DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬ ਸਮਝੌਤੇ ਪਿਛਲੀ ਕਹਾਣੀ

ਵੀਹ ਅਗਸਤ 1985 ਨੂੰ ਮੈਂ ਸ੍ਰੀ ਦਰਬਾਰ ਸਾਹਿਬ ਵਿੱਚ ਯੂਨਾਈਟਡ ਅਕਾਲੀ ਦਲ ਦੇ ਦਫ਼ਤਰ ਬੈਠਾ ਸੀ, ਜਦੋਂ ਬਾਅਦ ਦੁਪਹਿਰ ਮੈਨੂੰ ਯੂ.ਐੱਨ.ਆਈ. ਦੇ ਪੱਤਰਕਾਰ ਦੋਸਤ ਜਸਪਾਲ ਸਿੰਘ ਸਿੱਧੂ ਦਾ ਟੈਲੀਫੋਨ ਆਇਆ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ...

  • fb
  • twitter
  • whatsapp
  • whatsapp
Advertisement

ਵੀਹ ਅਗਸਤ 1985 ਨੂੰ ਮੈਂ ਸ੍ਰੀ ਦਰਬਾਰ ਸਾਹਿਬ ਵਿੱਚ ਯੂਨਾਈਟਡ ਅਕਾਲੀ ਦਲ ਦੇ ਦਫ਼ਤਰ ਬੈਠਾ ਸੀ, ਜਦੋਂ ਬਾਅਦ ਦੁਪਹਿਰ ਮੈਨੂੰ ਯੂ.ਐੱਨ.ਆਈ. ਦੇ ਪੱਤਰਕਾਰ ਦੋਸਤ ਜਸਪਾਲ ਸਿੰਘ ਸਿੱਧੂ ਦਾ ਟੈਲੀਫੋਨ ਆਇਆ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ੇਰਪੁਰ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ, ਇਸ ਲਈ ਮੈਂ ਤੁਰੰਤ ਉਸ ਦੇ ਘਰ ਪਹੁੰਚ ਜਾਵਾਂ ਕਿਉਂਕਿ ਕਿਸੇ ਸਮੇਂ ਵੀ ਪੁਲੀਸ ਸ੍ਰੀ ਦਰਬਾਰ ਸਾਹਿਬ ਵਿੱਚ ਦਾਖ਼ਲ ਹੋ ਸਕਦੀ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਹੇਠਲੇ ਯੂਨਾਈਟਡ ਅਕਾਲੀ ਦਲ ਦੇ ਦਫ਼ਤਰ ਸਕੱਤਰ ਵਜੋਂ ਸੇਵਾ ਨਿਭਾਅ ਰਿਹਾ ਸਾਂ।

ਇਹ ਗੱਲ ਜੱਗ ਜ਼ਾਹਰ ਸੀ ਕਿ ਸੰਤ ਲੌਂਗੋਵਾਲ ਦਾ ਕਤਲ ਸਿੱਖ ਖਾੜਕੂਆਂ ਵੱਲੋਂ ਕੀਤਾ ਗਿਆ ਸੀ, ਜਿਹੜੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਕੀਤੇ ਗਏ ਸਮਝੌਤੇ ਨੂੰ ਸਿੱਖ ਕੌਮ ਨਾਲ ਕੀਤੀ ਗਈ ਗੱਦਾਰੀ ਸਮਝਦੇ ਸਨ। ਆਖ਼ਰ ਸੰਤ ਲੌਂਗੋਵਾਲ ਦੀ ਜਾਨ ਦਾ ਖੌਅ ਬਣਿਆ ‘ਪੰਜਾਬ ਸਮਝੌਤਾ’ ਕੀ ਸੀ? ਇਹ ਕਿਵੇਂ ਨੇਪਰੇ ਚੜ੍ਹਿਆ? ਇਹ ਜਾਣਨ ਲਈ ਉਸ ਸਮੇਂ ਪਰਦੇ ਪਿੱਛੇ ਵਾਪਰੀਆਂ ਘਟਨਾਵਾਂ ਨੂੰ ਫਰੋਲਣਾ ਪਵੇਗਾ।

Advertisement

1984 ਦੀ ਲੋਕ ਸਭਾ ਚੋਣ ਵਿੱਚ ਵੱਡੀ ਬਹੁਗਿਣਤੀ ਨਾਲ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜੀਵ ਗਾਂਧੀ ਨੇ ਪੰਜਾਬ ਮਸਲੇ ਦਾ ਹੱਲ ਕੱਢਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਸਨ। ਸੀਨੀਅਰ ਕਾਂਗਰਸੀ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਰਜਨ ਸਿੰਘ ਦੀ ਪੰਜਾਬ ਦੇ ਰਾਜਪਾਲ ਵਜੋਂ ਨਿਯੁਕਤੀ ਇਨ੍ਹਾਂ ਯਤਨਾਂ ਦੀ ਇੱਕ ਕੜੀ ਸੀ। ਇਸ ਤੋਂ ਪਹਿਲਾਂ ਉਹ 1983 ਵਿੱਚ ਫੂਲਨ ਦੇਵੀ ਅਤੇ ਉਸ ਦੇ ਸਾਥੀਆਂ ਵੱਲੋਂ ਆਤਮ-ਸਮਰਪਣ ਕਰਵਾ ਕੇ ਸਫ਼ਲ ਰਣਨੀਤੀਕਾਰ ਵਜੋਂ ਆਪਣੀ ਭੱਲ ਬਣਾ ਚੁੱਕਿਆ ਸੀ। ਸਮਝੌਤੇ ਲਈ ਸਾਜ਼ਗਾਰ ਮਾਹੌਲ ਤਿਆਰ ਕਰਨ ਲਈ ਪਹਿਲਾਂ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਲੀਡਰ ਰਿਹਾਅ ਕੀਤੇ ਗਏ, ਵਿਸ਼ੇਸ਼ ਅਦਾਲਤਾਂ ਭੰਗ ਕੀਤੀਆਂ ਗਈਆਂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉੱਤੇ ਲੱਗੀ ਪਾਬੰਦੀ ਹਟਾਈ ਗਈ।

Advertisement

ਅਰਜਨ ਸਿੰਘ ਦੀ ਸਲਾਹ ਉੱਤੇ ਰਾਜੀਵ ਗਾਂਧੀ 23 ਮਾਰਚ 1985 ਨੂੰ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਆਏ, ਜਿੱਥੇ ਉਨ੍ਹਾਂ ਬਹੁਤ ਹੀ ਨਪੇ-ਤੁਲੇ ਸ਼ਬਦਾਂ ਵਿੱਚ ਮੁਲਕ ਨੂੰ ਆਜ਼ਾਦ ਕਰਾਉਣ ਅਤੇ ਅੰਨ ਵਿੱਚ ਆਤਮ-ਨਿਰਭਰ ਬਣਾਉਣ ਲਈ ਪੰਜਾਬੀਆਂ, ਖ਼ਾਸਕਰ ਸਿੱਖਾਂ ਦੇ ਰੋਲ ਦੀ ਭਰਪੂਰ ਸ਼ਲਾਘਾ ਕੀਤੀ। ਉਸ ਤੋਂ ਕੁਝ ਦਿਨਾਂ ਬਾਅਦ 13 ਅਪਰੈਲ 1985 ਨੂੰ ਅਰਜਨ ਸਿੰਘ ਦੇ ਸੱਦੇ ਉੱਤੇ ਕਰਨਾਟਕ ਦੇ ਮੁੱਖ ਮੰਤਰੀ ਰਾਮ ਕ੍ਰਿਸ਼ਨ ਹੈਗੜੇ, ਐੱਨ.ਟੀ. ਰਾਮਾਰਾਓ ਦੇ ਨੁਮਾਇੰਦੇ ਮਾਧਵ ਰੈਡੀ ਅਤੇ ਸਿੱਕਿਮ ਦੇ ਮੁੱਖ ਮੰਤਰੀ ਐੱਨ.ਆਰ. ਭੰਡਾਰੀ ਵਰਗੇ ਕੌਮੀ ਨੇਤਾਵਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਨਾਲ ਪੰਜਾਬੀਆਂ ਦੀ ਰੱਜ ਕੇ ਤਾਰੀਫ਼ ਕੀਤੀ। ਐੱਨ.ਆਰ. ਭੰਡਾਰੀ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਅੰਮ੍ਰਿਤਸਰ ਤੋਂ ਬਿਨਾਂ ਹਿੰਦੋਸਤਾਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਅਰਜਨ ਸਿੰਘ ਨੇ ਇਸ ਤੋਂ ਬਾਅਦ ਬਹੁਤ ਹੀ ਸੋਚ ਸਮਝ ਕੇ ਬਣਾਈ ਰਣਨੀਤੀ ਤਹਿਤ ਦੋ ਸੀਨੀਅਰ ਅਕਾਲੀ ਆਗੂਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਪਾਸੇ ਰੱਖ ਕੇ ਦੋ ਜੂਨੀਅਰ ਅਕਾਲੀ ਆਗੂਆਂ ਸੁਰਜੀਤ ਸਿੰਘ ਬਰਨਾਲਾ ਅਤੇ ਬਲਵੰਤ ਸਿੰਘ ਰਾਹੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਰਾਬਤਾ ਬਣਾਉਣਾ ਸ਼ੁਰੂ ਕੀਤਾ। ਇਨ੍ਹਾਂ ਤਿੰਨਾਂ ਨੂੰ ਮਾਨਿਸਕ ਤੌਰ ਉੱਤੇ ਤਿਆਰ ਕਰ ਕੇ ਉਸ ਨੇ ਰਾਜੀਵ ਗਾਂਧੀ ਤੋਂ ਸੰਤ ਲੌਂਗੋਵਾਲ ਨੂੰ ਪੰਜਾਬ ਮਸਲੇ ਦੇ ਹੱਲ ਲਈ ਮੀਟਿੰਗ ਦਾ ਸੱਦਾ ਦੇਣ ਵਾਲੀ ਚਿੱਠੀ ਲਿਖਵਾਈ। ਇਸ ਸੱਦੇ ਉੱਤੇ ਵਿਚਾਰ ਕਰਨ ਲਈ ਸੰਤ ਲੌਂਗੋਵਾਲ ਨੇ 5 ਜੁਲਾਈ 1985 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੀਟਿੰਗ ਬੁਲਾਈ ਜਿਸ ਵਿੱਚ ਉਨ੍ਹਾਂ ਤੋਂ ਇਲਾਵਾ ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਅਤੇ ਬਲਵੰਤ ਸਿੰਘ ਸ਼ਾਮਲ ਹੋਏ। ਜਥੇਦਾਰ ਟੌਹੜਾ ਅਤੇ ਬਾਦਲ ਨੇ ਇਹ ਕਹਿ ਕੇ ਗੱਲਬਾਤ ਸ਼ੁਰੂ ਕਰਨ ਦਾ ਵਿਰੋਧ ਕੀਤਾ ਕਿ ਜੋਧਪੁਰ ਦੇ ਬੰਦੀਆਂ ਅਤੇ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਫ਼ੌਜੀ ਹਮਲੇ ਦੇ ਰੋਸ ਵਜੋਂ ਬੈਰਕਾਂ ਛੱਡਣ ਵਾਲੇ ਧਰਮੀ ਫ਼ੌਜੀਆਂ ਦੀਆਂ ਰਿਹਾਈਆਂ ਤੋਂ ਬਾਅਦ ਹੀ ਗੱਲਬਾਤ ਸ਼ੁਰੂ ਹੋ ਸਕਦੀ ਹੈ ਜਦੋਂਕਿ ਬਰਨਾਲਾ ਅਤੇ ਬਲਵੰਤ ਸਿੰਘ ਗੱਲਬਾਤ ਤੁਰੰਤ ਸ਼ੁਰੂ ਕਰਨ ਦੇ ਹੱਕ ਵਿੱਚ ਸਨ। ਅਖ਼ੀਰ ਫੈਸਲਾ ਹੋਇਆ ਕਿ ਸੰਤ ਲੌਂਗੋਵਾਲ ਵੱਲੋਂ ਸ੍ਰੀ ਰਾਜੀਵ ਗਾਂਧੀ ਨੂੰ ਚਿੱਠੀ ਲਿਖ ਕੇ ਇਨ੍ਹਾਂ ਸ਼ਰਤਾਂ ਸਬੰਧੀ ਦੱਸ ਦਿੱਤਾ ਜਾਵੇ।

ਸੰਤ ਲੌਂਗੋਵਾਲ ਦੀ ਇਸ ਚਿੱਠੀ ਦੇ ਜਵਾਬ ਵਿੱਚ ਸ੍ਰੀ ਗਾਂਧੀ ਨੇ ਸੰਤ ਲੌਂਗੋਵਾਲ ਨੂੰ ਦੂਜੀ ਚਿੱਠੀ ਲਿਖੀ ਜਿਹੜੀ ਉਨ੍ਹਾਂ ਨੇ 20 ਜੁਲਾਈ 1985 ਨੂੰ ਮੌੜ ਮੰਡੀ ਦੀ ਅਕਾਲੀ ਕਾਨਫਰੰਸ ਮੌਕੇ ਜਥੇਦਾਰ ਟੌਹੜਾ ਨੂੰ ਵਿਖਾਈ। ਇਸ ਵਿੱਚ ਲਿਖਿਆ ਸੀ,‘‘ ਤੁਸੀਂ ਗੱਲਬਾਤ ਲਈ ਆਉ, ਪਹਿਲਾਂ ਤੁਹਾਡੇ ਵੱਲੋਂ ਦੱਸੇ ਗਏ ਮਸਲੇ ਵਿਚਾਰ ਲਵਾਂਗੇ।’’ ਅੰਗਰੇਜ਼ੀ ਵਿੱਚ ਲਿਖੀ ਇਸ ਚਿੱਠੀ ਨੂੰ ਪੜ੍ਹ ਕੇ ਜਥੇਦਾਰ ਟੌਹੜਾ ਨੇ ਸੰਤ ਲੌਂਗੋਵਾਲ ਨੂੰ ਕਿਹਾ, “ਗੱਲ ਤਾਂ ਉੱਥੇ ਹੀ ਖੜ੍ਹੀ ਹੈ। ਤੁਸੀਂ ਇਸ ਚਿੱਠੀ ਦੇ ਜਵਾਬ ਵਿੱਚ ਇੱਕ ਹੋਰ ਚਿੱਠੀ ਲਿਖ ਦਿਉ ਕਿ ਜਦੋਂ ਤੱਕ ਸਾਡਾ ਇੱਕ ਵੀ ਬੰਦਾ ਜੇਲ੍ਹ ਵਿੱਚ ਹੈ ਉਸ ਵੇਲੇ ਤੱਕ ਮੈਂ ਗੱਲਬਾਤ ਲਈ ਨਹੀਂ ਆ ਸਕਦਾ।”

ਸੰਤ ਲੌਂਗੋਵਾਲ ਨੇ ਇਸ ਮਾਮਲੇ ਉੱਤੇ ਵਿਚਾਰ ਕਰਨ ਲਈ 23 ਜੁਲਾਈ 1985 ਨੂੰ ਚੰਡੀਗੜ੍ਹ ਦੇ ਸੈਕਟਰ ਪੰਜ ਵਿਚਲੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਮੀਟਿੰਗ ਬੁਲਾ ਲਈ। ਮੀਟਿੰਗ ਤੋਂ ਪਹਿਲਾਂ ਜਦੋਂ ਬਾਦਲ, ਬਰਨਾਲਾ ਅਤੇ ਬਲਵੰਤ ਸਿੰਘ ਦੀ ਉਡੀਕ ਹੋ ਰਹੀ ਸੀ ਤਾਂ ਸੰਤ ਲੌਂਗੋਵਾਲ ਤੇ ਜਥੇਦਾਰ ਟੌਹੜਾ ਦੇ ਨਾਲ ਬੈਠੇ ਪ੍ਰੇਮ ਸਿੰਘ ਚੰਦੂਮਾਜਾਰਾ ਨੇ ਸਰਸਰੀ ਹੋ ਰਹੀਆਂ ਗੱਲਾਂ ਵਿੱਚ ਕਿਹਾ ਕਿ ਦਿੱਲੀ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਨੌਜਵਾਨਾਂ ਤੇ ਫ਼ੌਜੀਆਂ ਨੂੰ ਰਿਹਾਅ ਕਰਾਉਣ ਦੀ ਸ਼ਰਤ ਤਾਂ ਲਾਉਣੀ ਹੀ ਚਾਹੀਦੀ ਹੈ। ਅਕਸਰ ਸ਼ਾਂਤ ਰਹਿਣ ਵਾਲੇ ਸੰਤ ਲੌਂਗੋਵਾਲ ਨੇ ਬਹੁਤ ਹੀ ਗੁੱਸੇ ਨਾਲ ਪ੍ਰੋ. ਚੰਦੂਮਾਜਰਾ ਨੂੰ ਕਿਹਾ, “ਤੂੰ ਚੁੱਪ ਰਹਿ ਕਿਉਂਕਿ ਤੈਨੂੰ ਨਾ ਕਿਸੇ ਗੱਲ ਦਾ ਪਤਾ ਹੈ ਤੇ ਨਾ ਹੀ ਕੋਈ ਸੂਝ ਹੈ।” ਜਥੇਦਾਰ ਟੌਹੜਾ ਨੇ ਮਾਹੌਲ ਨੂੰ ਠੀਕ ਕਰਨ ਲਈ ਚੰਦੂਮਾਜਰਾ ਨੂੰ ਇਸ਼ਾਰਾ ਕਰ ਕੇ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ।

ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਜਥੇਦਾਰ ਟੌਹੜਾ ਅਤੇ ਸ੍ਰੀ ਬਾਦਲ ਨੇ ਫਿਰ ਇਹੀ ਦਲੀਲ ਦਿੱਤੀ ਕਿ ਨੌਜਵਾਨਾਂ ਦੀਆਂ ਰਿਹਾਈਆਂ ਤੋਂ ਬਾਅਦ ਹੀ ਗੱਲਬਾਤ ਲਈ ਜਾਇਆ ਜਾਵੇ। ਇਸ ਸਬੰਧੀ ਸ੍ਰੀ ਰਾਜੀਵ ਗਾਂਧੀ ਨੂੰ ਚਿੱਠੀ ਲਿਖ ਦਿੱਤੀ ਜਾਵੇ। ਪਰ ਬਲਵੰਤ ਸਿੰਘ, ਜਿਹੜਾ ਬਰਨਾਲਾ ਵਾਂਗ ਹੀ ਗੱਲਬਾਤ ਤੁਰੰਤ ਸ਼ੁਰੂ ਕਰਨ ਦੇ ਹੱਕ ਵਿੱਚ ਸੀ, ਨੇ ਆਪਣੀ ਫਾਈਲ ਵਿੱਚੋਂ ਸਮਝੌਤੇ ਦਾ ਖਰੜਾ ਕੱਢ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਇਹ ਬਿਲਕੁਲ ਉਹੀ ਖਰੜਾ ਸੀ, ਜਿਹੜਾ ਬਾਅਦ ਵਿੱਚ ਰਾਜੀਵ-ਲੌਂਗੋਵਾਲ ਸਮਝੌਤੇ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਖਰੜੇ ਦੀ ਇਕੱਲੀ-ਇਕੱਲੀ ਮੱਦ ਉੱਤੇ ਬਹਿਸ ਹੋਈ, ਜਿਸ ਨੂੰ ਜਥੇਦਾਰ ਟੌਹੜਾ ਅਤੇ ਸ੍ਰੀ ਬਾਦਲ ਰੱਦ ਕਰਦੇ ਰਹੇ। ਉਨ੍ਹਾਂ ਨੇ ਚੰਡੀਗੜ੍ਹ ਨੂੰ 26 ਜਨਵਰੀ 1986 ਨੂੰ ਪੰਜਾਬ ਨੂੰ ਦੇਣ ਦੀ ਮੱਦ ਉੱਤੇ ਕਿੰਤੂ ਕਰਦਿਆਂ ਕਿਹਾ ਕਿ ਸਾਰਾ ਇੰਡਸਟਰੀਅਲ ਏਰੀਆ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸਮੇਤ ਸਾਰਾ 26 ਸੈਕਟਰ ਅਤੇ ਮਨੀਮਾਜਰੇ ਦਾ ਪੂਰਾ ਜੰਗਲ ਹਰਿਆਣਾ ਨੂੰ ਦੇ ਦਿੱਤਾ ਜਾਣਾ ਹੈ। ਅਖ਼ੀਰ ਸੰਤ ਲੌਂਗੋਵਾਲ ਨੇ ਗੱਲਬਾਤ ਲਈ ਨਾ ਜਾਣ ਅਤੇ ਚਿੱਠੀ ਲਿਖਣ ਦਾ ਫ਼ੈਸਲਾ ਲਿਆ।

ਜਥੇਦਾਰ ਟੌਹੜਾ ਨੇ ਸੰਤ ਲੌਂਗੋਵਾਲ ਨੂੰ ਸੁਝਾਅ ਦਿੱਤਾ ਕਿ ਪੰਜਾਬੀ ਵਿੱਚ ਲਿਖੀ ਜਾਣ ਵਾਲੀ ਚਿੱਠੀ ਵਿੱਚ ਸਪਸ਼ਟ ਸ਼ਬਦਾਂ ਵਿੱਚ ਰਾਜੀਵ ਗਾਂਧੀ ਨੂੰ ਇਹ ਲਿਖਿਆ ਜਾਵੇ ਕਿ ਹਕੀਕੀ ਫੈਡਰਲ ਢਾਂਚੇ ਦੇ ਮੁਦੱਈ ਆਨੰਦਪੁਰ ਦੇ ਮਤੇ ਨੂੰ ਪੂਰੇ ਮੁਲਕ ਵਿੱਚ ਖਾਲਿਸਤਾਨ ਵਜੋਂ ਭੰਡ ਕੇ ਉਸ ਵੱਲੋਂ ਬਹੁਤ ਵੱਡੇ ਬਹੁਮੱਤ ਨਾਲ ਬਣਾਈ ਗਈ ਸਰਕਾਰ ਜੇ ਸਿੱਖ ਕੈਦੀ ਵੀ ਨਹੀਂ ਛੱਡ ਸਕਦੀ ਤਾਂ ਅਸੀਂ ਗੱਲਬਾਤ ਲਈ ਨਹੀਂ ਆ ਸਕਦੇ। ਬਲਵੰਤ ਸਿੰਘ ਸੰਤ ਲੌਂਗੋਵਾਲ ਨੂੰ ਕਹਿਣ ਲੱਗਿਆ, “ਮੈਂ ਅਕਾਲੀ ਪਾਰਟੀ ਦੇ ਕੰਮ ਲਈ ਪੰਜਾਬੀ ਦਾ ਟਾਈਪ ਰਾਈਟਰ ਤੇ ਟਾਈਪਿਸਟ ਰੱਖਿਆ ਹੋਇਆ ਹੈ, ਮੈਂ ਚਿੱਠੀ ਲਿਖਵਾ ਦਿੰਦਾ ਹਾਂ ਤੁਸੀਂ ਜਾਂਦੇ ਜਾਂਦੇ ਦਸਤਖ਼ਤ ਕਰ ਜਾਇਓ।” ਮੀਟਿੰਗ ਖ਼ਤਮ ਹੋਣ ਤੋਂ ਬਾਅਦ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਅਮਰ ਸਿੰਘ ਦੋਸਾਂਝ ਦੇ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੋਸਾਂਝ ਪਿੰਡ ਚਲੇ ਗਏ ਤੇ ਜਥੇਦਾਰ ਟੌਹੜਾ ਕਈ ਥਾਵਾਂ ਉੱਤੇ ਘੁੰਮਦੇ-ਘੁਮਾਉਂਦੇ ਸ਼ਾਮ ਨੂੰ ਪਿੰਡ ਆ ਗਏ।

ਜਥੇਦਾਰ ਟੌਹੜਾ ਨੇ ਆਪਣੀ ਆਦਤ ਅਨੁਸਾਰ ਸ਼ਾਮ ਨੂੰ ਅਕਾਸ਼ਵਾਣੀ ਚੰਡੀਗੜ੍ਹ ਤੋਂ 6.10 ਵਜੇ ਵਾਲੀਆਂ ਪ੍ਰਦੇਸ਼ਕ ਖਬਰਾਂ ਸੁਣਨ ਲਈ ਰੇਡੀਓ ਲਾਇਆ ਤਾਂ ਪਹਿਲੀ ਖ਼ਬਰ ਸੀ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਜਾਬ ਮਸਲੇ ਦੇ ਹੱਲ ਲਈ ਰਾਜੀਵ ਗਾਂਧੀ ਨਾਲ ਕੱਲ 25 ਜੁਲਾਈ ਨੂੰ ਸਵੇਰੇ 9 ਵਜੇ ਮੀਟਿੰਗ ਕਰਨ ਲਈ ਦਿੱਲੀ ਪਹੁੰਚ ਗਏ ਹਨ। ਅਜੇ ਇਹ ਖ਼ਬਰਾਂ ਚੱਲ ਹੀ ਰਹੀਆਂ ਸਨ ਕਿ ਇੱਕ ਵਿਸ਼ੇਸ਼ ਏਲਚੀ ਜਥੇਦਾਰ ਟੌਹੜਾ ਨੂੰ ਸੰਤ ਲੌਂਗੋਵਾਲ ਦੇ ਹੱਥੀਂ ਲਿਖਿਆ ਇੱਕ ਸਤਰ ਦਾ ਰੁੱਕਾ ਦੇ ਗਿਆ, ਜਿਸ ਵਿੱਚ ਉਨ੍ਹਾਂ ਨੂੰ ਅਗਲੇ ਦਿਨ ਸਵੇਰੇ 8 ਵਜੇ ਤੱਕ ਦਿੱਲੀ ਵਿੱਚ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਦੇ ਘਰ ਪਹੁੰਚਣ ਲਈ ਕਿਹਾ ਗਿਆ ਸੀ। ਜਥੇਦਾਰ ਟੌਹੜਾ ਇਹ ਸੋਚ ਕੇ ਦਿੱਲੀ ਨਹੀਂ ਗਏ ਕਿ ਹੁਣ ਸੰਤ ਲੌਂਗੋਵਾਲ ਨੇ ਰੁਕਣਾ ਤਾਂ ਹੈ ਨਹੀਂ।

ਦਰਅਸਲ, ਜਥੇਦਾਰ ਟੌਹੜਾ ਅਤੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੀਟਿੰਗ ਵਿੱਚੋਂ ਤੋਰ ਕੇ ਸੰਤ ਲੌਂਗੋਵਾਲ ਬਲਵੰਤ ਸਿੰਘ ਦੇ ਸੈਕਟਰ 27 ਸਥਿਤ ਘਰ ਪਹੁੰਚੇ ਤਾਂ ਉਸੇ ਵੇਲੇ ਪੰਜਾਬ ਦੇ ਰਾਜਪਾਲ ਅਰਜਨ ਸਿੰਘ ਆਪਣੀ ਨਿੱਜੀ ਕਾਰ ਵਿੱਚ ਉੱਥੇ ਪਹੁੰਚ ਗਏ। ਸੁਰਜੀਤ ਸਿੰਘ ਬਰਨਾਲਾ ਪਹਿਲਾਂ ਹੀ ਉੱਥੇ ਸਨ। ਇਨ੍ਹਾਂ ਤਿੰਨਾਂ ਨੇ ਰਲ ਕੇ ਸੰਤ ਲੌਂਗੋਵਾਲ ਨੂੰ ਦਿੱਲੀ ਸ੍ਰੀ ਰਾਜੀਵ ਗਾਂਧੀ ਨਾਲ ਮੁਲਾਕਾਤ ਲਈ ਮਨਾਇਆ। ਸ਼ੁਰੂ ਵਿੱਚ ਸੰਤ ਲੌਂਗੋਵਾਲ ਨਹੀਂ ਮੰਨੇ, ਪਰ ਇਨ੍ਹਾਂ ਵੱਲੋਂ ਬਹੁਤੀਆਂ ਦਲੀਲਾਂ ਦੇਣ ਉੱਤੇ ਉੱਠ ਕੇ ਬਲਵੰਤ ਸਿੰਘ ਦੇ ਘਰ ਵਿੱਚ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲੈਣ ਚਲੇ ਗਏ। ਉੱਥੋਂ ਆ ਕੇ ਸੰਤ ਲੌਂਗੋਵਾਲ ਨੇ ਦਿੱਲੀ ਜਾਣ ਲਈ ਆਪਣੀ ਰਜ਼ਾਮੰਦੀ ਦੇ ਦਿੱਤੀ। ਪਹਿਲਾਂ ਹੀ ਤਿਆਰ ਕੀਤੇ ਗਏ ‘ਪੰਜਾਬ ਸਮਝੌਤੇ’ ਦੇ ਖਰੜੇ ਨੂੰ ਆਖ਼ਰੀ ਛੋਹ ਦਿੱਤੀ ਗਈ। ਸਮਝੌਤੇ ਦੇ ਇਸ ਖਰੜੇ ਨੂੰ ਤਿਆਰ ਕਰਨ ਅਤੇ ਸੰਤ ਲੌਂਗੋਵਾਲ ਨੂੰ ਮਨਾਉਣ ਵਿੱਚ ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਅਤਰ ਸਿੰਘ ਤੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਵੀ ਯੋਗਦਾਨ ਪਾਇਆ। ਜਥੇਦਾਰ ਟੌਹੜਾ ਤੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਗਲੇ ਦਿਨ ਸਵੇਰੇ ਦਿੱਲੀ ਪਹੁੰਚਣ ਦੇ ਲਿਖਤੀ ਸੁਨੇਹੇ ਦੇ ਕੇ ਸੰਤ ਲੌਂਗੋਵਾਲ ਸੁਰਜੀਤ ਸਿੰਘ ਬਰਨਾਲਾ ਤੇ ਬਲਵੰਤ ਸਿੰਘ ਨਾਲ ਦਿੱਲੀ ਚਲੇ ਗਏ।

ਚੌਵੀ ਜੁਲਾਈ 1985 ਨੂੰ ਰਾਜੀਵ ਗਾਂਧੀ ਅਤੇ ਸੰਤ ਲੌਂਗੋਵਾਲ ਦਰਮਿਆਨ ਸਮਝੌਤਾ ਸਹੀਬੰਦ ਹੋ ਗਿਆ। ਉਸ ਵੇਲੇ ਖਾੜਕੂਆਂ ਦੀ ਹਮਾਇਤ ਵਾਲੇ ਯੂਨਾਈਟਡ ਅਕਾਲੀ ਦਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਸ ਨੂੰ ਪੰਥ ਤੇ ਪੰਜਾਬ ਦੇ ਹਿੱਤਾਂ ਨਾਲ ਕੀਤੀ ਗਈ ‘ਮੁਕੰਮਲ ਗਦਾਰੀ’ ਕਹਿ ਕੇ ਰੱਦ ਕੀਤਾ। ਇਸ ਸਮਝੌਤੇ ਨੂੰ ਪ੍ਰਵਾਨ ਕਰਾਉਣ ਲਈ ਸੰਤ ਲੌਂਗੋਵਾਲ ਵੱਲੋਂ 26 ਜੁਲਾਈ 1985 ਨੂੰ ਆਨੰਦਪੁਰ ਸਾਹਿਬ ਵਿੱਚ ਬੁਲਾਈ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਜਥੇਦਾਰ ਟੌਹੜਾ ਅਤੇ ਸ੍ਰੀ ਬਾਦਲ ਨੇ ਸੰਤ ਲੌਂਗੋਵਾਲ ਨੂੰ ਪੁੱਛਿਆ ਕਿ ਫ਼ੈਸਲਾ ਤਾਂ ਚਿੱਠੀ ਲਿਖਣ ਦਾ ਹੋਇਆ ਸੀ ਤੁਸੀਂ ਸਮਝੌਤਾ ਕਰਨ ਕਿਉਂ ਚਲੇ ਗਏ। ਉਨ੍ਹਾਂ ਨੇ ਜਵਾਬ ਦਿੱਤਾ ਕਿ ਤੁਹਾਡੇ ਜਾਣ ਤੋਂ ਬਾਅਦ ਬਰਨਾਲਾ ਤੇ ਬਲਵੰਤ ਨੇ ਬਹੁਤ ਜ਼ੋਰ ਦਿੱਤਾ ਤਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਲਈ ਹੁਕਮਨਾਮਾ ਲਿਆ, ਜਿਸ ਦੀ ਭਾਵਨਾ ਅਨੁਸਾਰ ਮੈਂ ਦਿੱਲੀ ਜਾਣ ਦਾ ਫ਼ੈਸਲਾ ਕੀਤਾ। ਇਸ ਮੀਟਿੰਗ ਵਿੱਚ ਨਿਯਮਾਂ ਦੀ ਉਲੰਘਣਾ ਕਰ ਕੇ ਸੰਗਰੂਰ ਇਲਾਕੇ ਤੋਂ ਲਿਆਂਦੇ ਗਏ ਸੈਂਕੜੇ ਸਾਧਾਰਨ ਵਰਕਰ ਵੀ ਬੈਠੇ ਸਨ, ਜਿਨ੍ਹਾਂ ਨੇ ਜਥੇਦਾਰ ਟੌਹੜਾ ਅਤੇ ਸ੍ਰੀ ਬਾਦਲ ਨਾਲ ਤਲਖ਼ਕਲਾਮੀ ਵੀ ਕੀਤੀ। ਇਨ੍ਹਾਂ ਦੋਹਾਂ ਆਗੂਆਂ ਵੱਲੋਂ ਸਖ਼ਤ ਵਿਰੋਧ ਦੇ ਬਾਵਜੂਦ ਵਰਕਿੰਗ ਕਮੇਟੀ ਵਿੱਚ ਬਹੁਸੰਮਤੀ ਨਾਲ ਇਸ ਸਮਝੌਤੇ ਨੂੰ ਪ੍ਰਵਾਨ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ।

ਅੰਮ੍ਰਿਤਸਰ ਜ਼ਿਲ੍ਹਾ ਅਕਾਲੀ ਜਥੇ ਦੀ 30 ਜੁਲਾਈ 1985 ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਆਉਣ ਦਾ ਪਤਾ ਖਾੜਕੂ ਧਿਰਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ, ਦਮਦਮੀ ਟਕਸਾਲ ਅਤੇ ਯੂਨਾਈਟਡ ਅਕਾਲੀ ਦਲ ਰਾਹੀਂ ਸੰਤ ਲੌਂਗੋਵਾਲ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕ ਲਿਆ। ਉਸ ਦਿਨ ਭਾਰੀ ਸੁਰੱਖਿਆ ਫੋਰਸ ਨਾਲ ਸੰਤ ਲੌਂਗੋਵਾਲ ਸ੍ਰੀ ਦਰਬਾਰ ਸਾਹਿਬ ਵਿੱਚ ਦਾਖ਼ਲ ਹੋਏ ਤਾਂ ਉਪਰੋਕਤ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਉਸ ਦਾ ਜ਼ਬਰਦਸਤ ਵਿਰੋਧ ਕੀਤਾ। ਉਨ੍ਹਾਂ ਨੇ ਬਰਨਾਲਾ, ਬਲਵੰਤ ਤੇ ਲੌਂਗੋਵਾਲ’ ਵਿਰੁੱਧ ਨਾਅਰੇ ਲਾਏ। ਇਨ੍ਹਾਂ ਦਾ ਅਕਾਲੀ ਦਲ ਵੱਲੋਂ ਵੱਡੀ ਗਿਣਤੀ ਵਿੱਚ ਲਿਆਂਦੇ ਗਏ ਬੰਦਿਆਂ ਨਾਲ ਹਿੰਸਕ ਟਕਰਾਅ ਹੋਇਆ, ਡਾਂਗਾਂ ਅਤੇ ਹਵਾ ਵਿੱਚ ਕੁਝ ਗੋਲੀਆਂ ਵੀ ਚੱਲੀਆਂ। ਸੰਤ ਲੌਂਗੋਵਾਲ ਥੋੜ੍ਹੀ ਦੇਰ ਬਾਅਦ ਜਿਉਂ ਹੀ ਸ੍ਰੀ ਦਰਬਾਰ ਸਾਹਿਬ ਵਿੱਚੋਂ ਨਿਕਲੇ ਤਾਂ ਪੰਜਾਬ ਪੁਲੀਸ ਤੇ ਸੀ.ਆਰ.ਪੀ.ਐੱਫ. ਨੇ ਤੁਰੰਤ ਦਾਖ਼ਲ ਹੋ ਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਯੂਨਾਈਟਡ ਅਕਾਲੀ ਦਲ ਦੇ ਦਫ਼ਤਰਾਂ ਵਿੱਚੋਂ ਦਰਜਨਾਂ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੀ.ਆਰ.ਪੀ.ਐੱਫ. ਵਾਲੇ ਮੈਨੂੰ

ਅਤੇ ਸੂਰਤ ਸਿੰਘ ਖਾਲਸਾ ਨੂੰ ਇੱਕ ਟਰੱਕ ਵਿੱਚ ਚੜ੍ਹਾ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਝਕਾਨੀ ਦੇ ਕੇ ਗੁਰੂ ਨਾਨਕ ਨਿਵਾਸ ਵਿੱਚ ਵੜ ਗਿਆ, ਜਿੱਥੇ ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਅਧਿਕਾਰੀ ਨਰਿੰਦਰਜੀਤ ਸਿੰਘ ਨੰਦਾ ਨੇ ਮੈਨੂੰ ਟੈਲੀਪ੍ਰਿੰਟਰ ਰੂਮ ਵਿੱਚ ਬੰਦ ਕਰ ਕੇ ਬਾਹਰੋਂ ਤਾਲਾ ਲਾ ਦਿੱਤਾ

ਅਤੇ ਸ਼ਾਮੀਂ ਉਦੋਂ ਖੋਲ੍ਹਿਆ ਜਦੋਂ ਬਾਹਰ ਸਭ ਕੁੱਝ ਸ਼ਾਂਤ ਹੋ ਗਿਆ ਸੀ।

ਸੰਤ ਹਰਚੰਦ ਸਿੰਘ ਲੌਂਗੋਵਾਲ ਦੇ 20 ਅਗਸਤ 1985 ਨੂੰ ਹੋਏ ਕਤਲ ਸਬੰਧੀ ਮੈਨੂੰ ਪਹਿਲਾਂ ਹੀ ਖੁੜਕ ਗਈ ਸੀ ਕਿਉਂਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਅਤੇ ਉਨ੍ਹਾਂ ਦੇ ਦਫ਼ਤਰ ਵਿੱਚ ਆਉਂਦੇ-ਜਾਂਦੇ ਖਾੜਕੂਆਂ ਦੇ ਮਨਾਂ ਵਿੱਚ ਸੰਤ ਲੌਂਗੋਵਾਲ ਪ੍ਰਤੀ ਨਫ਼ਰਤ ਦੀ ਹੱਦ ਤੱਕ ਗੁੱਸਾ ਪੈਦਾ ਹੋ ਗਿਆ ਸੀ। ਉਨ੍ਹਾਂ ਨੂੰ ਇਸ ਸਮਝੌਤੇ ਉੱਤੇ ਸਭ ਤੋਂ ਵੱਡਾ ਇਤਰਾਜ਼ ਇਹ ਸੀ ਕਿ ਜਿਸ ਸਤਲੁਜ-ਜਮਨਾ ਲਿੰਕ ਨਹਿਰ ਨੂੰ ਰੋਕਣ ਲਈ ਲਾਏ ਗਏ ਧਰਮ ਯੁੱਧ ਮੋਰਚੇ ਵਿੱਚ ਲੱਖਾਂ ਬੰਦੇ ਕੈਦ ਹੋਏ, ਹਜ਼ਾਰਾਂ ਸ਼ਹੀਦੀਆਂ ਹੋਈਆਂ ਤੇ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਹੋਇਆ, ਉਸੇ ਨਹਿਰ ਨੂੰ 15 ਅਗਸਤ 1986 ਤੱਕ ਬਣਾਉਣ ਦਾ ਲਿਖਤੀ ਵਾਅਦਾ ਕਰ ਕੇ ਪੰਜਾਬ ਦੇ ਹਿੱਤਾਂ ਦੀ ਕੁਰਬਾਨੀ ਦੇ ਦਿੱਤੀ ਗਈ। ਉਨ੍ਹਾਂ ਨੂੰ ਇਹ ਗੁੱਸਾ ਵੀ ਸੀ ਕਿ ਸਮਝੌਤੇ ਤੋਂ ਪਹਿਲਾਂ ਸਿੱਖ ਨੌਜਵਾਨਾਂ ਅਤੇ ਧਰਮੀ ਫ਼ੌਜੀਆਂ ਨੂੰ ਰਿਹਾਅ ਕਿਉਂ ਨਾ ਕਰਾਇਆ ਗਿਆ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਧਰਮ ਯੁੱਧ ਮੋਰਚੇ ਦੀਆਂ ਸਾਰੀਆਂ ਮੰਗਾਂ ਨੂੰ ਕਮਿਸ਼ਨਾਂ ਦੇ ਕੁਚੱਕਰ ਵਿੱਚ ਪਾ ਕੇ ਅਕਾਲੀ ਲੀਡਰਾਂ ਨੇ ਸ਼ਹੀਦਾਂ ਦੇ ਸਿਵਿਆਂ ਉੱਤੇ ਆਪਣੀਆਂ ਕੁਰਸੀਆਂ ਡਾਹੁਣ ਦਾ ਰਾਹ ਪੱਧਰਾ ਕਰ ਲਿਆ ਹੈ।

ਸੰਪਰਕ: 98789-50565

Advertisement
×