DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗਿਲ਼ੇ ਸ਼ਿਕਵੇ ਮੁਕਾ ਤੁਰ ਗਿਆ ਚੰਦ ਫ਼ਤਿਹਪੁਰੀ

ਪੰਝੀ ਕੁ ਵਰ੍ਹੇ ਪਹਿਲਾਂ ਜਦੋਂ ਮੈਂ ਪਹਿਲੀ ਵਾਰ ‘ਨਵਾਂ ਜ਼ਮਾਨਾ’ ਦੀਆਂ ਪੌੜੀਆਂ ਚੜ੍ਹਿਆ ਤਾਂ ਕਾਮਰੇਡ ਜਗਜੀਤ ਸਿੰਘ ਆਨੰਦ ਦੇ ਮਗਰਲੇ ਪਾਸੇ ਖ਼ਬਰਾਂ ਵਾਲੀ ਮੇਜ਼ ’ਤੇ ਬੈਠਾ ਇਕਹਿਰੇੇ ਸਰੀਰ ਵਾਲਾ ਬੰਦਾ ਤਪਾਕ ਦੇਣੇ ਬੋਲਿਆ, ‘‘ਹਾਂ ਦੱਸ... ਕੀਹਨੂੰ ਮਿਲਣੈ... ਕੀ ਚਾਹੀਦੈ...?’’ ਇਕਦਮ...

  • fb
  • twitter
  • whatsapp
  • whatsapp
Advertisement

ਪੰਝੀ ਕੁ ਵਰ੍ਹੇ ਪਹਿਲਾਂ ਜਦੋਂ ਮੈਂ ਪਹਿਲੀ ਵਾਰ ‘ਨਵਾਂ ਜ਼ਮਾਨਾ’ ਦੀਆਂ ਪੌੜੀਆਂ ਚੜ੍ਹਿਆ ਤਾਂ ਕਾਮਰੇਡ ਜਗਜੀਤ ਸਿੰਘ ਆਨੰਦ ਦੇ ਮਗਰਲੇ ਪਾਸੇ ਖ਼ਬਰਾਂ ਵਾਲੀ ਮੇਜ਼ ’ਤੇ ਬੈਠਾ ਇਕਹਿਰੇੇ ਸਰੀਰ ਵਾਲਾ ਬੰਦਾ ਤਪਾਕ ਦੇਣੇ ਬੋਲਿਆ, ‘‘ਹਾਂ ਦੱਸ... ਕੀਹਨੂੰ ਮਿਲਣੈ... ਕੀ ਚਾਹੀਦੈ...?’’

ਇਕਦਮ ਰੁੱਖਾ ਸੁਭਾਅ। ਮੈਂ ਡਰਿਆ ਜਿਹਾ ਹੋਰ ਡਰ ਗਿਆ। ਕੰਬਦੇ ਬੋਲਾਂ ਨਾਲ ਦੱਸਿਆ, ‘‘ਲੇਖ ਲੈ ਕੇ ਆਇਆਂ।’’ ਪਤਾ ਨਹੀਂ ਮੈਂ ਕਿਹੋ ਜਿਹਾ ਲਿਖਾਰੀ ਸੀ ਤੇ ਪਤਾ ਨਹੀਂ ਉਸ ਨੇ ਕਿਵੇਂ ਛਾਪਿਆ ਜਾਂ ਛਪਵਾਇਆ ਸੀ, ਪਰ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਉਹ ਬੰਦਾ ਚੰਦ ਫ਼ਤਿਹਪੁਰੀ ਹੈ। ਇਉਂ ਹੀ ਬੋਲਦਾ, ਇਉਂ ਹੀ ਰਹਿੰਦਾ।

Advertisement

ਮੈਂ ‘ਨਵਾਂ ਜ਼ਮਾਨਾ’ ਮੈਗਜ਼ੀਨ ’ਚ ਕੰਮ ਕਰਨ ਲੱਗਾ ਤਾਂ ਉਸ ਦੇ ਅੱਖੜ ਸੁਭਾਅ ਬਾਰੇ ਹੋਰ ਵੀ ਕਈ ਕੁਝ ਪਤਾ ਲੱਗਦਾ ਰਿਹਾ। ਉਸ ਦਾ ਆਪਣਾ ਸੰਸਾਰ ਸੀ, ਆਪਣਾ ਤਰੀਕਾ। ਬੈਠੇ ਨੇ ਸੋਚਦੇ ਰਹਿਣਾ। ਮੈਂ ਸੋਚਦਾ ਸੀ ਕਿ ਚੰਦ ਦਾ ਸੁਭਾਅ ਸ਼ੇਅਰ ਮਾਰਕੀਟ ਵਰਗਾ ਹੈ- ਕਦੇ ਉੱਤੇ, ਕਦੇ ਥੱਲੇ।

Advertisement

ਸਮਾਂ ਬੀਤਦਾ ਰਿਹਾ ਤੇ ਕਈ ਮੌਕਿਆਂ ’ਤੇ ਕਈ ਕੁਝ ਹੁੰਦਾ ਰਿਹਾ ਤੇ ਜ਼ਿੰਦਗੀ ਦੇ ਸਫ਼ਰ ਵਿੱਚ ਕੁਝ ਮਿੱਠੀਆਂ ਕੁਝ ਸਲੂਣੀਆਂ ਯਾਦਾਂ ਜੁੜਦੀਆਂ ਰਹੀਆਂ। ਮੈਂ ਕਦੇ ਦੋ ਹਫ਼ਤਿਆਂ ਦੀ ਛੁੱਟੀ ਲਈ ਅਰਜ਼ੀ ਦੇਣੀ ਤਾਂ ਉਸ ਨੇ ਮੌਜ ਮੁਤਾਬਿਕ ਗੱਲ ਕਰਨੀ। ਉਹ ਪੈਂਦੀ ਸੱਟੇ ਦਸਤਖ਼ਤ ਵੀ ਕਰ ਸਕਦਾ ਸੀ ਤੇ ਪਟਾਕ ਦੇਣੀ ਨਾਂਹ ਵੀ ਕਰ ਸਕਦਾ ਸੀ। ਉਸ ਕੋਲ ਜਾਣ ਤੋਂ ਪਹਿਲਾਂ ਹੀ ਮੈਨੂੰ ਲਗਪਗ ਯਕੀਨ ਹੁੰਦਾ ਸੀ ਕਿ ਹੋਣੀ ਤਾਂ ਨਾਂਹ ਹੀ ਹੈ, ਪਰ ਜੇ ਕਦੇ ਹਾਂ ਹੋ ਜਾਂਦੀ ਤਾਂ ਮੈਨੂੰ ਬਹੁਤ ਹੈਰਾਨੀ ਹੁੰਦੀ।

ਸਭ ਦਫ਼ਤਰਾਂ ਵਿੱਚ ਕਈ ਕੁਝ ਚੱਲਦਾ ਹੈ। ਦੂਜਿਆਂ ਨਾਲ ਮੇਰੇ ਗੁੱਸੇ ਗਿਲ਼ੇ ਵੀ ਚੱਲਦੇ ਤੇ ਮੇਰੇ ਨਾਲ ਦੂਜਿਆਂ ਦੇ ਗੁੱਸੇ ਗਿਲ਼ੇ ਵੀ ਚੱਲਦੇ। ਇੱਕ ਮੌਕਾ ਐਸਾ ਆਇਆ ਕਿ ਮੈਂ ਟੁੱਟ ਜਿਹਾ ਗਿਆ ਤੇ ਦਫ਼ਤਰ ਨੂੰ ਫ਼ਤਹਿ ਬੁਲਾਉਣ ਦੀ ਸੋਚ ਲਈ, ਪਰ ਫਿਰ ਕੁਝ ਸਾਥੀਆਂ ਨੇ ਰੋਕ ਲਿਆ। ਚੰਦ ਦੇ ਮੈਂ ਬਹੁਤਾ ਨੇੜੇ ਕਦੇ ਵੀ ਨਹੀਂ ਸਾਂ, ਪਰ ਏਨਾ ਕੁ ਨੇੜ ਆਪਣੇ ਮਨ ਅੰਦਰ ਜ਼ਰੂਰ ਰੱਖਦਾ ਕਿ ਵੱਡੇ ਨੇ, ਅਸੀਂ ਇੱਕੋ ਜ਼ਿਲ੍ਹੇ ਦੇ ਹਾਂ ਤੇ ਪਿਛਲੇ ਕੁਝ ਵਰ੍ਹਿਆਂ ਤੋਂ ਉਹ ਸਾਡੀ ਅਖ਼ਬਾਰ ਦੇ ਸੰਪਾਦਕ ਨੇ।

ਚੰਦ ਫ਼ਤਿਹਪੁਰੀ ਨੂੰ ਕੁਝ ਵਰ੍ਹਿਆਂ ਤੋਂ ਕੈਂਸਰ ਨੇ ਘੇਰਿਆ ਹੋਇਆ ਸੀ, ਪਰ ਉਹ ਸਿਰੜੀ ਸੀ। ਅੰਮ੍ਰਿਤਸਰ ਤੋਂ ਦਵਾਈ ਲਿਆਉਂਦਾ ਤੇ ਸਿੱਧਾ ਦਫ਼ਤਰ ਆ ਪਹੁੰਚਦਾ। ਉਸ ਦਾ ਸਰੀਰ ਸੁੱਕ ਰਿਹਾ ਸੀ, ਪਰ ਸਭ ਤਰੀਕੇ ਪਹਿਲਾਂ ਵਾਲੇ ਸਨ। ਛੇ ਕੁ ਮਹੀਨੇ ਪਹਿਲਾਂ ਦੁਪਹਿਰੇ ਮੈਨੂੰ ਫੋਨ ਆਇਆ, ‘‘ਕਿੱਥੇ ਐਂ ਟਹਿਣੇ?’’

ਮੈਂ ਕਿਹਾ, ‘‘ਅੱਜ ਸ਼ਨਿੱਚਰਵਾਰ ਹੈ, ਮੇਰੀ ਛੁੱਟੀ ਹੈ, ਦੱਸੋੋ?’’

‘‘ਮਿਲਣਾ ਸੀ ਜ਼ਰੂਰੀ। ਕਦੋਂ ਕੁ ਆ ਸਕਦੈਂ?’’

‘‘ਜੇ ਕੋਈ ਬਹੁਤ ਜ਼ਰੂਰੀ ਗੱਲ ਹੈ ਤਾਂ ਮੈਂ ਘੰਟੇ ਕੁ ’ਚ ਆ ਜਾਂਦਾਂ।’’ ਮੈਂ ਕਿਹਾ।

‘‘ਹਾਂ ਐਮਰਜੈਂਸੀ ਹੀ ਐ। ਅੱਜ ਹੀ ਆਜਾ।’’

ਮੈਂ ਪੌਣੇ ਘੰਟੇ ’ਚ ਦਫ਼ਤਰ ਪਹੁੰਚ ਗਿਆ। ਚੰਦ, ਐਡਵੋਕੇਟ ਗੁਰਮੀਤ ਸ਼ੁਗਲੀ ਵਾਲੇ ਕਮਰੇ ’ਚ ਬੈਠਾ ਮੈਨੂੰ ਉਡੀਕ ਰਿਹਾ ਸੀ। ਅੱਜ ਉਹ ਪਹਿਲਾਂ ਵਾਲਾ ਚੰਦ ਨਹੀਂ ਸੀ। ਮੈਨੂੰ ਕੋਲ ਬਿਠਾ ਕੇ ਕਹਿੰਦਾ, ‘‘ਮੈਂ ਪਿਛਲਾ ਸਭ ਕੁਝ ਖ਼ਤਮ ਕਰਨਾ ਚਾਹੁੰਦਾਂ।’’ ਮੈਂ ਹੈਰਾਨ ਸੀ ਕਿ ਇਹ ਸਭ ਕੀ ਤੇ ਕਿਵੇਂ ਹੋ ਰਿਹਾ ਹੈ। ਚੰਦ ਨੇ ਗੱਲ ਜਾਰੀ ਰੱਖੀ, ‘‘ਮੈਨੂੰ ਸਿਹਤ ਦੀ ਸਮੱਸਿਆ ਹੈ ਤੇ ਮੈਂ ਮਰਨ ਤੋਂ ਪਹਿਲਾਂ ਸਭ ਨਾਲ ਸਭ ਤਰ੍ਹਾਂ ਦੇ ਗਿਲ਼ੇ ਸ਼ਿਕਵੇ ਖ਼ਤਮ ਕਰਨੇ ਚਾਹੁੰਦਾਂ। ਤੂੰ ਵੈੱਬ ਟੀ.ਵੀ. ਸੰਭਾਲ। ਮੈਂ ਚਾਹੁੰਦਾਂ ਮੇਰਾ ਪੁੱਤ ਪ੍ਰਿੰਸ ਮੇਰੇ ਮਗਰੋਂ ਇੱਥੇ ਰਹੇ ਤੇ ਤੂੰ ਉਹਦੇ ਤੋਂ ਕੰਮ ਕਰਾਵੇਂ।’’

ਮੈਂ ਕਿਹਾ, ‘‘ਤੁਸੀਂ ਵੱਡੇ ਹੋ, ਜੋ ਗੱਲਾਂਂ ਤੁਸੀਂ ਕਹੀਆਂ ਨੇ ਉਨ੍ਹਾਂ ਤੋਂ ਅੱਗੇ ਹੁਣ ਮੇਰੇ ਕੋਲ ਬੋਲਣ ਲਈ ਕੁਝ

ਵੀ ਨਹੀਂ। ਤੁਸੀਂ ਜਿਵੇਂ ਕਹੋਗੇ, ਮੈਂ ਹਾਜ਼ਰ ਹਾਂ। ਜੇ ਡਾਕਟਰੀ ਮਦਦ ਲਈ ਕੁਝ ਕਰ ਸਕਦਾ ਹੋਇਆ ਤਾਂ ਵੀ ਦੱਸਿਓ।’’

ਉਹਨੇ ਭਾਵੁਕਤਾ ਵਿੱਚ ਕਾਫ਼ੀ ਕੁਝ ਕਿਹਾ। ਮੈਂ ਸੁਣਦਾ ਰਿਹਾ। ਮੈਂ ਵੀ ਭਾਵੁਕ ਹੋ ਗਿਆ, ਪਰ ਪਤਾ ਨਾ ਲੱਗਣ ਦਿੱਤਾ। ਉਸ ਦੇ ਆਖ਼ਰੀ ਸ਼ਬਦ ਸਨ, ‘‘ਸਾਰੀਆਂ ਪੁਰਾਣੀਆਂ ਗੱਲਾਂ ਖ਼ਤਮ ਕਰ ਤੇ ਕੰਮ ਖਿੱਚ ਕੇ ਕਰਨਾ।’’

ਮੈਂ ਇੱਕ ਡਾਕਟਰ ਨਾਲ ਵੀ ਉਸ ਦੀ ਗੱਲ ਕਰਵਾਈ। ਉਸ ਨੇ ਡਾਕਟਰ ਨੂੰ ਸਾਰੀ ਗੱਲ ਦੱਸੀ। ਅਗਲੇ ਦਿਨ ਇੱਕ ਦਵਾਈ ਮੰਗਾਈ। ਖ਼ੈਰ...।

ਚੰਦ ਹੁਣ ਹੋਰਾਂ ਨਾਲ ਵੀ ਬਦਲਿਆ ਨਜ਼ਰ ਆਉਂਦਾ ਸੀ। ਉਹ ਗੱਲਾਂ ਕਰਦਾ ਤੇ ਦਵਾਈ ਬੂਟੀ ਬਾਰੇ ਦੱਸਦਾ ਰਹਿੰਦਾ ਸੀ। ਮੈਂ ਮਨ ਹੀ ਮਨ ਸੋਚਦਾ, ‘ਬੰਦੇ ਦਾ ਕੁਝ ਪਤਾ ਨਹੀਂ। ਜਿਹੜੇ ਕਮਰੇ ਵਿੱਚ ਅਸੀਂ ਗੱਲਾਂ ਕੀਤੀਆਂ ਉੱਥੇ ਬੈਠਣ ਵਾਲੇ ਸ਼ੁਗਲੀ ਜੀ ਨਹੀਂ ਰਹੇ। ਥੋੜ੍ਹੇ ਮਹੀਨਿਆਂ ਬਾਅਦ ਉਨ੍ਹਾਂ ਦਾ ਪੁੱਤਰ ‘ਨਵਾਂ ਜ਼ਮਾਨਾ’ ਦਾ ਟਰੱਸਟੀ ਐਡਵੋਕੇਟ ਰਜਿੰਦਰ ਮੰਡ ਤੁਰ ਗਿਆ। ਜਦੋਂ ਪਤਾ ਹੀ ਨਹੀਂ ਕਿ ਕੱਲ੍ਹ ਨੂੰ ਮੇਖ ’ਤੇ ਕੀਹਦੀ ਫੋਟੋ ਟੰਗੀ ਹੋਣੀ ਤਾਂ ਰੌਲਾ ਕਾਹਦਾ, ਵੈਰ ਕਾਹਦਾ!’ ਤੇ ਹੁਣ ਉਹ ਚੰਦ ਫ਼ਤਿਹਪੁਰੀ ‘ਹੈ’ ਤੋਂ ‘ਸੀ’ ਹੋ ਗਿਆ। ਮੈਂ ਖ਼ੁਦ ਹਸਪਤਾਲ ਸਾਂ ਕਿ ਮਗਰੋਂ ਚੰਦ ਦੇ ਛਿਪਣ ਦੀ ਖ਼ਬਰ ਆ ਗਈ। ਮਨ ਉਦਾਸਿਆ ਗਿਆ। ਉਹ ਚੰਦ ਜਿਹੜਾ ਗਿਲ਼ੇ ਮੁਕਾ ਚੁੱਕਾ ਸੀ, ਉਹ ਮੱਠਾ ਜਿਹਾ ਗਿਲ਼ਾ ਛੱਡ ਤੁਰ ਗਿਆ। ਤੁਰ ਤਾਂ ਮੈਂ ਵੀ ਜਾਣਾ, ਸਭ ਨੇ ਜਾਣਾ, ਪਰ ਪਤਾ ਨਹੀਂ ਹੁਣ ਫਿਰ ਉਹਦੀ ਕੀ ਮਜਬੂਰੀ ਸੀ, ਮੇਰੇ ਨਾਲ ਕੁਝ ਨਾਰਾਜ਼ਗੀ ਜਿਹੀ ਸੀ। ਮੈਂ ਇੱਕ ਵਾਰ ਫਿਰ ਉਹਦੇ ਨਾਲ ਬੈਠਣ ਦਾ ਇੱਛੁਕ ਸਾਂ, ਸਿਹਤ ਬਾਰੇ ਪੁੱਛਣਾ ਚਾਹੁੰਦਾ ਸਾਂ। ਹਰ ਇੱਛਾ ਪੂਰੀ ਨਹੀਂ ਹੁੰਦੀ...। ਖ਼ੈਰ, ਅੱਜ ਐਤਵਾਰ 27 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿੱਚ ਚੰਦ ਫ਼ਤਿਹਪੁਰੀ ਦਾ ਸ਼ਰਧਾਂਜਲੀ ਸਮਾਗਮ ਹੈ। ਮੈਂ ਵੀ ਪਹੁੰਚਾਂਗਾ। ਉਹ ਵੱਡਾ ਸੀ, ਸੰਪਾਦਕ ਸੀ, ਸ਼ਿਕਵੇ ਮਿਟਾਉਣ ਵਾਲਾ ਸੀ। ਸ਼ਾਇਦ ਉਹਦੇ ਵੱਲੋਂ ਆਖ਼ਰੀ ਮੁਲਾਕਾਤ ’ਚ ਕਹੀਆਂ ਗੱਲਾਂ ਮੈਂ ਕਦੇ ਸਾਂਝੀਆਂ ਨਾ ਕਰ ਸਕਾਂ।

ਹਾਂ ਸੱਚ, ਚੰਦ ਦਾ ਉਸ ਦਿਨ ਪੁੱਤ ਪ੍ਰਤੀ ਫ਼ਿਕਰ ਮੇਰੇ ਆਪਣੇ ਫ਼ਿਕਰ ਵਰਗਾ ਸੀ, ਜਦੋਂ ਮੈਂ ਨਵਾਂ ਨਵਾਂ ਆਇਆ ਸਾਂ। ਮਾੜਚੂ ਜਿਹਾ। ਜਗਜੀਤ ਸਿੰਘ ਆਨੰਦ ਹੋਰਾਂ ਨੇ ਕਹਿਣਾ, ‘‘ਇਹ ਕਾਕਾ ਤਾਂ ਰੱਬ ਤੋਂ ਚੋਰੀ ਚੋਰੀ ਸਾਹ ਲੈਂਦਾ ਲੱਗਦਾ ਹੈ।’’ ਇੱਕ ਦਿਨ ਡਲਹੌਜ਼ੀ ਬੈਠੇ ਉਹ ਲਿਖਾਈ ਜਾਣ ਤੇ ਮੈਂ ਲਿਖੀ ਗਿਆ। ਲਿਖਦਾ ਲਿਖਦਾ ਮੈਂ ਭਾਵੁਕ ਹੋ ਗਿਆ। ਆਨੰਦ ਹੋਰੀਂ ਬੋਲੇ, ‘‘ਗੱਤਾ ਪਰ੍ਹੇ ਰੱਖ... ਗੱਲ ਕੀ ਐ ਇਹ ਦੱਸ।’’ ਮੈਂ ਫਿੱਸ ਪਿਆ ਤੇ ਕਿਹਾ, ‘‘ਲੱਗਦਾ ਨਹੀਂ ਮੇਰੇ ਪੈਰ ਲੱਗਣਗੇ। ਕਈ ਕੁਝ ਝੱਲ ਰਿਹਾਂ। ਮੈਨੂੰ ਕਹਿੰਦੇ ਨੇ ਕਿ ਤੈਨੂੰ ਭਜਾ ਦੇਣਾ।’’ ਉਹ ਹੱਸੇ, ‘‘ਤੂੰ ਸਰੀਰ ਵਾਂਗ ਦਿਮਾਗੋਂ ਵੀ ਪਤਲਾ ਐਂ... ਇਹ ਕੁਝ ਤਾਂ ਚੱਲਦਾ ਈ ਰਹਿਣੈ। ਜਦੋਂ ਮੈਂ ਦੋ ਮਹੀਨਿਆਂ ਪਿੱਛੋਂ ਬਾਹਰੋਂ ਵਾਪਸ ਮੁੜਦਾਂ ਤਾਂ ਮੇਰੇ ਨਾਲ ਵੀ ਬੜਾ ਕੁਝ ਹੁੰਦੈ...।’’

ਇਹ ਕਹਿ ਕੇ ਉਹ ਹੱਸ ਪਏ ਤੇ ਕਹਿੰਦੇ, ‘‘ਭੱਜੀਦਾ ਨਹੀਂ ਹੁੰਦਾ। ਖੜ੍ਹਨ ਵਾਲੇ ਦਾ ਮੁੱਲ ਹੁੰਦੈ। ਪੱਤਰਕਾਰੀ ’ਚ ਹਰ ਮੋੜ ’ਤੇ ਐਵੇਂ ਹੀ ਹੋਣੈ...।’’

ਮੈਂ ਗੱਲ ਪੱਲੇ ਬੰਨ੍ਹ ਲਈ ਕਿ ਭੱਜੀਦਾ ਨਹੀਂ ਹੁੰਦਾ...। ਜ਼ਿੰਦਗੀ ਦੇ ਮੈਦਾਨ ’ਤੇ ਸਾਰੇ ਭੱਜਦੇ ਨਹੀਂ, ਸਾਰੇ ਖੜ੍ਹਦੇ ਵੀ ਨਹੀਂ। ਚੰਦ ਵਰਗੇ ਬੰਦੇ ਵੀ ਨਹੀਂ ਭੱਜੇ ਤੇ ਕਈ ਹੋਰ ਵੀ ਡਟੇ ਰਹੇ...।

ਖ਼ੈਰ, ਰੌਲੇ, ਸ਼ਿਕਵੇ ਮੁੱਕਣੇ ਹੀ ਚਾਹੀਦੇ ਨੇ, ਮੁਕਾ ਦੇਣੇ ਚੰਗੇ ਹੁੰਦੇ ਨੇ। ਅਗਲੇ ਪਲ ਕੀ ਪਤਾ ਕੀਹਦੀ ਖ਼ਬਰ ਆ ਜਾਵੇ।

ਈ-ਮੇਲ: swarntehna1@gmail.com

ਚੰਦ ਫ਼ਤਹਿਪੁਰੀ, ਐਡਵੋਕੇਟ ਗੁਰਮੀਤ ਸ਼ੁਗਲੀ ਤੇ ਕਾਮਰੇਡ ਗੁਰਮੀਤ ਨਾਲ ਸਮੁੱਚਾ ਦਫ਼ਤਰੀ ਸਟਾਫ਼।
ਚੰਦ ਫ਼ਤਹਿਪੁਰੀ, ਐਡਵੋਕੇਟ ਗੁਰਮੀਤ ਸ਼ੁਗਲੀ ਤੇ ਕਾਮਰੇਡ ਗੁਰਮੀਤ ਨਾਲ ਸਮੁੱਚਾ ਦਫ਼ਤਰੀ ਸਟਾਫ਼।
Advertisement
×