ਗੁਰਮੀਤ ਆਰਿਫ
ਕਥਾ ਪ੍ਰਵਾਹ
ਸਾਹਮਣੇ ਮੈਦਾਨ ’ਚ ਖੜ੍ਹਾ ਰਣਜੀਤ ਸਕੂਲ ਦੇ ਬੱਚਿਆਂ ਨੂੰ ਆਟੋਗ੍ਰਾਫ ਦੇ ਰਿਹੈ। ਕੋਈ ਹਾਕੀ ਅੱਗੇ ਕਰ ਰਿਹੈ, ਕੋਈ ਨੋਟ ਬੁੱਕ ਅਤੇ ਕੋਈ ਆਪਣੀ ਬਾਂਹ ’ਤੇ ਉਹਦਾ ਨਾਮ ਲਿਖਵਾਉਣ ਲਈ ਕਾਹਲੀ ਨਾਲ ਅੱਗੇ ਹੋ ਰਿਹੈ।
ਹੈੱਡਮਾਸਟਰ ਦਰਸ਼ਨ ਸਿੰਘ ਦੋ ਵਾਰੀ ਗੇੜਾ ਮਾਰ ਚੁੱਕੇ ਨੇ ਕਿ ਕਦੋਂ ਉਹ ਵਿਹਲਾ ਹੋਵੇ ਤੇ ਘੜੀ ਦੋ ਘੜੀ ਉਨ੍ਹਾਂ ਕੋਲ ਦਫ਼ਤਰ ’ਚ ਆ ਕੇ ਬੈਠੇ। ਕਿਸੇ ਮੁੰਡੇ ਦੇ ਮੋਬਾਈਲ ਫੋਨ ਤੋਂ ਸੈਲਫੀ ਲੈ ਕੇ ਹੱਥ ਹਿਲਾਉਂਦਾ ਉਹ ਦਫ਼ਤਰ ਵੱਲ ਆ ਰਿਹੈ। ਮੈਂ ਸਟਾਫ ਰੂਮ ਦੇ ਅੰਦਰ ਬੈਠਾ ਖਿੜਕੀ ਰਾਹੀਂ ਦੂਰੋਂ ਉਹਨੂੰ ਵੇਖ ਰਿਹਾਂ। ਜਿਵੇਂ ਜਿਵੇਂ ਉਹ ਮੇਰੇ ਨੇੜੇ ਆ ਰਿਹੈ ਤਾਂ ਕਈ ਸਾਲ ਪਹਿਲਾਂ ਧੁੰਦਲਾ ਹੋ ਚੁੱਕਾ ਰਣਜੀਤ ਦਾ ਅਕਸ ਮੈਨੂੰ ਸਾਫ਼ ਦਿਖਾਈ ਦੇਣ ਲੱਗਾ।
ਇੱਥੇ ਹੀ ਬਾਹਰ ਗਰਾਊਂਡ ’ਚ ਕਲਾਸ ਲਗਾ ਕੇ ਮੈਂ ਅੱਠਵੀਂ ਜਾਂ ਸ਼ਾਇਦ ਦਸਵੀਂ ਜਮਾਤ ਨੂੰ ਪੜ੍ਹਾ ਰਿਹਾ ਸਾਂ ਕਿ ਛੇਵੀਂ ਜਮਾਤ ਦਾ ਬੱਚਾ ਰੋਂਦਾ ਹੋਇਆ ਮੇਰੇ ਕੋਲ ਆ ਖੜ੍ਹਾ। ਉਨ੍ਹਾਂ ਦਾ ਕਲਾਸ ਇੰਚਾਰਜ ਦਰਸ਼ਨ ਸਿੰਘ ਸ਼ਾਇਦ ਉਦੋਂ ਕਲਾਸ ’ਚ ਹੈ ਨ੍ਹੀਂ ਸੀ।
“ਮਾਸਟਰ ਜੀ ਸਾਰੇ ਮੈਨੂੰ ਜ਼ੀਰੋ ਜ਼ੀਰੋ ਕਹਿ ਕੇ ਛੇੜਦੇ ਐ।” ਉਹ ਰੋਂਦਾ ਹੋਇਆ ਬੋਲਿਆ।
“ਕਿਉਂ ਕੀ ਹੋਇਐ…?”
“ਜੀ ਮੇਰੇ ਕਈ ਪੇਪਰਾਂ ’ਚੋਂ ਜ਼ੀਰੋ ਨੰਬਰ ਆਏ ਆ ਨਾ ਤਾਂ ਕਰਕੇ।”
“ਏਹ ਕਿਵੇਂ ਹੋਇਆ…?”
“ਜੀ ਮੇਰਾ ਭਾਪਾ ਠੀਕ ਨ੍ਹੀਂ ਰਹਿੰਦਾ, ਮੇਰੀ ਬੀਬੀ ਉਹਨੂੰ ਦਵਾਈ ਦਵਾਉਣ ਸ਼ਹਿਰ ਜਾਂਦੀ ਆ ਤੇ ਪਿੱਛੋਂ ਸਾਰਾ ਘਰ ਦਾ ਕੰੰਮ ਮੈਨੂੰ ਈ ਕਰਨਾ ਪੈਂਦਾ ’ਤਾਂ ਕਰਕੇ ਐਸ ਵਾਰੀ ਮੈਂ ਪੜ੍ਹ ਨ੍ਹੀਂ ਸਕਿਆ, ਪਰ ਮਾਸਟਰ ਜੀ ਕੀ ਜ਼ੀਰੋ ਦੀ ਕੋਈ ਕੀਮਤ ਨ੍ਹੀਂ ਹੁੰਦੀ?”
“ਜ਼ੀਰੋ ਦੀ ਕੀਮਤ ਹੁੰਦੀ ਆ… ਹੁੰਦੀ ਕਿਉਂ ਨ੍ਹੀਂ। ਤੂੰ ਚੱਲ ਕਲਾਸ ’ਚ ਮੈਂ ਦੱਸਦਾਂ ਆ ਕੇ।”
ਰਣਜੀਤ ਸ਼ਰਟ ਦੇ ਕਫ਼ ਨਾਲ ਅੱਖਾਂ ਪੂੰਝਦਾ ਕਲਾਸ ਵੱਲ ਭੱਜ ਗਿਆ। ਮੈਂ ਕਿਤਾਬ ਕੁਰਸੀ ’ਤੇ ਮੂਧੀ ਮਾਰ ਕੇ ਛੇਵੀਂ ਕਲਾਸ ਵੱਲ ਹੋ ਤੁਰਿਆ ਕਿਉਂਕਿ ਉਹਦੇ ਜਾਣ ਤੋਂ ਬਾਅਦ ਕਲਾਸ ਵਿਚ ਰੌਲਾ ਹੋਰ ਜ਼ਿਆਦਾ ਉੱਚਾ ਹੋ ਗਿਆ ਸੀ। ਕਲਾਸ ਦੇ ਦਰਵਾਜ਼ੇ ਕੋਲ ਪਹੁੰਚਦਿਆਂ ਈ ਮੈਨੂੰ ਵੇਖ ਕੇ ਸਾਰੇ ਛਾਪਲ ਗਏ ਸਨ।
“ਹਾਂ ਓਏ ਕਿਹੜਾ ਕਿਹੜਾ ਸੀ ਜਿਹੜਾ ਤੈਨੂੰ ਛੇੜਦਾ ਸੀ।” ਰਣਜੀਤ ਨੇ ਡਰਦਿਆਂ ਮਨੀਟਰ ਤੇ ਉਹਦੇ ਦੋ ਤਿੰਨ ਜੋੜੀਦਾਰਾਂ ਦੇ ਨਾਂ ਲਏ।
“ਕੀ ਗੱਲ ਉਏ ਤੂੰ ਬਹੁਤ ਪੜ੍ਹਾਕੂ ਐਂ। ਚੱਲ ਉੱਠ ਤਾਂਹ ਤੇ ਜਾ ਕੇ ਬੋਰਡ ’ਤੇ ਦਸ ਦੀ ਗਿਣਤੀ ਲਿਖ।” ਮਨੀਟਰ ਸਹਿਮ ਗਿਆ।
“ਮੈਂ ਕੀ ਕਿਹੈ…?”
ਉਹ ਡਰਦਿਆਂ ਉੱਠ ਖੜ੍ਹਾ ਤੇ ਬੋਰਡ ’ਤੇ ਜਾ ਕੇ ਦਸ ਲਿਖ ਦਿੱਤਾ।
“ਦਸੋ ਕਿੰਨੇ ਲਿਖੇ ਆ ਵਈ।” ਮੈਂ ਸਾਰਿਆਂ ਤੋਂ ਪੁੱਛਿਆ।
“ਜੀ ਦਸ ।” ਸਾਰਿਆਂ ਦੀ ਰਲੀ ਮਿਲੀ ਆਵਾਜ਼ ਆਈ, ਪਰ ਰਣਜੀਤ ਮੇਰੀ ਸ਼ਕਲ ਵੇਖ ਰਿਹਾ ਸੀ।
“ਹੁਣ ਐਂ ਕਰ…ਜ਼ੀਰੋ ਮਿਟਾ ਦੇ।” ਮਨੀਟਰ ਨੇ ਡਰਦਿਆਂ ਜ਼ੀਰੋ ’ਤੇ ਹੱਥ ਫੇਰ ਦਿੱਤਾ।
“ਹੁਣ ਕਿੰਨੇ ਆਂ….?”
“ਜੀ ਇਕ…।” ਸਾਰਿਆਂ ਨੇ ਇਕੋ ਸਾਹ ਜਵਾਬ ਦਿੱਤਾ, ਪਰ ਰਣਜੀਤ ਅਜੇ ਵੀ ਮੇਰੇ ਵੱਲ ਵੇਖੀ ਜਾ ਰਿਹਾ ਸੀ।
“ਹੁਣ ਦੱਸੋ ਇਕ ਵੱਡਾ ਹੁੰਦਾ ਕਿ ਦਸ ?”
“ਜੀ ਦਸ ਵੱਡੇ ਹੁੰਦੇ ਆ ।” ਰਣਜੀਤ ਝੱਟ ਬੋਲਿਆ।
“ਹਾਂ, ਤਾਂ ਬੱਚਿਓ ਜ਼ੀਰੋ ਦੀ ਬਦੌਲਤ ਹੀ ਇਕ ਦੀ ਕੀਮਤ ਦਸ ਹੋਈ ਸੀ। ਇਹਦਾ ਮਤਲਬ ਹਰ ਅੰਕ ਦੀ ਕੀਮਤ ਜ਼ੀਰੋ ਨਾਲ ਲੱਗਣ ਤੋਂ ਬਾਅਦ ਹੀ ਵਧਦੀ ਆ। ਬੇਟਾ ਸਫਲਤਾ ਜਿੰਨੀ ਮਰਜ਼ੀ ਵੱਡੀ ਹੋਵੇ ਉਹ ਛੋਟੀਆਂ ਛੋਟੀਆਂ ਅਸਫਲਤਾਵਾਂ ਦਾ ਹੀ ਨਤੀਜਾ ਹੁੰਦੀ ਆ। ਸੋ ਆਪਣੇ ਕਿਸੇ ਵੀ ਸਾਥੀ ਦਾ ਮਜ਼ਾਕ ਨ੍ਹੀਂ ਉਡਾਈਦਾ ਹੁੰਦਾ। ਜੇ ਅੱਜ ਰਣਜੀਤ ਦੀ ਪੇਪਰਾਂ ’ਚੋਂ ਜ਼ੀਰੋ ਆਈ ਆ ਤਾਂ ਕੀ ਪਤਾ ਕੱਲ੍ਹ ਨੂੰ ਉਹ ਤੁਹਾਡੇ ਸਾਰਿਆਂ ’ਚੋਂ ਫਸਟ ਆ ਜੇ, ਹੈ ਕਿ ਨਈਂ। ਹੁਣ ਕੋਈ ਵੀ ਏਹਦਾ ਮਜ਼ਾਕ ਨ੍ਹੀਂ ਉਡਾਊਗਾ। ਨਈਂ ਵਜੰਤਰ ਵੇਖ ਲਿਓ ਫਿਰਦਾ।”
ਮੇਰੀ ਝਿੜਕ ਨੇ ਇਕ ਦਿਨ ਤਾਂ ਬੱਚਿਆਂ ਨੂੰ ਚੁੱਪ ਕਰਵਾ ਦਿੱਤਾ ਸੀ, ਪਰ ਰਣਜੀਤ ਦੇ ਨਾਂ ਨਾਲੋਂ ਜ਼ੀਰੋ ਦੀ ਚੇੜ ਨ੍ਹੀਂ ਸੀ ਲਾਹ ਸਕੀ। ਜਦੋਂ ਅਧਿਆਪਕ ਖ਼ੁਦ ਈ ਬੱਚਿਆਂ ਨੂੰ ਅਜਿਹੇ ਨਾਵਾਂ ਨਾਲ ਬੁਲਾਉਣ ਲੱਗ ਜਾਣ ਤਾਂ ਬਾਕੀ ਬੱਚਿਆਂ ਨੂੰ ਰੋਕ ਸਕਣਾ ਬਹੁਤ ਮੁਸ਼ਕਿਲ ਹੁੰਦੈ। ਮਾਸਟਰ ਦਰਸ਼ਨ ਸਿੰਘ ਵੀ ਹਾਜ਼ਰੀ ਲਾਉਣ ਲੱਗਾ ਈ ਉਹਦਾ ਸਿੱਧਾ ਨਾਮ ਬੋਲਦਾ ਸੀ, ਨਈਂ ਬਾਕੀ ਸਾਰਾ ਦਿਨ ਤਾਂ ਜ਼ੀਰੋ ਜ਼ੀਰੋ ਈ ਹੁੰਦੀ।
ਇਕ ਦਿਨ ਅੱਧੀ ਛੁੱਟੀ ਵੇਲੇ ਅਸੀਂ ਸਾਰੇ ਬਾਹਰ ਗਰਾਊਂਡ ’ਚ ਬੈਠੇ ਧੁੱਪ ਸੇਕ ਰਹੇ ਸਾਂ ਕਿ ਘਰੋਂ ਰੋਟੀ ਖਾ ਕੇ ਆਇਆ ਰਣਜੀਤ ਸਾਡੇ ਕੋਲ ਦੀ ਲੰਘਿਆ। ਮਾਸਟਰ ਦਰਸ਼ਨ ਸਿੰਘ ਨੇ ਉਹਨੂੰ ਆਵਾਜ਼ ਮਾਰੀ “ਓਏ ਜ਼ੀਰੋ… ਐਂ ਕਰ ਔਹ ਸਟਾਫ ਰੂਮ ’ਚੋਂ ਅਖ਼ਬਾਰ ਫੜਾਉਂਦਾ ਜਾਈਂ।”
ਮੈਂ ਸੁਣ ਕੇ ਹੈਰਾਨ ਰਹਿ ਗਿਆ। ਰਣਜੀਤ ਨੇ ਮੇਰੇ ਵੱਲ ਵੇਖਿਆ ਤੇ ਫਿਰ ਮਾਸਟਰ ਦਰਸ਼ਨ ਸਿੰਘ ਵੱਲ ਤੇ ਫਿਰ ਉਹ ਸਟਾਫ ਰੂਮ ਵੱਲ ਭੱਜ ਗਿਆ। ਅਖ਼ਬਾਰ ਲੈ ਕੇ ਆਇਆ ਵੀ ਉਹ ਮੇਰੇ ਵੱਲ ਈ ਵੇਖੀ ਜਾ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਮਾਸਟਰ ਜੀ ਤੁਹਾਡਾ ਫਾਰਮੂਲਾ ਇੱਥੇ ਕਿਸੇ ਨੂੰ ਸਮਝ ਨ੍ਹੀਂ ਆਇਆ।
“ਮਾਸਟਰ ਜੀ ਕੀ ਯਾਰ ਤੁਸੀਂ ਤਾਂ ਨਿਆਣਿਆਂ ਤੋਂ ਵੀ ਗਾਂਹ ਲੰਘਗੇ। ਇਸ ਤਰ੍ਹਾਂ ਪੇਸ਼ ਆਈਦੈ ਬੱਚਿਆਂ ਨਾਲ?”
“ਫੇਰ ਕੀ ਹੋ ਗਿਆ। ਮੇਰੇ ਨਾ ਕਹਿਣ ਨਾਲ ਕਿਹੜਾ ਇਹਨੇ ਜੱਜ ਲੱਗ ਜਾਣਾ।”
“ਮਾਸਟਰ ਜੀ ਜਦੋਂ ਅਸੀਂ ਖ਼ੁਦ ਬੱਚਿਆਂ ਨਾਲ ਇਸ ਤਰ੍ਹਾਂ ਵਿਵਹਾਰ ਕਰਨ ਲੱਗ ਜਾਂਦੇ ਆਂ ਨਾ ਤਾਂ ਉਹ ਵੀ ਅਧਿਆਪਕ ਦੀ ਹਾਰ ਈ ਹੁੰਦੀ ਆ। ਮਾਪਿਆਂ ਤੋਂ ਬਾਅਦ ਅਧਿਆਪਕ ਦੀ ਜ਼ਿੰਮੇਵਾਰੀ ਹੁੰਦੀ ਆ ਬੱਚੇ ਨੂੰ ਸਾਂਭਣ ਦੀ। ਤੇ ਜੇ ਅਸੀਂ ਵੀ ਇਸ ਤਰ੍ਹਾਂ ਕਰਾਂਗੇ ਤਾਂ ਅੱਗੇ ਕੌਣ ਹੈ ਜਿਹੜਾ ਇਨ੍ਹਾਂ ਨੂੰ ਅਕਲ ਦੇਊ।”
ਮਾਸਟਰ ਦਰਸ਼ਨ ਸਿੰਘ ਛਿੱਥਾ ਜਿਹਾ ਹੋ ਕੇ ਅਖ਼ਬਾਰ ਪੜ੍ਹਨ ਲੱਗਾ। ਮੈਨੂੰ ਪਹਿਲਾਂ ਵੀ ਪਤਾ ਲੱਗਾ ਸੀ ਕਿ ਉਹ ਕਲਾਸ ’ਚ ਬੱਚਿਆਂ ਨੂੰ ਪੁੱਠੇ ਸਿੱਧੇ ਨਾਵਾਂ ਨਾਲ ਬੁਲਾਉਂਦਾ ਹੁੰਦੈ, ਪਰ ਉਸ ਦਿਨ ਤਾਂ ਹੱਦ ਈ ਹੋ ਗਈ ਸੀ ਸਭ ਦੇ ਸਾਹਮਣੇ ਈ ਉਹ ਐਂ ਬੋਲ ਰਿਹਾ ਸੀ। ਮਾਸਟਰ ਦਲਜੀਤ ਸਿੰਘ ਤਾਂ ਅਕਸਰ ਈ ਉਹਦੇ ਬਾਰੇ ਕਹਿ ਦਿੰਦੈ ਬਈ ਕਈ ਬੰਦੇ ਪੜ੍ਹ ਲਿਖ ਕੇ ਅੱਗੇ ਤਾਂ ਨਿਕਲ ਜਾਂਦੇ ਆ, ਪਰ ਜਾਹਲਪੁਣਾ ਉਨ੍ਹਾਂ ਦੇ ਅੰਦਰੋਂ ਨ੍ਹੀਂ ਜਾਂਦਾ ਹੁੰਦਾ ਤੇ ਇਹ ਵੀ ਉਨ੍ਹਾਂ ’ਚੋਂ ਇਕ ਹੈ।
ਉਦੋਂ ਸਕੂਲ ’ਚ ਅਧਿਆਪਕ ਘੱਟ ਹੋਣ ਕਾਰਨ ਸਾਨੂੰ ’ਕੱਲੇ ’ਕੱਲੇ ਨੂੰ ਕਈ ਕਈ ਕਲਾਸਾਂ ਲਾਉਣੀਆਂ ਪੈਂਦੀਆਂ ਸਨ। ਉੱਤੋਂ ਸਰਕਾਰ ਦਾ ਦਬਾਅ ਵੱਖਰਾ ਕਿ ਬੋਰਡ ਦੇ ਇਮਤਿਹਾਨਾਂ ਵਿਚੋਂ ਸੌ ਫੀਸਦੀ ਨਤੀਜਾ ਚਾਹੀਦੈ। ਜਿਹੜੇ ਸਕੂਲ ਦਾ ਨਤੀਜਾ ਮਾੜਾ ਆਇਆ ਤਾਂ ਉੱਥੋਂ ਦੇ ਸਟਾਫ ਦੀ ਜਵਾਬ ਤਲਬੀ ਹੋਵੇਗੀ। ਇਸ ਕਰਕੇ ਸਕੂਲ ਛੁੱਟੀ ਹੋਣ ਤੋਂ ਬਾਅਦ ਵੀ ਅਸੀਂ ਅੱਠਵੀਂ ਤੇ ਦਸਵੀਂ ਦੀ ਗਣਿਤ ਅਤੇ ਅੰਗਰੇਜ਼ੀ ਦੀ ਸਪੈਸ਼ਲ ਕਲਾਸ ਲਗਾਉਂਦੇ ਸਾਂ ਕਿਉਂਕਿ ਇਨ੍ਹਾਂ ਵਿਸ਼ਿਆਂ ਵਿਚੋਂ ਹੀ ਜ਼ਿਆਦਾਤਰ ਬੱਚੇ ਫੇਲ੍ਹ ਹੁੰਦੇ ਹਨ। ਮੈਂ ਅੱਠਵੀਂ ਕਲਾਸ ਲੈ ਲੈਂਦਾ ਤੇ ਦਲਜੀਤ ਸਿੰਘ ਦਸਵੀਂ ਨੂੰ ਪੜ੍ਹਾਉਣ ਲੱਗ ਜਾਂਦਾ। ਘਰ ਨੇੜੇ ਹੋਣ ਕਰਕੇ ਰਣਜੀਤ ਸਕੂਲ ਵਿਚ ਸਾਡੇ ਆਲੇ ਦੁਆਲੇ ਘੁੰਮਦਾ ਰਹਿੰਦਾ। ਕਦੇ ਸਾਨੂੰ ਪਾਣੀ ਪਿਆ ਜਾਂਦਾ, ਕਦੇ ਚਾਹ ਦਾ ਪੁੱਛ ਲੈਂਦਾ। ਜਦੋਂ ਕਲਾਸ ਖ਼ਤਮ ਹੋਣੀ ਤਾਂ ਬਾਕੀ ਬੱਚਿਆਂ ਨਾਲ ਭੱਜ ਭੱਜ ਕੇ ਮੇਜ਼ ਕੁਰਸੀਆਂ ਕਮਰਿਆਂ ’ਚ ਰੱਖਦਾ। ਅਜਿਹੀਆਂ ਗੱਲਾਂ ਕਰਕੇ ਸਾਡੇ ਸਾਰਿਆਂ ਨਾਲ ਇਹਦਾ ਬਹੁਤ ਲਗਾਅ ਸੀ।
ਦੂਜੇ ਪਾਸੇ ਪੀ ਟੀ ਮਾਸਟਰ ਸ਼ਿੰਗਾਰਾ ਸਿੰਘ ਜੂਨੀਅਰ ਹਾਕੀ ਟੀਮ ਤਿਆਰ ਕਰਨ ਵਿਚ ਰੁੱਝਾ ਰਹਿੰਦਾ। ਉਹ ਬੱਚਿਆਂ ਦੇ ਤੁਰਨ ਅਤੇ ਦੌੜਨ ਤੋਂ ਈ ਪਰਖ ਕਰ ਲੈਂਦਾ ਸੀ, ਬਈ ਕਿਹੜਾ ਉਹਦੀ ਕਸਵੱਟੀ ’ਤੇ ਪੂਰਾ ਉਤਰ ਸਕਦੈ, ਕਿਉਂਕਿ ਵਿਦਿਆਰਥੀ ਹੋਣ ਸਮੇਂ ਉਹ ਵੀ ਹਾਕੀ ਦਾ ਬਹੁਤ ਵਧੀਆ ਖਿਡਾਰੀ ਰਹਿ ਚੁੱਕਾ ਸੀ ਅਤੇ ਖਿਡਾਰੀ ਹੋਣ ਕਰਕੇ ਈ ਉਹ ਸਰਵਿਸ ਵਿਚ ਆਇਆ ਸੀ।
ਰਣਜੀਤ ਭਾਵੇਂ ਪੜ੍ਹਾਈ ਵਿਚ ਚੰਗਾ ਨਈਂ ਸੀ, ਪਰ ਹਾਕੀ ਉਹ ਬਹੁਤ ਵਧੀਆ ਖੇਡਦਾ ਸੀ। ਅਕਸਰ ਈ ਕਈ ਵਾਰੀ ਮਾਸਟਰ ਸ਼ਿੰਗਾਰਾ ਸਿੰਘ ਕਹਿ ਦਿੰਦਾ ਬਈ ਹਰ ਬੰਦੇ ਵਿਚ ਕੋਈ ਨਾ ਕੋਈ ਅਜਿਹਾ ਗੁਣ ਜ਼ਰੂਰ ਹੁੰਦੈ ਜੋ ਦੂਜਿਆਂ ਵਿਚ ਨਈਂ ਹੁੰਦਾ। ਹੁਣ ਰਣਜੀਤ ਵੱਲ ਈ ਵੇਖ ਲਓ ਕੱਲ੍ਹ ਦਾ ਨਿਆਣਾ ਐਂ ਤੇ ਹਾਕੀ ਐਂ ਖੇਡਦਾ ਜਿਵੇਂ ਕੋਈ ਹੰਢਿਆ ਹੋਇਆ ਖਿਡਾਰੀ ਹੋਵੇ। ਕਈ ਟ੍ਰਿਕ ਤਾਂ ਅਜਿਹੇ ਵੀ ਲਾ ਜਾਂਦੈ ਜਿਹੜੇ ਮੈਂ ਅਜੇ ਤਾਂਈ ਇਨ੍ਹਾਂ ਨੂੰ ਦੱਸੇ ਈ ਨ੍ਹੀਂ।
“ਇਸੇ ਨੂੰ ਤਾਂ ਵੰਨ ਸੁਵੰਨੀ ਪ੍ਰਤਿਭਾ ਕਹਿੰਦੇ ਐ ਮਾਸਟਰ ਜੀ। ਜੇ ਐਂ ਈ ਬੱਚੇ ਦੀ ਰੁਚੀ ਤੋਂ ਉਸ ਦੇ ਰਾਹ ਦੀ ਪਛਾਣ ਕੀਤੀ ਜਾਵੇ ਤਾਂ ਇੱਥੇ ਹਰ ਬੱਚਾ ਕਾਮਯਾਬ ਹੋ ਸਕਦੈ। ਬਾਹਰਲੇ ਮੁਲਕਾਂ ’ਚ ਲੋਕ ਹਰ ਫ਼ੈਸਲਾ ਬੱਚੇ ’ਤੇ ਈ ਛੱਡ ਦਿੰਦੇ ਐ ਤੇ ਉਹ ਆਪਣੀ ਰੁਚੀ ਮੁਤਾਬਿਕ ਕਾਮਯਾਬ ਵੀ ਹੋ ਜਾਂਦੇ ਆ। ਸਾਡੇ ਇੱਥੇ ਬੱਚੇ ਦੇ ਨਾ ਕਾਮਯਾਬ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਉਸ ਨੂੰ ਆਪਣੇ ਹਿਸਾਬ ਨਾਲ ਤੋਰਨ ਦੀ ਕੋਸ਼ਿਸ ਕਰਦੇ ਹਾਂ। ਜਦੋਂਕਿ ਬੱਚੇ ਨੂੰ ਖ਼ੁਦ ਸਮਰੱਥ ਹੋਣ ਦਾ ਮੌਕਾ ਦੇਣਾ ਚਾਹੀਦੈ।” ਕੋਲ ਬੈਠਾ ਦਲਜੀਤ ਸਿੰਘ ਬੋਲਦਾ ਹੈ।
ਜ਼ੋਨ ਦੇ ਟੂਰਨਾਮੈਂਟ ਨੇੜੇ ਹੋਣ ਕਰਕੇ ਮਾਸਟਰ ਸ਼ਿੰਗਾਰਾ ਸਿੰਘ ਨੇ ਦੂਜੇ ਸਕੂਲਾਂ ਨਾਲ ਸੰਪਰਕ ਕਰਕੇ ਅੰਡਰ ਚੌਦਾਂ ਸਾਲ ਦੇ ਦੋਸਤਾਨਾ ਮੈਚ ਕਰਵਾਉਣੇ ਸ਼ੁਰੂ ਕੀਤੇ ਤਾਂ ਵੇਖਿਆ ਕਿ ਰਣਜੀਤ ਜਿਵੇਂ ਗੇਂਦ ਨੂੰ ਹਾਕੀ ਨਾਲ ਈ ਚਿਪਕਾ ਲੈਂਦਾ ਤੇ ਵਿਰੋਧੀ ਟੀਮ ਨੂੰ ਆਪਣੇ ਪਿੱਛੇ ਪਿੱਛੇ ਭਜਾਈ ਫਿਰਦਾ। ਚਾਰ ਮਹੀਨੇ ਬਾਅਦ ਜ਼ੋਨ ਦੀਆਂ ਗੇਮਾਂ ਹੋਈਆਂ ਤਾਂ ਰਣਜੀਤ ਦੀ ਬਦੌਲਤ ਹੀ ਸਾਡੇ ਸਕੂਲ ਦੀ ਟੀਮ ਦੂਜੇ ਨੰਬਰ ’ਤੇ ਆਈ ਅਤੇ ਫਿਰ ਅਗਲੇ ਸਾਲ ਜ਼ਿਲ੍ਹੇ ਵਿਚੋਂ ਫਸਟ ਆਈ। ਉਸ ਤੋਂ ਬਾਅਦ ਜਦੋਂ ਪੰਜਾਬ ਦੀ ਅੰਡਰ ਸਤਾਰਾਂ ਸਾਲ ਦੀ ਟੀਮ ਦਾ ਗਠਨ ਹੋਇਆ ਤਾਂ ਸਾਡੇ ਸਕੂਲ ਲਈ ਇਹ ਬੜੇ ਮਾਣ ਵਾਲੀ ਗੱਲ ਸੀ ਕਿ ਰਣਜੀਤ ਪੰਜਾਬ ਦੀ ਟੀਮ ਲਈ ਸੈਂਟਰ ਫਾਰਵਰਡ ਚੁਣਿਆ ਗਿਆ ਸੀ। ਮਾਸਟਰ ਸ਼ਿੰਗਾਰਾ ਸਿੰਘ ਨੇ ਸਾਰੇ ਸਕੂਲ ਵਿਚ ਲੱਡੂ ਵੰਡੇ ਅਤੇ ਸਟਾਫ ਨੂੰ ਪਾਰਟੀ ਦਿੱਤੀ। ਜਦੋਂ ਮੈਂ ਉਹਨੂੰ ਜੱਫੀ ਵਿਚ ਲੈ ਕੇ ਮੁਬਾਰਕਬਾਦ ਦਿੱਤੀ ਤਾਂ ਉਸ ਦੀਆਂ ਅੱਖਾਂ ਨਮ ਹੋ ਗਈਆਂ ਸਨ।
“ਅੱਜ ਮਿਹਨਤ ਸਫਲ ਹੋ ਗਈ ਯਾਰ ਬਾਈ। ਸਾਰੀ ਉਮਰ ਮੈਂ ਨੈਸ਼ਨਲ ਟੀਮ ਵਿਚ ਖੇਡਣ ਦੇ ਸੁਪਨੇ ਲੈਂਦਾ ਰਿਹਾ, ਪਰ ਮੈਨੂੰ ਚਾਂਸ ਨ੍ਹੀਂ ਸੀ ਮਿਲਿਆ, ਪਰ ਹੁਣ ਲੱਗਦੈ ਬਈ ਰਣਜੀਤ ਮੇਰਾ ਸੁਪਨਾ ਜ਼ਰੂਰ ਪੂਰਾ ਕਰੂਗਾ।”
“ਸ਼ਿੰਗਾਰਾ ਸਿਹੁੰ ਸੱਚੇ ਦਿਲੋਂ ਕੀਤੀ ਮਿਹਨਤ ਇਕ ਨਾ ਇਕ ਦਿਨ ਫ਼ਲ ਜ਼ਰੂਰ ਦਿੰਦੀ ਆ ਤੇ ਅਧਿਆਪਕ ਦਾ ਤਾਂ ਕੰਮ ਈ ਕਰਮ ਕਰਨਾ ਹੁੰਦੈ। ਉਹਦੀ ਮਿਹਨਤ ਦਾ ਮੁੱਲ ਤਾਂ ਉਹਦੇ ਵਿਦਿਆਰਥੀ ਪਾਉਂਦੇ ਐ ਜਦੋਂ ਉਹ ਮਿਹਨਤ ਕਰਕੇ ਕਿਸੇ ਮੁਕਾਮ ’ਤੇ ਪਹੁੰਚਦੇ ਐ।”
ਸਾਡੇ ਕੋਲ ਖੜ੍ਹਾ ਮਾਸਟਰ ਦਰਸ਼ਨ ਸਿੰਘ ਗੁੰਮਸੁਮ ਹੋਇਆ ਪਿਆ ਸੀ। ਕਿਉਂਕਿ ਉਹਦਾ ਬੇਟਾ ਜਸਪਾਲ ਵੀ ਸਾਡੇ ਸਕੂਲ ਵਿਚ ਈ ਪੜ੍ਹਦਾ ਸੀ ਤੇ ਹਾਕੀ ਦਾ ਚੰਗਾ ਖਿਡਾਰੀ ਵੀ ਸੀ, ਪਰ ਉਹਨੂੰ ਰਣਜੀਤ ਵਾਲੀ ਥਾਂ ਨ੍ਹੀਂ ਸੀ ਮਿਲ ਸਕੀ। ਹਾਲਾਂਕਿ ਮਾਸਟਰ ਦਰਸ਼ਨ ਸਿੰਘ ਉਹਦਾ ਬੜਾ ਖਿਆਲ ਰੱਖਦੇ ਸਨ, ਪਰ ਉਹ ਆਮ ਖਿਡਾਰੀਆਂ ਦੀ ਕੈਟੇਗਰੀ ਵਿਚ ਈ ਰਿਹਾ।
ਪ੍ਰੈਕਟਿਸ ਲਈ ਸੁਰਜੀਤ ਹਾਕੀ ਅਕੈਡਮੀ ਜਲੰਧਰ ਜਾਣ ਤੋਂ ਪਹਿਲਾਂ ਰਣਜੀਤ ਸਕੂਲ ਸਟਾਫ ਅਤੇ ਆਪਣੇ ਸਾਥੀਆਂ ਨੂੰ ਮਿਲਣ ਆਇਆ ਤਾਂ ਸੁਭਾਵਿਕ ਈ ਮੇਰੇ ਮੂੰਹੋਂ ਨਿਕਲ ਗਿਆ “ਪੁੱਤਰਾ ਜੇ ਜਾ ਰਿਹੈਂ ਨਾ ਤਾਂ ਇਕ ਗੱਲ ਹਮੇਸ਼ਾਂ ਯਾਦ ਰੱਖੀਂ, ਆਹ ਤੇਰੇ ਲਈ ਗੋਲਡਨ ਚਾਂਸ ਐ ਤੇ ਬੜੇ ਲੋਕਾਂ ਦੀ ਉਮੀਦ ਵੀ ਐਂ। ਤੂੰ ਐਸੀ ਹਾਕੀ ਫੇਰੀਂ ਬਈ ਦੁਨੀਆਂ ਅਸ਼ ਅਸ਼ ਕਰ ਉੱਠੇ।” ਰਣਜੀਤ ਮੁਸਕਰਾਇਆ ਤੇ ਮੇਰੇ ਪੈਰੀਂ ਹੱਥ ਲਾ ਕੇ ਮੁੜ ਗਿਆ। ਮਾਸਟਰ ਸ਼ਿੰਗਾਰਾ ਸਿੰਘ ਖ਼ੁਦ ਇਹਨੂੰ ਅਕੈਡਮੀ ਛੱਡ ਕੇ ਆਇਆ ਸੀ। ਥੋੜ੍ਹੀ ਦੇਰ ਬਾਅਦ ਮਾਸਟਰ ਦਰਸ਼ਨ ਸਿੰਘ ਨੇ ਵਿਭਾਗੀ ਤਰੱਕੀ ਲੈ ਲਈ ਤੇ ਸਿਖਲਾਈ ਦੌਰਾਨ ਬਦਲੀ ਲੁਧਿਆਣਾ ਸ਼ਹਿਰ ਦੀ ਕਰਵਾ ਲਈ। ਸਕੂਲ ਵਿਚ ਅਧਿਆਪਕ ਤਾਂ ਪਹਿਲਾਂ ਈ ਘੱਟ ਸਨ ਕਿ ਹੁਣ ਉਹਦਾ ਕੰਮ ਵੀ ਸਾਨੂੰ ਈ ਵੇਖਣਾ ਪੈਂਦਾ। ਉਂਜ ਵੀ ਉਹ ਆਪਣੀ ਡਿਊਟੀ ਤੋਂ ਵੱਧ ਕਿਸੇ ਕੰਮ ਨੂੰ ਤਵੱਜੋਂ ਨ੍ਹੀਂ ਸੀ ਦਿੰਦਾ ਤੇ ਨਾ ਈ ਬੋਰਡ ਦੀਆਂ ਕਲਾਸਾਂ ਵੱਲ ਬਹੁਤਾ ਧਿਆਨ ਸੀ ਉਹਦਾ। ਜਦੋਂ ਕਿਤੇ ਅਸੀਂ ਕਹਿ ਦੇਣਾ ਬਈ ਮਾਸਟਰ ਜੀ ਤੁਹਾਡਾ ਵਿਸ਼ਾ ਸਾਇੰਸ ਹੈ, ਕਿਸੇ ਖਾਲੀ ਪੀਰੀਅਡ ਵਿਚ ਬੋਰਡ ਵਾਲਿਆਂ ਨੂੰ ਰਿਵੀਜ਼ਨ ਈ ਕਰਵਾ ਦਿਆ ਕਰੋ ਤਾਂ ਐਨਕਾਂ ਉੱਤੋਂ ਦੀ ਅਵੱਲਾ ਜਿਹਾ ਝਾਕ ਕੇ ਉਹ ਬੋਲਦਾ “ਡਿਊਟੀ ਦੇ ਹਿਸਾਬ ਨਾਲ ਜੋ ਸ਼ਡਿਊਲ ਬਣਿਆ ਹੈ, ਉਹਦੇ ਮੁਤਾਬਿਕ ਤਾਂ ਮੈਂ ਕੰਮ ਕਰ ਰਿਹਾਂ। ਬਾਕੀ ਜੇ ਤੁਸੀਂ ਕਹੋਂ ਬਈ ਛੁੱਟੀ ਤੋਂ ਬਾਅਦ ਵੀ ਮੈਂ ਤੁਹਾਡੇ ਵਾਂਗ ਦੋ ਦੋ ਘੰਟੇ ਹੋਰ ਮਗਜ ਮਾਰਾਂ ਤਾਂ ਉਹ ਮੈਂ ਨ੍ਹੀਂ ਕਰ ਸਕਦਾ। ਘਰੇ ਜਾ ਕੇ ਵੀ ਮੈਂ ਬੱਚੇ ਪੜ੍ਹਾਉਣੇ ਹੁੰਦੇ ਆ। ਸੋ ਤੁਸੀਂ ਕਰੋ ਮਿਹਨਤ ਆਪਾਂ ਨਾਲ ਈ ਆਂ ਤੁਹਾਡੇ।”
ਮਾਸਟਰ ਦਲਜੀਤ ਸਿੰਘ ਉਹਦੇ ਇਹੋ ਜਿਹੇ ਜਵਾਬ ਤੋਂ ਖਿਝ ਜਾਂਦਾ “ਸਾਰਾ ਦਿਨ ਸਟਾਫ ਰੂਮ ਵਿਚ ਪਸਰਿਆ ਰਹਿੰਦਾ। ਹੋਰ ਨਈ ਤਾਂ ਬੰਦਾ ਕਲਾਸ ’ਚ ਜਾ ਕੇ ਬੱਚਿਆਂ ਨੂੰ ਈ ਚੁੱਪ ਕਰਵਾ ਕੇ ਬਿਠਾ ਲੈਂਦਾ, ਪਰ ਨਹੀਂ ਜਨਾਬ ਤਾਂ ਜਵਾਈ ਆ ਸਰਕਾਰ ਦਾ। ਸਕੂਲ ਆ ਕੇ ਜਿਵੇਂ ਸਿੱਖਿਆ ਵਿਭਾਗ ਤੇ ਅਹਿਸਾਨ ਕਰ ਰਿਹਾ ਹੋਵੇ, ਕੰਮਚੋਰ ਜਿਹਾ।”
ਉਹਦੇ ਜਾਣ ਨਾਲ ਸਕੂਲ ਵਿਚ ਸਟਾਫ ਤਾਂ ਜ਼ਰੂਰ ਘੱਟ ਹੋ ਗਿਆ ਸੀ, ਪਰ ਸਾਨੂੰ ਕੋਈ ਨੁਕਸਾਨ ਨ੍ਹੀਂ ਸੀ ਹੋਇਆ ਕਿਉਂ ਕਿ ਉਹਦਾ ਸਕੂਲ ਹੋਣ ਦਾ ਕੋਈ ਫਾਇਦਾ ਵੀ ਨ੍ਹੀਂ ਸੀ, ਉਹਨੇ ਕਿਹੜਾ ਕੁਝ ਕਰਨਾ ਸੀ।
ਇੱਧਰ ਸਕੂਲ ਦੇ ਹੈਡਮਾਸਟਰ ਅਵਤਾਰ ਸਿੰਘ ਨੇ ਸਿਹਤ ਠੀਕ ਨਾ ਹੋਣ ਕਾਰਨ ਅਗਾਊਂ ਰਿਟਾਇਰਮੈਂਟ ਲੈ ਲਈ ਤਾਂ ਲਗਭਗ ਛੇ ਮਹੀਨੇ ਸਾਨੂੰ ਚਾਰ ਪੰਜ ਬੰਦਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਦਫ਼ਤਰ ਦਾ ਕੰਮ ਵੀ ਵੇਖਣਾ ਪਿਆ।
ਉੱਧਰ ਮਾਸਟਰ ਦਰਸ਼ਨ ਸਿੰਘ ਦੀ ਟਰੇਨਿੰਗ ਖ਼ਤਮ ਹੋਈ ਤਾਂ ਬਤੌਰ ਹੈੱਡਮਾਸਟਰ ਉਹ ਫਿਰ ਸਾਡੇ ਸਕੂਲ ਆ ਲੱਗੇ। ਦਲਜੀਤ ਸਿੰਘ ਸੁਣ ਕੇ ਖਿਝ ਗਿਆ “ਯਾਰ ਏਹ ਕੰਮ ਚੋਰ ਜਿਹਾ ਫਿਰ ਆ ਗਿਐ। ਪਤਾ ਨ੍ਹੀਂ ਸਾਡੀ ਕਿਸਮਤ ਮਾੜੀ ਆ ਜਾਂ ਵਿਚਾਰੇ ਬੱਚਿਆਂ ਦੀ।”
“ਨਈਂ ਨਈਂ ਇਹ ਤਾਂ ਆਪਣੇ ਮੁੰਡੇ ਕਰਕੇ ਆਇਐ। ਹਾਕੀ ਦਾ ਨੈਸ਼ਨਲ ਪਲੇਅਰ ਜੋ ਬਣਾਉਣਾ।” ਮਾਸਟਰ ਸ਼ਿੰਗਾਰਾ ਸਿੰਘ ਵੱਲੋਂ ਦੱਸੀ ਹੋਈ ਗੱਲ ਮੇਰੇ ਮੂੰਹੋਂ ਨਿਕਲ ਗਈ।
“ਹੂੰਅ … ਨੈਸ਼ਨਲ ਪਲੇਅਰ ਬਣਾਉਣਾ ਆਹ ਮੂੰਹ ਤੇ ਮਸਰਾਂ ਦੀ ਦਾਲ।” ਮੂੰਹ ਜਿਆ ਵੱਟ ਕੇ ਦਲਜੀਤ ਕਲਾਸ ਵੱਲ ਚਲਾ ਗਿਆ ਸੀ।
ਦਫ਼ਤਰੀ ਕੰੰਮ ਤੋਂ ਵਿਹਲਾ ਹੋ ਕੇ ਦਰਸ਼ਨ ਸਿੰਘ ਮਾਸਟਰ ਸ਼ਿੰਗਾਰਾ ਸਿੰਘ ਕੋਲ ਜਾ ਕੇ ਬੈਠਾ ਰਹਿੰਦਾ ਤੇ ਹਾਕੀ ਦੇ ਨਵੇਂ ਤੋਂ ਨਵੇਂ ਗੁਰ ਪੁੱਛਦਾ ਰਹਿੰਦਾ ਤੇ ਕਈ ਵਾਰੀ ਗੱਲਾਂ ਗੱਲਾਂ ਵਿਚ ਈ ਕਹਿ ਦਿੰਦਾ “ਬਈ ਮਾਸਟਰ ਜੀ ਹੁਣ ਤਾਂ ਆਹ ਪੜ੍ਹਾਈਆਂ ਲਿਖਾਈਆਂ ਵੀ ਫੇਲ੍ਹ ਈ ਹੋਗੀਆਂ, ਸਮਝ ਨ੍ਹੀਂ ਆਉਂਦੀ ਅੱਜ ਦੇ ਬੱਚੇ ਰੁਜ਼ਗਾਰ ਖੁਣੋਂ ਕਰਨ ਤਾਂ ਕਰਨ ਕੀ ਜਾਂ ਤਾਂ ਬਾਹਰ ਜਾਣ ਜਾਂ ਇੱੱਥੇ ਈ ਧੱਕੇ ਖਾਣ, ਪਰ ਮੈਂ ਜਸਪਾਲ ਨੂੰ ਬਾਹਰ ਨ੍ਹੀਂ ਭੇਜਣਾ। ਇਕੋ ਇਕ ਮੁੰਡਾ ਐ, ਉਹ ਵੀ ਗਵਾ ਕੇ ਬਹਿ ਜੂ। ਬਾਹਰ ਜਾ ਕੇ ਤਾਂ ਨਿਆਣੇ ਆਪਣੇ ਆਪ ਨਾਲੋਂ ਈ ਟੁੱਟ ਜਾਂਦੇ ਐ, ਮਾਂ ਬਾਪ ਨਾਲ ਕਿੱਥੋਂ ਜੁੜੇ ਰਹਿ ਸਕਦੇ ਆ। ਉਂਜ ਖੇਡਾਂ ਵਿਚ ਮੌਕੇ ਹੈਗੇ ਆ ਅਜੇ ਜੇ ਇੱਧਰ ਨੂੰ ਧਿਆਨ ਕਰਿਆ ਜਾਵੇ। ਤਾਂ ਹੀ ਮੈਂ ਜਸਪਾਲ ਨੂੰ ਇੱਧਰ ਲਾਇਐ, ਇਕ ਤਾਂ ਸਿਹਤ ਤੰਦਰੁਸਤ, ਦੂਜਾ ਪੈਸਾ ਤੇ ਸ਼ੋਹਰਤ ਵਾਧੂ ਹੈ ਕਿ ਨਈਂ।”
ਜਸਪਾਲ ਨੂੰ ਅਕੈਡਮੀ ’ਚ ਭੇਜਣ ਲਈ ਦਰਸ਼ਨ ਸਿੰਘ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ। ਇਸ ਲਈ ਉਹਨੇ ਮਾਸਟਰ ਸ਼ਿੰਗਾਰਾ ਸਿੰਘ ਤੋਂ ਇਲਾਵਾ ਵੀ ਕਈ ਹੋਰ ਹਾਕੀ ਕੋਚਾਂ ਨਾਲ ਰਾਬਤਾ ਕਾਇਮ ਕਰਕੇ ਅਕੈਡਮੀਆਂ ਤਕ ਪਹੁੰਚ ਬਣਾ ਲਈ ਸੀ। ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅ੍ਰੰਮਿਤਸਰ ਵਿਚ ਟਰਾਇਲ ਦੇਣ ਤੋਂ ਬਾਅਦ ਅਖੀਰ ਜਸਪਾਲ ਦੀ ਚੋਣ ਹੋ ਗਈ। ਇੱਧਰ ਉਹਦੀ ਚੋਣ ਹੋਈ, ਦੂਜੇ ਪਾਸੇ ਦਰਸ਼ਨ ਸਿੰਘ ਨੇ ਉਹਦੀਆਂ ਸਿਫਤਾਂ ਦੇ ਗੁੱਡੇ ਬੰਨ੍ਹਣੇ ਚਾਲੂ ਕਰ ਦਿੱਤੇ। “ਬਈ ਟਰਾਇਲ ਦੇਣ ਜਦੋਂ ਜਸਪਾਲ ਮੈਦਾਨ ਵਿਚ ਉਤਰਿਆ ਨਾ ਤਾਂ ਐਂ ਲੱਗੇ ਜਿਵੇਂ ਉਹਦੀ ਹਾਕੀ ਨਾਲ ਨ੍ਹੇਰੀ ਘੁੰਮਦੀ ਹੋਵੇ। ਏਹਦੀ ਖੇਡ ਵੇਖ ਕੇ ਤਾਂ ਚੇਅਰਮੈਨ ਸਾਬ੍ਹ ਨੇ ਨਾਲ ਦੀ ਨਾਲ ਈ ਕਹਿ ਦਿੱਤਾ ਬਈ ਆਹ ਮੁੰਡਾ ਸਾਂਭ ਲਓ ਇਹ ਅਕੈਡਮੀ ਦਾ ਨਾਂ ਰੋਸ਼ਨ ਕਰੂਗਾ।”
ਗੱਲ ਕਾਹਦੀ ਜੇ ਦਿਨ ’ਚ ਦਸ ਵਾਰੀ ਉਹਦੇ ਨਾਲ ਗੱਲ ਹੁੰਦੀ ਤਾਂ ਵਿਚੋਂ ਅੱਠ ਵਾਰੀ ਉਹ ਜਸਪਾਲ ਦੀਆਂ ਸਿਫਤਾਂ ਸੁਣਾਉਂਦਾ। ਸੀਨੀਅਰ ਹੋਣ ਦੇ ਨਾਤੇ ਅਸੀਂ ਵੀ ਉਹਦੀ ਹਾਂ ’ਚ ਹਾਂ ਮਿਲਾਉਂਦੇ ਰਹਿੰਦੇ। ਨਈਂ ਬੰਦਾ ਪੁੱਛੇ ਬਈ ਅਸੀਂ ਇਨ੍ਹਾਂ ਗੱਲਾਂ ’ਚੋਂ ਕੀ ਲੈਣਾ ਭਾਈ। ਹੋਰ ਵੀ ਬਥੇਰੇ ਗਏ ਨੇ ਅਕੈਡਮੀਆਂ ’ਚ, ਜਸਪਾਲ ਕਿਹੜਾ ਕੋਈ ਅਲੋਕਾਰ ਗਿਐ। ਬਾਕੀ ਉਹ ਅਕੈਡਮੀ ’ਚ ਕਿਵੇਂ ਗਿਐ ਏਹ ਤਾਂ ਸਾਨੂੰ ਵੀ ਪਤੈ ਇਹਦੇ ’ਚ ਫੁਕਰੀ ਮਾਰਨ ਆਲੀ ਕਿਹੜੀ ਗੱਲ ਆ ਭਲਾਂ।
ਕਈ ਵਾਰ ਮੈਂ ਮਾਸਟਰ ਸ਼ਿੰਗਾਰਾ ਸਿੰਘ ਨੂੰ ਇਸ ਬਾਰੇ ਕਹਿਣਾ ਤਾਂ ਉਹ ਅੱਗੋਂ ਕਹਿ ਛੱਡਦਾ “ਛੱਡੋ ਯਾਰ ਪਰ੍ਹਾਂ… ਸੀਨੀਅਰ ਹੈ, ਖੁਸ਼ ਕਰੀ ਰੱਖਿਆ ਕਰੋ, ਆਪਣਾ ਕੀ ਜਾਂਦਾ।”
ਦਲਜੀਤ ਸਿੰਘ ਤਾਂ ਉਂਜ ਵੀ ਦਫ਼ਤਰ ’ਚ ਨ੍ਹੀਂ ਸੀ ਜਾਂਦਾ। ਹਾਜ਼ਰੀ ਰਜਿਸਟਰ ਵੀ ਉਹ ਸਟਾਫ ਰੂਮ ਵਿਚ ਈ ਮੰਗਵਾ ਲੈਂਦਾ। ਕਈ ਵਾਰੀ ਮੈਂ ਮਜ਼ਾਕ ’ਚ ਉਹਨੂੰ ਕਹਿਣਾ “ਜਾਹ ਤੈਨੂੰ ਦਰਸ਼ਨ ਸਿੰਘ ਯਾਦ ਕਰਦੈ।”
“ਜਾਹ ਯਾਰ ਤੂੰ ਹੀ ਤੁਰਿਆ ਜਾ। ਮੇਰੇ ਕੋਲ ਨ੍ਹੀਂ ਸਮਾਂ। ਉਹ ਤਾਂ ਪਤੰਦਰ ਇਕੋ ਸਟੇਸ਼ਨ ਦੀਆਂ ਖ਼ਬਰਾਂ ਸੁਣਾਉਂਦਾ ਰਹਿੰਦਾ।” ਸੁਣ ਕੇ ਅਸੀਂ ਹਾਸਾ ਚੁੁੱਕ ਦੇਣਾ।
ਦੇਸ਼ ਦੀ ਜੂਨੀਅਰ ਟੀਮ ਵਿਚ ਟਰਾਇਲ ਦੇਣ ਤੋਂ ਬਾਅਦ ਰਣਜੀਤ ਜਦੋਂ ਪਿੰਡ ਆਇਆ ਤਾਂ ਲੋਕਾਂ ਨੇ ਜਿਵੇਂ ਉਹਨੂੰ ਮੋਢਿਆਂ ’ਤੇ ਚੁੱਕ ਲਿਆ ਹੋਵੇ। ਪਿੰਡ ਦੀ ਹਰ ਨੁੱਕਰ ਗਲੀ ਮੁਹੱਲੇ ਵਿਚ ਉਹਦੀਆਂ ਗੱਲਾਂ ਹੋਣ ਲੱਗੀਆਂ। ਹਰ ਛੋਟੇ ਵੱਡੇ ਦੀ ਜ਼ੁਬਾਨ ’ਤੇ ਇਹੀ ਸ਼ਬਦ ਹੁੰਦਾ “ਵਾਹ ਬਈ ਵਾਹ ਪਿੰਡ ਦਾ ਨਾਂ ਕੱਢਤਾ ਮੁੰਡੇ ਨੇ।”
ਤੇ ਅੱਜ ਰਣਜੀਤ ਮਹਿਮਾਨ ਬਣ ਕੇ ਸਾਨੂੰ ਸਭ ਨੂੰ ਸਕੂਲ ਮਿਲਣ ਆਇਆ ਹੈ। ਮੈਂ ਵੇਖ ਰਿਹਾਂ ਕੁਝ ਕੁ ਸਾਲ ਪਹਿਲਾਂ ਵਾਲਾ ਛੋਟਾ ਜਿਹਾ ਰਣਜੀਤ ਅੱਜ ਸਾਡੇ ਤੋਂ ਵੀ ਸਿਰ ਕੱਢ ਆਇਆ ਹੈ। ਉਹਨੂੰ ਨੇੜੇ ਆਉਂਦਿਆਂ ਵੇਖ ਕੇ ਮੈਂ ਕਮਰੇ ’ਚੋਂ ਬਾਹਰ ਆਇਆ ਤੇ ਰਣਜੀਤ ਨੇ ਭੱਜ ਕੇ ਮੇਰੇ ਪੈਰੀਂ ਹੱਥ ਲਾਏ “ਵਾਹ ਓਏ ਮੇਰਿਆ ਬੱਗਿਆ ਸ਼ੇਰਾ, ਜਿਉਂਦਾ ਰਹਿ, ਜੁਆਨੀਆਂ ਮਾਣੇਂ। ਹੋਰ ਸੁਣਾ ਕਿਵੇਂ ਆਂ ਤੇਰੀ ਸਿਹਤ ਤੇ ਖੇਡ।”
“ਬਹੁਤ ਵਧੀਆ ਮਾਸਟਰ ਜੀ, ਸਭ ਤੁਹਾਡੀ ਹੀ ਦੇਣ ਆ ਜੀ।” ਰਣਜੀਤ ਮੇਰੇ ਗਲ ਨਾਲ ਲੱਗਦਾ ਬੋਲਿਆ।
“ਹੋਰ ਸੁਣਾ ਰਣਜੀਤ…ਤੇਰੇ ਟਰਾਇਲ ਕਿਵੇਂ ਰਹੇ।” ਮਾਸਟਰ ਦਰਸ਼ਨ ਸਿੰਘ ਸਾਡੇ ਵਿਚਕਾਰ ਘੁਸਰ ਕੇ ਆ ਖੜ੍ਹਾ ਹੋਇਆ।
“ਟਰਾਇਲ ਵਧੀਆ ਸਨ, ਉਮੀਦ ਆ ਸਿਲੈਕਸ਼ਨ ਹੋ ਜਾਵੇਗੀ ਜੀ।”
“ਸ਼ਾਬਾਸ਼! ਪੁੱਤਰਾ ਵੈੱਲ ਡਨ।”
ਮੈਂ ਹੈਰਾਨ ਸਾਂ ਅੱਜ ਪਹਿਲੇ ਦਿਨ ਮੈਂ ਉਹਦੇ ਮੂੰਹੋਂ ਰਣਜੀਤ ਦਾ ਪੂਰਾ ਨਾਂ ਸੁਣ ਰਿਹਾ ਸੀ। ਦਰਸ਼ਨ ਸਿੰਘ ਰਣਜੀਤ ਦੇ ਮੋਢੇ ’ਤੇ ਹੱਥ ਰੱਖ ਕੇ ਮੇਰੇ ਤੋਂ ਪਾਸੇ ਲਿਜਾਦਿਆਂ ਬੋਲਿਆ ਹਾਲਾਂਕਿ ਮੈਨੂੰ ਉਨ੍ਹਾਂ ਦੀ ਸਾਰੀ ਗੱਲ ਸੁਣ ਰਹੀ ਸੀ “ਤੈਨੂੰ ਜਸਪਾਲ ਬਾਰੇ ਤਾਂ ਪਤਾ ਈ ਹੋਣਾ। ਉਹਦੀ ਸਿਲੈਕਸ਼ਨ ਹੋ ਗਈ ਸੀ ਅੰਮ੍ਰਿਤਸਰ ਅਕੈਡਮੀ ਵਿਚ। ਤੇਰਾ ਬਹੁਤ ਬਹੁਤ ਧੰਨਵਾਦ ਬੇਟਾ। ਜੇ ਤੂੰ ਚੇਅਰਮੈਨ ਸਾਬ੍ਹ ਨੂੰ ਨਾ ਕਹਿੰਦਾ ਤਾਂ ਸ਼ਾਇਦ..!”
“ਮਾਸਟਰ ਜੀ ਕੀ ਗੱਲ ਕਰਦੇ ਓ, ਉਹ ਵੀ ਤਾਂ ਮੇਰਾ ਭਰਾ ਈ ਐ। ਕੀ ਮੈਂ ਉਹਦੇ ਲਈ ਐਨਾ ਵੀ ਨ੍ਹੀਂ ਕਰ ਸਕਦਾ। ਫਿਕਰ ਨਾ ਕਰੋ… ਹੁਣ ਉਹਦਾ ਰਾਹ ਬਣ ਗਿਐ, ਬਹੁਤ ਅੱਗੇ ਜਾਵੇਗਾ।”
“ਬੇਟਾ ਧਿਆਨ ਰੱਖੀਂ, ਤੇਰੀ ਉਹਨੂੰ ਅੱਗੇ ਵੀ ਲੋੜ ਪੈ ਸਕਦੀ ਐ।” ਮਾਸਟਰ ਦਰਸ਼ਨ ਸਿੰਘ ਲਾਚਾਰਾਂ ਵਾਂਗ ਉਹਦਾ ਹੱਥ ਘੁੱਟੀ ਖੜ੍ਹਾ ਸੀ।