ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ...
ਭਰਾ ਦਾ ਚੇਤਾ ਆਉਂਦਿਆਂ ਈ ਜਿਵੇਂ ਸਿਰ ’ਤੇ ਕੋਈ ਛਤਰ ਜਿਹਾ ਤਣ ਜਾਂਦੈ। ਉਦਾਸੀ, ਉਲਝਣ ਛੱਟ ਜਾਂਦੀ ਐ। ਕਿਸੇ ਘੁੱਪ ਹਨੇਰੇ ਖੂਹ ਵਿੱਚ ਚਾਨਣ ਦੀ ਲਕੀਰ ਦਿਸਣ ਲੱਗਦੀ ਐ। ਇੱਕ ਇਕੱਲਾ ਤੇ ਦੋ ਗਿਆਰਾਂ ਦਾ ਅਹਿਸਾਸ ਬੱਝ ਜਾਂਦੈ। ਡਿੱਕ ਡੋਲੇ...
ਭਰਾ ਦਾ ਚੇਤਾ ਆਉਂਦਿਆਂ ਈ ਜਿਵੇਂ ਸਿਰ ’ਤੇ ਕੋਈ ਛਤਰ ਜਿਹਾ ਤਣ ਜਾਂਦੈ। ਉਦਾਸੀ, ਉਲਝਣ ਛੱਟ ਜਾਂਦੀ ਐ। ਕਿਸੇ ਘੁੱਪ ਹਨੇਰੇ ਖੂਹ ਵਿੱਚ ਚਾਨਣ ਦੀ ਲਕੀਰ ਦਿਸਣ ਲੱਗਦੀ ਐ। ਇੱਕ ਇਕੱਲਾ ਤੇ ਦੋ ਗਿਆਰਾਂ ਦਾ ਅਹਿਸਾਸ ਬੱਝ ਜਾਂਦੈ। ਡਿੱਕ ਡੋਲੇ ਖਾਂਦਾ ਮਨ ਕਿਸੇ ਤਣ-ਪੱਤਣ ਦੀ ਆਸ ਵਿੱਚ ਖੀਵਾ ਹੋ ਜਾਂਦੈ। ਵੀਰ ਦਾ ਮੋਢੇ ’ਤੇ ਰੱਖਿਆ ਹੱਥ ‘ਸਿਕੰਦਰ’ ਬਣਾ ਧਰਦੈ। ਵੱਡੇ ਤੋਂ ਵੱਡੇ ਜਾਬਰ ਵੀ ਸਾਹਮਣੇ ਖੜ੍ਹੇ ਬੌਣੇ ਲੱਗਦੇ ਨੇ। ਸਿੱਧੇ ਮੱਥੇ ਟੱਕਰਨ ਦਾ ਜਨੂੰਨ ਖ਼ਤਰਿਆਂ ਨਾਲ ਖੇਡਣ ਲਾ ਦਿੰਦੈ। ਰਿਸ਼ਤਾ ਹੀ ਅਜਿਹਾ ਹੈ ਕਿ ਦੁਨੀਆ ਰੰਗ ਬਿਰੰਗੀ ਲੱਗਦੀ ਐ। ਮਨ ਕਹਿ ਉੱਠਦਾ, ‘ਇਹ ਮੇਰਾ ਆਪਣੈ।’
ਭਾਈ ਢਾਹੁੰਦੇ, ਭਾਈ ਉਸਾਰਦੇ ਨੀ
ਭਾਈਆਂ ਬਾਝ ਬੇਲੀ ਕੋਈ ਯਾਰ ਨਾਹੀਂ ( ਹੀਰ ਵਾਰਿਸ)
ਭਾਈ ਜਾਨੀ ਯਾਰ ਹੁੰਦੇ ਨੇ। ਸਰੀਰ ਅਤੇ ਰੂਹ ਦਾ ਮੇਲ। ਖ਼ੁਸ਼ੀਆਂ ਗ਼ਮੀਆਂ ਦੇ ਸਾਂਝੀਵਾਲ। ਰਹੱਸ ਦੇ ਰਾਜ਼ਦਾਰ। ਮਨ ਵਿੱਚ ਗੁੰਝਲ ਬੱਝੀ ਹੋਵੇ, ਉਸ ਨੂੰ ਖੋਲ੍ਹਣ ਦਾ ਨੁਸਖ਼ਾ ਭਰਾਵਾਂ ਕੋਲ ਹੁੰਦੈ। ਅਜ਼ਲ ਤੋਂ ਹੀ ਮਨੁੱਖੀ ਫ਼ਿਤਰਤ ਸਾਥ ਭਾਲਣ ਦੀ ਰਹੀ ਹੈ, ਸਮਾਜਿਕ ਪ੍ਰਾਣੀ ਜੋ ਹੋਇਆ। ਇਕੱਲਤਾ ਸੁਖਾਉਂਦੀ ਨਹੀਂ। ਜੰਗਲਾਂ ਵਿਚਲੀਆਂ ਦੁਸ਼ਵਾਰੀਆਂ, ਬਿੱਖੜੇ ਪੈਂਡੇ ਅਤੇ ਡਾਢੇ ਦੁਸ਼ਮਣਾਂ ਨਾਲ ਆਢਾ ਲੈਣਾ ਕੋਈ ਸੁਖਾਲਾ ਨਹੀਂ ਸੀ। ਨਾ-ਖ਼ੁਸ਼ਗਵਾਰ ਮੌਸਮ, ਭਿਆਨਕ ਜੀਵ-ਜੰਤੂ ਅਤੇ ਕੁਦਰਤ ਦੀਆਂ ਕਰੋਪੀਆਂ ਨਾਲ ਮੱਥਾ ਲਾਉਣਾ ‘ਕੱਲੇ ਦੁਕੱਲੇ ਦਾ ਕਾਰਜ ਨਹੀਂ ਸੀ। ਆਪਣੇ ਕਬੀਲੇ ਵਿੱਚੋਂ ਕੋਈ ਸਹਿਹੋਂਦ ਦੀ ਕਮੀ ਭਾਸਦੀ ਸੀ। ਕਈ ਗੁਣਾ ਤਾਕਤਵਰ ਔਕੜਾਂ ਨੂੰ ਠੱਲ੍ਹਣ ਲਈ ਜਿਹੜੇ ਹੱਥ ਅੱਗੇ ਆਏ, ਉਹੀ ਭਰਾਵਾਂ ਦਾ ਮੁੱਢਲਾ ਰੂਪ ਸਨ। ਕੋੜਮੇ ਨੂੰ ਵਧਾਉਣ ਲਈ, ਜਿਸ ਇਕੱਠ ਨੇ ਪੰਜੇ ਉਂਗਲਾਂ ਦੀ ਮੁੱਠੀ ਬਣਾ ਕੇ ਹਵਾ ਵਿੱਚ ਲਹਿਰਾਈ, ਉਹ ਭਰਾ ਹੀ ਤਾਂ ਸਨ। ਇੱਥੋਂ ਹੀ ਸਾਂਝੇ ਪਰਿਵਾਰਾਂ ਦਾ ਮੁੱਢ ਬੱਝਿਆ। ਸਾਹਮਣਿਉਂ ਆਉਂਦੇ ਹੱਲਿਆਂ ਨੂੰ ਨਿਹੱਥਾ ਕਰਨ ਲਈ, ਜਿਨ੍ਹਾਂ ਨੇ ਹੱਥਾਂ ਦੀਆਂ ਢਾਲਾਂ ਬਣਾਈਆਂ, ਉਹ ਹੀ ‘ਆਪਣਾ’ ਕਹਾਉਣ ਦੇ ਲਖਾਇਕ ਬਣੇ। ਸੁੰਞਾਪਣ ਮਨੁੱਖ ਲਈ ਕਦੇ ਵੀ ਸੁਹਾਵੀ ਨਹੀਂ ਰਿਹਾ। ਇੱਥੋਂ ਤੱਕ ਕਿ ‘ਕੱਲਾ ‘ਕਹਿਰਾ ਰੁੱਖ ਅਤੇ ਪੁੱਤ ਤਰਸ ਦੇ ਪਾਤਰ ਬਣ ਜਾਂਦੇ ਨੇ। ਕਹਾਵਤ ਹੈ:
ਕੱਲੀ ਹੋਵੇ ਨਾ ਵਣਾਂ ਵਿੱਚ ਲੱਕੜੀ
ਕੱਲਾ ਨਾ ਹੋਵੇ ਪੁੱਤ ਜੱਟ ਦਾ।
ਭਾਈਚਾਰੇ ’ਤੇ ਆਧਾਰਿਤ ਰਿਸ਼ਤਿਆਂ ਦੀ ਇਹ ਸਾਂਝ ਦੁੱਖ-ਸੁੱਖ ਅਤੇ ਜਟਿੱਲ ਸਮੇਂ ਵਿੱਚ ਇੱਕ-ਦੂਜੇ ਲਈ ਸਹਾਰਾ ਬਣਨ ਦਾ ਆਧਾਰ ਬਣਦੀ ਰਹੀ ਹੈ। ਅਜੋਕੇ ਸਮਾਜ ਦਾ ਇਹ ਦੁਖਾਂਤਕ ਪਹਿਲੂ ਹੈ ਕਿ ਮਨੁੱਖ ਆਪਣੇ ਭਾਈਚਾਰੇ ਤੋਂ ਟੁੱਟ ਕੇ ਨਵੀਂਆਂ ਮੰਜ਼ਿਲਾਂ ਵੱਲ ਪਰਵਾਸ ਕਰ ਰਿਹੈ। ਪਿੰਡਾਂ ਤੋਂ ਸ਼ਹਿਰਾਂ, ਸ਼ਹਿਰਾਂ ਤੋਂ ਮਹਾਂਨਗਰਾਂ ਅਤੇ ਮਹਾਂਨਗਰਾਂ ਤੋਂ ਬਿਗਾਨੀਆਂ ਧਰਤੀਆਂ ਵੱਲ, ਪਰ ਭਰਾਤਰੀ ਭਾਵ ਦੇ ਇਸ ਨਿੱਘ ਤੋਂ ਦੂਰ ਹੋਣ ਦੀ ਕਸਕ ਮਨ ਦੀ ਕਿਸੇ ਨੁੱਕਰੇ ਜ਼ਰੂਰ ਟੱਸ ਟੱਸ ਕਰਦੀ ਰਹਿੰਦੀ ਹੈ। ਆਪਣਿਆਂ ਤੋਂ ਦੂਰ ਹੋਣ ਦਾ ਝੋਰਾ ਕਿਸੇ ਪਲ ਚੈਨ ਲੈਣ ਨਹੀਂ ਦਿੰਦਾ। ਆਮ ਜ਼ਿੰਦਗੀ ਵਿੱਚ ਦੇਖਿਆ ਜਾਂਦੈ ਕਿ ਅਸੀਂ ਆਸ-ਪਾਸ ਰਹਿੰਦੇ ਲੋਕਾਂ ਨਾਲ ਕਾਰ ਵਿਹਾਰ ਰੱਖੀਏ ਜਾਂ ਨਾ ਰੱਖੀਏ, ਪਰ ਜਦੋਂ ਕਿਸੇ ਨਵੀਂ ਜਗ੍ਹਾ ’ਤੇ, ਕਿਸੇ ਓਪਰੀ ਧਰਤੀ ’ਤੇ ਉਹੀ ਮਨੁੱਖ ਮਿਲਦੇ ਨੇ, ਤਾਂ ਥੋੜ੍ਹਾ ਸਕੂਨ ਮਿਲਦੈ। ਲੱਗਦੈ, ਜਿਵੇਂ ਉਹੀ ਬਿਗਾਨਾ, ਆਪਣਾ ਸਕਾ ਸਬੰਧੀ ਬਣ ਕੇ ਬਹੁੜਿਆ ਹੋਵੇ। ਅਸੀਂ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਸਮਝਣ ਲੱਗਦੇ ਹਾਂ। ਵਿਦੇਸ਼ੀ ਮੁਲਕਾਂ ਵਿੱਚ ਬੈਠੇ ਬਜ਼ੁਰਗ ਜਦੋਂ ਕਦੀ ਕਦਾਈਂ ਉੱਥੋਂ ਦੇ ਪਾਰਕਾਂ ਵਿੱਚ ਬੈਠੇ ਦੁੱਖ ਸੁੱਖ ਵੰਡਾਉਂਦੇ ਹਨ, ਤਾਂ ਆਪਣੇ ਵਤਨ ਦੇ ਕਿਸੇ ਵੀ ਹਿੱਸੇ ਤੋਂ ਆਇਆ ਸ਼ਖ਼ਸ ਉਨ੍ਹਾਂ ਨੂੰ ਆਪਣਾ ਭਰਾ ਲੱਗਦੈ। ਆਪਣਾ ਸੱਭਿਆਚਾਰ ਜਿਉਂਦਾ ਜਾਗਦਾ ਮਹਿਸੂਸ ਹੁੰਦੈ। ਆਪਣੇਪਣ ਦਾ, ਆਪਣੇ ਭਾਈਚਾਰੇ ਦਾ ਇਹ ਸਾਥ, ਇਹ ਅਹਿਸਾਸ ਉਨ੍ਹਾਂ ਦੇ ਹਉਕਿਆਂ ਨੂੰ ਹਾਸਿਆਂ ਵਿੱਚ ਬਦਲਣ ਦੀ ਸਮਰੱਥਾ ਰੱਖਦੈ। ਪੱਗ ਦਾ ਸ਼ਮਲਾ ਹੋਰ ਉੱਚਾ ਲੱਗਣ ਲੱਗ ਪੈਂਦੈ। ਲੱਗਦੈ, ਚਾਰ ਭਰਾਵਾਂ ਦਾ ਏਕਾ ਹੀ ਉਨ੍ਹਾਂ ਦੀ ਅਮੁੱਲੀ ਵਿਰਾਸਤ ਐ; ਹੁੰਦੀ ਵੀਰਾਂ ਨਾਲ ਸਰਦਾਰੀ।
‘ਭਰਾਵਾਂ ਨਾਲ ਸਰਦਾਰੀ’ ਦਾ ਇਹ ਸੰਕਲਪ ਭੋਇੰ ਦੀਆਂ ਹੱਦਾਂ ਦਾ ਮੁਥਾਜ ਨਹੀਂ, ਕਿਸੇ ਕੰਡਿਆਲੀਆਂ ਤਾਰਾਂ ਦੀ ਵਲਗਣ ਦਾ ਗੁਲਾਮ ਨਹੀਂ। ਜਿੱਥੇ ਵੀ ਉਸ ਨੂੰ ਹਮ-ਖ਼ਿਆਲ ਰੂਹਾਂ ਦੀ ਖੁਸ਼ਬੂ ਆਉਂਦੀ ਹੈ, ਉਹ ਉੱਧਰ ਉਲਾਰ ਹੋ ਜਾਂਦਾ ਹੈ। ਕਿਸੇ ਸਾਂਝੇ ਦੁਸ਼ਮਣ ਨਾਲ ਦੋ ਹੱਥ ਕਰਨ ਲਈ ਉਸ ਨੂੰ ਬਾਹਵਾਂ ਦੀ ਲੋੜ ਭਾਸਦੀ ਹੈ। ਸਿਆਣੇ ਕਹਿੰਦੇ ਨੇ, ਦੁਸ਼ਮਣ ਦਾ ਦੁਸ਼ਮਣ, ਦੋਸਤ ਬਣ ਜਾਂਦੈ। ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਅਜਿਹਾ ਵਰਤਾਰਾ ਆਮ ਹੈ। ਸਾਡੇ ਦੇਸ਼ ਵਿੱਚ ਵੀ ਰਾਜਸੀ ਸੱਤਾ ’ਤੇ ਕਬਜ਼ਾ ਜਮਾਉਣ ਲਈ ਵੱਖਰੀਆਂ ਧਿਰਾਂ ਸਿਰ ਜੋੜ ਲੈਂਦੀਆਂ ਨੇ, ਭਾਵੇਂ ਇਹ ਥੋੜ ਚਿਰਾ ਤੇ ਆਪਾ ਵਿਰੋਧੀ ਹੋਵੇ। ਦਰਸਾਇਆ ਜਾਂਦੈ, ਜਿਵੇਂ ਇਹ ਜੁਗਾਂ ਜੁਗਾਂਤਰਾ ਦਾ ਜੋੜ ਹੋਵੇ। ਅੰਦਰ ਇਹ ਮਜਬੂਰੀ ਛੁਪੀ ਹੁੰਦੀ ਆ ਕਿ ਇੱਕ ਦੂਜੇ ਦਾ ਸਹਾਰਾ ਲੈ ਕੇ ਹੀ ਪੌੜੀ ਦੇ ਡੰਡੇ ਚੜ੍ਹੇ ਜਾ ਸਕਦੇ ਨੇ। ਠੰਢੀ ਜੰਗ ਦੇ ਦੌਰਾਨ ਵੀ ਨਾਟੋ ਅਤੇ ਸੋਵੀਅਤ ਬਲਾਕ ਦਾ ਇਹ ਬੰਧਨ ਇੱਕ ਵੱਡੇ ਸ਼ਰੀਕੇ, ਇੱਕ ਵੱਡੇ ਸਹਿਧਰਮ ਦਾ ਗੱਠਜੋੜ ਸੀ, ਜੋ ਬਾਹਰਲੇ ਖ਼ਤਰੇ ਦੇ ਡਰ ਕਰਕੇ ਇੱਕ ਦੂਜੇ ਦੀਆਂ ਫੌੜ੍ਹੀਆਂ ਭਾਲਦਾ ਸੀ। ਅੱਜ ਵੀ ਵੱਡੀਆਂ ਫ਼ੌਜੀ ਸ਼ਕਤੀਆਂ ਵਿੱਚ ਨਵੇਂ ਸਿਰ ਜੋੜਨ ਦੀ ਹੋੜ ਲੱਗੀ ਹੋਈ ਹੈ:
ਬਾਵ੍ਹਾਂ ਵਾਲਿਆਂ ਦੀ ਲੋਕ ਕਰਨ ਮਿੰਨਤ
ਬਿਨਾਂ ਬਾਹਾਂ ਦੇ ਕੋਈ ਸਰਦਾਰ ਨਾਹੀਂ।
ਬਾਹਾਂ ਕੱਲੀਆਂ ਨੂੰ ਲੋਕ ਮਾਰਦਾ ਜੇ
ਬਾਹਾਂ ਵਾਲਿਆਂ ਨੂੰ ਕੋਈ ਸਾਰ ਨਾਹੀਂ।
ਦੁਨੀਆ ਦੇ ਅਖਾੜੇ ਦੇ ਇੰਦਰਧਨੁਸ਼ੀ ਰੰਗ ਭਾਈਆਂ ਸੰਗ ਹੀ ਗੂੜ੍ਹੇ ਹੁੰਦੇ ਨੇ। ਜਿੱਥੇ ਹਾਸਿਆਂ ਦੀ ਠਣਕਾਰ ਦੂਰ ਤੱਕ ਸੁਣਾਈ ਦਿੰਦੀ ਹੋਵੇ, ਜ਼ਰੂਰ ਚਾਰ ਭਰਾ ਰੱਬ ਦੇ ਸ਼ਰੀਕ ਬਣੇ ਬੈਠੇ ਹੋਣਗੇ! ਭਾਈਆਂ ਦੀ ਸੰਗਤ ਵਿੱਚ ਪੈਰ ਅਚਨਚੇਤ ਹੀ ਧਰਤੀ ਤੋਂ ਉੱਠਣ ਲੱਗਦੇ ਨੇ ਅਤੇ ਕਿਸੇ ਪਰੀ ਦੇਸ਼ ਦੀਆਂ ਸੁਹਾਵਣੀਆਂ ਬਾਤਾਂ ਆ ਪ੍ਰਗਟ ਹੁੰਦੀਆਂ ਨੇ। ਭਾਈਆਂ ਦੀ ਮੌਜੂਦਗੀ ਸੂਰਬੀਰਤਾ ਦੀ ਮਿਸਾਲ ਦੇਣ ਲੱਗਦੀ ਐ;
ਮਾਂ ਜਿਹਾ ਰਿਸ਼ਤਾ ਨਾ ਕੋਈ, ਬਾਪੂ ਜਿਹੀ ਹੱਲਾ ਸ਼ੇਰੀ ਨਾ
ਭੈਣਾਂ ਜਿਹਾ ਪਿਆਰ ਨਾ ਕਿਧਰੇ, ਭਰਾਵਾਂ ਬਾਝ ਦਲੇਰੀ ਨਾ।
ਇਤਿਹਾਸ ਦੇ ਪੰਨੇ ਅੱਜ ਵੀ ਰਾਮ ਤੇ ਲਛਮਣ ਦੇ ਪਿਆਰ ਦੀ ਗਵਾਹੀ ਭਰਦੇ ਨੇ। ਆਮ ਲੋਕਾਂ ਦੀ ਕਹਾਵਤ ਹੈ ਕਿ ਜਦੋਂ ਭਰਾਵਾਂ ਦੀ ਇਕਸੁਰਤਾ ਦਾ ਸੁਨੇਹਾ ਦੇਣਾ ਹੋਵੇ ਤਾਂ ਆਖਿਆ ਜਾਂਦੈ ਕਿ ਭਰਾਵਾਂ ਵਿੱਚੋਂ ਸੂਈ ਨ੍ਹੀਂ ਲੰਘਦੀ। ਇੰਨਾ ਡੂੰਘਾ ਤੇ ਸੰਘਣਾ ਰਿਸ਼ਤਾ ਹੁੰਦਾ ਮਾਂ ਜਾਇਆਂ ਦਾ। ਕਈ ਵਾਰ ਵੱਖਰੀਆਂ ਮਾਵਾਂ ਦੇ ਪੇਟੋਂ ਜਨਮੇ ਵੀ ਸਕੇ ਭਰਾਵਾਂ ਨਾਲੋਂ ਵੱਧ ਨਿਭਾ ਜਾਂਦੇ ਨੇ। ਸਾਡੇ ਧਰਮਾਂ ਨੇ ਮੁੱਢ ਕਦੀਮਾਂ ਤੋਂ ਹੀ ਭਰਾਤਰੀ ਭਾਵ ਨੂੰ ਸਲਾਹਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਭਾਈ ਨੂੰ ਉੱਚ ਦਰਜਾ ਪ੍ਰਦਾਨ ਕੀਤਾ ਗਿਆ ਹੈ, ਜੋ ਪਰਵਿਦਗਾਰ ਦੀਆਂ ਬਾਤਾਂ ਸੁਣਾਉਂਦਾ ਹੈ ਅਤੇ ਉਸ ਦੇ ਵਿਚਾਰਾਂ ਦਾ ਗੁਣਗਾਨ ਕਰਦਾ ਹੈ।
ਪ੍ਰਬੁੱਧ ਸਾਹਿਤਕਾਰ ਸੰਤੋਖ ਸਿੰਘ ਧੀਰ ਲਿਖਦੇ ਹਨ, “ਭਾਈ ਜੇ ਮਿੱਤਰ ਹੋਵੇ, ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ; ਜੇ ਭਾਈ ਦੁਸ਼ਮਣ ਬਣ ਜਾਵੇ, ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ।” ‘ਸਾਂਝੀ ਕੰਧ’ ਵਿਚਲੇ ਕਪੂਰ ਸਿੰਘ ਤੇ ਦਰਬਾਰਾ ਸਿੰਘ ਗਵਾਹ ਹਨ ਕਿ ਵੈਰੀ ਦੀ ਚੁੱਕ ਵਿੱਚ ਆਇਆ ਇਨਸਾਨ, ਭਰਾ ਦੀ ਕਿੱਥੋਂ ਤੱਕ ਬੇਪਤੀ ਤੇ ਉਤਰ ਆਉਂਦਾ ਹੈ ਅਤੇ ਗੱਲ ਡਾਂਗ ਸੋਟੇ, ਗਾਲੀ ਗਲੋਚ ਤੋਂ ਵੱਧ ਕੇ ਥਾਣੇ ਕਚਹਿਰੀਆਂ ’ਤੇ ਜਾ ਪੁੱਜਦੀ ਐ। ਘਰਾਂ ਦੇ ਮੂੰਹ ਦੂਜੇ ਪਾਸੇ ਜਾ ਲੱਗਦੇ ਹਨ, ਪਰ ਹਉਮੈ ਨਹੀਂ ਮਰਦੀ। ਫਿਰ ਵੀ ਬਿਪਤਾ ਪਈ ’ਤੇ ਭਾਈ ਹੀ ਬਹੁੜਦੇ ਨੇ। ਚਾਚੀ ਦੀ ਸੈਨਤ, “ਲੈ ਉਹ ਜਾਣੇ, ਨਹੁੰਆਂ ਨਾਲੋਂ ਮਾਸ ਨ੍ਹੀਂ ਟੁੱਟਦਾ ਕਦੇ ਸਾਊ” ਕਪੂਰ ਸਿੰਘ ਦੇ ਅੰਤਰੀਵ ਮਨ ਨੂੰ ਟੁੰਬਦੀ, ਦਰਬਾਰੇ ਦੇ ਦਰਾਂ ’ਤੇ ਲੈ ਜਾਂਦੀ ਐ। ਸੁੱਕ ਕੇ ਪਿੰਜਰ ਬਣੇ ਦਰਬਾਰੇ ਦੇ ਬੋਲ “ਤੇਰੇ ਬਿਨਾਂ ਬਾਈ ਮੈਂ ਕਾਹਦੇ ਜੋਗਾਂ...” ਫੱਟਾਂ ’ਤੇ ਮਲ੍ਹਮ ਦਾ ਫਹਿਆ ਲੱਗਦੇ ਨੇ ਤੇ ਭੱਜੀਆਂ ਬਾਹਾਂ ਫਿਰ ਗਲ਼ ਆ ਲੱਗਦੀਆਂ ਨੇ। ਫਿਰ ਵੀ ਥਾਂ ਥਾਂ ’ਤੇ ਦੋਖੀ ਵੱਸਦੇ ਨੇ। ਇੱਕ ਕਹਾਣੀ ਯਾਦਾਸ਼ਤ ਵਿੱਚ ਉੱਭਰਦੀ ਐ; ਜਦੋਂ ਵੀ ਪਿੰਡ ਦੇ ਸਰਪੰਚ ਕੋਲ ਦੋ ਭਾਈਆਂ ਵਿਚਲੇ ਬਖੇੜੇ ਦਾ ਕੇਸ ਪਹੁੰਚਣਾ, ਸਰਪੰਚ ਨੇ ਅੱਗ ’ਤੇ ਤੇਲ ਪਾਉਣਾ, “ਗੱਲ ਸੁਣ ਨਰਾਇਣ ਸਿੰਆਂ, ਤੇਰਾ ਭਾਈ ਤਾਂ ਖੁੱਲ੍ਹਮ-ਖੁੱਲ੍ਹੇ ਧੱਕਾ ਕਰ ਰਿਹੈ ਤੇਰੇ ਨਾਲ...ਜੇ ਭਰਾ ਦੇ ਸੱਟ ਫੇਟ ਮਾਰ ਕੇ ਆਇਆ ਹੁੰਦਾ, ਤਾਂ ਮੈਂ ਤੇਰੇ ਨਾਲ ਠਾਣੇ ਚੱਲਦਾ...ਹੁਣ ਉੱਥੇ ਜਾ ਕੇ ਕੀ ਕਹਾਂਗੇ ਕਿ ਗਾਲ਼ੋ ਗਾਲੀ ਹੋਏ ਨੇ।” ਇਸ ਤਰ੍ਹਾਂ ਦੇ ਪਾਤਰ ਸਾਡੇ ਸਮਾਜ ਵਿੱਚ ਦੁਫੇੜ ਪਾਉਣ ਲਈ ਤਿਆਰ ਰਹਿੰਦੇ ਨੇ। ਧਰਮਾਂ ਦੇ ਝਗੜੇ ਝਮੇਲੇ ਇਨ੍ਹਾਂ ਸਿਰ ਫਿਰਿਆਂ ਦੇ ਸ਼ੈਤਾਨ ਦਿਮਾਗ਼ ਦੀ ਹੀ ਕਾਢ ਆ ਕਿਉਂਕਿ ਇਨ੍ਹਾਂ ਨੂੰ ਭਰਾਵਾਂ ਦੇ ਏਕੇ ਵਿੱਚੋਂ ਆਪਣੀ ਸਲਤਨਤ ਨੂੰ ਖਤਰਾ ਭਾਸਦੈ।
ਕੁਲਵੰਤ ਸਿੰਘ ਵਿਰਕ ਦੀ ‘ਦੁੱਧ ਦਾ ਛੱਪੜ’ ਨੂੰ ਕੌਣ ਭੁੱਲਿਆ? ਭਰਾਵਾਂ ਦੇ ਧੁਰ ਅੰਦਰਲੇ ਮਨ ਦੀ ਹੂਕ ਐ। ਸਾਰਾ ਕੁਝ ਵੰਡ ਵੰਡਾ ਕੇ, ਦੁਸ਼ਮਣੀ ਪੁਗਾ ਕੇ ਵੀ ਲਾਲ ਤੇ ਦਿਆਲ ਦੀ ਸਾਹ ਰਗ ਭਰਾਤਰੀ ਪਿਆਰ ਨਾਲ ਲਬਰੇਜ਼ ਐ। ਆਪਣੀ ਹਉਮੈ ਨੂੰ ਦਬਾ ਕੇ ਤੇ ਦੁੱਧ ਡੋਲ੍ਹ ਕੇ ਜੋ ਠੰਢਕ, ਲਾਲ ਦੇ ਕਾਲਜੇ ਪੈਂਦੀ ਆ, ਉਹ ਸ਼ਾਇਦ ਇਨਸਾਨ ਕਦੇ ਜੇਤੂ ਹੋ ਕੇ ਵੀ ਮਹਿਸੂਸ ਨਹੀਂ ਕਰ ਸਕਦਾ। ਅੰਦਰਲਾ ਸਕੂਨ ਹਾਰ ਕੇ ਜਿੱਤਣ ਵਿੱਚ ਹੀ ਮਿਲਦੈ।
ਦਿੱਲੀ ਦੀਆਂ ਬਰੂਹਾਂ ’ਤੇ ਵੀ ਭਰਾਵਾਂ ਦਾ ਇਕੱਠ ਹੋਇਆ। ਪਿੰਡ ਵੱਸੇ। ਸਿਰ ਜੁੜੇ। ਭਰਾ, ਭਰਾਵਾਂ ਦੀਆਂ ਬਾਹਵਾਂ ਬਣੇ। ਪਿੰਡਾਂ ਵਿਚਲੇ ਸਾਂਝੇ ਭਰਾਵਾਂ ਨੇ ਖੇਤ, ਖਲਿਆਣ ਸੰਭਾਲਣ ਦਾ ਜ਼ਿੰਮਾ ਚੁੱਕਿਆ। ਦੂਜੇ ਭਰਾ ਕਿਸਾਨੀ ਰਣਭੂਮੀ ’ਤੇ ਬੈਠੇ ਤਾਨਾਸ਼ਾਹਾਂ ਨੂੰ ਲਲਕਾਰਦੇ ਰਹੇ ਤੇ ਤੀਜੇ ਭਰਾ ਸਰਹੱਦਾਂ ’ਤੇ ਡਟੇ ਵਤਨ ਦੀ ਰਾਖੀ ਲਈ ਜਾਨਾਂ ਨਿਛਾਵਰ ਕਰਨ ਦਾ ਅਹਿਦ ਲੈ ਕੇ ਬੈਠੇ। ਇਸ ਭਾਈਵਾਦ ਦੇ ਸੰਕਲਪ ਨੇ ਹੀ ‘ਖਾਲਿਸਤਾਨੀ’, ‘ਦੇਸ਼ ਧ੍ਰੋਹੀ’, ‘ ਸ਼ਹਿਰੀ ਨਕਸਲੀ’, ‘ਅੰਦੋਲਨਜੀਵੀ’ ਦੇ ਲਕਬਾਂ ਨੂੰ ਖੁੰਢਾ ਕੀਤਾ ਸੀ। ਇਸ ਵਿਚਾਰ ਸ਼ੈਲੀ ਨੇ ਹੁਕਮਰਾਨਾਂ ਦੀ ਨੀਂਦ ਉਡਾਈ ਰੱਖੀ। ਨਵਾਂ ਇਤਿਹਾਸ ਸਿਰਜਿਆ ਗਿਆ, ਜਿੱਥੇ ਵੱਖਰੇ ਖਿੱਤਿਆਂ, ਵੱਖਰੇ ਮਜ਼੍ਹਬਾਂ, ਵੱਖਰੇ ਰੰਗਾਂ, ਵੱਖਰੀਆਂ ਬੋਲੀਆਂ ਹੋਣ ਦੇ ਬਾਵਜੂਦ ਸਾਰੇ ਇੱਕੋ ਮਾਲ਼ਾ ਦੇ ਮਣਕੇ ਬਣ ਕੇ ਹਕੂਮਤਾਂ ਨੂੰ ਵੰਗਾਰਦੇ ਰਹੇ। ਸਰਕਾਰੀ ਤੰਤਰ ਨੂੰ ਅਹਿਸਾਸ ਕਰਾ ਕੇ ਹਟੇ ਕਿ ਸੀਸ ਝੁਕਾਉਣ ਵਾਲੇ ਸਮੇਂ ਲੱਦ ਚੁੱਕੇ ਨੇ। ਹਾਕਮਾਂ ਨੂੰ ਵੰਗਾਰਨ ਲਈ ਇੱਕ ਉਂਗਲ ਹੀ ਕਾਫ਼ੀ ਹੁੰਦੀ ਹੈ, ਪਰ ਇੱਥੇ ਤਾਂ ਪੰਜੇ ਉਂਗਲਾਂ ਦਾ ਮੁੱਕਾ ਤਣਿਆ ਹੋਇਆ ਸੀ। ਭਰਾਵਾਂ ਦਾ ਏਕਾ ਨਵੇਂ ਸੂਰਜ ਦੇ ਚੜ੍ਹਨ ਦਾ ਜਜ਼ਬਾ ਰੱਖਦੈ;
ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ ਨੇ
ਅਤੇ ਭਾਈਆਂ ਬਾਝ ਬਹਾਰ ਨਾਹੀਂ।
ਭਾਈ ਮਰਨ ਤੇ ਪੈਂਦੀਆਂ ਭਜ ਬਾਹਾਂ
ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂ।
ਲੱਖ ਓਟ ਹੈ ਕੋਲ ਵਸੇੰਦਿਆਂ ਦੀ
ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ।
ਸੰਪਰਕ: 89684-33500

