ਗਾਜ਼ਾ ਤੋਂ ਪਾਰ: ਇਜ਼ਰਾਈਲ ਫ਼ਲਸਤੀਨ ਸਬੰਧ
ਕਿਸੇ ਦੀ ਕੋਈ ਵੀ ਕੌਮੀਅਤ ਜਾਂ ਧਰਮ ਹੋਵੇ- ਹਰ ਸਮਝਦਾਰ ਸ਼ਖ਼ਸ ਨੇ ਸੁਖ ਦਾ ਸਾਹ ਲਿਆ ਹੈ ਕਿ ਆਖ਼ਰਕਾਰ ਗਾਜ਼ਾ ਵਿੱਚ ਜੰਗਬੰਦੀ ਹੋ ਗਈ ਹੈ, ਬਾਕੀ ਬਚੇ ਇਜ਼ਰਾਇਲੀ ਬੰਧਕਾਂ ਨੂੰ ਹਮਾਸ ਨੇ ਰਿਹਾਅ ਕਰ ਦਿੱਤਾ ਹੈ, ਇਜ਼ਰਾਇਲੀ ਫ਼ੌਜ ਅਤੇ ਹਵਾਈ ਸੈਨਾ ਨੇ ਆਪਣਾ ਘਿਨਾਉਣਾ ਯੁੱਧ ਹਾਲ ਦੀ ਘੜੀ ਰੋਕ ਦਿੱਤਾ ਹੈ, ਖ਼ਾਧ ਖ਼ੁਰਾਕ ਤੇ ਦਵਾਈਆਂ ਦੇ ਨਾਲ ਨਾਲ ਹੋਰ ਰਸਦ ਬੁਰੀ ਤਰ੍ਹਾਂ ਘਿਰੇ ਅਤੇ ਲਤਾੜੇ ਗਏ ਫ਼ਲਸਤੀਨੀਆਂ ਤੱਕ ਪਹੁੰਚ ਸਕਦੀ ਹੈ। ਉਂਝ, ਨਾਲ ਹੀ ਹਰ ਸਮਝਦਾਰ ਸ਼ਖ਼ਸ ਜਾਣਦਾ ਹੈ ਕਿ ਇਹ ਜੰਗਬੰਦੀ ਮਾਮੂਲੀ ਪਹਿਲਾ ਕਦਮ ਹੈ ਅਤੇ ਸ਼ਾਂਤੀ ਤੇ ਨਿਆਂ ਦੀ ਰਾਹ ਔਖੀ ਅਤੇ ਪੇਚੀਦਾ ਬਣੀ ਹੋਈ ਹੈ, ਜਿਸ ਵਿੱਚ ਬਹੁਤ ਸਾਰੀਆਂ ਔਕੜਾਂ ’ਤੇ ਪਾਰ ਪਾਉਣਾ ਪਵੇਗਾ।
ਜੰਗਬੰਦੀ ਤੋਂ ਕੁਝ ਹਫ਼ਤੇ ਪਹਿਲਾਂ ਮੈਂ ਦੋ ਕਿਤਾਬਾਂ ਪੜ੍ਹ ਰਿਹਾ ਸੀ। ਦੋਵਾਂ ਵਿਚਲੇ ਕੁਝ ਬਹੁਤ ਹੀ ਜ਼ਬਰਦਸਤ ਅੰਸ਼ ਦੱਸਦੇ ਹਨ ਕਿ ਗਾਜ਼ਾ ਜੰਗਬੰਦੀ ਤੋਂ ਬਾਅਦ ਕੀ ਹੋ ਸਕਦਾ ਹੈ ਜਾਂ ਫਿਰ ਠੋਸ ਰੂਪ ਵਿੱਚ ਕੀ ਹੋਣਾ ਚਾਹੀਦਾ ਹੈ। ਦੋਵੇਂ ਕਿਤਾਬਾਂ 1980ਵਿਆਂ ਦੇ ਸ਼ੁਰੂ ਵਿੱਚ ਲਿਖੀਆਂ ਗਈਆਂ ਸਨ ਅਤੇ ਦੋਵਾਂ ਦਾ ਕੈਨਵਸ ਬਹੁਤ ਵਿਆਪਕ ਹੈ ਜਿਨ੍ਹਾਂ ਵਿੱਚ ਇਜ਼ਰਾਇਲੀਆਂ ਅਤੇ ਫ਼ਲਸਤੀਨੀਆਂ ਵਿਚਕਾਰ ਸੰਘਰਸ਼ ਮਹਿਜ਼ ਇੱਕ ਝਲਕੀ ਹੈ। ਫਿਰ ਵੀ ਚਾਲੀ ਸਾਲ ਜਾਂ ਇਸ ਤੋਂ ਵੀ ਵੱਧ ਅਰਸਾ ਪਹਿਲਾਂ ਇਸ ਸੰਘਰਸ਼ ਮੁਤੱਲਕ ਉਨ੍ਹਾਂ ਵਿੱਚ ਲਿਖੀਆਂ ਗੱਲਾਂ ਨੂੰ ਅੱਜ ਚੇਤੇ ਕੀਤਾ ਜਾਂਦਾ ਹੈ।
ਪਹਿਲੀ ਕਿਤਾਬ ਮਾਣਮੱਤੇ ਦੱਖਣੀ ਅਫਰੀਕੀ ਸੁਤੰਤਰਤਾ ਸੰਗਰਾਮੀ ਜੋਅ ਸਲੋਵੋ ਦੀ ਆਤਮਕਥਾ ਹੈ। ਯੂਰਪ ਵਿੱਚ ਯਹੂਦੀਆਂ ਦਾ ਸੰਤਾਪ ਹੋਰ ਵਧ ਗਿਆ ਤਾਂ ਲਿਥੂਆਨੀਆ ਵਿੱਚ ਜਨਮਿਆ ਸਲੋਵੋ 1930ਵਿਆਂ ਵਿੱਚ ਆਪਣੇ ਪਰਿਵਾਰ ਸਮੇਤ ਜੋਹੈੱਨਸਬਰਗ ਜਾ ਵੱਸਿਆ ਜਿੱਥੇ ਜਲਾਵਤਨੀ ਤੋਂ ਪਹਿਲਾਂ 1960ਵਿਆਂ ਦੀ ਸ਼ੁਰੂਆਤ ਤੱਕ ਰਹਿੰਦਾ ਰਿਹਾ। ਨਸਲਪ੍ਰਸਤ ਹਕੂਮਤ ਦੇ ਪਤਨ ਦੇ ਬਾਅਦ ਉਹ ਦੱਖਣੀ ਅਫ਼ਰੀਕਾ ਪਰਤ ਆਇਆ ਅਤੇ ਕੈਂਸਰ ਦੀ ਬਿਮਾਰੀ ਨਾਲ ਜੂਝਦਿਆਂ ਫ਼ੌਤ ਹੋਣ ਤੱਕ ਉਹ ਥੋੜ੍ਹੇ ਸਮੇਂ ਲਈ ਨੈਲਸਨ ਮੰਡੇਲਾ ਦੀ ਸਰਕਾਰ ਵਿੱਚ ਮਕਾਨ ਉਸਾਰੀ ਮੰਤਰੀ ਰਿਹਾ।
ਸਲੋਵੋ ਦੀ ਕਿਤਾਬ ਮੁੱਖ ਤੌਰ ’ਤੇ ਦੋ ਗੱਲਾਂ ’ਤੇ ਕੇਂਦਰਿਤ ਹੈ: ਕਮਿਊਨਿਸਟ ਪਾਰਟੀ ਵਿੱਚ ਉਸ ਦੀ ਸਰਗਰਮੀ ਤੇ ਵਿਆਪਕ ਨਸਲਪ੍ਰਸਤੀ ਵਿਰੋਧੀ ਸੰਘਰਸ਼ ਅਤੇ ਗੋਰੇ ਦੱਖਣੀ ਅਫ਼ਰੀਕੀ ਸ਼ਾਸਨ ਦੇ ਨਸਲਵਾਦੀ ਵਿਹਾਰ ਤੇ ਦੰਡਕਾਰੀ ਤੌਰ ਤਰੀਕੇ। ਇਨ੍ਹਾਂ ਵਿਸ਼ਿਆਂ ਉੱਪਰ ਆਉਣ ਤੋਂ ਪਹਿਲਾਂ ਉਹ ਸਾਨੂੰ ਇਹ ਦੱਸਦਾ ਹੈ ਕਿ ਦੂਜੀ ਆਲਮੀ ਜੰਗ ਦੇ ਆਖ਼ਰੀ ਪੜਾਅ ਵਿੱਚ ਉਸ ਨੇ ਇਟਲੀ ਵਿੱਚ ਕਿਵੇਂ ਸੇਵਾ ਨਿਭਾਈ ਸੀ। ਜੰਗ ਮੁੱਕਣ ਮਗਰੋਂ ਫਾਰਗ ਹੋਣ ਤੋਂ ਪਹਿਲਾਂ ਉਸ ਨੇ ਕੁਝ ਹੋਰ ਮਹੀਨੇ ਯੂਰਪ ਵਿੱਚ ਗੁਜ਼ਾਰੇ।
ਦੱਖਣੀ ਅਫਰੀਕਾ ਪਰਤਦਿਆਂ ਉਹ ਰਾਹ ਵਿੱਚ ਫ਼ਲਸਤੀਨ ਰੁਕੇ। ਯਹੂਦੀ ਹੋਣ ਨਾਤੇ ਉਹ ਦੇਖਣਾ ਚਾਹੁੰਦਾ ਸੀ ਕਿ ਕਿਬੱਤਜ਼ (ਇਜ਼ਰਾਈਲ ਦਾ ਇੱਕ ਕਿਸਾਨ ਭਾਈਚਾਰਾ) ਕਿਵੇਂ ਚੱਲ ਰਿਹਾ ਹੈ। 1946 ਵਿੱਚ ਤਲ ਅਵੀਵ ਨੇੜੇ ਇੱਕ ਕਮਿਊਨ ਦੀ ਆਪਣੀ ਫੇਰੀ ਬਾਰੇ ਸਲੋਵੋ ਲਿਖਦਾ ਹੈ ਕਿ ‘ਲਾਂਭੇ ਤੋਂ ਦੇਖਣ ’ਤੇ ਕਿਬੱਤਜ਼ ਸਮਾਜਵਾਦੀ ਜੀਵਨ ਸ਼ੈਲੀ ਦਾ ਪ੍ਰਤੀਕ ਨਜ਼ਰ ਆਉਂਦਾ ਸੀ। ਇਸ ਨੂੰ ਮੁੱਖ ਤੌਰ ’ਤੇ ਪੱਛਮੀ ਮਹਾਨਗਰਾਂ ਵਿੱਚ ਕਮਾਈਆਂ ਕਰ ਕੇ ਅਮੀਰ ਹੋਏ ਯਹੂਦੀਆਂ ਦੇ ਆਦਰਸ਼ਵਾਦੀ ਧੀਆਂ ਪੁੱਤਰਾਂ ਨੇ ਵਸਾਇਆ ਸੀ। ਉਹ ਇਸ ਗੱਲ ਦੇ ਧਾਰਨੀ ਸਨ ਕਿ ਮਹਿਜ਼ ਇੱਛਾ ਸ਼ਕਤੀ ਅਤੇ ਮਾਨਵਤਾਵਾਦ ਦੇ ਅਭਿਆਸ ਨਾਲ ਤੁਸੀਂ ਇੱਕ ਕਾਰਖਾਨੇ ਜਾਂ ਕਿਬੱਤਜ਼ ਵਿੱਚ ਸਮਾਜਵਾਦ ਦਾ ਨਿਰਮਾਣ ਕਰ ਸਕਦੇ ਹੋ...।’ ਇਹ ਇਸ ਤਜਰਬੇ ਦਾ ਮਹਿਜ਼ ਇੱਕ ਨੇਕ ਪਾਸਾ ਸੀ। ਸਲੋਵੋ ਲਿਖਦਾ ਹੈ ਕਿ ਜਿਉਂ ਹੀ ਕੋਈ ਨੇੜਿਓਂ ਦੇਖਦਾ ਸੀ ਤਾਂ ਕਿਬੱਤਜ਼ ਅਤੇ ਹੋਰ ਭਾਈਚਾਰਿਆਂ ਦੇ ਮਨਾਂ ’ਤੇ ਬਾਈਬਲ ਦਾ ਇਹ ਸਿਧਾਂਤ ਭਾਰੂ ਦਿਸਦਾ ਸੀ ਕਿ ਫ਼ਲਸਤੀਨ ਦੀ ਜ਼ਮੀਨ ਉੱਪਰ ਹਰ ਯਹੂਦੀ ਨੂੰ ਆਪਣਾ ਦਾਅਵਾ ਕਰਨਾ ਚਾਹੀਦਾ ਹੈ ਅਤੇ ਉਸ ਲਈ ਲੜਨਾ ਚਾਹੀਦਾ ਹੈ ਤੇ ਜੇ ਇਸ ਦਾ ਮਤਲਬ (ਜਿਵੇਂ ਕਿ ਆਖ਼ਰ ਹੋਇਆ ਵੀ) ਉਨ੍ਹਾਂ ਲੱਖਾਂ ਲੋਕਾਂ ਨੂੰ ਉਜਾੜਨਾ ਅਤੇ ਖਦੇੜਨਾ ਹੈ ਜੋ ਇਸ ਧਰਤੀ ਉੱਪਰ ਪਿਛਲੇ 5000 ਸਾਲਾਂ ਤੋਂ ਕਾਬਜ਼ ਹਨ ਤਾਂ ਇਹ ਬਹੁਤ ਤਰਸਯੋਗ ਗੱਲ ਹੈ।’
1980ਵਿਆਂ ਵਿੱਚ ਲਿਖੀਆਂ ਆਪਣੀਆਂ ਯਾਦਾਂ ਵਿੱਚ ਸਲੋਵੋ ਨੇ 1940 ਦੇ ਦਹਾਕੇ ਵਿੱਚ ਉਸ ਵਿਚਾਰਧਾਰਾ ਦੀ ਜਿੱਤ ਦੇ ਸਿੱਟਿਆਂ ਉੱਪਰ ਝਾਤ ਪੁਆਈ ਜਿਸ ਦਾ ਪਾਸਾਰ ਉਸ ਨੇ ਕਿਬੱਤਜ਼ ਵਿੱਚ ਦੇਖਿਆ ਸੀ। ਉਹ ਟਿੱਪਣੀ ਕਰਦਾ ਹੈ: ‘ਕੁਝ ਹੀ ਸਾਲਾਂ ਦੇ ਅੰਦਰ ਸਥਿਰਤਾ ਅਤੇ ਵਿਸਤਾਰ ਦੇ ਯੁੱਧ ਸ਼ੁਰੂ ਹੋ ਗਏ। ਸਿਤਮਜ਼ਰੀਫ਼ੀ ਇਹ ਹੈ ਕਿ ਕਤਲੇਆਮ ਦੀ ਭਿਆਨਕਤਾ ਫ਼ਲਸਤੀਨ ਦੇ ਮੂਲ ਵਾਸੀਆਂ ਖ਼ਿਲਾਫ਼ ਕਤਲੇਆਮ ਦੀਆਂ ਜ਼ਾਇਨਿਸਟ (ਇਜ਼ਰਾਈਲ ਨੂੰ ਆਧੁਨਿਕ ਯਹੂਦੀ ਰਾਜ ਬਣਾਉਣ ਪੱਖੀ) ਕਾਰਵਾਈਆਂ ਨੂੰ ਜਾਰੀ ਰੱਖਣ ਦੀ ਵਾਜਬੀਅਤ ਬਣ ਗਈ ਹੈ।’
ਜਿਹੜੀ ਦੂਜੀ ਕਿਤਾਬ ਮੈਂ ਪੜ੍ਹ ਰਿਹਾ ਹਾਂ, ਉਹ ਮਹਾਨ ਮੈਕਸਿਕਨ ਲੇਖਕ ਓਕਟਾਵੀਓ ਪਾਜ਼ ਵੱਲੋਂ ਲਿਖੇ ਗਏ ਲੇਖਾਂ ਦਾ ਸੰਗ੍ਰਹਿ ਹੈ। ਇਸ ਕਿਤਾਬ ਵਿੱਚ ਫ਼ਲਸਤੀਨ ਦਾ ਸੰਖੇਪ ਪਰ ਸਪੱਸ਼ਟ ਵਰਣਨ ਹੈ। ਦਰਅਸਲ, ਪਾਜ਼ ਸਾਹਿਤ ਦਾ ਨੋਬੇਲ ਪੁਰਸਕਾਰ ਜੇਤੂ ਅਤੇ ਸਬੱਬ ਨਾਲ ਭਾਰਤ ਵਿੱਚ ਮੈਕਸਿਕੋ ਦਾ ਸਫ਼ੀਰ ਰਹਿ ਚੁੱਕਿਆ ਹੈ। ਕਿਤਾਬ ਦਾ ਸਿਰਲੇਖ ਹੈ ‘ਵਨ ਅਰਥ, ਫੋਰ ਔਰ ਫਾਈਵ ਵਰਲਡਜ਼: ਰਿਫਲੈਕਸ਼ਨਜ਼ ਆਨ ਕੰਟੈਂਪਰੇਰੀ ਹਿਸਟਰੀ’ (ਇੱਕ ਧਰਤੀ, ਚਾਰ ਜਾਂ ਪੰਜ ਜਗਤ: ਸਮਕਾਲੀ ਇਤਿਹਾਸ ਬਾਰੇ ਸਮੀਖਿਆ)। 1983 ਵਿੱਚ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਉੱਤਰੀ ਤੇ ਦੱਖਣੀ ਅਮਰੀਕਾ ਅਤੇ ਭਾਰਤ ਦੀ ਰਾਜਨੀਤੀ ਤੇ ਸਭਿਆਚਾਰ ਬਾਰੇ ਲੇਖ ਹਨ। ਦਰਅਸਲ, ਮੱਧ ਪੂਰਬ ਬਾਰੇ ਉਹ ਬਹੁਤ ਹੀ ਸਟੀਕ ਵਿਚਾਰ ਪ੍ਰਗਟਾਉਂਦਾ ਹੈ।
1960ਵਿਆਂ ਅਤੇ 1970ਵਿਆਂ ਵਿੱਚ ਫ਼ਲਸਤੀਨੀ ਗੁਰੀਲਿਆਂ ਹੱਥੋਂ ਇਜ਼ਰਾਇਲੀ ਅਥਲੀਟਾਂ ਦੀ ਹੱਤਿਆ ਅਤੇ ਇਜ਼ਰਾਇਲੀ ਜਹਾਜ਼ਾਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਾਪਰੀਆਂ ਸਨ। ਪਾਜ਼ ਨੇ ਪੀਐੱਲਓ ਅਤੇ ਫ਼ਲਸਤੀਨੀ ਸਵੈ-ਨਿਰਣੇ ਦੇ ਹੱਕ ਲਈ ਲੜਨ ਵਾਲੇ ਹੋਰਨਾਂ ਗਰੁੱਪਾਂ ਵੱਲੋਂ ਕੀਤੀਆਂ ਅਤਿਵਾਦੀ ਕਾਰਵਾਈਆਂ ਨੂੰ ਅਸਵੀਕਾਰ ਕੀਤਾ ਸੀ। ਜਿਵੇਂ ਕਿ ਉਸ ਨੇ ਪ੍ਰਵਾਨ ਕੀਤਾ ਹੈ, ‘‘ਇਹ ਸੱਚ ਹੈ ਕਿ ਆਪਣੇ ਹੱਕ ਲਈ ਲੜਨ ਦੇ ਫ਼ਲਸਤੀਨੀ ਤਰੀਕੇ ਬਿਨਾਂ ਕਿਸੇ ਅਪਵਾਦ ਦੇ ਨਿੰਦਾਜਨਕ ਰਹੇ ਹਨ ਤੇ ਉਨ੍ਹਾਂ ਦੀ ਕੱਟੜਵਾਦ ਅਤੇ ਹਠਧਰਮੀ ਵਾਲੀ ਨੀਤੀ ਰਹੀ ਹੈ।’ ਉਂਝ, ਉਸ ਨੇ ਆਖਿਆ ਹੈ ‘ਇਹ ਸਭ ਕਿੰਨੇ ਵੀ ਘਿਨਾਉਣੇ ਕਿਉਂ ਨਾ ਹੋਣ ਤਾਂ ਵੀ ਉਨ੍ਹਾਂ ਦੀ ਰਾਜ ਦੀ ਖ਼ਾਹਿਸ਼ ਦੀ ਵਾਜਬੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।’ ਪਾਜ਼ ਨੇ ਇਹ ਵੀ ਲਿਖਿਆ ਹੈ ਕਿ ‘1980ਵਿਆਂ ਵਿੱਚ ਇਜ਼ਰਾਇਲੀ ਹਠਧਰਮੀ ਫ਼ਲਸਤੀਨੀ ਆਗੂਆਂ ਦੀ ਕੱਟੜਤਾ ਅਤੇ ਉਸ਼ਟੰਡਪੁਣੇ ਦੇ ਸਿੱਕੇ ਦਾ ਦੂਜਾ ਪਾਸਾ ਰਹੀ ਹੈ।’
ਪਾਜ਼ ਕਹਿੰਦਾ ਹੈ ਕਿ ‘ਯਹੂਦੀ ਅਤੇ ਅਰਬ ਇੱਕੋ ਤਣੇ ਦੀਆਂ ਟਹਿਣੀਆਂ ਹਨ’, ਉਹ ਪੁੱਛਦਾ ਹੈ: ‘ਜੇ ਉਹ ਅਤੀਤ ਵਿੱਚ ਇੱਕ ਦੂਜੇ ਨਾਲ ਮਿਲ ਕੇ ਰਹਿ ਸਕਣ ਵਿੱਚ ਕਾਮਯਾਬ ਰਹੇ ਤਾਂ ਹੁਣ ਉਹ ਇੱਕ ਦੂਜੇ ਨੂੰ ਕਿਉਂ ਮਾਰ ਰਹੇ ਹਨ? ਇਸ ਭਿਆਨਕ ਸੰਘਰਸ਼ ਵਿੱਚ ਅੜੀ ਆਤਮਘਾਤੀ ਬਣ ਗਈ ਹੈ। ਇਨ੍ਹਾਂ ’ਚੋਂ ਕੋਈ ਵੀ ਧਿਰ ਮੁਕੰਮਲ ਜਿੱਤ ਹਾਸਿਲ ਨਹੀਂ ਕਰ ਸਕਦੀ ਅਤੇ ਆਪਣੇ ਦੁਸ਼ਮਣ ਦਾ ਸਫ਼ਾਇਆ ਨਹੀਂ ਕਰ ਸਕਦੀ। ਯਹੂਦੀਆਂ ਤੇ ਫ਼ਲਸਤੀਨੀਆਂ ਨੂੰ ਇੱਕ ਦੂਜੇ ਨਾਲ ਰਹਿਣ ਦਾ ਸਰਾਪ ਮਿਲਿਆ ਹੋਇਆ ਹੈ।’
ਜਿਸ ਸਮੇਂ ਪਾਜ਼ ਇਹ ਲਿਖ ਰਿਹਾ ਸੀ ਤਾਂ ਉਸ ਸਮੇਂ ਕੁਝ ਲੋਕ ਫ਼ਲਸਤੀਨ ਵਿੱਚ ਸਮੱਸਿਆ ਦੇ ਸੰਭਾਵੀ ਦੋ ਮੁਲਕੀ ਹੱਲ ਬਾਰੇ ਸੋਚ ਰਹੇ ਸਨ। ਇਜ਼ਰਾਇਲੀਆਂ ਨੇ 1967 ਵਿੱਚ ਆਪਣੇ ਕਬਜ਼ੇ ਵਾਲੇ ਖੇਤਰਾਂ ਨੂੰ ਛੱਡਣ ਦਾ ਕੋਈ ਸੰਕੇਤ ਨਹੀਂ ਦਿੱਤਾ ਜਦੋਂਕਿ ਫ਼ਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਇਹ ਮੰਨਣ ਦੇ ਰੌਂਅ ਵਿੱਚ ਨਹੀਂ ਸੀ ਕਿ 1967 ਤੋਂ ਪਹਿਲਾਂ ਦੀਆਂ ਸਰਹੱਦਾਂ ਦੇ ਅੰਦਰ ਵੀ ਇਜ਼ਰਾਈਲ ਨੂੰ ਟਿਕੇ ਰਹਿਣ ਦਾ ਕੋਈ ਅਧਿਕਾਰ ਹੈ। ਫਿਰ ਵੀ ਇਸ ਮੈਕਸਿਕਨ ਲੇਖਕ ਜਾਪਦਾ ਸੀ ਕਿ ਦੋਵੇਂ ਧਿਰਾਂ ਦਾ ਸਮਝੌਤਾ ਨਾ ਕਰਨ ਵਾਲਾ ਰੁਖ਼ ਅਨੈਤਿਕ ਹੋਣ ਦੇ ਨਾਲ ਨਾਲ ਅਵਿਹਾਰਕ ਵੀ ਸੀ। ਉਸ ਦਾ ਸਪੱਸ਼ਟ ਕਹਿਣਾ ਸੀ ਕਿ ‘ਭਿਆਨਕ ਸੰਘਰਸ਼ ਕੋਈ ਫ਼ੌਜੀ ਹੱਲ ਨਹੀਂ ਹੋ ਸਕਦਾ; ਇਹ ਹੱਲ ਰਾਜਨੀਤਕ ਹੋਣਾ ਚਾਹੀਦਾ ਹੈ ਅਤੇ ਕਿਸੇ ਅਜਿਹੇ ਸਿਧਾਂਤ ਉੱਪਰ ਆਧਾਰਿਤ ਹੋਣਾ ਚਾਹੀਦਾ ਹੈ ਜੋ ਸ਼ਾਂਤੀ ਅਤੇ ਨਿਆਂ ਦੀ ਗਾਰੰਟੀ ਦਿੰਦਾ ਹੋਵੇ: ਯਹੂਦੀਆਂ ਵਾਂਗ ਫ਼ਲਸਤੀਨੀਆਂ ਨੂੰ ਵੀ ਆਪਣਾ ਮੁਲਕ ਬਣਾਉਣ ਦਾ ਹੱਕ ਹੈ।’
ਪਾਜ਼ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਘਰਸ਼ ਦਾ ਸਥਾਈ ਹੱਲ ਇਹ ਹੈ ਕਿ ਫ਼ਲਸਤੀਨੀਆਂ ਅਤੇ ਯਹੂਦੀਆਂ ਦਾ ਆਪੋ ਆਪਣਾ ਮੁਲਕ ਹੋਵੇ। ਇਸ ਤੋਂ ਇੱਕ ਦਹਾਕਾ ਬਾਅਦ ਪੀਐੱਲਓ ਅਤੇ ਇਜ਼ਰਾਇਲੀ ਸਰਕਾਰ ਨੇ ਸੰਧੀ ਉੱਪਰ ਦਸਤਖ਼ਤ ਕੀਤੇ ਜਿਸ ਨੂੰ ਓਸਲੋ ਸੰਧੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੀਐੱਲਓ ਨੇ ਇਜ਼ਰਾਈਲ ਦੀ ਹੋਂਦ ਨੂੰ ਮਾਨਤਾ ਦਿੱਤੀ ਜਦੋਂਕਿ ਇਜ਼ਰਾਈਲ ਨੇ ਇਹ ਪ੍ਰਵਾਨ ਕੀਤਾ ਕਿ ਫ਼ਲਸਤੀਨੀਆਂ ਦਾ ਆਪਣਾ ਦੇਸ਼ ਹੋਣਾ ਜ਼ਰੂਰੀ ਹੈ ਜੋ ਕਿ ਪੱਛਮੀ ਕੰਢੇ ਅਤੇ ਗਾਜ਼ਾ ਪੱਟੀ ਨੂੰ ਮਿਲਾ ਕੇ ਬਣਾਇਆ ਜਾਵੇ। ਪਿਛਲੇ ਤੀਹ ਸਾਲਾਂ ਦੌਰਾਨ ਇਜ਼ਰਾਈਲ ਰਾਜਨੀਤਕ, ਆਰਥਿਕ ਅਤੇ ਖੇਤਰੀ ਤੌਰ ’ਤੇ ਬਹੁਤ ਤਾਕਤਵਰ ਹੋਇਆ ਹੈ ਅਤੇ ਫ਼ਲਸਤੀਨੀਆਂ ਨੇ ਓਸਲੋ ਸੰਧੀ ਵਿੱਚ ਰਾਜ ਦੇ ਸੁਪਨੇ ਦਾ ਕੀਤਾ ਗਿਆ ਵਾਅਦਾ ਹਰ ਕਦਮ ’ਤੇ ਰੱਦ ਹੁੰਦਾ ਦੇਖਿਆ ਹੈ। ਜ਼ਾਇਨਿਸਟ ਅਤਿਵਾਦੀਆਂ ਵੱਲੋਂ ਸ਼ਾਂਤੀ ਸਥਾਪਿਤ ਕਰਨ ਵਾਲੇ ਇਜ਼ਰਾਇਲੀ ਪ੍ਰਧਾਨ ਮੰਤਰੀ ਯਿਤਜ਼ਾਕ ਰਬੀਨ ਦੀ ਹੱਤਿਆ ਪਹਿਲਾ ਝਟਕਾ ਸੀ। ਫਿਰ ਪੱਛਮ ਵੱਲ ਯਹੂਦੀ ਬਸਤੀਆਂ ਦਾ ਲਗਾਤਾਰ ਵਿਸਤਾਰ ਹੋਇਆ।
ਫ਼ਲਸਤੀਨੀ ਜ਼ਮੀਨ ’ਤੇ ਬਣੇ ਪੱਛਮੀ ਕੰਢੇ ਨੂੰ ਇਜ਼ਰਾਇਲੀ ਫ਼ੌਜ ਦੀ ਸਹਾਇਤਾ, ਹੱਲਾਸ਼ੇਰੀ ਤੇ ਸ਼ਹਿ ਨਾਲ ਬਸਤੀਆਂ ਵਸਾ ਕੇ ਹੜੱਪ ਲਿਆ ਗਿਆ। ਇਹ ਤੱਥ ਹੈ ਕਿ ਪੱਛਮੀ ਕੰਢਾ ਅਤੇ ਗਾਜ਼ਾ ਇੱਕ ਦੂਜੇ ਨਾਲ ਜੁੜੇ ਨਹੀਂ ਹੋਏ ਸਨ ਜੋ ਕਿ ਪਹਿਲਾਂ ਤੋਂ ਹੀ ਰਾਜ ਦੇ ਦਰਜੇ ਵਿੱਚ ਅੜਿੱਕਾ ਪਾਉਣ ਵਾਲਾ ਕਾਰਕ ਸੀ। ਪੱਛਮੀ ਕੰਢੇ ਨੂੰ ਇੱਕ ਯਹੂਦੀਆਂ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਤੇ ਸੁਰੱਖਿਅਤ ਖੇਤਰ ਅਤੇ ਦੂਜਾ ਪੀੜਤ ਫ਼ਲਸਤੀਨੀਆਂ ਨੂੰ ਦੋ ਵੱਖ-ਵੱਖ ਖੇਤਰਾਂ ਵਿੱਚ ਤਬਦੀਲ ਕਰਨ ਦਾ ਕਾਰਜ ਹੋਰ ਜ਼ਿਆਦਾ ਹਾਨੀਕਾਰਕ ਸਿੱਧ ਹੋਇਆ। ਇਸ ਸਥਿਤੀ ਨੇ ਦੱਖਣੀ ਅਫਰੀਕਾ ਦੇ ਨਸਲਪ੍ਰਸਤੀ ਦੇ ਦੌਰ ਦੀ ਯਾਦ ਦਿਵਾ ਦਿੱਤੀ।
ਯਹੂਦੀਆਂ ਅਤੇ ਫ਼ਲਸਤੀਨੀਆਂ ਵਿਚਕਾਰ ਸੰਘਰਸ਼ ਬਾਰੇ ਜੋਅ ਸਲੋਵੋ ਦੇ ਵਿਚਾਰ ਸ਼ਾਇਦ ਓਕਟਾਵੀਓ ਪਾਜ਼ ਦੇ ਵਿਚਾਰਾਂ ਨਾਲੋਂ ਵੀ ਜ਼ਿਆਦਾ ਦੂਰਦਰਸ਼ੀ ਸਨ, ਜੋ ਉਸ ਨੇ 1980ਵਿਆਂ ਵਿੱਚ ਪ੍ਰਗਟਾਏ ਸਨ। ਜੇ ਪਾਜ਼ ਅੱਜ ਜਿਊਂਦਾ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਸਵੀਕਾਰ ਕਰਦਾ ਕਿ ਹਮਾਸ ਦੇ ਤਰੀਕੇ ਜੋ ਵੀ ਹੋਣ, ਅਤੀਤ ਦੇ ਫ਼ਲਸਤੀਨੀ ਗੁਰੀਲਿਆਂ ਦੇ ਤੌਰ ਤਰੀਕਿਆਂ ਨਾਲੋਂ ਜ਼ਿਆਦਾ ਕੱਟੜਵਾਦੀ ਅਤੇ ਘਿਨਾਉਣੇ ਹਨ; ਤੇ ਫਿਰ ਵੀ ਉਸ ਨੇ ਇਸ ਗੱਲ ’ਤੇ ਜ਼ੋਰ ਦੇਣਾ ਸੀ ਕਿ ਇਹ ਇਜ਼ਰਾਇਲੀ ਫ਼ੌਜ ਵੱਲੋਂ ਕੀਤੀਆਂ ਘ੍ਰਿਣਤ ਕਾਰਵਾਈਆਂ ਜਾਂ ਫ਼ਲਸਤੀਨੀਆਂ ਨੂੰ ਉਨ੍ਹਾਂ ਦੇ ਦੇਸ਼ ਬਣਾਉਣ ਦੇ ਹੱਕ ਤੋਂ ਵਾਂਝੇ ਕਰਨ ਦਾ ਕੋਈ ਬਹਾਨਾ ਜਾਂ ਆਧਾਰ ਨਹੀਂ ਬਣਾਏ ਜਾ ਸਕਦੇ। ਆਪਣੀ ਕਿਤਾਬ ਵਿੱਚ ਇੱਕ ਥਾਂ ਓਕਟਾਵੀਓ ਪਾਜ਼ ਟਿੱਪਣੀ ਕਰਦਾ ਹੈ: ‘ਦੂਜੀ ਸੰਸਾਰ ਜੰਗ ਦੌਰਾਨ ਆਂਦਰੇ ਬ੍ਰੈਟਨ ਨੇ ਲਿਖਿਆ, ‘ਦੁਨੀਆ ਨੂੰ ਯਹੂਦੀ ਲੋਕਾਂ ਦੇ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।’ ਜਿਉਂ ਹੀ ਮੈਂ ਇਹ ਪੜ੍ਹਿਆ ਤਾਂ ਇਹ ਮੇਰੇ ਦਿਲ ਵਿੱਚ ਉਤਰ ਗਿਆ। ਚਾਲੀ ਸਾਲਾਂ ਬਾਅਦ ਮੈਂ ਕਹਾਂਗਾ: ‘ਇਜ਼ਰਾਈਲ ਨੂੰ ਫ਼ਲਸਤੀਨੀਆਂ ਦੇ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।’
ਚਾਲੀ ਸਾਲਾਂ ਬਾਅਦ ਅਜੇ ਵੀ ਲਿਖਦਿਆਂ ਮੈਂ ਪਾਜ਼ ਦੇ ਫਤਵਿਆਂ ਦੀ ਪ੍ਰੋੜਤਾ ਕਰਦੇ ਹੋਏ ਦੋ ਵਾਧੇ ਕਰਨਾ ਚਾਹਾਂਗਾ। ਪਹਿਲ ਇਹ ਕਿ ਯਹੂਦੀਆਂ ਦੇ ਘੱਲੂਘਾਰੇ ਤੋਂ ਬਾਅਦ ਦੁਨੀਆ ਦੇ ਬਹੁਤੇ ਹਿੱਸੇ ਨਹੀਂ ਸਗੋਂ ਪੱਛਮੀ ਤੇ ਪੂਰਬੀ ਯੂਰਪ ਦੇ ਦੇਸ਼ ਖ਼ਾਸ ਤੌਰ ’ਤੇ ਯਹੂਦੀ ਲੋਕਾਂ ਦੇ ਹਰਜੇ ਦੀ ਭਰਪਾਈ ਕਰਨ ਦੇ ਜ਼ਿੰਮੇਵਾਰ ਸਨ। ਦੂਜਾ, ਸਾਲ 2025 ਵਿੱਚ ਇਹ ਹੋਰ ਵੀ ਸਪੱਸ਼ਟ ਹੋ ਗਿਆ ਹੈ ਕਿ ਇਜ਼ਰਾਈਲ ਅਸਲ ਵਿੱਚ ਫ਼ਲਸਤੀਨੀਆਂ ਦੇ ਨੁਕਸਾਨ ਦੀ ਭਰਪਾਈ ਕਰਨ ਦਾ ਜ਼ਿੰਮੇਵਾਰ ਹੈ ਤੇ ਇਉਂ ਹੀ ਇਜ਼ਰਾਈਲ ਦੀਆਂ ਵਿਸਤਾਰਵਾਦੀ ਅਤੇ ਬਸਤੀਵਾਦੀ ਨੀਤੀਆਂ ਦੀ ਹਮਾਇਤ ਕਰਨ ਵਾਲੇ ਵਾਲੇ ਦੇਸ਼ ਜਿਵੇਂ ਬਰਤਾਨੀਆ, ਫਰਾਂਸ, ਜਰਮਨੀ ਅਤੇ ਸਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਵੀ ਹਨ।
ਈ-ਮੇਲ: ramachandraguha@yahoo.in
