ਬੱਲੀਏ ਕਣਕ ਦੀਏ...
ਚੇਤ ਦਾ ਮਹੀਨਾ ਕਿਸਾਨ ਲਈ ਖੁਸ਼ੀ ਅਤੇ ਡਰ ਵਾਲਾ ਹੁੰਦਾ ਹੈ। ਖੁਸ਼ੀ ਇਸ ਗੱਲ ਦੀ ਕਿ ਇਸ ਵੇਲੇ ਖੇਤਾਂ ਵਿੱਚ ਫ਼ਸਲ ਪੱਕਣੀ ਸ਼ੁਰੂ ਹੋ ਜਾਂਦੀ ਹੈ ਅਤੇ ਮਹੀਨੇ ਦੇ ਅਖੀਰ ਵਿੱਚ ਬਿਲਕੁਲ ਪੱਕ ਜਾਂਦੀ ਹੈ। ਫ਼ਸਲ ਨੂੰ ਹਮੇਸ਼ਾਂ ਦੋ ਚੀਜ਼ਾਂ...
ਚੇਤ ਦਾ ਮਹੀਨਾ ਕਿਸਾਨ ਲਈ ਖੁਸ਼ੀ ਅਤੇ ਡਰ ਵਾਲਾ ਹੁੰਦਾ ਹੈ। ਖੁਸ਼ੀ ਇਸ ਗੱਲ ਦੀ ਕਿ ਇਸ ਵੇਲੇ ਖੇਤਾਂ ਵਿੱਚ ਫ਼ਸਲ ਪੱਕਣੀ ਸ਼ੁਰੂ ਹੋ ਜਾਂਦੀ ਹੈ ਅਤੇ ਮਹੀਨੇ ਦੇ ਅਖੀਰ ਵਿੱਚ ਬਿਲਕੁਲ ਪੱਕ ਜਾਂਦੀ ਹੈ। ਫ਼ਸਲ ਨੂੰ ਹਮੇਸ਼ਾਂ ਦੋ ਚੀਜ਼ਾਂ ਹੀ ਨੁਕਸਾਨ ਕਰਦੀਆਂ ਹਨ ਜਾਂ ਡੋਬਾ ਤੇ ਜਾਂ ਸੋਕਾ, ਪਰ ਤੀਜੀ ਚੀਜ਼ ਕੁਦਰਤੀ ਆਫ਼ਤ ਗਿਣਤੀ ਵਿੱਚ ਨਾ ਹੁੰਦੀ ਹੋਈ ਵੀ ਘਾਤਕ ਹੁੰਦੀ ਹੈ। ਇਸ ਮਹੀਨੇ ਵਿੱਚ ਆਪਣੇ ਖਾਣ ਲਈ ਸਾਰੇ ਸਾਲ ਦੇ ਦਾਣੇ ਹਰ ਵਿਅਕਤੀ ਘਰ ਲਿਆਉਂਦਾ ਹੈ। ਕਿਸਾਨ ਸਭ ਲਈ ਅੰਨ ਪੈਦਾ ਕਰਦਾ ਹੈ।
ਆਮ ਤੌਰ ’ਤੇ ਇਸ ਮਹੀਨੇ ਆਉਣ ਵਾਲੇ ਮੀਂਹ ਅਤੇ ਝੱਖੜ ਨਾਲ ਫ਼ਸਲਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਅਸਮਾਨ ਵਿੱਚ ਬੱਦਲ ਛਾਏ ਦੇਖ ਕੇ ਕਿਸਾਨ ਦੀ ਜਾਨ ਮੁੱਠੀ ਵਿੱਚ ਆ ਜਾਂਦੀ ਹੈ। ਇਸ ਦ੍ਰਿਸ਼ ਨੂੰ ਦੇਖ ਕੇ ਹੀ ਕਿਹਾ ਜਾਂਦਾ ਹੈ;
ਬਰਸਿਆ ਚੇਤ
ਨਾ ਘਰ ਨਾ ਖੇਤ।
ਇਸ ਦਾ ਮਤਲਬ ਇਹ ਹੈ ਕਿ ਚੇਤ ਵਿੱਚ ਜਦੋਂ ਮੀਂਹ ਪੈਂਦਾ ਹੈ ਤਾਂ ਉਦੋਂ ਫ਼ਸਲ ਨਾ ਤਾਂ ਘਰ ਵਿੱਚ ਹੁੰਦੀ ਹੈ ਤੇ ਨਾ ਹੀ ਖੇਤ ਵਿੱਚ ਸੁਰੱਖਿਅਤ ਹੁੰਦੀ ਹੈ। ਅਜਿਹੇ ਸਮੇਂ ਕਿਸਾਨ ਡਾਵਾਂ ਡੋਲ ਹੋ ਜਾਂਦਾ ਹੈ। ਉਂਜ ਭਾਵੇਂ ਚੇਤ ਦਾ ਮਹੀਨਾ ਬਹੁਤ ਮਨਮੋਹਕ ਹੁੰਦਾ ਹੈ ਕਿਉਂਕਿ ਖੇਤਾਂ ਵਿੱਚ ਹਰੀਆਂ ਭਰੀਆਂ ਫ਼ਸਲਾਂ ਜਦੋਂ ਬੱਲੀਆਂ ’ਤੇ ਆਉਂਦੀਆਂ ਹਨ, ਉਸ ਸਮੇਂ ਚਾਰੇ ਪਾਸੇ ਮਹਿਕ ਹੀ ਮਹਿਕ ਫੈਲ ਜਾਂਦੀ ਹੈ। ਇਸ ਸਮੇਂ ਕਿਸਾਨ ਬਹੁਤ ਖੁਸ਼ ਹੁੰਦੇ ਹਨ। ਕਈ ਵਾਰ ਸਥਿਤੀ ਉਲਟ ਹੁੰਦੀ ਹੈ। ਕਈ ਗ਼ਰੀਬ ਕਿਸਾਨ ਮਜ਼ਦੂਰ ਆਪਣੀ ਮਿਹਨਤ ਨਾਲ ਕੀਤੀ ਕਮਾਈ ਮਜਬੂਰੀਵਸ ਆਪਣੇ ਘਰ ਲੈ ਕੇ ਜਾਣ ਦੀ ਥਾਂ ਸ਼ਾਹੂਕਾਰ ਕੋਲ ਲੈਣੇ ਦੇਣੇ ਦੇ ਜੰਜਾਲ ਵਿੱਚੋਂ ਨਿਕਲਣ ਲਈ ਸੁੱਟ ਦਿੰਦੇ ਹਨ ਤਾਂ ਹੀ ਸ਼ਾਇਦ ਅਜਿਹੇ ਬੋਲ ਮੂੰਹੋਂ ਨਿਕਲਦੇ ਸਨ;
ਬੱਲੀਏ ਕਣਕ ਦੀਏ
ਤੈਨੂੰ ਖਾਣਗੇ ਨਸੀਬਾਂ ਵਾਲੇ।
ਕਾਫ਼ੀ ਸਮਾਂ ਪਹਿਲਾਂ ਛੋਟੇ ਕਿਸਾਨਾਂ ਦੀ ਮਾਲੀ ਹਾਲਤ ਇੰਨੀ ਤੰਗ ਹੋ ਜਾਂਦੀ ਸੀ ਕਿ ਕਈ ਵਾਰ ਤਾਂ ਪਿੜ ਵਿੱਚੋਂ ਦਾਣੇ ਘਰ ਬਹੁਤ ਹੀ ਘੱਟ ਆਉਂਦੇ ਸਨ। ਕਬੀਲਦਾਰੀ ਦਾ ਖ਼ਰਚਾ ਕਰਨ ਲਈ ਮੁੜ ਸ਼ਾਹ ਅੱਗੇ ਹੱਥ ਅੱਡਣਾ ਪੈਂਦਾ ਸੀ। ਉਹ ਵੀ ਸਮਾਂ ਸੀ ਜਦੋਂ ਪਾਣੀ ਦੇ ਸਾਧਨ ਘੱਟ ਹੁੰਦੇ ਸਨ ਅਤੇ ਕਣਕਾਂ ਬੇਰੜੀਆਂ ਬੀਜੀਆਂ ਜਾਂਦੀਆਂ ਸਨ। ਬੇਰੜੀ ਕਣਕ ਵਿੱਚ ਛੋਲੇ ਤੇ ਜੌਂ ਆਦਿ ਰਲ਼ੇ ਹੁੰਦੇ ਤਾਂ ਇਸ ਨੂੰ ਪਿਸਵਾ ਕੇ ਖਾਧਾ ਜਾਂਦਾ ਕਿਉਂਕਿ ਅਜਿਹੀ ਫ਼ਸਲ ਲਈ ਪਾਣੀ ਦੀ ਘੱਟ ਲੋੜ ਪੈਂਦੀ ਸੀ। ਕਣਕ ਦੀ ਰੋਟੀ ਸਿਰਫ਼ ਆਏ ਹੋਏ ਪ੍ਰਾਹੁਣੇ ਨੂੰ ਹੀ ਦਿੱਤੀ ਜਾਂਦੀ ਸੀ। ਉੱਧਰ ਸਰਦੀ ਚੜ੍ਹਦਿਆਂ ਹੀ ਲੋਕ ਬਾਜਰੇ ਅਤੇ ਮੱਕੀ ਦੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰਦੇ ਸਨ। ਆਟੇ ਵਾਲੀਆਂ ਮਸ਼ੀਨਾਂ ਦੀ ਅਣਹੋਂਦ ਵਿੱਚ ਘਰਾਂ ਵਿੱਚ ਔਰਤਾਂ ਚੱਕੀ ਉੱਤੇ ਆਟਾ ਪੀਂਹਦੀਆਂ ਸਨ, ਇਸ ਕਰਕੇ ਵੱਡੇ ਪਰਿਵਾਰਾਂ ਦੇ ਖਾਣ ਲਈ ਆਥਣ ਵੇਲੇ ਦਲੀਆ ਜਿਸ ਨੂੰ ਅੰਨ ਵੀ ਕਹਿੰਦੇ ਹਨ, ਬਣਾਇਆ ਜਾਂਦਾ ਸੀ। ਇਹ ਦਲੀਆ ਤੌੜੀਆਂ ਵਿੱਚ ਬਣਾਇਆ ਜਾਂਦਾ ਸੀ। ਇਸ ਨੂੰ ਮਿੱਠਾ ਪਾ ਕੇ ਜਾਂ ਕੱਚੇ ਦੁੱਧ ਨਾਲ ਵੀ ਖਾਧਾ ਜਾਂਦਾ ਸੀ।
ਚੇਤ ਦੇ ਮਹੀਨੇ ਵਿੱਚ ਪੱਕੀਆਂ ਕਣਕਾਂ ਨੂੰ ਦੇਖ ਕੇ ਕਿਸਾਨ ਅਨੇਕਾਂ ਉਮੀਦਾਂ ਲਾ ਕੇ ਬੈਠਾ ਹੁੰਦਾ ਹੈ। ਉਸ ਨੇ ਵਿਆਹ ਵੀ ਕਰਨਾ ਹੁੰਦਾ ਹੈ ਤੇ ਨਾਲ ਸ਼ਾਹੂਕਾਰ ਦਾ ਕਰਜ਼ਾ ਵੀ ਲਾਹੁਣਾ ਹੁੰਦਾ ਹੈ। ਸ਼ਾਹੂਕਾਰ ਦਾ ਇੰਨਾ ਡਰ ਹੁੰਦਾ ਸੀ ਕਿ ਸ਼ਾਹੂਕਾਰ ਭਾਵੇਂ ਵਿਆਜੂ ਪੈਸੇ ਦਿੰਦੇ ਸਨ, ਪਰ ਕਿਸਾਨ ਨੂੰ ਉਨ੍ਹਾਂ ਦੀ ਚਾਪਲੂਸੀ ਕਰਨੀ ਪੈਂਦੀ ਸੀ, ਨਾਲੇ ਵਿਆਜ ਵੱਲੋਂ ਵੱਡੀ ਲੁੱਟ ਹੁੰਦੀ ਸੀ।
ਕਈ ਵਾਰ ਤਾਂ ਸ਼ਾਹੂਕਾਰ ਜਦੋਂ ਖੇਤ ਵਿੱਚ ਆ ਜਾਂਦਾ ਤਾਂ ਕਿਸਾਨ ਦਾ ਉਸ ਨੂੰ ਦੇਖ ਕੇ ਹੀ ਹੌਸਲਾ ਟੁੱਟ ਜਾਂਦਾ ਭਾਵੇਂ ਕਿ ਉਸ ਨੇ ਪੈਸੇ ਲਏ ਹੁੰਦੇ ਸਨ, ਪਰ ਫਿਰ ਵੀ ਉਸ ਨੂੰ ਆਪਣੀ ਮਿਹਨਤ ’ਤੇ ਡਾਕਾ ਵੱਜਦਾ ਪ੍ਰਤੀਤ ਹੁੰਦਾ। ਜੇਕਰ ਕੋਈ ਕਿਸਾਨ ਮਜਬੂਰੀ ਵੱਸ ਸ਼ਾਹੂਕਾਰ ਨੂੰ ਨਾਂਹ ਕਰਦਾ ਤਾਂ ਉਹ ਪੁਲੀਸ ਦੀ ਧਮਕੀ ਵੀ ਦਿੰਦਾ ਤੇ ਕਈ ਵਾਰ ਪੁਲੀਸ ਲੈ ਵੀ ਆਉਂਦਾ। ਅਜਿਹੇ ਮੌਕਿਆਂ ’ਤੇ ਕਿਸਾਨ ਦੇ ਹਾਵ ਭਾਵ ਗੁੱਸੇ ਵਾਲੇ ਹੀ ਹੁੰਦੇ ਤਾਂ ਵੀ ਉਹ ਪਾਣੀ ਵਾਂਗ ਪੀ ਜਾਂਦਾ, ਪਰ ਫਿਰ ਵੀ ਉਸ ਦੇ ਮੂੰਹੋਂ ਇਹ ਸ਼ਬਦ ਨਿਕਲਦੇ ਜੋ ਬਾਅਦ ਵਿੱਚ ਲੋਕ ਗੀਤ ਬਣ ਗਏ;
ਕੁੱਤੀ ਜਾਤ ਨੇ ਚੜ੍ਹਾ ਲਿਆਂਦਾ ਠਾਣਾ
ਸੇਵੀਆਂ ’ਚ ਲੂਣ ਭੁੱਕ ’ਤਾ।
ਇੱਕ ਸਮਾਂ ਸੀ ਜਦੋਂ ਦੇਸੀ ਕਣਕ ਦੀ ਅਣਹੋਂਦ ਵਿੱਚ ਮੈਕਸੀਕਨ ਕਣਕ ਵੀ ਆਈ। ਇਸ ਕਣਕ ਦਾ ਰੰਗ ਲਾਲ ਸੀ। ਇਸ ਨੂੰ ਆਮ ਤੌਰ ’ਤੇ ਮਜਬੂਰ ਲੋਕ ਹੀ ਖਾਂਦੇ ਸਨ ਕਿਉਂਕਿ ਉਦੋਂ ਤੱਕ ਹਰੀ ਕ੍ਰਾਂਤੀ ਨਹੀਂ ਸੀ ਆਈ। ਤਕੜੇ ਘਰਾਂ ਜਿਨ੍ਹਾਂ ਕੋਲ ਸਿੰਚਾਈ ਦੇ ਸਾਧਨ ਵਧੀਆ ਸਨ, ਉਨ੍ਹਾਂ ਦੀ ਕਣਕ ਵੀ ਵਧੀਆ ਹੁੰਦੀ ਸੀ।
ਸਮਾਂ ਬਦਲਿਆ ਤਾਂ ਕਣਕ ਦੀਆਂ ਨਵੀਆਂ ਨਵੀਆਂ ਕਿਸਮਾਂ ਆ ਗਈਆਂ ਤੇ ਲੋਕਾਂ ਨੇ ਬੀਜਣੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਵਿੱਚ ਖੁਸ਼ੀ ਆ ਗਈ। ਨਵੇਂ ਬੀਜਾਂ ਨੇ ਜਿੱਥੇ ਰਸੋਈ ਦੀ ਨੁਹਾਰ ਬਦਲੀ, ਉੱਥੇ ਲੋਕ ਗੀਤਾਂ ’ਚ ਵੀ ਇਸ ਦੇ ਚਰਚੇ ਹੋਣ ਲੱਗੇ;
ਬੱਗੀ ਬੱਗੀ ਕਣਕ ਦੇ ਮੰਡੇ ਮੈਂ ਪਕਾਉਨੀ ਆਂ
ਛਾਵੇਂ ਬਹਿ ਕੇ ਖਾਵਾਂਗੇ
ਚਿੱਤ ਕਰੂ ਮੁਕਲਾਵੇ ਜਾਵਾਂਗੇ।
ਇਸ ਤਰ੍ਹਾਂ ਕਣਕ ਦੇ ਸੋਹਣੇ ਬੀਜ ਆਉਣ ਕਰਕੇ ਆਦਮੀਆਂ ਵਿੱਚ ਹੀ ਨਹੀਂ ਬਲਕਿ ਔਰਤਾਂ ਵਿੱਚ ਵੀ ਖੁਸ਼ੀ ਸੀ। ਔਰਤਾਂ ਇਸ ਖੁਸ਼ੀ ਵਿੱਚ ਆਪਣੇ ਭਾਵਾਂ ਨੂੰ ਪ੍ਰਗਟ ਕਰਦੀਆਂ ਹੋਈਆਂ ਆਪਣੇ ਨਾਲ ਦੀਆਂ ਨੂੰ ਖੁਸ਼ੀ ਵਿੱਚ ਗਿੱਧਾ ਪਾਉਣ ਲਈ ਇੰਜ ਪ੍ਰੇਰਦੀਆਂ;
ਬੱਗੀ ਬੱਗੀ ਕਣਕ ਦੁਆਬੇ ਦੀ
ਜਿਹੜੀ ਗਿੱਧਾ ਨਾ ਪਾਊ ਰੰਨ ਬਾਬੇ ਦੀ।
ਕਣਕ ਦੇ ਤੋੜੇ (ਕਮੀ) ਵੇਲੇ ਜਦੋਂ ਕਣਕ ਗੱਡਿਆਂ ਨਾਲ ਢੋਈ ਜਾਂਦੀ ਸੀ ਜਾਂ ਇੱਕ ਅੱਧੇ ਘਰ ਟਰਾਲੀ ਵੀ ਹੁੰਦੀ ਸੀ ਤਾਂ ਉਸ ਸਮੇਂ ਕਣਕ ਦੇ ਭਰੇ ਗੱਡੇ ਲੰਘਦੇ ਤਾਂ ਇਨ੍ਹਾਂ ਦੀ ਹਿਲਜੁਲ ਨਾਲ ਇੱਕ ਇੱਕ ਕਰਕੇ ਬੱਲੀਆਂ ਵੀ ਡਿੱਗਦੀਆਂ ਤਾਂ ਉਸ ਨੂੰ ਵੀ ਬੜੀ ਰੀਝ ਨਾਲ ਚੁਗਿਆ ਜਾਂਦਾ। ਇਨ੍ਹਾਂ ਬੱਲੀਆਂ ਨੂੰ ਬੇਜ਼ਮੀਨੇ ਲੋਕ ਤਾਂ ਚੁਗਦੇ ਹੀ ਸਨ ਬਲਕਿ ਸਿਆਣੀ ਉਮਰ ਦੇ ਲੋਕ ਅਤੇ ਬੱਚੇ ਵੀ ਬੱਲੀਆਂ ਚੁਗਦੇ ਸਨ ਤਾਂ ਕਿ ਉਸ ਬਦਲੇ ਕੋਈ ਨਾ ਕੋਈ ਚੀਜ਼ ਦੁਕਾਨ ਤੋਂ ਲਿਆਂਦੀ ਜਾ ਸਕੇ।
ਖੇਤੀ ਦਾ ਧੰਦਾ ਇੱਕ ਜੂਏ ਜਾਂ ਸੱਟੇ ਵਰਗਾ ਹੈ। ਜੇਕਰ ਫ਼ਸਲ ਲੱਗ ਗਈ ਤਾਂ ਪੌ-ਬਾਰਾਂ! ਨਹੀਂ ਫਿਰ ਘਾਟਾ। ਥੋੜ੍ਹਾ ਘਾਟਾ ਤਾਂ ਜ਼ਰ ਲਿਆ ਜਾਂਦਾ ਹੈ, ਪਰ ਫ਼ਸਲ ਦਾ ਅਤਿਅੰਤ ਖ਼ਰਾਬ ਹੋ ਜਾਣਾ ਕਿਸਾਨ ਨੂੰ ਮੰਜੇ ’ਚੋਂ ਉੱਠਣ ਨਹੀਂ ਦਿੰਦਾ ਕਿਉਂਕਿ ਫ਼ਸਲ ਉੱਤੇ ਕੀਤਾ ਖ਼ਰਚਾ ਉਹ ਉਧਾਰਾ ਹੀ ਉਠਾਉਂਦਾ ਹੈ। ਉਸ ਦੀ ਵਾਪਸੀ ਅਤੇ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਉਸ ਨੂੰ ਬਹੁਤ ਔਖਾ ਹੋ ਜਾਂਦਾ ਹੈ।
ਜਦੋਂ ਕਣਕਾਂ ਦੇ ਝਾੜ ਘੱਟ ਸਨ, ਉਦੋਂ ਮਿਹਨਤ ਬਹੁਤ ਜ਼ਿਆਦਾ ਹੁੰਦੀ ਸੀ, ਪਰ ਉਸ ਸਮੇਂ ਛੇਤੀ ਛੇਤੀ ਕਿਸੇ ਬਿਮਾਰੀ ਦਾ ਡਰ ਨਹੀਂ ਸੀ ਹੁੰਦਾ। ਕਣਕਾਂ ਨੂੰ ਗੁੱਡਿਆ ਜਾਂਦਾ ਅਤੇ ਉਸ ਵਿੱਚੋਂ ਸਾਰੇ ਨਦੀਨ ਕੱਢ ਕੇ ਹੀ ਸਾਹ ਲਿਆ ਜਾਂਦਾ, ਪਰ ਹੁਣ ਕਣਕਾਂ ਗੁੱਡਣ ਦੀ ਬਜਾਏ ਨਦੀਨ ਨਾਸ਼ਕ ਦਵਾਈਆਂ ਛਿੜਕੀਆਂ ਜਾਂਦੀਆਂ ਹਨ ਅਤੇ ਖਾਦ ਪਾਈ ਜਾਂਦੀ ਹੈ ਜਿਸ ਨਾਲ ਪੈਦਾਵਾਰ ਵਧਦੀ ਹੈ।
ਬੇਸ਼ੱਕ ਪਹਿਲਾਂ ਅਤੇ ਹੁਣ ਵਿੱਚ ਕਾਫ਼ੀ ਫ਼ਰਕ ਹੈ, ਪਰ ਫ਼ਸਲ ਹੁਣ ਵੀ ਜੂਆ ਤੇ ਸੱਟਾ ਹੀ ਹੈ। ਪਹਿਲਾਂ ਕਣਕਾਂ ਹੱਥੀਂ ਵੱਢੀਆਂ ਜਾਂਦੀਆਂ ਸਨ ਤੇ ਫਿਰ ਕੱਢੀਆਂ ਜਾਂਦੀਆਂ ਸਨ, ਪਰ ਹੁਣ ਕੰਬਾਈਨ ਨਾਲ ਹੀ ਕੰਮ ਸ਼ਾਮ ਤੱਕ ਮੁੱਕ ਜਾਂਦਾ ਹੈ। ਪਹਿਲਾਂ ਕਣਕਾਂ ਵੱਢ ਕੇ ਖਲੀ਼ਆਂ ਲਾਈਆਂ ਜਾਂਦੀਆਂ ਤੇ ਫਿਰ ਉਸ ਨੂੰ ਕੱਢਿਆ ਜਾਂਦਾ। ਮਸ਼ੀਨਾਂ ਦੀ ਅਣਹੋਂਦ ਵਿੱਚ ਇਹ ਕਣਕਾਂ ਫਲਿਆਂ (ਕੰਡਿਆਲੇ ਝਾਫ਼ੇ) ਨਾਲ ਕੱਢੀਆਂ ਜਾਂਦੀਆਂ ਅਤੇ ਕਿਸਾਨ ਪਿੜਾਂ ਵਿੱਚ ਕਈ ਕਈ ਦਿਨ ਬੈਠੇ ਰਹਿੰਦੇ। ਉਹ ਦਿਨ ਵੀ ਬੜੇ ਰੌਣਕ ਵਾਲੇ ਹੁੰਦੇ ਸਨ ਜਦੋਂ ਕਿਸਾਨ ਕਣਕ ਦੀ ਰਾਖੀ ਕਰਦੇ ਸਨ। ਉੱਥੇ ਹੀ ਸੌਂਦੇ, ਉੱਥੇ ਹੀ ਰੋਟੀ ਆਉਂਦੀ ਕਿਉਂਕਿ ਮੰਜਾ ਬਿਸਤਰਾ ਵੀ ਉੱਥੇ ਹੀ ਹੁੰਦਾ ਸੀ। ਅੱਜ ਮਸ਼ੀਨੀ ਯੁੱਗ ਵਿੱਚ ਭਾਵੇਂ ਹਰ ਕੰਮ ਜਲਦੀ ਹੋ ਜਾਂਦਾ ਹੈ, ਪਰ ਫਿਰ ਵੀ ਫ਼ਸਲ ਜਦ ਤੱਕ ਘਰ ਨਹੀਂ ਆਉਂਦੀ ਤਦ ਤੱਕ ਕਿਸਾਨ ਦੀ ਚਿੰਤਾ ਨੂੰ ਉਹੀ ਜਾਣਦਾ ਹੈ।
ਸੰਪਰਕ: 94178-40323

