... ਤੇ ਹੁਣ ਜਵਾਬ ਵੀ ਧੀਆਂ ਹੀ ਦੇਣ ?
ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸੇਫ ਵਿਜੈ ਦੀ ਸ਼ਨਿੱਚਰਵਾਰ ਨੂੰ ਕੋਯਮਬੇਡੂ ਬੱਸ ਅੱਡੇ ’ਤੇ ਇੱਕ ਬੱਸ ਵਿੱਚ ਔਰਤਾਂ ਦੀਆਂ ਸਿਫ਼ਰ ਕਿਰਾਏ ਦੀਆਂ ਟਿਕਟਾਂ ਕੱਟਣ ਦੀ ਤਸਵੀਰ ਅਖ਼ਬਾਰਾਂ ਵਿੱਚ ਛਪੀ ਹੈ। ਗਾਂਧੀ ਜੈਯੰਤੀ ਮੌਕੇ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਯੋਜਨਾ ‘ਵੈਤਰੀ...
ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸੇਫ ਵਿਜੈ ਦੀ ਸ਼ਨਿੱਚਰਵਾਰ ਨੂੰ ਕੋਯਮਬੇਡੂ ਬੱਸ ਅੱਡੇ ’ਤੇ ਇੱਕ ਬੱਸ ਵਿੱਚ ਔਰਤਾਂ ਦੀਆਂ ਸਿਫ਼ਰ ਕਿਰਾਏ ਦੀਆਂ ਟਿਕਟਾਂ ਕੱਟਣ ਦੀ ਤਸਵੀਰ ਅਖ਼ਬਾਰਾਂ ਵਿੱਚ ਛਪੀ ਹੈ। ਗਾਂਧੀ ਜੈਯੰਤੀ ਮੌਕੇ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਯੋਜਨਾ ‘ਵੈਤਰੀ ਪਯਨਮ’ ਦੀ ਸ਼ੁਰੂਆਤ ਕਰਦਿਆਂ ਵਿਜੈ ਨੇ ਖ਼ੁਦ ਟਿਕਟਾਂ ਕੱਟ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਔਰਤਾਂ ਦੀ ਬਹੁਤ ਪਰਵਾਹ ਹੈ। ਤਾਮਿਲਨਾਡੂ ਕੋਈ ਪਹਿਲਾ ਅਜਿਹਾ ਸੂਬਾ ਨਹੀਂ, ਪੰਜਾਬ ਵਿੱਚ ਪਹਿਲਾਂ ਹੀ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਹੈ। ਪੰਜਾਬ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਦੇਸ਼ ਦੇ ਕਈ ਹੋਰ ਸੂਬਿਆਂ ਵਿੱਚ ਵੱਖ-ਵੱਖ ਨਾਵਾਂ ਹੇਠ ਚੱਲਦੀਆਂ ਸਕੀਮਾਂ ਰਾਹੀਂ ਔਰਤਾਂ ਨੂੰ ਸਹੂਲਤਾਂ ਅਤੇ ਰਿਆਇਤਾਂ ਦੇ ਕੇ ਸਿਆਸੀ ਪਾਰਟੀਆਂ ਆਪੋ-ਆਪਣਾ ਮਹਿਲਾ ਵੋਟ ਬੈਂਕ ਪੱਕਾ ਕਰਨਾ ਚਾਹੁੰਦੀਆਂ ਹਨ। ਔਰਤਾਂ ਦੀ ਭਲਾਈ ਲਈ ਕੰਮ ਕਰਨ ਅਤੇ ਉਸ ਨੂੰ ਪ੍ਰਚਾਰਨ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਜਦੋਂ ਵੀ ਸਮਾਜਿਕ, ਸਿਆਸੀ ਜਾਂ ਪੇਸ਼ੇਵਰ ਜ਼ਿੰਦਗੀ ਦੀ ਗੱਲ ਆਉਂਦੀ ਹੈ ਤਾਂ ਔਰਤਾਂ ਪ੍ਰਤੀ ਅਸਲ ਰਵੱਈਆ ਉੱਘੜ ਕੇ ਸਾਹਮਣੇ ਆਉਂਦਾ ਹੈ।
ਹਾਲ ਹੀ ਵਿੱਚ ਇੱਕ ਮਹਿਲਾ ਕਾਲਮਨਵੀਸ ਮੇਘਨਾ ਪੰਤ ਦੇ ‘ਦਿ ਟ੍ਰਿਬਿਉੂਨ’ ਵਿੱਚ ਛਪੇ ਇੱਕ ਲੇਖ ਦੇ ਸਿਰਲੇਖ ਨੇ ਮੇਰਾ ਧਿਆਨ ਖਿੱਚਿਆ। ਸਿਰਲੇਖ ਸੀ, ‘ਮੇਅ ਬੀ ਵੁਈ ਸ਼ੁਡ ਬੈਨ ਮੈੱਨ ਆਫਟਰ 7 ਪੀ ਐੱਮ’ (ਸ਼ਾਇਦ ਸਾਨੂੰ ਮਰਦਾਂ ਦੇ ਸੱਤ ਵਜੇ ਤੋਂ ਬਾਅਦ ਬਾਹਰ ਨਿਕਲਣ ’ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ)। ਉਸ ਦਾ ਇਹ ਲੇਖ ਜਮੂਈ ਅਤੇ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਰੋਹਪੂਰਨ ਪ੍ਰਤੀਕਰਮ ਸੀ। ਬਿਹਾਰ ਦੇ ਜਮੂਈ ਵਿੱਚ ਦਸਵੀਂ ਜਮਾਤ ’ਚ ਪੜ੍ਹਦੇ ਇੱਕ ਲੜਕਾ ਅਤੇ ਲੜਕੀ ਨੂੰ ਕੁਝ ਦਿਨ ਪਹਿਲਾਂ ਛੇ-ਸੱਤ ਬਦਮਾਸ਼ ਲੜਕਿਆਂ ਦੀ ਟੋਲੀ ਨੇ ਉਸ ਵੇਲੇ ਘੇਰ ਲਿਆ ਸੀ, ਜਦੋਂ ਉਹ ਕੋਚਿੰਗ ਕਲਾਸ ਤੋਂ ਸਕੂਟੀ ’ਤੇ ਇਕੱਠੇ ਵਾਪਸ ਆ ਰਹੇ ਸਨ। ਇਨ੍ਹਾਂ ਬਦਮਾਸ਼ਾਂ ਨੇ ਦੋਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਕੀਤੇ। ਲੜਕੇ ਨੂੰ ਸਕੂਟੀ ਤੋਂ ਉਤਾਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਲੜਕੀ ਨੂੰ ਘੇਰ ਕੇ ਨਾ ਕੇਵਲ ਬਦਤਮੀਜ਼ੀ ਕੀਤੀ ਸਗੋਂ ਉਸ ਨੂੰ ਗ਼ਲਤ ਢੰਗ ਨਾਲ ਛੂਹਿਆ ਵੀ। ਉਨ੍ਹਾਂ ਦੀ ਗੁੰਡਾਗਰਦੀ ਦੇਖੋ ਕਿ ਇਸ ਸਾਰੇ ਘਟਨਾਕ੍ਰਮ ਦੀ ਉਨ੍ਹਾਂ ਖ਼ੁਦ ਵੀਡੀਓ ਵੀ ਬਣਾਈ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਕੀਤਾ। ਸ਼ਾਇਦ ਉਨ੍ਹਾਂ ਲਈ ਦੇਸ਼ ਦਾ ਕਾਨੂੰਨ ਕੋਈ ਮਾਅਨੇ ਨਹੀਂ ਰੱਖਦਾ। ਦੇਸ਼ ਦਾ ਕਾਨੂੰਨ ਤਾਂ ਇਹ ਪਾਬੰਦੀ ਨਹੀਂ ਲਾਉਂਦਾ ਕਿ ਲੜਕਾ ਤੇ ਲੜਕੀ ਸਕੂਟੀ ’ਤੇ ਇਕੱਠੇ ਕਿਤੇ ਜਾ ਨਹੀਂ ਸਕਦੇ ਅਤੇ ਨਾ ਹੀ ਕਿਸੇ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਕੋਈ ਵੀ ਸੜਕ ’ਤੇ ਖੜੋ ਕੇ ਲੜਕੀ ਨੂੰ ਇਹ ਸਵਾਲ ਪੁੱਛੇ ਕਿ ਉਹ ਕਿਸ ਲੜਕੇ ਨਾਲ ਕਿਉਂ ਅਤੇ ਕਿੱਥੋਂ ਆ ਰਹੀ ਹੈ? ਪਰ ਇਸ ਟੋਲੀ ਨੇ ਅਜਿਹਾ ਹੀ ਕੀਤਾ। ਲੜਕੀ ਨੇ ਵਾਰ-ਵਾਰ ਪਲੀਜ਼...… ਪਲੀਜ਼...… ਕਹਿ ਕੇ ਉਨ੍ਹਾਂ ਨੂੰ ਬਥੇਰੇ ਵਾਸਤੇ ਪਾਏ ਕਿ ਉਹ ਉਸ ਨੂੰ ਉੱਥੋਂ ਜਾ ਲੈਣ ਦੇਣ ਪਰ ਮੂੰਹ ’ਤੇ ਪਰਨਾ ਲਪੇਟੀ ਨੰਦਨ ਯਾਦਵ ਨਾਂ ਦਾ ਬਦਮਾਸ਼ ਉਸ ਨੂੰ ਗ਼ਲਤ ਢੰਗ ਨਾਲ ਛੂੰਹਦਿਆਂ ਉੱਥੋਂ ਚੁੱਕ ਕੇ ਭੱਜ ਪਿਆ ਅਤੇ ਲੜਕੀ ਨੇ ਬਚਣ ਲਈ ਜ਼ੋਰ-ਜ਼ੋਰ ਨਾਲ ਚੀਕਾਂ ਮਾਰੀਆਂ। ਇਨ੍ਹਾਂ ਬਦਮਾਸ਼ਾਂ ਨੇ ਲੜਕਾ ਤੇ ਲੜਕੀ ਨੂੰ ਕਾਫ਼ੀ ਸਮਾਂ ਪ੍ਰੇਸ਼ਾਨ ਕੀਤਾ। ਇਸ ਮਾਮਲੇ ’ਚ ਪੁਲੀਸ ਨੇ ਮੁੱਖ ਮੁਲਜ਼ਮ ਸਮੇਤ ਕੁੱਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ‘ਪੋਕਸੋ’ ਕਾਨੂੰਨ ਤਹਿਤ ਐੱਫ ਆਈ ਆਰ ਦਰਜ ਕੀਤੀ ਹੈ।
ਇਹੋ ਜਿਹੀ ਘਟਨਾ ਕਿਸੇ ਵੀ ਸਮਾਜ ਲਈ ਸ਼ਰਮਿੰਦਗੀ ਦਾ ਕਾਰਨ ਹੋਣੀ ਚਾਹੀਦੀ ਹੈ। ਜਿੱਥੋਂ ਤੱਕ ਸਮਾਜ ਦੀ ਮਾਨਸਿਕਤਾ ਦੀ ਗੱਲ ਹੈ, ਜਮੂਈ ਕਾਂਡ ਨੂੰ ਲੈ ਕੇ ਮੁੱਖ ਮੁਲਜ਼ਮ ਨੰਦਨ ਯਾਦਵ ਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਲੜਕੀ ਉਸ ਵੇਲੇ ਲੜਕੇ ਨਾਲ ਕੀ ਕਰ ਰਹੀ ਸੀ। ਹੋਰ ਤਾਂ ਹੋਰ, ਔਰਤਾਂ ਨੇ ਵੀ ਉਨ੍ਹਾਂ ਬਦਮਾਸ਼ ਲੜਕਿਆਂ ਦਾ ਹੀ ਪੱਖ ਪੂਰਦਿਆਂ ਕਿਹਾ ਕਿ ਉਨ੍ਹਾਂ (ਬਦਮਾਸ਼ਾਂ) ਨੂੰ ਗ਼ਲਤ ਢੰਗ ਨਾਲ ਫਸਾਇਆ ਜਾ ਰਿਹਾ ਹੈ। ਉਨ੍ਹਾਂ ਵੀ ਲੜਕੀ ਦੇ ਉਸ ਵੇਲੇ (ਸ਼ਾਮ ਸੱਤ ਵਜੇ) ਲੜਕੇ ਨਾਲ ਹੋਣ ’ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਉਠਾਏ ਪਰ ਮੁੰਡਿਆਂ ਵੱਲੋਂ ਇੱਕ ਲੜਕੀ ਨਾਲ ਕੀਤੇ ਗਏ ਅਸ਼ਲੀਲ ਵਿਹਾਰ ਬਾਰੇ ਉਨ੍ਹਾਂ ਕੁਝ ਨਹੀਂ ਕਿਹਾ।
ਦਿੱਲੀ ਦੀ ਘਟਨਾ ਵਿੱਚ ਵੀ ਇੱਕ 17 ਸਾਲਾ ਲੜਕੀ ਨੂੰ ਤਿੰਨ ਵਿਅਕਤੀਆਂ ਨੇ ਉਦੋਂ ਬਲਾਤਕਾਰ ਦਾ ਸ਼ਿਕਾਰ ਬਣਾਇਆ ਜਦੋਂ ਉਹ ਆਪਣੇ ਮਿੱਤਰ ਨਾਲ ਪਾਰਕ ਵਿੱਚ ਘੁੰਮ ਰਹੀ ਸੀ। ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਪੁਲੀਸ ਦੀ ਵਰਦੀ ਪਾ ਕੇ ਪੁਲੀਸ ਵਾਲੇ ਹੋਣ ਦਾ ਢੋਂਗ ਰਚਿਆ ਹੋਇਆ ਸੀ। 21 ਸਤੰਬਰ ਨੂੰ ਦੱਖਣ-ਪੂਰਬੀ ਦਿੱਲੀ ਦੇ ਆਸਥਾ ਕੁੰਜ ਪਾਰਕ ’ਚ ਵਾਪਰੀ ਇਸ ਘਟਨਾ ਵਿੱਚ ਸ਼ਾਮਿਲ ਤਿੰਨਾਂ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ‘ਪੋਕਸੋ’ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਮਗਰੋਂ ਵੀ ਸਮਾਜ ਦੇ ਕਥਿਤ ‘ਸੰਸਕਾਰੀ’ ਲੋਕਾਂ ਦਾ ਪ੍ਰਤੀਕਰਮ ਇਹੀ ਸੀ ਕਿ ਉਹ ਦੇਰ ਸ਼ਾਮ ਵੇਲੇ ਪਾਰਕ ਵਿੱਚ ਲੜਕੇ ਨਾਲ ਕਿਉਂ ਘੁੰਮ ਰਹੀ ਸੀ? ਹਰ ਘਟਨਾ ਮਗਰੋਂ ਸਮਾਜ ਦਾ ਵਤੀਰਾ ਬਹੁਤਾ ਕਰਕੇ ਔਰਤ ਦੀ ਕਿਰਦਾਰਕੁਸ਼ੀ ਕਰਨ ਵਾਲਾ ਹੁੰਦਾ ਹੈ।
ਸਿਆਸਤ ਦੇ ਖੇਤਰ ਵਿੱਚ ਅੱਗੇ ਵਧਣ ਵਾਲੀਆਂ ਔਰਤਾਂ ਵੀ ਕਿਰਦਾਰਕੁਸ਼ੀ ਦੀ ਮਾਰ ਤੋਂ ਬਚੀਆਂ ਹੋਈਆਂ ਨਹੀਂ। ਗਾਜ਼ੀਆਬਾਦ ਦੇ ਦਸਨਾ ਦੇਵੀ ਮੰਦਿਰ ਦਾ ਮੁੱਖ ਪੁਜਾਰੀ ਯਤੀ ਨਰਸਿੰਘਾਨੰਦ ਸਰਸਵਤੀ ਹਿੰਦੂ ਸੰਗਠਨਾਂ ਦੇ ਬਹੁਤ ਨੇੜੇ ਮੰਨਿਆ ਜਾਂਦਾ ਹੈ, ਜਿਸ ਨੇ ਕਾਫ਼ੀ ਸਮਾਂ ਪਹਿਲਾਂ ਸਿਆਸਤ ’ਚ ਸਰਗਰਮ ਔਰਤਾਂ ਅਤੇ ਖ਼ਾਸ ਕਰਕੇ ਭਾਜਪਾ ਦੀਆਂ ਮਹਿਲਾ ਆਗੂਆਂ ਨੂੰ ਲੈ ਕੇ ਬਹੁਤ ਭੱਦੀਆਂ ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ। ਉਸ ਨੇ ਸਿਆਸਤ ’ਚ ਮਹਿਲਾ ਆਗੂਆਂ ਵੱਲੋਂ ਕੋਈ ਮੁਕਾਮ ਹਾਸਲ ਕਰਨ ਦਾ ਕਾਰਨ ਉਨ੍ਹਾਂ ਦੀ ਕਿਸੇ ਨਾ ਕਿਸੇ ਪੁਰਸ਼ ਸਿਆਸਤਦਾਨ ਨਾਲ ਨੇੜਤਾ ਨੂੰ ਦੱਸਿਆ ਸੀ।
ਅਜਿਹੀ ਮਾਨਸਿਕਤਾ ਵਾਲੇ ਪੁਰਸ਼ਾਂ ਲਈ ਔਰਤ ਦੀ ਕਾਬਲੀਅਤ ਦੇ ਕੋਈ ਮਾਅਨੇ ਨਹੀਂ ਹੁੰਦੇ। ਉਹ ਔਰਤ ਦੀ ਕਿਸੇ ਵੀ ਕਾਮਯਾਬੀ ਮਗਰੋਂ ਉਸ ਦੇ ਕਿਰਦਾਰ ’ਤੇ ਸਵਾਲ ਉਠਾਉਂਦੇ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਔਰਤ ਦੇ ਅੱਗੇ ਵਧਣ ਪਿੱਛੇ ਕਿਸੇ ਮਰਦ ਦੀ ਮਿਹਰਬਾਨੀ ਹੈ ਜਾਂ ਫਿਰ ਉਸ ਨੂੰ ਕਿਸੇ ਨੇ ਉਂਗਲੀ ਫੜ ਕੇ ਉਸ ਮੁਕਾਮ ਤੱਕ ਪਹੁੰਚਾਇਆ ਹੈ। ਹਾਲ ਹੀ ਵਿੱਚ ਪੰਜਾਬ ’ਚ ਸੱਤਾਧਾਰੀ ਪਾਰਟੀ ’ਤੇ ਕਿਸੇ ਮਹਿਲਾ ਆਗੂ ਨੂੰ ਮੰਤਰੀ ਵਾਲੇ ਬੰਗਲੇ ਵਿੱਚ ਠਹਿਰਾਉਣ ਦਾ ਦੋਸ਼ ਲਾ ਕੇ ਵਿਰੋਧੀ ਪਾਰਟੀ ਦੇ ਇੱਕ ਉੱਘੇ ਆਗੂ ਵੱਲੋਂ ਜਿਸ ਕਿਸਮ ਦੀ ਭਾਸ਼ਾ ਇਸ ਮਹਿਲਾ ਆਗੂ ਖ਼ਿਲਾਫ਼ ਵਰਤੀ ਗਈ ਹੈ, ਉਹ ਸੁਣ ਕੇ ਤੁਸੀਂ ਪ੍ਰੇਸ਼ਾਨ ਜ਼ਰੂਰ ਹੁੰਦੇ ਹੋ। ਜੇ ਕਿਧਰੇ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਸਵਾਲ ਪੁੱਛਣਾ ਤੁਹਾਡਾ ਹੱਕ ਹੈ, ਪਰ ਕੀ ਸਹੀ ਸਵਾਲ ਪੁੱਛਣ ਲਈ ਅਸੀਂ ਇਹੋ ਜਿਹੀ ਭਾਸ਼ਾ ਦਾ ਇਸਤੇਮਾਲ ਕਰਾਂਗੇ, ਜਿਸ ਨਾਲ ਕਿਸੇ ਔਰਤ ਦੇ ਸਨਮਾਨ ਨੂੰ ਠੇਸ ਪੁੱਜੇ? ਵਿਰੋਧੀ ਪਾਰਟੀ ਦੀ ਇੱਕ ਉੱਘੀ ਆਗੂ ਵੱਲੋਂ ਵੀ ਜਦੋਂ ਇਸ ਮੁੱਦੇ ’ਤੇ ਸਵਾਲ ਉਠਾਇਆ ਜਾ ਰਿਹਾ ਸੀ ਤਾਂ ਉਸ ਦਾ ਸਵਾਲ ਤਾਂ ਜਾਇਜ਼ ਸੀ, ਪਰ ਭਾਸ਼ਾ ਨਹੀਂ। ਕਾਸ਼! ਸਾਰੇ ਸਿਆਸਤਦਾਨਾਂ ਨੂੰ ਆਪਣੀ ਗੱਲ ਸੁਹਜ ਨਾਲ ਕਹਿਣ ਦੀ ਜਾਚ ਆ ਜਾਵੇ।
ਅੰਬਰਾਂ ’ਚ ਪਰਵਾਜ਼ ਭਰਨ ਦੀ ਖ਼ਾਹਿਸ਼ ਰੱਖਦੀਆਂ ਧੀਆਂ ਜਦੋਂ ਆਪਣੇ ਯਤਨਾਂ ’ਚ ਕਾਮਯਾਬ ਹੋ ਜਾਂਦੀਆਂ ਹਨ ਤਾਂ ਉਸ ਸਫ਼ਲਤਾ ਮਗਰੋਂ ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਹਨ ਕਿ ਪਿੱਤਰਸੱਤਾ ਵਾਲੀ ਸੋਚ ਕਿਵੇਂ ਧੀਆਂ ਨੂੰ ਅੱਗੇ ਵਧਣ ਤੋਂ ਰੋਕਦੀ ਹੈ। ਹਾਲ ਹੀ ਵਿੱਚ ਏਸ਼ਿਆਈ ਖੇਡਾਂ ਵਿੱਚ 4x400 ਮੀਟਰ ਰਿਲੇਅ ਦੌੜ ਵਿੱਚ ਹਿੱਸਾ ਲੈ ਕੇ ਦੇਸ਼ ਲਈ ਸੋਨ ਤਗਮਾ ਜਿੱਤਣ ਵਾਲੀ ਟੀਮ ’ਚ ਸ਼ਾਮਿਲ ਕਿਰਨ ਪਾਹਲ ਦੇ ਪਿਤਾ ਨੇ ਸੋਨੀਪਤ ਜ਼ਿਲ੍ਹੇ ’ਚ ਪੈਂਦੇ ਆਪਣੇ ਪਿੰਡ ਵਾਲਿਆਂ ਦਾ ਵਿਰੋਧ ਕਰ ਕੇ ਆਪਣੀ ਧੀ ਨੂੰ ਐਥਲੈਟਿਕਸ ’ਚ ਹਿੱਸਾ ਲੈਣ ਦੀ ਤਿਆਰੀ ਕਰਵਾਈ। ਪ੍ਰੈਕਟਿਸ ਲਈ ਪਾਏ ਜਾਂਦੇ ਉਸ ਦੇ ਕੱਪੜਿਆਂ ’ਤੇ ਪਿੰਡ ਵਾਲਿਆਂ ਨੂੰ ਇਤਰਾਜ਼ ਸੀ।
ਇਨ੍ਹਾਂ ਸਭ ਘਟਨਾਵਾਂ ਦੇ ਮੱਦੇਨਜ਼ਰ ਮੇਰਾ ਧਿਆਨ ਫਿਰ ਮੇਘਨਾ ਪੰਤ ਦੇ ਉਸ ਵੱਡੇ ਸੁਆਲ ’ਤੇ ਜਾਂਦਾ ਹੈ ਕਿ ਜਦੋਂ ਵੀ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਔਰਤਾਂ ਦੀ ਸੁਰੱਖਿਆ ਲਈ ਪਿੱਤਰਸੱਤਾ ਵੱਲੋਂ ਉਨ੍ਹਾਂ ਨੂੰ ਹੀ ਇਹ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ: ਦੇਰ ਰਾਤ ਘਰੋਂ ਬਾਹਰ ਨਹੀਂ ਨਿਕਲਣਾ, ਇਕੱਲੇ ਬਾਹਰ ਨਹੀਂ ਜਾਣਾ, ਇਹੋ ਜਿਹੇ ਕੱਪੜੇ ਨਹੀਂ ਪਹਿਨਣੇ, ਆਪਣੀ ਸੁਰੱਖਿਆ ਲਈ ਮਿਰਚ ਸਪਰੇਅ ਕੋਲ ਰੱਖੋ, ਆਪਣੀ ਲੋਕੇਸ਼ਨ ਸਾਂਝੀ ਕਰਨੀ ਹੈ, ਟਿਕਾਣੇ ’ਤੇ ਪਹੁੰਚ ਕੇ ਫੋਨ ਕਰਨਾ ਹੈ।
ਗੱਲ ਕੀ, ਜਿਨਸੀ ਹਿੰਸਾ ਦਾ ਸ਼ਿਕਾਰ ਵੀ ਔਰਤਾਂ ਹੀ ਹੋਣ, ਪਾਬੰਦੀਆਂ ਵੀ ਉਨ੍ਹਾਂ ’ਤੇ ਹੀ ਲੱਗਣ ਅਤੇ ਫਿਰ ਇਸ ਗੱਲ ਦਾ ਜਵਾਬ ਵੀ ਉਹੀ ਦੇਣ ਕਿ ਫਲਾਣੇ ਵੇਲੇ ਫਲਾਣੀ ਥਾਂ ’ਤੇ ਫਲਾਣੇ ਬੰਦੇ ਨਾਲ ਉਹ ਕੀ ਕਰ ਰਹੀਆਂ ਸਨ? ਸਮਾਜ ਮਰਦਾਂ ਨੂੰ ਇਹ ਕਿਉਂ ਨਾ ਕਹੇ, ‘‘ਬਈ ਬੰਦਿਓ! ਸੱਤ ਵਜੇ ਤੋਂ ਬਾਅਦ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਤਾਂ ਜੋ ਧੀਆਂ ਭੈਣਾਂ ਸੜਕਾਂ ’ਤੇ ਬੇਖ਼ੌਫ਼ ਤੁਰ ਸਕਣ।’’

