ਔਰਤ ਦੀ ਅਧੂਰੀ ਆਜ਼ਾਦੀ
ਔਰਤ ਦੀ ਜ਼ਿੰਦਗੀ ਦਰਿਆ ਵਾਂਗ ਹੁੰਦੀ ਹੈ-ਚੁੱਪਚਾਪ ਵਹਿੰਦੀ ਹੋਈ, ਕਈ ਰਾਹ ਬਣਾਉਂਦੀ ਹੋਈ। ਉਹ ਹਰ ਮੋੜ ’ਤੇ ਨਵਾਂ ਰੂਪ ਲੈਂਦੀ ਹੈ; ਕਦੇ ਧੀ ਬਣ ਕੇ ਘਰ ਨੂੰ ਰੌਸ਼ਨ ਕਰਦੀ ਹੈ, ਕਦੇ ਭੈਣ ਬਣ ਕੇ ਸਹਾਰਾ ਦਿੰਦੀ ਹੈ, ਕਦੇ ਪਤਨੀ ਬਣ...
ਔਰਤ ਦੀ ਜ਼ਿੰਦਗੀ ਦਰਿਆ ਵਾਂਗ ਹੁੰਦੀ ਹੈ-ਚੁੱਪਚਾਪ ਵਹਿੰਦੀ ਹੋਈ, ਕਈ ਰਾਹ ਬਣਾਉਂਦੀ ਹੋਈ। ਉਹ ਹਰ ਮੋੜ ’ਤੇ ਨਵਾਂ ਰੂਪ ਲੈਂਦੀ ਹੈ; ਕਦੇ ਧੀ ਬਣ ਕੇ ਘਰ ਨੂੰ ਰੌਸ਼ਨ ਕਰਦੀ ਹੈ, ਕਦੇ ਭੈਣ ਬਣ ਕੇ ਸਹਾਰਾ ਦਿੰਦੀ ਹੈ, ਕਦੇ ਪਤਨੀ ਬਣ ਕੇ ਇੱਕ ਨਵਾਂ ਸੰਸਾਰ ਵਸਾਉਂਦੀ ਹੈ ਅਤੇ ਕਦੇ ਮਾਂ ਬਣ ਕੇ ਪੂਰੀ ਇੱਕ ਦੁਨੀਆ ਨੂੰ ਜਨਮ ਦਿੰਦੀ ਹੈ। ਉਸ ਦਾ ਸਫ਼ਰ ਸਿਰਫ਼ ਉਸ ਦਾ ਨਹੀਂ ਹੁੰਦਾ, ਉਹ ਆਪਣੇ ਨਾਲ ਕਈ ਜ਼ਿੰਦਗੀਆਂ ਨੂੰ ਅੱਗੇ ਵਧਾਉਂਦੀ ਹੈ। ਉਸ ਦੀ ਮਿਹਨਤ ਘਰ ਦੀਆਂ ਕੰਧਾਂ ਵਿੱਚ ਕੈਦ ਰਹਿ ਜਾਂਦੀ ਹੈ ਅਤੇ ਉਸ ਦਾ ਅਸਤਿਤਵ ਰਿਸ਼ਤਿਆਂ ਦੇ ਨਾਂ ਹੇਠ ਦੱਬ ਜਾਂਦਾ ਹੈ।
ਅੱਜ ਦੀਆਂ ਕਈ ਔਰਤਾਂ ਨੇ ਇਨ੍ਹਾਂ ਸਭ ਭੂਮਿਕਾਵਾਂ ਨੂੰ ਨਿਭਾਉਂਦੇ ਹੋਏ ਆਪਣੀ ਪਛਾਣ ਨੂੰ ਗਵਾਚਣ ਨਹੀਂ ਦਿੱਤਾ। ਉਨ੍ਹਾਂ ਨੇ ਸਮੇਂ ਦੀ ਧਾਰਾ ਨਾਲ ਕਦਮ ਮਿਲਾਉਂਦੇ ਹੋਏ ਸਿੱਖਿਆ ਹਾਸਲ ਕਰਕੇ ਆਪਣੀ ਇੱਕ ਅਲੱਗ ਪਛਾਣ ਬਣਾਈ ਹੈ ਅਤੇ ਆਰਥਿਕ ਤੌਰ ’ਤੇ ਖੁਦਮੁਖਤਿਆਰ ਹੋ ਕੇ ਆਪਣੇ ਪੈਰਾਂ ’ਤੇ ਖੜ੍ਹ ਕੇ ਦੁਨੀਆ ਦੇ ਸਾਹਮਣੇ ਆਪਣਾ ਵਜੂਦ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੜ੍ਹਾਈ ਅਤੇ ਕੰਮ ਉਨ੍ਹਾਂ ਲਈ ਸਿਰਫ਼ ਰੁਜ਼ਗਾਰ ਦਾ ਸਾਧਨ ਨਹੀਂ ਹਨ, ਸਗੋਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਨ ਦੀ ਇੱਕ ਕੋਸ਼ਿਸ਼ ਹਨ।
ਪੜ੍ਹੀ-ਲਿਖੀ ਔਰਤ ਨੂੰ ਅਕਸਰ ਇਹ ਲੱਗਦਾ ਹੈ ਕਿ ਤਾਲੀਮ ਹਾਸਲ ਕਰਕੇ ਅਤੇ ਨੌਕਰੀ ਲੱਭ ਕੇ ਉਸ ਨੇ ਆਪਣੀ ਜ਼ਿੰਦਗੀ ਸੌਖੀ ਕਰ ਲਈ ਹੈ, ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਸਿੱਖਿਅਤ ਔਰਤ ਨੇ ਤਾਂ ਸਮਾਜ ਵਿੱਚ ਬਦਲਾਅ ਲਿਆਂਦਾ ਹੈ, ਪਰ ਸਮਾਜ ਉਸ ਲਈ ਬਦਲਾਅ ਲਿਆਉਣ ਵਿੱਚ ਅਜੇ ਵੀ ਓਨਾ ਸਫਲ ਨਹੀਂ ਹੋਇਆ। ਲੋਕਾਂ ਨੇ ਭਾਵੇਂ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦਾ ਨਾਅਰਾ ਮੰਨ ਲਿਆ ਹੈ, ਪਰ ਬੇਟੀ ਨੂੰ ਪੜ੍ਹਾ ਕੇ ਵੀ ਉਸ ਤੋਂ ਅੱਜ ਵੀ ਰੋਟੀਆਂ ਬਣਾਉਣ, ਬੱਚੇ ਸਾਂਭਣ ਅਤੇ ਘਰ-ਪਰਿਵਾਰ ਨੂੰ ਚੰਗੀ ਤਰ੍ਹਾਂ ਚਲਾਉਣ ਦੀ ਉਮੀਦ ਜ਼ਰੂਰ ਰੱਖੀ ਜਾਂਦੀ ਹੈ।
ਔਰਤ ਨੂੰ ਕੰਮ ਕਰਨ ਦੀ ਆਜ਼ਾਦੀ ਤਾਂ ਦੇ ਦਿੱਤੀ ਗਈ ਹੈ, ਪਰ ਉਸ ਦੀਆਂ ਘਰੇਲੂ ਜ਼ਿੰਮੇਵਾਰੀਆਂ ਅਜੇ ਵੀ ਉਹੋ ਜਿਹੀਆਂ ਹਨ, ਜਿਹੜੀਆਂ ਇੱਕ ਅਨਪੜ੍ਹ ਔਰਤ ਘਰ ਬੈਠ ਕੇ ਨਿਭਾਉਂਦੀ ਸੀ। ਸਦੀਆਂ ਪਹਿਲਾਂ ਸਮਾਜ ਨੇ ਕੰਮ ਵੰਡੇ, ਕਮਾਈ ਆਦਮੀ ਦੇ ਹਿੱਸੇ ਆਈ ਅਤੇ ਘਰ, ਬੱਚੇ, ਬੁਜ਼ੁਰਗ ਰਿਸ਼ਤੇਦਾਰ, ਤਿਉਹਾਰ, ਰੀਤੀ-ਰਿਵਾਜ ਅਤੇ ਪਰੰਪਰਾਵਾਂ ਸਭ ਔਰਤ ਦੇ ਹਵਾਲੇ ਕਰ ਦਿੱਤੀਆਂ ਗਈਆਂ। ਸਮਾਂ ਅੱਗੇ ਵਧਿਆ, 21ਵੀਂ ਸਦੀ ਵੀ ਆ ਗਈ, ਪਰ ਆਦਮੀ ਦੇ ਹਿੱਸੇ ਵਿੱਚ ਵੱਡਾ ਬਦਲਾਅ ਨਹੀਂ ਆਇਆ। ਹਾਂ, ਔਰਤ ਦੇ ਹਿੱਸੇ ਵਿੱਚ ਇੱਕ ਹੋਰ ਭਾਰ ਜ਼ਰੂਰ ਜੁੜ ਗਿਆ-ਕਮਾਉਣਾ ਵੀ ਅਤੇ ਬਚਾਉਣਾ ਵੀ। ਹੁਣ ਉਹ ਸਿਰਫ਼ ਘਰ ਨਹੀਂ ਸੰਭਾਲਦੀ, ਉਹ ਘਰ ਦੀ ਆਰਥਿਕ ਡੋਰ ਵੀ ਫੜਦੀ ਹੈ। ਜ਼ਿੰਮੇਵਾਰੀਆਂ ਘਟੀਆਂ ਨਹੀਂ, ਸਗੋਂ ਦੁੱਗਣੀਆਂ ਹੋ ਗਈਆਂ ਹਨ।
ਵਿਆਹ ਤੋਂ ਬਾਅਦ ਇੱਕ ਕੁੜੀ ਦੀ ਜ਼ਿੰਦਗੀ ਕਿੰਨੀ ਬਦਲ ਜਾਂਦੀ ਹੈ। ਇਹ ਅਜਿਹਾ ਸੱਚ ਹੈ ਜਿਸ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਜਿਹੜੀ ਕੁੜੀ ਨੂੰ ਮਾਂ ਆਪਣੇ ਹੱਥਾਂ ਨਾਲ ਚਾਹ ਦਿੰਦੀ ਸੀ, ਉਹੀ ਕੁੜੀ ਸਹੁਰੇ ਘਰ ਜਾ ਕੇ ਸਭ ਨੂੰ ਕਮਰਿਆਂ ਵਿੱਚ ਚਾਹ ਪਹੁੰਚਾਉਂਦੀ ਹੈ। ਜਿਹੜੀ ਕੁੜੀ ਸਿਰਫ਼ ਆਪਣੀ ਪਸੰਦ ਦਾ ਖਾਣਾ ਖਾਂਦੀ ਸੀ, ਹੁਣ ਉਹ ਦੂਜਿਆਂ ਦੀ ਪਸੰਦ ਦਾ ਖਾਣਾ ਬਣਾਉਂਦੀ ਹੈ। ਮਾਂ ਦੇ ਰੂਪ ਵਿੱਚ ਔਰਤ ਜੋ ਕੰਮ ਕਰਦੀ ਹੈ, ਉਹੀ ਸਾਰੇ ਕੰਮ ਨਵੀਂ ਵਿਆਹੀ ਕੁੜੀ ਤੋਂ ਵੀ ਉਮੀਦ ਕੀਤੇ ਜਾਂਦੇ ਹਨ। ਸਿਰਫ਼ ਇੱਕ ਦਿਨ ਵਿੱਚ ਉਸ ਦਾ ਪੂਰਾ ਸੰਸਾਰ ਬਦਲ ਜਾਂਦਾ ਹੈ-ਘਰ, ਪਰਿਵਾਰ, ਸਹੇਲੀਆਂ, ਪਿੰਡ ਅਤੇ ਸ਼ਹਿਰ ਸਭ ਕੁਝ। ਪਰ ਬਹੁਤ ਲੋਕ ਇਸ ਬਦਲਾਅ ਦੀ ਨਾਜ਼ੁਕਤਾ ਅਤੇ ਅਹਿਸਾਸ ਨੂੰ ਸਮਝ ਨਹੀਂ ਪਾਉਂਦੇ।
ਮਰਦ ਲਈ ਕੋਈ ਵੱਡਾ ਬਦਲਾਅ ਨਹੀਂ ਆਉਂਦਾ। ਜਿਹੜੇ ਕੰਮ ਪਹਿਲਾਂ ਉਸ ਲਈ ਮਾਂ, ਭੈਣ ਜਾਂ ਭਾਬੀ ਕਰਦੇ ਸਨ, ਹੁਣ ਉਹੀ ਕੰਮ ਉਸ ਦੀ ਪਤਨੀ ਕਰਦੀ ਹੈ। ਅੱਜ ਦੇ ਮਰਦ ਨੂੰ ਇੱਕ ਨਹੀਂ, ਦੋ ਫਾਇਦੇ ਮਿਲਦੇ ਹਨ-ਘਰ ਸੰਭਾਲਣ ਵਾਲੀ ਵੀ ਅਤੇ ਆਰਥਿਕ ਮਦਦ ਕਰਨ ਵਾਲੀ ਵੀ। ਔਰਤ ਆਪਣੀ ਪੜ੍ਹਾਈ, ਨੌਕਰੀ, ਬੱਚਿਆਂ ਦੀ ਦੇਖਭਾਲ ਅਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਵੀ ਸਮਾਜ ਤੋਂ ਉਹ ਸਤਿਕਾਰ ਨਹੀਂ ਲੈ ਪਾਉਂਦੀ, ਜਿਸ ਦੀ ਉਹ ਹੱਕਦਾਰ ਹੈ।
ਜਦੋਂ ਮਰਦ ਦੇ ਘਰ ਵਿੱਚ ਰੋਟੀ ਬਣਾਉਣ ਵਾਲਾ ਨਾ ਹੋਵੇ, ਤਾਂ ਸਮਾਜ ਨੂੰ ਬਹੁਤ ਫ਼ਿਕਰ ਹੋ ਜਾਂਦਾ ਹੈ, ‘ਬੰਦਾ ਕਮਾਉਂਦਾ ਵੀ ਹੈ ਤੇ ਘਰ ਵੀ ਆਪ ਸੰਭਾਲਦਾ ਹੈ!’ ਅਤੇ ਤੁਰੰਤ ਇਹ ਸੋਚ ਚੱਲ ਪੈਂਦੀ ਹੈ ਕਿ ਇਸ ਲਈ ਕੋਈ ਔਰਤ ਲਿਆ ਕੇ ਰੋਟੀ ਬਣਾਉਣ ਅਤੇ ਘਰ ਸੰਭਾਲਣ ਦਾ ਬੰਦੋਬਸਤ ਕੀਤਾ ਜਾਵੇ। ਸਮਾਜ ਨੇ ਬੰਦੇ ਦੀ ਰੋਟੀ ਪੱਕਦੀ ਕਰਨ ਦਾ ਜ਼ਿੰਮਾ ਉਸ ਦੇ ਘਰ ਔਰਤ ਲਿਆ ਕੇ ਪੂਰਾ ਕਰਨਾ ਜ਼ਰੂਰੀ ਸਮਝਿਆ, ਪਰ ਇੱਕ ਮਰਦ ਨੂੰ ਕਮਾਈ ਕਰਦੇ ਹੋਏ ਘਰ ਦੇ ਕੰਮ ਸਿਖਾਉਣਾ ਆਪਣਾ ਫਰਜ਼ ਨਹੀਂ ਸਮਝਿਆ। ਇਸ ਦੇ ਉਲਟ ਇੱਕ ਇਕੱਲੀ ਔਰਤ ਜੇਕਰ ਪੈਸਾ ਕਮਾਉਣ ਦੇ ਨਾਲ-ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਲੈਂਦੀ ਹੈ, ਤਾਂ ਸਮਾਜ ਉਸ ਨੂੰ ਉਸੇ ਇੱਜ਼ਤ ਨਾਲ ਨਹੀਂ ਦੇਖਦਾ, ਸਿਰਫ਼ ਇਸ ਲਈ ਕਿ ਉਹ ਕਿਸੇ ਮਰਦ ਨਾਲ ਨਹੀਂ ਰਹਿ ਰਹੀ ਜਾਂ ਮਰਦ ਨਾਲ ਰਹਿਣਾ ਨਕਾਰ ਚੁੱਕੀ ਹੈ। ਇਸ ਤੋਂ ਸਪੱਸ਼ਟ ਹੈ ਕਿ ਔਰਤ ਭਾਵੇਂ ਆਤਮਨਿਰਭਰ ਹੋ ਗਈ ਹੈ, ਪਰ ਉਸ ਦੀ ਆਤਮਨਿਰਭਰਤਾ ਨੂੰ ਸਤਿਕਾਰ ਅਜੇ ਵੀ ਨਹੀਂ ਮਿਲਿਆ। ਬਹੁਤ ਔਰਤਾਂ ਘਰ ਤੋਂ ਬਾਹਰ ਕੰਮ ਕਰਨ ਨੂੰ ਆਪਣੀ ਆਜ਼ਾਦੀ ਸਮਝਦੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਘਰ ਦੇ ਮਾਹੌਲ ਤੋਂ ਬਾਹਰ ਛੇ ਜਾਂ ਅੱਠ ਘੰਟੇ ਬਿਤਾ ਕੇ ਉਨ੍ਹਾਂ ਨੇ ਆਪਣੇ ਆਪ ਲਈ ਸਮਾਂ ਕੱਢਿਆ ਹੈ। ਇਹ ਸੋਚ ਇਸ ਗੱਲ ਦਾ ਨਤੀਜਾ ਹੈ ਕਿ ਔਰਤ ਦੀ ਆਤਮਨਿਰਭਰਤਾ ਨੂੰ ਸਿਰਫ਼ ਕਮਾਈ ਤੱਕ ਹੀ ਸਮਝਿਆ ਜਾਂਦਾ ਹੈ, ਨਾ ਕਿ ਉਸ ਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਵੰਡਣ ਨਾਲ।
ਸਵਾਲ ਇਹ ਹੈ ਕਿ ਮਰਦ ਘਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਮਾਈ ਕਿਉਂ ਨਹੀਂ ਕਰ ਸਕਦਾ, ਜਦੋਂ ਔਰਤ ਦੋਵੇਂ ਕੰਮ ਕਰ ਸਕਦੀ ਹੈ? ਇਹੋ ਜਿਹੇ ਸਵਾਲ ਮਰਦ-ਪ੍ਰਧਾਨ ਸਮਾਜ ਕਦੇ ਨਹੀਂ ਪੁੱਛਦਾ ਅਤੇ ਨਾ ਹੀ ਉਨ੍ਹਾਂ ਦੇ ਜਵਾਬ ਦਿੰਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਰੀਤੀਆਂ ਮਰਦਾਂ ਨਾਲੋਂ ਵੱਧ ਔਰਤਾਂ ਵੱਲੋਂ ਹੀ ਕੱਟੜਤਾ ਨਾਲ ਨਿਭਾਈਆਂ ਜਾਂਦੀਆਂ ਹਨ। ਜਦੋਂ ਇੱਕ ਔਰਤ ਘਰ ਦੇ ਕੰਮ ਤੋਂ ਵੱਧ ਕਿਸੇ ਹੋਰ ਕੰਮ ਨੂੰ ਤਰਜੀਹ ਦੇਣ ਲੱਗਦੀ ਹੈ, ਤਾਂ ਸਭ ਤੋਂ ਪਹਿਲਾਂ ਉਸ ਨੂੰ ਟੋਕਣ ਵਾਲੀ ਵੀ ਇੱਕ ਔਰਤ ਹੀ ਹੁੰਦੀ ਹੈ। ਉਹ ਚਾਹੇ ਮਾਂ ਹੋਵੇ ਜਾਂ ਸੱਸ। ਮਰਦ ਦਾ ਭਾਂਡੇ ਜਾਂ ਕੱਪੜੇ ਧੋਣਾ ਔਰਤ ਦੇ ਪੈਸੇ ਕਮਾ ਕੇ ਲਿਆਉਣ ਨਾਲੋਂ ਅੱਜ ਵੀ ਵੱਡੀ ਗੱਲ ਮੰਨੀ ਜਾਂਦੀ ਹੈ ਅਤੇ ਇਸ ਨੂੰ ਵੱਡਾ ਬਣਾਉਣ ਵਾਲੀ ਵੀ ਅਕਸਰ ਔਰਤ ਹੀ ਹੁੰਦੀ ਹੈ। ਸਭ ਤੋਂ ਵੱਡੀ ਵਿਡੰਬਨਾ ਇਹ ਹੈ ਕਿ ਬਹੁਤ ਵਾਰ ਔਰਤ ਹੀ ਔਰਤ ਨੂੰ ਅੱਗੇ ਵਧਣ ਨਹੀਂ ਦਿੰਦੀ। ਭਾਰਤੀ ਸਮਾਜ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਕਿ ਇੱਕ ਔਰਤ ਦੂਜੀ ਔਰਤ ਦਾ ਸਾਥ ਦੇਵੇ। ਜੇ ਔਰਤ, ਔਰਤ ਨਾਲ ਖੜ੍ਹੀ ਹੋ ਜਾਵੇ, ਤਾਂ ਔਰਤਾਂ ਦਾ ਰੁਤਬਾ ਆਪ ਹੀ ਵਧੇ।
ਕੁਝ ਮਹੀਨੇ ਪਹਿਲਾਂ ਮਿਸ ਯੂਨੀਵਰਸ 2025 ਦੇ ਮੁਕਾਬਲੇ ਵਿੱਚ ਇਸ ਦੀ ਸੁੰਦਰ ਮਿਸਾਲ ਵੇਖਣ ਨੂੰ ਮਿਲੀ। ਖ਼ਬਰਾਂ ਮੁਤਾਬਕ ਪ੍ਰਬੰਧਕ ਨੇ ਇੱਕ ਪ੍ਰਤੀਯੋਗੀ ਨਾਲ ਅਪਮਾਨਜਨਕ ਵਿਹਾਰ ਕੀਤਾ। ਜਦੋਂ ਉਸ ਕੁੜੀ ਨੇ ਅਪਮਾਨ ਦਾ ਵਿਰੋਧ ਕੀਤਾ ਤਾਂ ਉਸ ਨੂੰ ਹਾਲ ਛੱਡ ਕੇ ਜਾਣ ਲਈ ਕਿਹਾ ਗਿਆ। ਇਸ ’ਤੇ ਬਾਕੀ ਸਾਰੀਆਂ ਪ੍ਰਤੀਯੋਗੀ ਵੀ ਉਸ ਦੇ ਨਾਲ ਹੀ ਹਾਲ ਤੋਂ ਬਾਹਰ ਆ ਗਈਆਂ। ਅੰਤ ਵਿੱਚ ਪ੍ਰਬੰਧਕ ਨੂੰ ਮੁਆਫ਼ੀ ਮੰਗਣੀ ਪਈ। ਜਦੋਂ ਔਰਤਾਂ ਇੱਕ ਦੂਜੇ ਨਾਲ ਹੋਈ ਜ਼ਿਆਦਤੀ ਵਿੱਚ ਹਿੱਸਾ ਨਾ ਬਣ ਕੇ ਇੱਕ ਦੂਜੇ ਨਾਲ ਖੜ੍ਹੀਆਂ ਹੋਣਗੀਆਂ, ਤਦ ਹੀ ਔਰਤ ਨੂੰ ਅਸਲ ਮਾਣ ਮਿਲੇਗਾ। ਨਹੀਂ ਤਾਂ ਭਾਵੇਂ ਉਹ ਕਿੰਨੀ ਵੀ ਆਤਮਨਿਰਭਰ ਹੋ ਜਾਵੇ, ਉਸ ਦੀ ਆਜ਼ਾਦੀ ਅਤੇ ਮਿਹਨਤ ਨੂੰ ਉਹ ਇੱਜ਼ਤ ਨਹੀਂ ਮਿਲੇਗੀ, ਜਿਸ ਦੀ ਉਹ ਹੱਕਦਾਰ ਹੈ। ਔਰਤਾਂ ਦਾ ਆਪਸੀ ਸਹਿਯੋਗ ਤਾਕਤ ਦਾ ਸਭ ਤੋਂ ਵੱਡਾ ਸਰੋਤ ਹੈ। ਔਰਤ ਦਾ ਰੁਤਬਾ ਤਦ ਹੀ ਵਧੇਗਾ, ਜਦੋਂ ਮਾਪੇ ਮੁੰਡਿਆਂ ਅਤੇ ਕੁੜੀਆਂ ਨੂੰ ਇੱਕੋ ਜਿਹੀ ਸਿੱਖਿਆ ਦੇਣਗੇ।
ਜੇ ਮਾਪੇ ਮੁੰਡਿਆਂ ਨੂੰ ਸਿਖਾਉਣ ਕਿ ‘ਘਰ ਚਲਾਉਣਾ ਦੋਵਾਂ ਦੀ ਜ਼ਿੰਮੇਵਾਰੀ ਹੈ’ ਤਾਂ ਅਗਲੀ ਪੀੜ੍ਹੀ ਔਰਤਾਂ ਦਾ ਬੋਝ ਅੱਧਾ ਕਰ ਦੇਵੇਗੀ। ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਘਰ ਨਿਭਾਉਣਾ ਵੀ ਓਨਾ ਹੀ ਜ਼ਰੂਰੀ ਕੌਸ਼ਲ ਹੈ, ਜਿੰਨਾ ਪੈਸਾ ਕਮਾਉਣਾ। ਮੁੰਡਿਆਂ ਨੂੰ ਬਚਪਨ ਤੋਂ ਹੀ ਰੋਟੀ ਬਣਾਉਣ, ਘਰ ਸਾਫ਼ ਕਰਨ ਅਤੇ ਦਿਨਚਰਿਆ ਦੇ ਹਰੇਕ ਕੰਮ ਦੀ ਸਿੱਖਿਆ ਦੇਣੀ ਚਾਹੀਦੀ ਹੈ। ਜਿਵੇਂ ਪਹਿਲਾਂ ਕੁੜੀ ਨੂੰ ਇਹ ਸਿੱਖਿਆ ਇਸ ਸੋਚ ਨਾਲ ਦਿੱਤੀ ਜਾਂਦੀ ਸੀ ਕਿ ਉਸ ਨੇ ਦੂਜੇ ਘਰ ਜਾਣਾ ਹੈ, ਹੁਣ ਮੁੰਡੇ ਨੂੰ ਇਹ ਸੋਚ ਕੇ ਦਿੱਤੀ ਜਾਵੇ ਕਿ ਪਤੀ-ਪਤਨੀ ਦੋਵੇਂ ਕਮਾਈ ਕਰਦੇ ਹੋਏ ਘਰ ਦੇ ਕੰਮ ਵੀ ਵੰਡ ਸਕਣ। ਮੁੰਡਿਆਂ ’ਤੇ ਪੁਰਾਣੇ ਵਕਤਾਂ ਵਾਂਗ ਸਿਰਫ਼ ਕਮਾਈ ਕਰਨ ਦਾ ਦਬਾਅ ਨਹੀਂ ਪਾਉਣਾ ਚਾਹੀਦਾ। ਜਿਵੇਂ ਘਰ ਦਾ ਕੰਮ ਸਿਰਫ਼ ‘ਔਰਤ ਦਾ ਕੰਮ’ ਨਹੀਂ, ਇਹ ਦੋਵਾਂ ਦੀ ਜ਼ਿੰਮੇਵਾਰੀ ਹੈ, ਉਸੇ ਤਰ੍ਹਾਂ ਪੈਸਾ ਕਮਾਉਣਾ ਵੀ ਸਿਰਫ਼ ਆਦਮੀ ਦਾ ਕੰਮ ਨਹੀਂ ਹੋਣਾ ਚਾਹੀਦਾ।
ਅਕਸਰ ਮਰਦਾਂ ’ਤੇ ਸ਼ੁਰੂ ਤੋਂ ਹੀ ਕਮਾਈ ਕਰਨ ਦਾ ਦਬਾਅ ਹੁੰਦਾ ਹੈ ਅਤੇ ਉਨ੍ਹਾਂ ਨੂੰ ਘਰ ਛੱਡ ਕੇ ਬਾਹਰ ਕੰਮ ਕਰਨਾ ਬਹੁਤ ਵੱਡਾ ਤੇ ਔਖਾ ਲੱਗਦਾ ਹੈ। ਇਸੇ ਲਈ ਅਕਸਰ ਉਹ ਘਰੇਲੂ ਔਰਤਾਂ ਨੂੰ ਕਹਿੰਦੇ ਨਜ਼ਰ ਆਉਂਦੇ ਹਨ ਕਿ ਘਰ ਸਾਰਾ ਦਿਨ ਉਹ ਵਿਹਲੀਆਂ ਹੀ ਰਹਿੰਦੀਆਂ ਹਨ। ਘਰ ਦੀ ਸਾਫ਼-ਸਫ਼ਾਈ, ਖਾਣਾ-ਪੀਣਾ ਅਤੇ ਹੋਰ ਅਨੇਕਾਂ ਨਿੱਕੇ ਕੰਮ ਉਨ੍ਹਾਂ ਨੂੰ ਪੈਸਾ ਕਮਾਉਣ ਤੋਂ ਛੋਟੇ ਲੱਗਦੇ ਹਨ। ਅੱਜਕੱਲ੍ਹ ਸੁਣਨ ਨੂੰ ਮਿਲਦਾ ਹੈ ਕਿ ਦੋਵਾਂ ਦੀ ਜਗ੍ਹਾ ਸਮਾਜ ਵਿੱਚ ਬਰਾਬਰ ਹੈ, ਪਰ ਇਹ ਬਰਾਬਰੀ ਕਿੰਨੀ ਹੈ? ਇਹ ਤਦ ਪਤਾ ਲੱਗੇ, ਜਦੋਂ ਆਦਮੀ ਵਰਗ ਨੂੰ ਇਹ ਸਵਾਲ ਪੁੱਛਿਆ ਜਾਵੇ: ‘ਕੀ ਉਹ ਇਸ ਜਨਮ ਵਿੱਚ ਕੁੜੀ ਬਣਨਾ ਚਾਹੁੰਦੇ ਹਨ?’ ਤਾਂ 99 ਫ਼ੀਸਦੀ ਜਵਾਬ ‘ਨਹੀਂ’ ਮਿਲਦਾ ਹੈ। ਫ਼ਰਕ ਕਿੰਨਾ ਵੱਡਾ ਹੈ, ਇਹ ਸਭ ਨੂੰ ਪਤਾ ਹੈ, ਪਰ ਮੰਨਣ ਵਾਲੇ ਬਹੁਤ ਘੱਟ ਹਨ।
ਬਦਲਾਅ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ-ਮਾਂ-ਪਿਓ ਤੋਂ, ਬੱਚਿਆਂ ਦੇ ਸੰਸਕਾਰਾਂ ਤੋਂ। ਜੇ ਅਸੀਂ ਅੱਜ ਮੁੰਡਿਆਂ ਅਤੇ ਕੁੜੀਆਂ ਨੂੰ ਇੱਕੋ ਜਿਹੀ ਸੋਚ ਦੇਈਏ ਤਾਂ ਕੱਲ੍ਹ ਦੀ ਦੁਨੀਆ ਆਪਣੇ ਆਪ ਬਰਾਬਰ ਹੋ ਜਾਵੇਗੀ। ਬਦਲਾਅ ਆ ਰਿਹਾ ਹੈ, ਪਰ ਉਹ ਅਜੇ ਵੀ ਬਹੁਤ ਹੌਲੀ ਅਤੇ ਸੀਮਤ ਹੈ, ਜੋ ਸਿਰਫ਼ ਕੁਝ ਥਾਵਾਂ ’ਤੇ ਹੀ ਮਹਿਸੂਸ ਹੁੰਦਾ ਹੈ। ਸਮਾਜ ਤਦ ਹੀ ਸੱਚਮੁੱਚ ਅੱਗੇ ਵਧੇਗਾ, ਜਦੋਂ ਔਰਤ ਨੂੰ ਸਿਰਫ਼ ‘ਕਿਸੇ ਦੀ ਧੀ, ਪਤਨੀ ਜਾਂ ਮਾਂ’ ਨਹੀਂ, ਸਗੋਂ ਇੱਕ ਪੂਰੀ ਇਨਸਾਨੀ ਹਸਤੀ ਵਜੋਂ ਵੇਖਿਆ ਜਾਵੇਗਾ। ਜਦੋਂ ਉਸ ਦੀ ਮਿਹਨਤ ਚਾਹੇ ਘਰ ਵਿੱਚ ਹੋਵੇ ਜਾਂ ਬਾਹਰ, ਦੋਵੇਂ ਨੂੰ ਇੱਕੋ ਤਰ੍ਹਾਂ ਦੀ ਕਦਰ ਮਿਲੇਗੀ। ਉਸ ਦਿਨ ਔਰਤ ਨੂੰ ਆਪਣੀ ਕੀਮਤ ਸਾਬਤ ਨਹੀਂ ਕਰਨੀ ਪਵੇਗੀ।
ਈ-ਮੇਲ: jyotisharmajyoti.3491@gmail.com

