ਡਾਕ ਐਤਵਾਰ ਦੀ: ਆਂਡਿਆਂ ਤੇ ਟਮਾਟਰਾਂ ਦੀ ਸਿਆਸਤ
ਐਤਵਾਰ, 20 ਸਤੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਆਂਡਿਆਂ ਦੀ ਜ਼ਰਦੀ ਤੇ ਸਫ਼ੈਦੀ ਸਿਆਹ ਸਿਆਸਤ ਦੇ ਲੇਖੇ’ ਵਿੱਚ ਮਹੂਆ ਮੋਇਤਰਾ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ ਜੱਜ ਦੀਪਾਂਕਰ ਦੱਤਾ ਦੀ ਟਿੱਪਣੀ ‘ਸਿਆਸਤ ਵਿੱਚ ਪੈਰ ਧਰਨ ਮਗਰੋਂ...
ਐਤਵਾਰ, 20 ਸਤੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਆਂਡਿਆਂ ਦੀ ਜ਼ਰਦੀ ਤੇ ਸਫ਼ੈਦੀ ਸਿਆਹ ਸਿਆਸਤ ਦੇ ਲੇਖੇ’ ਵਿੱਚ ਮਹੂਆ ਮੋਇਤਰਾ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ ਜੱਜ ਦੀਪਾਂਕਰ ਦੱਤਾ ਦੀ ਟਿੱਪਣੀ ‘ਸਿਆਸਤ ਵਿੱਚ ਪੈਰ ਧਰਨ ਮਗਰੋਂ ਤੁਸੀਂ ਆਂਡਿਆਂ ਤੋਂ ਡਰ ਗਏ...’ ਪੜ੍ਹੀ। ਇਉਂ ਲੱਗਦਾ ਹੈ ਵਿਰੋਧੀਆਂ ਉੱਤੇ ਆਂਡੇ ਸੁੱਟਣਾ ਮਹਿਜ਼ ਇੱਕ ਵਿਰੋਧ ਪ੍ਰਗਟ ਕਰਨ ਦਾ ਸਾਧਨ ਹੈ, ਜਿਸ ਦਾ ਹੱਕ ਸੰਵਿਧਾਨ ਨੇ ਦਿੱਤਾ ਹੈ। ਆਂਡੇ ਸੁੱਟਣ ਦਾ ਮਾਮਲਾ ਬਿੱਟੂ ਨੇ ਆਪ ਹੀ ਸਹੀ ਸਿੱਧ ਕਰ ਦਿੱਤਾ ਹੈ। ਇਸੇ ਤਰ੍ਹਾਂ ‘ਦਸਤਕ’ ’ਚ ਆਤਮਜੀਤ ਦਾ ਲੇਖ ‘ਕੰਡਿਆਲੀ ਤਾਰ ਦੇ ਆਰ-ਪਾਰ ਮੁਹੱਬਤ ਦੇ ਫੁੱਲਾਂ ਨਾਲ ਮਹਿਕਦੀ ਫ਼ਿਜ਼ਾ’ ਦੱਸਦਾ ਹੈ ਕਿ ਭਾਰਤ-ਪਾਕਿਸਤਾਨ ਦੀ ਵੰਡ ਪੂਰਬੀ ਪੰਜਾਬ ਲਈ ਸਭ ਤੋਂ ਵੱਧ ਜਜ਼ਬਾਤੀ ਮੁੱਦਾ ਹੈ। ਉਸ ਦਾ ਕਾਰਨ ਹੈ ਸਾਂਝੀ ਬੋਲੀ ਅਤੇ ਸਾਂਝਾ ਸੱਭਿਆਚਾਰ। ਹੋਰ ਵੀ ਅਹਿਮ ਹੈ ਕਿ ਸਿੱਖ ਧਰਮ ਨਾਲ ਸਬੰਧਿਤ ਅਤਿਅੰਤ ਅਹਿਮ ਸਥਾਨ ਗੁਰੂ ਨਾਨਕ ਦੇਵ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਅਤੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਸਥਾਨ ਸਮੇਤ ਹੋਰ ਅਨੇਕਾਂ ਗੁਰਧਾਮ ਅੱਜ ਲਹਿੰਦੇ ਪੰਜਾਬ ਵਿੱਚ ਰਹਿ ਗਏ ਹਨ, ਜਿਨ੍ਹਾਂ ਦੇ ਦਰਸ਼ਨਾਂ ਲਈ ਪੂਰਬੀ ਪੰਜਾਬ ਦੇ ਲੋਕ ਤਰਸਦੇ ਰਹਿੰਦੇ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਮੋਹ ਦੀਆਂ ਤੰਦਾਂ
ਐਤਵਾਰ, 20 ਸਤੰਬਰ ਦੇ ‘ਦਸਤਕ’ ਅੰਕ ਵਿੱਚ ਆਤਮਜੀਤ ਦਾ ਛਪੇ ਲੇਖ ‘ਕੰਡਿਆਲੀ ਤਾਰ ਦੇ ਆਰ-ਪਾਰ: ਮੁਹੱਬਤ ਦੇ ਫੁੱਲਾਂ ਨਾਲ ਮਹਿਕਦੀ ਫਿਜ਼ਾ’ ਪੜਿ੍ਹਆ। ਮੋਹ ਦੀਆਂ ਤੰਦਾਂ ਕਦੇ ਸਰਹੱਦਾਂ ਨਹੀਂ ਦੇਖਦੀਆਂ। ਪਿਆਰ ਦੇ ਦੋ ਬੋਲ ਦੂਰੀਆਂ ਮਿਟਾ ਦਿੰਦੇ ਹਨ। ਲੇਖਕ ਨੇ ਵੱਖ-ਵੱਖ ਸਫ਼ਰਨਾਮਿਆਂ ਰਾਹੀਂ ਪੰਜਾਬ ਦੇ ਲੋਕਾਂ ਦਾ ਪਾਕਿਸਤਾਨ ਪ੍ਰਤੀ ਪਿਆਰ, ਅਪਣੱਤ ਅਤੇ ਜੁਦਾਈ ਦੇ ਪਲਾਂ ਨੂੰ ਬਾਖ਼ੂਬੀ ਉਜਾਗਰ ਕੀਤਾ ਹੈ। ਰਾਜਨੀਤਕ ਉਥਲ-ਪੁਥਲ ਨੇ ਭਾਵੇਂ ਕੰਡਿਆਲੀ ਤਾਰ ਲਾ ਕੇ ਦੋ ਦੇਸ਼ ਬਣਾ ਦਿੱਤੇ, ਪਰੰਤੂ ਅੱਜ ਵੀ ਦੋਵਾਂ ਦੇਸ਼ਾਂ ਦੇ ਦਿਲਾਂ ਵਿੱਚ ਸਾਂਝੇ ਪੰਜਾਬ ਦੀ ਝਲਕ ਮਹਿਸੂਸ ਕੀਤੀ ਜਾ ਸਕਦੀ ਹੈ। ਵੰਡ ਵੇਲੇ ਵਿਛੜਿਆ ਦਾ ਹੇਰਵਾ ਅੱਜ ਵੀ ਨਾਸੂਰ ਬਣ ਕੇ ਚੁੱਭਦਾ ਹੈ। ਦੋਵਾਂ ਦੇਸ਼ਾਂ ਦੇ ਹਾਕਮਾਂ ਨੂੰ ਗੱਲਬਾਤ ਕਰਨ ਲਈ ਰਾਹ ਤਲਾਸ਼ਦੇ ਰਹਿਣਾ ਚਾਹੀਦਾ ਹੈ ਕਿਉਂਕਿ ਨਫ਼ਰਤ ਦੀ ਧਰਤੀ ’ਤੇ ਮੁਹੱਬਤ ਦੇ ਫੁੱਲਾਂ ਦੀ ਫ਼ਸਲ ਕਦੇ ਨਹੀਂ ਹੁੰਦੀ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਜਲਾਵਤਨੀ ਅਤੇ ਵਾਪਸੀ
ਐਤਵਾਰ, 13 ਸਤੰਬਰ ਦੇ ‘ਦਸਤਕ’ ’ਚ ਗੋਵਰਧਨ ਗੱਬੀ ਨੇ ਆਪਣੇ ਲੇਖ ‘ਜਲਾਵਤਨੀ ਅਤੇ ਵਾਪਸੀ’ ਵਿੱਚ ਬੰਗਲਾਦੇਸ਼ ਦੀ ਲੇਖਕਾ ਅਤੇ ਸਮਾਜਿਕ ਕਾਰਕੁਨ ਤਸਲੀਮਾ ਨਸਰੀਨ ਜੋ ਮਨੁੱਖੀ ਹੱਕਾਂ, ਸਮਾਜਿਕ ਨਾਬਰਾਬਰੀ ਤੇ ਔਰਤਾਂ ਦੀ ਭਲਾਈ ਲਈ ਲੜਦੀ ਰਹੀ, ਬਾਰੇ ਬਹੁਮੁੱਲੇ ਵਿਚਾਰ ਪੇਸ਼ ਕੀਤੇ ਹਨ। ਉਸ ਨੂੰ ਜਲਾਵਤਨੀ ਵੀ ਹੰਢਾਉਣੀ ਪਈ। ਕਵੀ ਪਾਸ਼ ਬਾਰੇ ਸਵਰਾਜਬੀਰ ਦੇ ਲੇਖ ਵਿੱਚ ਪਾਸ਼ ਦੀ ਯਾਦਗਾਰ ਨੂੰ ਸੰਭਾਲਣ ਬਾਰੇ ਵੀ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਅਰਵਿੰਦਰ ਜੌਹਲ ਨੇ ਆਪਣੇ ਲੇਖ ਵਿੱਚ ‘ਮਿਸਟਰ ਸਿੰਘ’ ਦਾ ਵਿਸ਼ਾ ਬਹੁਤ ਵਧੀਆ ਢੰਗ ਨਾਲ ਚੁੱਕਿਆ ਹੈ। ਭਾਵੇਂ ਸਾਡੇ ਇੱਕ ਦੋ ਡਰਾਈਵਰਾਂ ਨੇ ਵੀ ਸੜਕ ਨਿਯਮ ਤੋੜ ਕੇ ਗ਼ਲਤੀਆਂ ਕੀਤੀਆਂ ਹਨ, ਪਰ ਇਸ ਦਾ ਮਤਲਬ ਇਹ ਨਹੀਂ ਸਾਰੇ ‘ਮਿਸਟਰ ਸਿੰਘ’ ‘ਮੁਜਰਮ’ ਹਨ। ਸਿੱਖਾਂ ਨੇ ਵੱਡੇ-ਵੱਡੇ ਕਾਰੋਬਾਰ ਚਲਾ ਕੇ ਅਤੇ ਬੰਜਰ ਜ਼ਮੀਨਾਂ ’ਤੇ ਖੇਤੀ ਕਰਕੇ ਇਨ੍ਹਾਂ ਮੁਲਕਾਂ ਦੇ ਆਰਥਿਕ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਡਾ. ਤਰਲੋਚਨ ਕੌਰ, ਪਟਿਆਲਾ
ਸਿੱਖ ਬਨਾਮ ਤੌਖ਼ਲੇ...
ਐਤਵਾਰ, 13 ਸਤੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਸਿੱਖ ਬਨਾਮ ਤੌਖ਼ਲਿਆਂ ਨੂੰ ਹਵਾ ਦਿੰਦੀ ਸਿਆਸਤ’ ਪੜ੍ਹਿਆ, ਜਿਸ ਵਿੱਚ ਉਨ੍ਹਾਂ ਸਿੱਖਾਂ ਦੀ ਪਛਾਣ ਦਾ ਮਸਲਾ ਉਭਾਰਿਆ ਹੈ। ਸਿੱਖ ਸੰਸਥਾਵਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਲੋਕ ਸਿੱਖਾਂ ਨੂੰ ਖ਼ਾਹਮਖਾਹ ਬਦਨਾਮ ਕਰਦੇ ਹਨ, ਜਦੋਂਕਿ ਸਿੱਖਾਂ ਨੇ ਵਿਦੇਸ਼ਾਂ ਵਿੱਚ ਬਹੁਤ ਤਰੱਕੀ ਕੀਤੀ ਹੈ। ਸਵਰਾਜਬੀਰ ਨੇ ਜੁਝਾਰੂ ਕਵੀ ਪਾਸ਼ ਦੀ ਜ਼ਿੰਦਗੀ ਤੇ ਸ਼ਾਇਰੀ ਬਾਰੇ ਉਸ ਦੇ ਪਿੰਡ ਵਿੱਚ ਹੋਏ ਸਮਾਗਮ ਦੀ ਜਾਣਕਾਰੀ ਦਿੱਤੀ ਹੈ। ਸਾਹਿਤਕਾਰਾਂ ਦੇ ਸਮਾਗਮ ਰਲ-ਮਿਲ ਕੇ ਹੀ ਕਰਨੇ ਸ਼ੋਭਦੇ ਹਨ। ਜਯੋਤੀ ਮਲਹੋਤਰਾ ਅਤੇ ਇਤਿਹਾਸਕਾਰ ਪ੍ਰੋ. ਸਲਿਲ ਮਿਸ਼ਰਾ ਨੇ ਉੱਘੀ ਇਤਿਹਾਤਸਕਾਰ ਰੋਮਿਲਾ ਥਾਪਰ ਨਾਲ ਮੁਲਾਕਾਤ ਵਿੱਚ ਜ਼ਿਆਦਾ ਚਰਚਾ ਭਾਰਤੀ ਸੰਸਕ੍ਰਿਤੀ ਵਿੱਚ ਇਤਿਹਾਸ ਮਿਥਿਹਾਸ ਦੀ ਕੀਤੀ ਹੈ। ਅਸਲ ਵਿੱਚ ਭਾਰਤੀ ਰਾਜਨੀਤੀ ਆਪਣੀ ਮਰਜ਼ੀ ਨਾਲ ਇਤਿਹਾਸ ਮਿਥਿਹਾਸ ਦਾ ਨਿਖੇੜਾ ਕਰਦੀ ਹੈ ਪਰ ਰੋਮਿਲਾ ਥਾਪਰ ਨੇ ਇਸ ਨਜ਼ਰੀਏ ਨਾਲ ਆਪਣੇ ਵਿਚਾਰ ਬੇਬਾਕੀ ਨਾਲ ਲਿਖੇ ਹਨ। ਕਹਾਣੀਕਾਰ ਗੋਵਰਧਨ ਗੱਬੀ ਨੇ ਬੰਗਲਾਦੇਸ਼ ਦੀ ਜੁਝਾਰੂ ਲੇਖਕਾ ਤਸਲੀਮਾ ਨਸਰੀਨ ਬਾਰੇ ਚੰਗੀ ਜਾਣਕਾਰੀ ਦਿੱਤੀ ਹੈ। ਤਸਲੀਮਾ ਨਸਰੀਨ ਨੇ ਬਹੁਤ ਨਿਡਰਤਾ ਨਾਲ ਕਲਮ ਚਲਾਈ ਹੈ। ਉਹ ਕੱਟੜਵਾਦ ਦੇ ਸਖ਼ਤ ਖ਼ਿਲਾਫ਼ ਹੈ। ਡਾ. ਲਾਂਬਾ ਨੇ ਨੌਕਰੀ ਸਮੇਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਗੱਲਬਾਤ ਨੂੰ ਪੰਜਾਬੀ ਭਾਸ਼ਾ ਦੀ ਰੰਗਤ ਦੇ ਕੇ ਦਿਲਚਸਪੀ ਪੈਦਾ ਕੀਤੀ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
(2)
ਅਰਵਿੰਦਰ ਜੌਹਲ ਦਾ ਲੇਖ ‘ਸਿੱਖ ਬਨਾਮ ਤੌਖ਼ਲਿਆਂ ਨੂੰ ਹਵਾ ਦਿੰਦੀ ਸਿਆਸਤ’ ਪੜ੍ਹ ਕੇ ਚੰਗਾ ਲੱਗਿਆ। ਡੋਨਲਡ ਟਰੰਪ ਦੇ ਦੂਸਰੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਨੇ ਪੂਰੀ ਦੁਨੀਆ ਦੇ ਇਸ ਭਰਮ ਨੂੰ ਦੂਰ ਕਰ ਦਿੱਤਾ ਕਿ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਉਸ ਨੇ ਦੁਨੀਆ ਭਰ ਵਿੱਚ ਯੂਨਾਈਟਿਡ ਨੇਸ਼ਨ ਦੇ ਸਮੁੱਚੇ ਢਾਂਚੇ ਨੂੰ ਤਹਿਸ-ਨਹਿਸ ਕਰ ਦਿੱਤਾ ਹੈ ਅਤੇ ਦੁਨੀਆ ਭਰ ਦੇ ਸਾਧਨਾਂ ’ਤੇ ਕਬਜ਼ਾ ਕਰਨਾ ਹੀ ਆਪਣਾ ਮਕਸਦ ਬਣਾ ਲਿਆ ਹੈ। ਮਨੁੱਖੀ ਅਧਿਕਾਰ ਅਤੇ ਜਮਹੂਰੀਅਤ ਸਥਾਪਿਤ ਕਰਨ ਦੇ ਉਸ ਦੇ ਦਾਅਵੇ ਖੋਖ਼ਲੇ ਸਾਬਿਤ ਹੋਏ ਹਨ। ਹੋਮਲੈਂਡ ਸਕਿਓਰਿਟੀ ਵਿਭਾਗ ਦਾ ਇਸ਼ਤਿਹਾਰ ਨਸਲੀ ਵਿਤਕਰੇ ਦਾ ਇੱਕ ਅਜਿਹਾ ਮਾਮਲਾ ਹੈ, ਜਿਸ ਦੀ ਵੱਧ ਤੋਂ ਵੱਧ ਨਿੰਦਾ ਕਰਨੀ ਚਾਹੀਦੀ ਹੈ। ਅਸਲ ਵਿੱਚ ਇਹ ਅਮਰੀਕਾ ਵੱਲੋਂ ਇੱਕ ਵਿਸ਼ਵ ਸ਼ਕਤੀ ਵਜੋਂ ਕਾਇਮ ਹੋਣ ਦੀ ਦਿਸ਼ਾ ਵੱਲ ਵਧਣ ਤੋਂ ਉਲਟ ਵੱਲ ਜਾਣ ਦੇ ਸ਼ੁਰੂਆਤੀ ਲੱਛਣ ਹਨ।
ਧਰਮਵੀਰ ਚੌਧਰੀ, ਨਵਾਂਸ਼ਹਿਰ
ਮੇਰੇ ਨਜ਼ਰੀਏ ਤੋਂ...
ਐਤਵਰ, 13 ਸਤੰਬਰ ਦੇ ‘ਦਸਤਕ’ ਅੰਕ ’ਚ ਜਯੋਤੀ ਮਲਹੋਤਰਾ ਅਤੇ ਇਤਿਹਾਸਕਾਰ ਪ੍ਰੋ. ਸਲਿਲ ਮਿਸ਼ਰਾ ਵੱਲੋਂ ‘ਮੇਰੇ ਨਜ਼ਰੀਏ ਤੋਂ..’ ਕਾਲਮ ਵਿੱਚ ਪ੍ਰਸਿੱਧ ਇਤਿਹਸਕਾਰ ਪ੍ਰੋ. ਰੋਮਿਲਾ ਥਾਪਰ ਨਾਲ ਕੀਤੀ ਗੱਲਬਾਤ ਨੇ ਚਿੰਤਾ ’ਚ ਪਾ ਦਿੱਤਾ ਹੈ। ਭਾਰਤੀ ਇਤਿਹਾਸ ਦੀ ਖੋਜ ਅਤੇ ਲੇਖਨ ਕਲਾ ਵਿੱਚ ਪ੍ਰੋ. ਰੋਮਿਲਾ ਦਾ ਨਾਂ ਮੰਨੇ-ਪ੍ਰਮੰਨੇ ਇਤਿਹਾਸਕਾਰਾਂ ਵਿੱਚ ਆਉਂਦਾ ਹੈ। ਉਨ੍ਹਾਂ ਦੀਆਂ ਕਈ ਪੁਸਤਕਾਂ ਦੇਸ਼ਾਂ-ਵਿਦੇਸਾਂ ਵਿੱਚ ਪੜ੍ਹਾਈਆਂ ਜਾਂਦੀਆਂ ਹਨ। ਇਤਿਹਾਸ ਦਾ ਵਿਦਿਆਰਥੀ ਅਤੇ ਅਧਿਆਪਕ ਹੁੰਦਿਆਂ ਕਈ ਵਾਰ ਉਨ੍ਹਾਂ ਨੂੰ ਸੈਮੀਨਾਰਾਂ ਵਿੱਚ ਸੁਣਨ ਦਾ ਮੌਕਾ ਮਿਲਿਆ ਹੈ। ਜ਼ਿੰਦਗੀ ਦੇ ਇਸ ਪੜਾਅ ’ਤੇ ਉਨ੍ਹਾਂ ਬੜੀ ਦਲੇਰੀ ਨਾਲ ਕਿਹਾ ਹੈ, ‘‘ਮੈਨੂੰ ‘ਅਕਾਦਮੀ ਅਤਿਵਾਦੀ’ ਸੁਣਨ ਵਿੱਚ ਬਹੁਤ ਮਜ਼ਾ ਆਇਆ।’’ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੋਚਣ-ਸਮਝਣ ਅਤੇ ਸੰਘਰਸ਼ ਲਈ ਲਾਮਬੰਦ ਹੋਣ ਲਈ ਹਾਅ ਦਾ ਨਾਅਰਾ ਮਾਰਿਆ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕੁਸ਼ੇਤਰ)
(2)
ਇਤਿਹਾਸ ਬਾਰੇ ਪ੍ਰੋਫ਼ੈਸਰ ਪ੍ਰੋ. ਰੋਮਿਲਾ ਥਾਪਰ ਦੇ ਵਿਚਾਰ, ਇਤਿਹਾਸ ਪੜ੍ਹਾਏ ਜਾਣ ਦੇ ਨਜ਼ਰੀਏ ਨੂੰ ਕਿਸੇ ਦੂਸਰੇ ਸੰਦਰਭ ਤੋਂ ਪੜ੍ਹਨ ਲਈ ਪ੍ਰੇਰਦੇ ਹਨ। ਮਿਥਿਹਾਸ ਨੂੰ ਇਤਿਹਾਸ ਤੋਂ ਵੱਖ ਕਰਕੇ ਹੀ ਕਿਸੇ ਦੇਸ਼ ਦੇ ਇਤਿਹਾਸ, ਸੱਭਿਆਚਾਰ ਅਤੇ ਰਾਜਨੀਤੀ ਨੂੰ ਸਮਝਿਆ ਜਾ ਸਕਦਾ ਹੈ। ਸਵਰਾਜਬੀਰ ਆਪਣੇ ਲੇਖ ਰਾਹੀਂ ਪਾਸ਼-ਹੰਸ ਰਾਜ ਯਾਦਗਾਰੀ ਸਮਾਗਮ ਬਾਰੇ ਭਰਪੂਰ ਜਾਣਕਾਰੀ ਦਿੰਦੇ ਹਨ। ਉਨ੍ਹਾਂ ਪਾਸ਼ ਦੀ ਇੱਕ ਯਾਦ ਲਿਖੀ ਹੈ ‘ਅੱਜ ਸਾਡੇ ਜੱਗ ਹੈ-ਪਿੰਡ ਦਾ ਸਾਂਝਾ ਉਤਸਵ।’ ਸਾਂਝ ਦੀ ਇਸ ਭਾਵਨਾ ਤੇ ਸਾਰਾ ਲੇਖ ਉਸਾਰਿਆ ਗਿਆ ਹੈ, ਜੋ ਕਾਬਿਲੇਗ਼ੌਰ ਹੈ। ਬਚਪਨ ਵਿਚ ਇਹ ਜੱਗ ਮੈਂ ਵੀ ਦੇਖੇ ਹਨ। ਉਹ ਜਹਾਲਤ ਵੀ ਦੇਖੀ ਹੈ, ਜਿੱਥੇ ਅਖੌਤੀ ਉੱਚ ਜਾਤ ਵਾਲੇ ਨੀਵੀਂ ਜਾਤ ਦੇ ਬੱਚਿਆਂ, ਔਰਤਾਂ ਅਤੇ ਮਰਦਾਂ ਨੂੰ ਵੱਖ ਬਿਠਾ ਕੇ ‘ਜੱਗ’ ਦਾ ਅੰਨ ਪਾਣੀ ਇੰਝ ਵਰਤਾਉਂਦੇ ਸਨ, ਜਿਵੇਂ ਉਨ੍ਹਾਂ ਦੀ ਹੋਂਦ ਸਿਰਫ਼ ‘ਜੱਗ’ ਦਾ ਧਾਰਮਿਕ ਪਹਿਲੂ ਪੂਰਨ ਲਈ ਸੀ। ਸ਼ਾਇਦ ਇਹੋ ‘ਫੋਕੀ ਸਾਂਝ’ ਹੀ ਪਾਸ਼, ਉਦਾਸੀ ਤੇ ਹਲਵਾਰਵੀ ਦੀ ਕਵਿਤਾ ਵਿੱਚ ਪ੍ਰਵੇਸ਼ ਕਰਦੀ ਸੀ। ਪਿੰਡ ਦੀ ਸਾਂਝ ਵਿੱਚ ਉਹ ਅਣਦਿੱਖ ਤਰੇੜ ਅੱਜ ਪਾਸ਼-ਹੰਸ ਰਾਜ ਦੀ ਯਾਦਗਾਰ ਨੇ ਜੱਗ ਜ਼ਾਹਿਰ ਕਰ ਦਿੱਤੀ ਹੈ। ਅਰਵਿੰਦਰ ਜੌਹਲ ਨੇ ਆਪਣੇ ਲੇਖ ‘ਸਿੱਖ ਬਨਾਮ ਤੌਖ਼ਲੇ...’ ਦੇ ਅੰਤ ’ਚ ਸਾਡੀ ਮੌਜੂਦਾ ਸਰਕਾਰ ਬਾਰੇ ਖ਼ੂਬਸੂਰਤ ਢੰਗ ਨਾਲ ਕਟਾਖਸ਼ ਕੀਤੇ ਹਨ, ਜੋ ਸਿਆਸਤਦਾਨਾਂ ਦੀ ਸਰਬਵਿਆਪਕ ਬਿਰਤੀ ਨੂੰ ਸਾਹਮਣੇ ਰੱਖਦੇ ਹਨ।
ਜਗਰੂਪ ਸਿੰਘ ,ਉਭਾਵਾਲ
ਧੀਆਂ ਦੀ ਖੁਆਰੀ
6 ਸਤੰਬਰ ਦੇ ‘ਦਸਤਕ’ ਅੰਕ ਵਿੱਚ ਅਰਵਿੰਦਰ ਜੌਹਲ ਦਾ ਲੇਖ ‘ਇਨਸਾਫ ਦੇ ਰਾਹ ’ਤੇ ਧੀਆਂ ਦੀ ਖੁਆਰੀ’ ਨੀਟ ਦੇ ਪ੍ਰਦਰਸ਼ਨ ਦੌਰਾਨ ਸੰਜੇ ਆਜ਼ਾਦ ਨੂੰ ਜ਼ਖ਼ਮੀ ਕਰਨ ਵਾਲੇ ਸਵਤੰਤਰ ਭਾਰਦਵਾਜ ਦੀ ਧੌਂਸ ਤੇ ਪੁਲੀਸ ਵੱਲੋਂ ਕੇਸ ਦਰਜ ਨਾ ਕਰਨ ਕਾਰਨ ਹੋਈ ਖੱਜਲ ਖੁਆਰੀ ਨੂੰ ਸੰਵੇਦਨਾਮਈ ਢੰਗ ਨਾਲ ਬਿਆਨ ਕਰਦਾ ਹੈ। ਅਸੀਂ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਉਸ ਵਿੱਚ ਮਜ਼ਲੂਮਾਂ ਲਈ ਇਨਸਾਫ ਲੈਣਾ ਜਾਨ ਤਲੀ ’ਤੇ ਧਰਨ ਵਾਲੀ ਗੱਲ ਹੋ ਗਈ ਹੈ। ਇਹੋ ਜਿਹੇ ਹਾਲਾਤ ਹੋਣ ਤਾਂ ਫਿਰ ਹਰੀਸ਼ ਜੈਨ ਦੇ ਲੇਖ ‘ਅਗਲਾ ਸਵਾਲ’ ਨੂੰ ਪੜ੍ਹਦਿਆਂ ਜੰਤਰ-ਮੰਤਰ ਵਿੱਚ ਵੱਡੀ ਗਿਣਤੀ ’ਚ ਲੜਕੀਆਂ ਦੀ ਸ਼ਮੂਲੀਅਤ, ਪੁਲੀਸ ਗੱਡੀ ਅੱਗੇ ਖੜ੍ਹਨਾ, ਗਾਲ੍ਹਾਂ ਕੱਢਣ ਦਾ ਹੌਸਲਾ ਕਿਵੇਂ ਤੇ ਕਿਸ ਤਰ੍ਹਾਂ ਪੈਦਾ ਹੋਇਆ? ਆਦਿ ਵਰਗੇ ਸਵਾਲ ਹੈਰਾਨ ਕਰਨ ਵਾਲੇ ਨਹੀਂ ਹੋਣੇ ਚਾਹੀਦੇ। ਲੰਮੇਂ ਅਰਸੇ ਤੋਂ ਧੀਆਂ ਦਾ ਬੇਇਨਸਾਫੀ ਦੇ ਸ਼ਿਕਾਰ ਹੋਣ ਦਾ ਨਤੀਜਾ ਹੈ ਕਿ ਉਨ੍ਹਾਂ ਦਾ ਪਹਿਰਾਵਾ ਤੇ ਬੋਲਚਾਲ ਦਾ ਤਰੀਕਾ ਲੜਕਿਆਂ ਦੀ ਤਰਜ਼-ਏ-ਜ਼ਿੰਦਗੀ ਵਾਂਗ ਢਲ ਰਿਹਾ ਹੈ, ਜੋ ਮਰਦ-ਸੱਤਾ ਤੇ ਰਾਜ ਸੱਤਾ ਲਈ ਚਿਤਾਵਨੀ ਹੈ ਕਿ ਜੇਕਰ ਇਨਸਾਫ-ਪਸੰਦ ਵਿਵਸਥਾ ਦੀ ਸਿਰਜਣਾ ਨਾ ਕੀਤੀ ਗਈ ਤਾਂ ਇਹ ਸੱਤਾ ਦੇ ਕਿਲ੍ਹੇ ਢ੍ਹੇਰੀ ਹੋਣ ਵਿੱਚ ਦੇਰ ਨਹੀਂ ਲੱਗੇਗੀ। ਇਸੇ ਅੰਕ ਵਿੱਚ ਭੋਲਾ ਸਿੰਘ ਸ਼ਮੀਰੀਆ ਦੀ ਰਚਨਾ ਆਪਣੇ ਪਿੰਡ ਦੀ ਪੰਚਾਇਤ ਦੇ ਚੰਗੇਰੇ ਪਾਸੇ ਵੱਲ ਕਦਮ ਵਧਾਉਣ ਦੀ ਪ੍ਰਸ਼ੰਸਾ ਕਰਦੀ ਹੈ, ਜਦੋਂ ਪੰਚਾਇਤ ਨੇ ਲੜਾਈ ਝਗੜੇ ਤੋਂ ਬਿਨਾਂ ਸਰਪੰਚੀ ਦੀ ਚੋਣ ਕਰਨ ਦੇ ਫ਼ੈਸਲੇ ਦਾ ਅਧਿਕਾਰ ਮੁੱਖ ਅਧਿਆਪਕਾ ਨੂੰ ਦੇ ਦਿੱਤਾ ਤੇ ਉਸ ਦੇ ਫ਼ੈਸਲੇ ’ਤੇ ਫੁੱਲ ਵੀ ਚੜ੍ਹਾਏ। ਅਜਿਹੀ ਉਸਾਰੂ ਸੋਚ ਪੈਦਾ ਕਰਨ ਵਾਲੇ ਲੇਖਾਂ ਨੂੰ ਤਰਜੀਹ ਮਿਲਦੀ ਰਹਿਣੀ ਚਾਹੀਦੀ ਹੈ।
ਕੁਲਵਿੰਦਰ ਸਿੰਘ ਮਲੋਟ, ਮਲੋਟ (ਸ੍ਰੀ ਮੁਕਤਸਰ ਸਾਹਿਬ)

