ਗੁਰਮੀਤ ਸਿੰਘ*
ਜੰਗਲੀ ਮੈਨਾ ਆਮ ਮਿਲਣ ਵਾਲੀ ਗੁਟਾਰ ਵਰਗੀ ਹੁੰਦੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘Jungle myna’ ਅਤੇ ਹਿੰਦੀ ਵਿਚ ‘ਜੰਗਲੀ ਮੈਨਾ’ ਕਹਿੰਦੇ ਹਨ। ਇਹ ਪੰਛੀ ਭਾਰਤ ਅਤੇ ਮਿਆਂਮਾਰ ਤੋਂ ਇੰਡੋਨੇਸ਼ੀਆ ਤੱਕ ਗਰਮ ਖੰਡੀ ਦੱਖਣੀ ਏਸ਼ੀਆ ਵਿੱਚ ਆਮ ਵੇਖਣ ਨੂੰ ਮਿਲਦਾ ਹੈ। ਇਹ ਪੰਛੀ ਵਣ ਰਕਬਿਆਂ ਦੇ ਨੇੜੇ ਮਿਲਦਾ ਹੈ, ਪਰ ਅੱਜਕੱਲ੍ਹ ਇਸ ਨੂੰ ਸ਼ਹਿਰਾਂ ਵਿਚ ਬਾਗ਼ ਬਗੀਚਿਆਂ ਵਿਚ ਵੀ ਵੇਖਿਆ ਜਾ ਸਕਦਾ ਹੈ। ਜੰਗਲੀ ਮੈਨਾ ਨੂੰ ਆਮ ਤੌਰ ’ਤੇ ਪਾਣੀ ਜਾਂ ਝੋਨੇ ਦੇ ਖੇਤਾਂ ਦੇ ਨੇੜੇ ਵੇਖਿਆ ਜਾ ਸਕਦਾ ਹੈ। ਇਹ ਪੰਛੀ 23 ਸੈਂਟੀਮੀਟਰ ਲੰਬਾ, ਸਿਰ ਅਤੇ ਧੌਣ ਤੋਂ ਕਾਲਾ ਅਤੇ ਬਾਕੀ ਸਲੇਟੀ ਰੰਗਾ ਹੁੰਦਾ ਹੈ। ਇਸ ਦੇ ਪਿੱਠ ਅਤੇ ਪਰਾਂ ਤੋਂ ਰੰਗ ਗੂੜ੍ਹਾ ਅਤੇ ਹੇਠੋਂ ਥੋੜ੍ਹਾ ਫਿੱਕਾ ਹੁੰਦਾ ਹੈ। ਇਸ ਦਾ ਸਿਰੇ ਤੋਂ ਪੂੰਝਾ ਅਤੇ ਪਰਾਂ ਤੋਂ ਧੱਬੇ ਚਿੱਟੇ ਹੁੰਦੇ ਹਨ। ਇਸ ਦੇ ਸਿਰ ਅਤੇ ਮੱਥੇ ਦੇ ਕੁਝ ਵਾਲ ਖੜ੍ਹੇ ਰਹਿੰਦੇ ਹਨ। ਇਸ ਦੀ ਚੁੰਝ ਅਤੇ ਲੱਤਾਂ ਮਜ਼ਬੂਤ, ਚਮਕਦਾਰ ਅਤੇ ਪੀਲੀਆਂ ਹੁੰਦੀਆਂ ਹਨ। ਨਰ ਅਤੇ ਮਾਦਾ ਇੱਕੋ ਜਿਹੇ ਦਿਖਾਈ ਦਿੰਦੇ ਹਨ। ਜੰਗਲੀ ਮੈਨਾ ਦੀ ਆਵਾਜ਼ ਆਮ ਮੈਨਾ ਨਾਲੋਂ ਉੱਚੀ ਹੁੰਦੀ ਹੈ।
ਜੰਗਲੀ ਮੈਨਾ ਸਰਬ-ਭੋਜੀ ਪੰਛੀ ਹਨ। ਇਨ੍ਹਾਂ ਦਾ ਮੁੱਖ ਤੌਰ ’ਤੇ ਭੋਜਨ ਕੀੜੇ-ਮਕੌੜੇ, ਫ਼ਲ ਅਤੇ ਬੀਜ ਹੁੰਦੇ ਹਨ। ਇਹ ਆਮਤੌਰ ’ਤੇ ਮੈਨਾ ਦੀਆਂ ਦੂਜੀਆਂ ਪ੍ਰਜਾਤੀਆਂ ਨਾਲ ਮਿਲ ਕੇ ਖਾਣ ਲਈ ਨਿਕਲਦੀਆਂ ਹਨ। ਜੰਗਲੀ ਮੈਨਾ ਮਿਲ ਕੇ ਝਾੜੀਆਂ ਵਿੱਚੋਂ ਲੈਨਟਾਨਾ ਨੂੰ ਲੱਗੇ ਫ਼ਲ ਵੀ ਖਾਂਦੀਆਂ ਹਨ। ਇਹ ਪੰਛੀ ਫੁੱਲਾਂ ਦਾ ਰਸ ਵੀ ਪੀਂਦੇ ਹਨ। ਜੰਗਲੀ ਮੈਨਾ ਦੀ ਆਪਸ ਵਿਚ ਸੰਪਰਕ ਦੀ ਆਵਾਜ਼ ਆਮ ਗੁਟਾਰਾਂ ਨਾਲੋਂ ਉੱਚੀ ਹੁੰਦੀ ਹੈ। ਉੱਤਰੀ ਭਾਰਤ ਵਿੱਚ ਜੰਗਲੀ ਮੈਨਾ ਦਾ ਪ੍ਰਜਣਨ ਦਾ ਸਮਾਂ ਗਰਮੀਆਂ ਵਿੱਚ ਬਾਰਸ਼ ਤੋਂ ਪਹਿਲਾਂ ਅਪਰੈਲ ਤੋਂ ਜੁਲਾਈ ਵਿਚ ਹੁੰਦਾ ਹੈ। ਇਹ ਦਰੱਖਤਾਂ ਅਤੇ ਮਨੁੱਖ ਵੱਲੋਂ ਕੀਤੀਆਂ ਗਈਆਂ ਉਸਾਰੀਆਂ ਜਿਵੇਂ ਕਿ ਕੰਧਾਂ, ਬੰਨ੍ਹ ਅਤੇ ਘਰਾਂ ਵਿੱਚ 2 ਤੋਂ 6 ਮੀਟਰ ਦੀਆਂ ਉੱਚੀਆਂ ਥਾਵਾਂ ਵਿੱਚ ਆਪਣੇ ਆਲ੍ਹਣੇ ਬਣਾਉਂਦੇ ਹਨ। ਮਾਦਾ ਮੈਨਾ 4 ਤੋਂ 6 ਆਂਡੇ ਦਿੰਦੀ ਹੈ ਜਿਨ੍ਹਾਂ ਦਾ ਰੰਗ ਨੀਲਾ ਹੁੰਦਾ ਹੈ। ਨਰ ਅਤੇ ਮਾਦਾ ਦੋਵੇਂ ਆਲ੍ਹਣਾ ਬਣਾਉਣ ਅਤੇ ਚੂਚਿਆਂ ਨੂੰ ਖਾਣਾ ਖੁਆਉਣ ਵਿਚ ਹਿੱਸਾ ਲੈਂਦੇ ਹਨ। ਜੰਗਲੀ ਮੈਨਾ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ-4 ਦਾ ਪੰਛੀ ਹੈ। ਇਨ੍ਹਾਂ ਪੰਛੀਆਂ ਨੂੰ ਫ਼ਸਲਾਂ ’ਤੇ ਕੀੜੇਮਾਰ ਦਵਾਈਆਂ ਵਰਤਣ ਨਾਲ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910