ਡਾਕ ਐਤਵਾਰ ਦੀ: ਗਿਲੇ-ਸ਼ਿਕਵੇ ਮੁਕਾ ਗਿਆ…
ਐਤਵਾਰ, 27 ਸਤੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਸਵਰਨ ਸਿੰਘ ਟਹਿਣਾ ਦਾ ਲੇਖ ‘ਗਿਲੇ ਸ਼ਿਕਵੇ ਮੁਕਾ ਗਿਆ ਚੰਦ ਫ਼ਤਿਹਪੁਰੀ’ ਪੜਿ੍ਹਆ। ਚੰਦ ਫ਼ਤਿਹਪੁਰੀ ਇੱਕ ਸਪੱਸ਼ਟਵਾਦੀ, ਸਿਧਾਂਤਕ ਤੇ ਦ੍ਰਿੜ੍ਹ ਇਰਾਦੇ ਵਾਲਾ ਪੱਤਰਕਾਰ ਸੀ। ਉਸ ਦਾ ਰੁੱਖਾਪਣ ਤੇ ਤਲਖ਼ਮਿਜ਼ਾਜੀ ਭਾਵੇਂ ਪ੍ਰਭਾਵਿਤ ਕਰਦੀ ਹੈ...
ਐਤਵਾਰ, 27 ਸਤੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਸਵਰਨ ਸਿੰਘ ਟਹਿਣਾ ਦਾ ਲੇਖ ‘ਗਿਲੇ ਸ਼ਿਕਵੇ ਮੁਕਾ ਗਿਆ ਚੰਦ ਫ਼ਤਿਹਪੁਰੀ’ ਪੜਿ੍ਹਆ। ਚੰਦ ਫ਼ਤਿਹਪੁਰੀ ਇੱਕ ਸਪੱਸ਼ਟਵਾਦੀ, ਸਿਧਾਂਤਕ ਤੇ ਦ੍ਰਿੜ੍ਹ ਇਰਾਦੇ ਵਾਲਾ ਪੱਤਰਕਾਰ ਸੀ। ਉਸ ਦਾ ਰੁੱਖਾਪਣ ਤੇ ਤਲਖ਼ਮਿਜ਼ਾਜੀ ਭਾਵੇਂ ਪ੍ਰਭਾਵਿਤ ਕਰਦੀ ਹੈ ਪਰ ਨਿਰੰਤਰ ਸਾਂਝ-ਸੰਗਤ ਉਪਰੰਤ ਉਸ ਦੀ ਸ਼ਖ਼ਸੀਅਤ ਅਤੇ ਮਨੁੱਖਤਾਵਾਦੀ ਪੱਖ ਉਜਾਗਰ ਹੁੰਦੇ ਹਨ। ਉਹ ਆਪਣੇ ਅਸੂਲਾਂ ਪ੍ਰਤੀ ਅਡੋਲ ਨਿਸ਼ਠਾ ਰੱਖਦਾ ਸੀ। ਗੰਭੀਰ ਬਿਮਾਰੀ ਨਾਲ ਜੂਝਦਿਆਂ ਵੀ ਉਸ ਨੇ ਆਪਣਾ ਮਨੋਬਲ ਨਹੀਂ ਡਿੱਗਣ ਦਿੱਤਾ। ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਉਸ ਨੇ ਆਪਣੇ ਪੁਰਾਣੇ ਗਿਲ਼ੇ-ਸ਼ਿਕਵਿਆਂ ਨੂੰ ਦਰਕਿਨਾਰ ਕਰਦਿਆਂ ਸਾਰਿਆਂ ਨਾਲ ਸੁਹਿਰਦਤਾ ਸਥਾਪਿਤ ਕੀਤੀ। ਪਰਿਵਾਰ ਤੇ ਅਖ਼ਬਾਰ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਸੰਵੇਦਨਸ਼ੀਲਤਾ ਉਸ ਦੀ ਦੂਰਅੰਦੇਸ਼ੀ ਦਾ ਪ੍ਰਮਾਣ ਸੀ। ਚੰਦ ਫ਼ਤਿਹਪੁਰੀ ਦਾ ਵਿਛੋੜਾ ਅਜਿਹੀ ਪੱਤਰਕਾਰੀ ਦਾ ਅੰਤ ਸੀ, ਜਿਸ ਨੇ ਆਪਣੇ ਨਿਡਰ ਵਿਚਾਰਾਂ, ਸਿਧਾਂਤਕ ਦ੍ਰਿੜ੍ਹਤਾ ਤੇ ਸਪੱਸ਼ਟਵਾਦੀ ਰਵੱਈਏ ਰਾਹੀਂ ਆਪਣੀ ਵਿਲੱਖਣ ਪਛਾਣ ਬਣਾਈ ਸੀ।
ਮਾਸਟਰ ਜਸਪਾਲ, ਅਰਨੀਵਾਲਾ (ਫਾਜ਼ਿਲਕਾ)
ਤਸਵੀਰਾਂ ਦੇ ਓਹਲੇ…
ਐਤਵਾਰ, 27 ਸਤੰਬਰ ਦੇ ਅੰਕ ’ਚ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਤਸਵੀਰਾਂ ਦੇ ਓਹਲੇ ਓਹਲੇ’ ਸਾਡੀ ਜਮਹੂਰੀਅਤ ਦੀਆਂ ਸਰਵਉੱਚ ਸੰਸਥਾਵਾਂ (ਖ਼ਾਸਕਰ ਚੋਣ ਕਮਿਸ਼ਨ) ਦੀ ਕਾਰਜਪ੍ਰਣਾਲੀ, ਪਾਰਦਰਸ਼ਤਾ ਦੀ ਘਾਟ ਅਤੇ ਪਰਦੇ ਦੇ ਪਿੱਛੇ ਚੱਲਣ ਵਾਲੀ ਸਿਆਸੀ ਖੇਡ ਉੱਤੇ ਬਹੁਤ ਹੀ ਗੰਭੀਰ ਚਿੰਤਨ ਕਰਦਾ ਹੈ। ਲੇਖਕਾ ਨੇ ਸੰਵੇਦਨਸ਼ੀਲ ਢੰਗ ਨਾਲ ਉਜਾਗਰ ਕੀਤਾ ਹੈ ਕਿ ਕਿਵੇਂ ਤਸਵੀਰਾਂ ਦੇ ਓਹਲੇ ਅਸਲ ਤੱਥਾਂ ਅਤੇ ਰਿਪੋਰਟਾਂ ਨੂੰ ਦਬਾਉਣ ਜਾਂ ਦੇਰੀ ਨਾਲ ਜਨਤਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਇੱਕ ਸਿਹਤਮੰਦ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ ਹੈ। ਜਦੋਂ ਨਿਰਪੱਖ ਕਹਾਉਣ ਵਾਲੀਆਂ ਸੰਸਥਾਵਾਂ ਸਵਾਲਾਂ ਦੇ ਘੇਰੇ ਵਿੱਚ ਆ ਜਾਣ ਤਾਂ ਸਮਾਜ ਦੇ ਸੱਭਿਆਚਾਰਕ ਅਤੇ ਨੈਤਿਕ ਢਾਂਚੇ ਵਿੱਚ ਵੀ ਗਿਰਾਵਟ ਆਉਣੀ ਲਾਜ਼ਮੀ ਹੈ। ਜੇਕਰ ਸਾਡੀਆਂ ਸੰਸਥਾਵਾਂ ਹੀ ਪਾਰਦਰਸ਼ੀ ਨਹੀਂ ਰਹਿਣਗੀਆਂ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕਿਹੋ ਜਿਹਾ ਸੁਰੱਖਿਅਤ ਅਤੇ ਚੰਗਾ ਭਵਿੱਖ ਦੇਵਾਂਗੇ?
ਸੁਖਜੀਤ ਕੌਰ, ਲੁਧਿਆਣਾ
(2)
ਅਰਵਿੰਦਰ ਜੌਹਲ ਦਾ ਲੇਖ ‘ਤਸਵੀਰਾਂ ਦੇ ਓਹਲੇ-ਓਹਲੇ’ ਦੇਸ਼ ਵਿੱਚ ਐੱਸ ਆਈ ਆਰ ਨੂੰ ਲੈ ਕੇ ਕੇਂਦਰੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰਾਂ ਦਰਮਿਆਨ ਚੱਲ ਰਹੀ ਖਿੱਚੋਤਾਣ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਦਾ ਹੈ। ਲੇਖ ਦਾ ਸਿਰਲੇਖ ‘ਤਸਵੀਰਾਂ ਦੇ ਓਹਲੇ ਓਹਲੇ’ ਇਸ ਪੂਰੇ ਪ੍ਰਸੰਗ ਦੇ ਸੰਦਰਭ ਵਿੱਚ ਬੇਹੱਦ ਢੁੱਕਵਾਂ ਜਾਪਦਾ ਹੈ। ਪੱਤਰਕਾਰ ਰਿਤਿਕਾ ਚੋਪੜਾ ਦੀ ਰਿਪੋਰਟ ਤੋਂ ਬਾਅਦ ਚੋਣ ਕਮਿਸ਼ਨ ਅੰਦਰ ਮਤਭੇਦਾਂ ਦੀਆਂ ਚਰਚਾਵਾਂ ਸਾਹਮਣੇ ਆਈਆਂ ਸਨ। ਇਸ ਪਿਛੋਕੜ ਵਿੱਚ 26 ਸਤੰਬਰ ਨੂੰ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ ਅਤੇ ਸਾਥੀ ਚੋਣ ਕਮਿਸ਼ਨਰਾਂ ਦੀ ਸਾਂਝੀ ਤਸਵੀਰ ਨੇ ਵੀ ਕਾਫ਼ੀ ਧਿਆਨ ਖਿੱਚਿਆ। ਤਸਵੀਰ ਅਤੇ ਪ੍ਰੈੱਸ ਕਾਨਫਰੰਸ ਦੇ ਸੰਦਰਭ ਨੂੰ ਆਧਾਰ ਬਣਾ ਕੇ ਚੋਣ ਕਮਿਸ਼ਨ ਦੇ ਅੰਦਰੂਨੀ ਕੰਮਕਾਜ ਅਤੇ ਸਾਹਮਣੇ ਆ ਰਹੀਆਂ ਵੱਖ-ਵੱਖ ਧਾਰਨਾਵਾਂ ਵਿਚਲੇ ਫ਼ਰਕ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ‘ਤਸਵੀਰਾਂ ਦੇ ਓਹਲੇ ਓਹਲੇ’ ਰਾਹੀਂ ਇਹ ਸਵਾਲ ਉਠਾਇਆ ਗਿਆ ਹੈ ਕਿ ਕਿਸੇ ਸੰਸਥਾ ਦੀ ਬਾਹਰੀ ਇਕਜੁੱਟਤਾ ਦੀ ਤਸਵੀਰ ਅਤੇ ਉਸ ਦੇ ਅੰਦਰ ਚੱਲ ਰਹੀ ਵਿਚਾਰ-ਚਰਚਾ ਵਿੱਚ ਕਿੰਨਾ ਫ਼ਰਕ ਹੋ ਸਕਦਾ ਹੈ। ਅਜਿਹੇ ਸੰਵੇਦਨਸ਼ੀਲ ਮਾਮਲੇ ਵਿੱਚ ਤੱਥਾਂ ਅਤੇ ਸੰਸਥਾਗਤ ਫ਼ੈਸਲਾ ਪ੍ਰਕਿਰਿਆ ਬਾਰੇ ਪਾਰਦਰਸ਼ਤਾ ਬੇਹੱਦ ਮਹੱਤਵਪੂਰਨ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਸਾਂਝੇ ਪੰਜਾਬ ਦੀ ਵੰਡ ਦੀ ਪੀੜ
ਐਤਵਾਰ, 20 ਸਤੰਬਰ 2026 ਦੇ ‘ਦਸਤਕ’ ਅੰਕ ਵਿੱਚ ‘ਕੰਡਿਆਲੀ ਤਾਰ ਦੇ ਆਰ-ਪਾਰ: ਮੁਹੱਬਤ ਦੇ ਫੁੱਲਾਂ ਨਾਲ ਮਹਿਕਦੀ ਫਿਜ਼ਾ’ ਸਿਰਲੇਖ ਅਧੀਨ ਆਤਮਜੀਤ ਦਾ ਲੇਖ ਪੜ੍ਹ ਕੇ ਲੇਖਕ ਨੂੰ ਵਧਾਈ ਦੇਣੀ ਬਣਦੀ ਹੈ। ਲੇਖ ਵਿੱਚ ਬਿਆਨੀਆਂ ਪੁਸਤਕਾਂ ਰਾਹੀਂ ਸਾਂਝੇ ਪੰਜਾਬ, ਵੰਡ ਦੀ ਪੀੜ ਅਤੇ ਮਨੁੱਖੀ ਰਿਸ਼ਤਿਆਂ ਦੀ ਸੰਵੇਦਨਾ ਨੂੰ ਬੜੀ ਖ਼ੂਬਸੂਰਤੀ ਨਾਲ ਉਭਾਰਿਆ ਗਿਆ ਹੈ। ਇਹ ਵਿਚਾਰ ਸਾਨੂੰ ਸਾਹਿਤ ਤੋਂ ਅੱਗੇ ਵਧ ਕੇ ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਸੋਚਣ ਲਈ ਵੀ ਪ੍ਰੇਰਦੇ ਹਨ। 1947 ਦਾ ਦਰਦ ਦੋਵੇਂ ਪਾਸਿਆਂ ਦੇ ਲੋਕਾਂ ਨੇ ਹੰਢਾਇਆ ਹੈ। ਹੁਣ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੈਰ ਦੀ ਥਾਂ ਅਮਨ, ਸਾਂਝ ਅਤੇ ਮਨੁੱਖਤਾ ਦੀ ਵਿਰਾਸਤ ਮਿਲੇ। ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਲੋਕਾਂ ਦੀ ਆਵਾਜਾਈ, ਧਾਰਮਿਕ ਯਾਤਰਾਵਾਂ ਅਤੇ ਸੱਭਿਆਚਾਰਕ ਸੰਪਰਕ ਹੌਲੀ-ਹੌਲੀ ਵਧਾਉਣ ਦੇ ਰਾਹ ਲੱਭੇ ਜਾਣ। ਦੋਵਾਂ ਪਾਸਿਆਂ ਦੇ ਗੁਰਦੁਆਰੇ, ਮੰਦਿਰ ਤੇ ਹੋਰ ਧਾਰਮਿਕ ਅਸਥਾਨ ਸੁਰੱਖਿਅਤ ਰਹਿਣ ਅਤੇ ਲੋਕਾਂ ਦੇ ਧਾਰਮਿਕ ਤੇ ਸੱਭਿਆਚਾਰਕ ਅਧਿਕਾਰਾਂ ਦਾ ਸਤਿਕਾਰ ਹੋਵੇ। 1947 ਦੇ ਜ਼ਖ਼ਮ ਭੁਲਾਏ ਨਹੀਂ ਜਾ ਸਕਦੇ, ਪਰ ਉਨ੍ਹਾਂ ’ਤੇ ਅਮਨ, ਸੰਵਾਦ ਅਤੇ ਮਨੁੱਖਤਾ ਦੀ ਮੱਲ੍ਹਮ ਜ਼ਰੂਰ ਲਗਾਈ ਜਾ ਸਕਦੀ ਹੈ।
ਬ੍ਰਿਜ ਭੂਸ਼ਣ ਗੋਇਲ, ਲੁਧਿਆਣਾ
ਆਂਡਿਆਂ ਦੀ ਜ਼ਰਦੀ...
ਐਤਵਾਰ, 20 ਸਤੰਬਰ ਦੇ ਅੰਕ ’ਚ ਅਰਵਿੰਦਰ ਜੌਹਲ ਦਾ ਲੇਖ ‘ਆਂਡਿਆਂ ਦੀ ਜ਼ਰਦੀ...’ ਰਾਹੀਂ ਵਿਰੋਧ ਦੇ ਇਸ ਅਸੱਭਿਅਕ ਰੂਪ ਪ੍ਰਤੀ ਬੜੀ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਸਾਡੇ ਦੇਸ਼ ਦੀ ਸਿਆਸਤ ਦਿਨ-ਬ-ਦਿਨ ਨਵੀਆਂ ਨਿਵਾਣਾਂ ਛੋਹ ਰਹੀ ਹੈ। ਇਸ ਘਟੀਆ ਸਿਆਸਤ ਦਾ ਇੱਕ ਰੂਪ ਹੈ ਅੰਡਾ ਅਤੇ ਟਮਾਟਰ ਕਲਚਰ। ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਕਲਚਰ ਭਰਪੂਰ ਪ੍ਰਫੁੱਲਿਤ ਹੋਇਆ ਤੇ ਸਹਿਜੇ-ਸਹਿਜੇ ਪੰਜਾਬ ਦੀ ਸਿਆਸਤ ਵਿੱਚ ਵੀ ਪ੍ਰਵੇਸ਼ ਕਰ ਗਿਆ ਹੈ। ਨਿੰਦਰ ਘੁਗਿਆਣਵੀ, ਪੀ.ਪੀ. ਵਰਮਾ ਅਤੇ ਅਤੈ ਸਿੰਘ ਨੇ ਆਪਣੀਆਂ ਲਿਖਤਾਂ ਰਾਹੀਂ ਮਰਹੂਮ ਹਰਭਜਨ ਬਾਜਵਾ ਦੀ ਅਲਬੇਲੀ ਤੇ ਫ਼ਕੀਰਾਨਾ ਸ਼ਖ਼ਸੀਅਤ ਨੂੰ ਖ਼ੂਬਸੂਰਤ ਅੰਦਾਜ਼ ਵਿੱਚ ਪਾਠਕਾਂ ਦੇ ਰੂਬਰੂ ਕੀਤਾ ਹੈ।
ਨਾਇਬ ਸਿੰਘ ਪੰਨੀਵਾਲੀਆ, ਮਲੋਟ, (ਮੁਕਤਸਰ ਸਾਹਿਬ)
‘ਤੱਥਾਂ ਬਾਰੇ ਸੰਦੇਹ ਕਰਨ ਦਾ ਕੋਈ ਕਾਰਨ ਨਹੀਂ’
ਪੰਜਾਬੀ ਟ੍ਰਿਬਿਊਨ ਦੇ ਐਤਵਾਰ 27 ਸਤੰਬਰ 2026 ਵਾਲੇ ਅੰਕ ਵਿੱਚ ਪ੍ਰਕਾਸ਼ਿਤ ਮੇਰੇ ਲੇਖ ‘ਸ਼ਹੀਦ ਭਗਤ ਸਿੰਘ: ਪਾਰਖੂ ਪਾਠਕ ਤੋਂ ਗੰਭੀਰ ਚਿੰਤਕ ਤੱਕ’ ਵਿੱਚ ਸ਼ਹੀਦ ਭਗਤ ਸਿੰਘ ਵੱਲੋਂ ਵੀਰ ਸਾਵਰਕਰ ਦੀ ਜੀਵਨੀ ਪਸੰਦ ਕਰਨ ਬਾਰੇ ਲਿਖੇ ਹੋਣ ਤੋਂ ਕਈ ਪਾਠਕਾਂ ਨੇ ਮੇਰੇ ਨਾਲ ਆਪਣਾ ਇਹ ਸੰਦੇਹ ਪ੍ਰਗਟ ਕੀਤਾ ਹੈ ਕਿ ਮੈਂ ਇਹ ਸ਼ਬਦ ਕਿਸੇ ਦਬਾਅ ਹੇਠ ਲਿਖੇ ਹਨ ਅਤੇ ਜੇ ਮੈਂ ਨਹੀਂ ਲਿਖੇ ਤਾਂ ਸੰਪਾਦਕੀ ਪੱਧਰ ਉੱਤੇ ਜੋੜੇ ਗਏ ਹਨ। ਧਿਆਨ ਨਾਲ ਲੇਖ ਪੜ੍ਹਨ ਵਾਲੇ ਇਨ੍ਹਾਂ ਪਾਠਕਾਂ ਦਾ ਧੰਨਵਾਦ ਕਰਦਿਆਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਸ ਜਾਣਕਾਰੀ ਦਾ ਸਰੋਤ ਸ਼ਹੀਦ ਭਗਤ ਸਿੰਘ ਦੇ ਦੋਸਤ ਸ੍ਰੀ ਰਾਜਾ ਰਾਮ ਸ਼ਾਸਤਰੀ, ਜੋ 1926 ਤੋਂ 1931 ਤੱਕ ਦੁਆਰਕਾ ਦਾਸ ਲਾਇਬ੍ਰੇਰੀ ਦਾ ਲਾਇਬ੍ਰੇਰੀਅਨ ਸੀ, ਦੀ ਹਿੰਦੀ ਵਿੱਚ ਲਿਖੀ ਅਤੇ ਸ੍ਰੀ ਨਿਰਭਿੰਦਰ ਵੱਲੋਂ ਪੰਜਾਬੀ ਵਿੱਚ ਅਨੁਵਾਦਿਤ ਪੁਸਤਕ ‘ਅਮਰ ਸ਼ਹੀਦਾਂ ਦੀਆਂ ਯਾਦਾਂ’ (ਪ੍ਰਕਾਸ਼ਨ ਸਾਲ 2004) ਵਿਚਲਾ ਲੇਖ ‘ਅਮਰ ਸ਼ਹੀਦ ਸਰਦਾਰ ਭਗਤ ਸਿੰਘ’ ਹੈ। ਇਹ ਯਾਦ ਰੱਖਣਾ ਬਣਦਾ ਹੈ ਕਿ ਸ੍ਰੀ ਬਾਲ ਗੰਗਾਧਰ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਸਾਵਰਕਰ ਨੇ ਸਕੂਲ ਵਿੱਚ ਪੜ੍ਹਦਿਆਂ ਰਾਜਸੀ ਸਰਗਰਮੀਆਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ। ਜਦ ਉਸ ਦਾ ਨਾਮ ਇੱਕ ਅੰਗਰੇਜ਼ ਅਫ਼ਸਰ ਦੇ ਕਤਲ ਨਾਲ ਜੋੜਿਆ ਜਾਣ ਲੱਗਾ ਤਾਂ ਉਹ ਗ੍ਰਿਫ਼ਤਾਰੀ ਤੋਂ ਬਚਣ ਵਾਸਤੇ ਇੰਗਲੈਂਡ ਚਲਾ ਗਿਆ ਅਤੇ ਉੱਥੇ ਇੰਡੀਆ ਹਾਊਸ ਦੀਆਂ ਸਰਗਰਮੀਆਂ ਵਿੱਚ ਸ਼ਾਮਿਲ ਹੋਇਆ। ਉਸ ਦੀ 1909 ਵਿੱਚ ਪ੍ਰਕਾਸ਼ਿਤ ਪੁਸਤਕ ‘ਹਿੰਦੁਸਤਾਨ ਕੀ ਪਹਿਲੀ ਜੰਗੇ-ਆਜ਼ਾਦੀ 1857’ ਦੇਸ਼ ਭਗਤ ਹਲਕਿਆਂ ’ਚ ਇੰਨੀ ਪ੍ਰਚੱਲਿਤ ਹੋਈ ਕਿ ਗਦਰ ਪਾਰਟੀ ਦੇ ਅਖ਼ਬਾਰ ‘ਗਦਰ’ ਵਿੱਚ ਇਸ ਦੇ ਪਹਿਲੇ ਅੰਕ ਤੋਂ ਲੜੀਵਾਰ ਛਾਪੀ ਜਾਂਦੀ ਰਹੀ। 1911 ਵਿੱਚ ਜਦ ਉਸ ਨੂੰ ਗ੍ਰਿਫ਼ਤਾਰ ਕਰਕੇ ਹਿੰਦੁਸਤਾਨ ਲਿਆਂਦਾ ਜਾ ਰਿਹਾ ਸੀ ਤਾਂ ਉਸ ਨੇ ਫਰਾਂਸ ਦੇ ਸਮੁੰਦਰੀ ਕੰਢੇ ਨੇੜੇ ਜਹਾਜ਼ ਵਿੱਚੋਂ ਸਮੁੰਦਰ ਵਿੱਚ ਛਾਲ ਮਾਰ ਕੇ ਬਚ ਨਿਕਲਣ ਦੀ ਅਸਫਲ ਕੋਸ਼ਿਸ਼ ਕੀਤੀ। ਸ੍ਰੀ ਰਾਜਾ ਰਾਮ ਦੇ ਲਿਖਣ ਅਨੁਸਾਰ ‘ਇਸ ਘਟਨਾ ਤੋਂ ਭਗਤ ਸਿੰਘ ਬਹੁਤ ਪ੍ਰਭਾਵਿਤ ਹੋਏ ਸਨ।’ ਸਾਵਰਕਰ ਦੇ ਇਸ ਪਿਛੋਕੜ ਨੂੰ ਵੇਖਦਿਆਂ ਸ੍ਰੀ ਰਾਜਾ ਰਾਮ ਦੇ ਕਥਨ ਉੱਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ।
ਗੁਰਦੇਵ ਸਿੰਘ ਸਿੱਧੂ

