ਮੁੰਬਈ, 13 ਜੁਲਾਈ
ਫਿਲਮ ਅਦਾਕਾਰਾ ਯਾਮੀ ਗੌਤਮ, ਫਿਲਮ ‘ਪਿੰਕ’ ਨਾਲ ਵਾਹ-ਵਾਹੀ ਖੱਟਣ ਵਾਲੇ ਮਸ਼ਹੂਰ ਫਿਲਮਸਾਜ਼ ਅਨਿਰੁੱਧ ਰਾਏ ਚੌਧਰੀ ਦੀ ਆਉਣ ਵਾਲੀ ਫਿਲਮ ‘ਲੌਸਟ’ ਵਿੱਚ ਨਜ਼ਰ ਆਵੇਗੀ। ਇਹ ਫਿਲਮ ਮੀਡੀਆ ’ਚ ਇਮਾਨਦਾਰੀ ਦੇ ਮੁੱਦੇ ਨੂੰ ਉਭਾਰੇਗੀ।
ਆਪਣੀ ਇਸ ਫਿਲਮ ਬਾਰੇ ਗੱਲਬਾਤ ਕਰਦਿਆਂ ਚੌਧਰੀ ਨੇ ਕਿਹਾ, ‘ਇਸ ਫਿਲਮ ਨੂੰ ਜਾਂਚ-ਪੜਤਾਲ ਡਰਾਮੇ ਵਜੋਂ ਤਿਆਰ ਕੀਤਾ ਗਿਆ ਹੈ। ਇਹ ਫਿਲਮ ਮੂਲ ਰੂਪ ਵਿੱਚ ਵਚਨਬੱਧਤਾ, ਜ਼ਿੰਮੇਵਾਰੀ, ਸਾਥ ਦੇਣ ਅਤੇ ਸਾਡੀ ਦੁਨੀਆ ਨੂੰ ਖੂਬਸੂਰਤ ਅਤੇ ਹਮਦਰਦ ਬਣਾਉਣ ਵਰਗੇ ਵਿਸ਼ਿਆਂ ਦੀ ਪੜਚੋਲ ਕਰਦੀ ਹੈ।’ ਉਹ ਸਮਾਜਿਕ ਵਿਸ਼ੇ ਉੱਤੇ ਅਤੇ ਆਪਣੇ ਆਲੇ ਦੁਆਲੇ ਦੀ ਦੁਨੀਆਂ ਤੋਂ ਲਈਆਂ ਗਈਆਂ ਕਹਾਣੀਆਂ ’ਤੇ ਆਧਾਰਤ ਫਿਲਮਾਂ ਬਣਾਉਣ ਨੂੰ ਤਰਜਹੀ ਦਿੰਦਾ ਹੈ। ਉਸ ਨੇ ਅੱਗੇ ਕਿਹਾ, ‘ਲੌਸਟ’ ਇਕ ਭਾਵੁਕ ਥਰਿੱਲਰ ਹੈ, ਜੋ ਇੱਕ ਉੱਚ ਖੋਜ ਨੂੰ ਦਰਸਾਉਂਦੀ ਹੈ। ਗੁੰਮ ਹੋ ਚੁੱਕੀ ਸੰਵੇਦਨਾ ਅਤੇ ਇਮਾਨਦਾਰੀ ਦੀ ਖੋਜ।’ ਯਾਮੀ ਇਸ ਫਿਲਮ ਵਿੱਚ ਕ੍ਰਾਈਮ ਰਿਪੋਰਟਰ ਵਜੋਂ ਨਜ਼ਰ ਆਵੇਗੀ। ਯਾਮੀ ਦੇ ਨਾਲ ਇਸ ਫਿਲਮ ਵਿੱਚ ਪੰਕਜ ਕਪੂਰ, ਰਾਹੁਲ ਖੰਨਾ, ਨੀਲ ਭੂਪਲਮ, ਪੀਆ ਬਾਜਪਾਈ ਅਤੇ ਤੁਸ਼ਾਰ ਪਾਂਡੇ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। -ਆਈਏਐੱਨਐੱਸ