ਦੇਖਿਆ, ਜਿਸ ਵਿੱਚ ਬੇਕਸੂਰ ਦਲਿਤ ਕੁੜੀ ਦੇ ਅੰਗਾਂ ਨੂੰ ਦਰਿੰਦਿਆਂ ਨੇ ਵਲੂੰਧਰਿਆ ਅਤੇ ਬੇਮੌਤ ਮਾਰਿਆ। ਸਥਾਨਕ ਪੁਲੀਸ ਵੱਲੋਂ ਚੁੱਪ-ਚੁਪੀਤੇ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ ਪਰ ਅੱਜ ਤੱਕ ਸੱਤਾ ਭੋਗਣ ਵਾਲੇ ਲੋਕਾਂ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚੀ। ਇਸੇ ਤਰ੍ਹਾਂ ਪੰਜਾਬ ਦੇ ਦਲਿਤ ਪਰਿਵਾਰ ਦੇ ਸਨਮਦੀਪ ਸਿੰਘ ਅਤੇ ਗੁਲਜ਼ਾਰ ਸਿੰਘ ਵੱਲੋਂ ਸਮਾਜਿਕ-ਆਰਥਿਕ ਤਾਣੇ-ਬਾਣੇ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਜੱਗ-ਜ਼ਾਹਿਰ ਹੈ। ਸਮਾਜ ਦੀ ਇਸ ਤਰ੍ਹਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਅਜੇ ਕਈ ਯੁੱਗ ਲੱਗ ਸਕਦੇ ਹਨ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)

