DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਜੀ ਆਇਆਂ ਨੂੰ’ ਅਤੇ ਸਲੀਕਾ

ਜੀਵਨ ਦੇ ਮਾਰਗ ’ਤੇ ਵਿਚਰਦਿਆਂ ਹਰ ਮਨੁੱਖ ਦਾ ਹੀ ਨਿੱਤ-ਦਿਨ ਅਨੇਕਾਂ ਲੋਕਾਂ ਨਾਲ ਵਾਹ-ਵਾਸਤਾ ਪੈਂਦਾ ਹੈ। ਇੱਕ ਦੂਜੇ ਨਾਲ ਮਨੁੱਖ ਕਿਹੋ ਜਿਹਾ ਵਿਹਾਰ ਕਰਦਾ ਹੈ, ਇਹ ਅਕਸਰ ਹਰ ਕੋਈ ਦੇਖਦਾ ਤੇ ਪਰਖਦਾ ਹੈ। ਘਰ ਵਿੱਚ ਆਏ ਪ੍ਰਾਹਣਿਆਂ ਨੂੰ ਖਿੜੇ-ਮੱਥੇ ਜੀ-ਆਇਆਂ...

  • fb
  • twitter
  • whatsapp
  • whatsapp
Advertisement

ਜੀਵਨ ਦੇ ਮਾਰਗ ’ਤੇ ਵਿਚਰਦਿਆਂ ਹਰ ਮਨੁੱਖ ਦਾ ਹੀ ਨਿੱਤ-ਦਿਨ ਅਨੇਕਾਂ ਲੋਕਾਂ ਨਾਲ ਵਾਹ-ਵਾਸਤਾ ਪੈਂਦਾ ਹੈ। ਇੱਕ ਦੂਜੇ ਨਾਲ ਮਨੁੱਖ ਕਿਹੋ ਜਿਹਾ ਵਿਹਾਰ ਕਰਦਾ ਹੈ, ਇਹ ਅਕਸਰ ਹਰ ਕੋਈ ਦੇਖਦਾ ਤੇ ਪਰਖਦਾ ਹੈ। ਘਰ ਵਿੱਚ ਆਏ ਪ੍ਰਾਹਣਿਆਂ ਨੂੰ ਖਿੜੇ-ਮੱਥੇ ਜੀ-ਆਇਆਂ ਕਹਿ ਕੇ ਸਵਾਗਤ ਕਰਨਾ ਮਨੁੱੱਖੀ ਸੂਝ ਤੇ ਸਲੀਕੇ ਦੀ ਅਮੀਰੀ ਹੁੰਦੀ ਹੈ। ਇਸ ’ਤੇ ਕੋਈ ਖ਼ਰਚ ਨਹੀਂ ਆਉਂਦਾ, ਪਰ ਆਉਣ ਵਾਲਿਆਂ ’ਤੇ ਇਸ ਵਿਹਾਰ ਦਾ ਬਹੁਤ ਡੂੰਘਾ ਅਸਰ ਹੁੰਦਾ ਹੈ। ਉਂਜ ਤਾਂ ਕਿਸੇ ਘਰ, ਦਫ਼ਤਰ, ਅਦਾਰੇ ਵਿੱਚ ਵੀ ਕੋਈ ਜਾਵੇ ਤਾਂ ਹਰ ਬੰਦਾ ਇਹੀ ਤਵੱਕੋ ਕਰਦਾ ਹੈ ਕਿ ਉਸ ਨਾਲ ਚੰਗਾ ਵਿਹਾਰ ਕੀਤਾ ਜਾਵੇ।

ਮਨੁੱਖੀ ਸੂਝ-ਸਮਝ ਤੇ ਸਲੀਕਾ ਵੀ ਇਹੀ ਮੰਗ ਕਰਦਾ ਹੈ ਕਿ ਹਰ ਕਿਸੇ ਨਾਲ ਇਨਸਾਨੀਅਤ ਭਰਿਆ ਸਲੂਕ ਕੀਤਾ ਜਾਵੇ। ਇੱਥੇ ਇਹ ਵੀ ਜ਼ਰੂਰੀ ਹੈ ਕਿ ਚਾਹੁੰਦਾ ਹਰ ਕੋਈ ਹੈ ਕਿ ਉਸ ਨਾਲ ਦੂਜਾ ਬੰਦਾ ਸੱਭਿਅਕ ਵਰਤਾਉ ਕਰੇ, ਪਰ ਆਪ ਕਈ ਵਾਰ ਬੰਦਾ ਦੂਜੇ ਨਾਲ ਖਰ੍ਹਵਾ ਬੋਲ ਕੇ ਆਪਣੀ ਪਛਾਣ ਕਰਾ ਦਿੰਦਾ ਹੈ। ਉਂਜ ਖਿੜੇ ਚਿਹਰੇ ਤੇ ਮੁਸਕਰਾਹਟ ਨਾਲ ਕਿਸੇ ਦਾ ਸਵਾਗਤ ਕਰਨਾ ਇਨਸਾਨ ਹੋਣ ਦੀ ਅਮੀਰੀ ਹੈ।

Advertisement

ਕਿਸੇ ਘਰ ਜਦੋਂ ਕੋਈ ਵਿਆਹ-ਸ਼ਾਦੀ, ਭੋਗ ਜਾਂ ਕੋਈ ਹੋਰ ਸਮਾਗਮ ਹੁੰਦਾ ਹੈ ਤਾਂ ਮੇਜ਼ਬਾਨ ਘਰ ਦੀਆਂ ਬਰੂਹਾਂ ’ਤੇ ਖੜ੍ਹੇ ਹੋ ਕੇ ਆਏ ਪ੍ਰਾਹਣਿਆਂ ਦਾ ਹੱਥ ਜੋੜ ਕੇ ਤੇ ਮੁਸਕਰਾ ਕੇ ਸਵਾਗਤ ਕਰਦੇ ਹਨ ਤੇ ਜੀ ਆਇਆਂ ਕਹਿ ਕੇ ਮਹਿਮਾਨਾਂ ਨੂੰ ਇਹੀ ਅਹਿਸਾਸ ਕਰਾਉਂਦੇ ਹਨ ਕਿ ਤੁਸੀਂ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਸਾਡਾ ਮਾਣ ਵਧਾਇਆ ਹੈ। ਆਮ ਤੌਰ ’ਤੇ ਘਰਾਂ ਵਿੱਚ ਹੁੰਦੇ ਸਮਾਗਮਾਂ ਸਮੇਂ ਤਾਂ ਸਟੇਜ ਸਕੱਤਰ ਪਰਿਵਾਰ ਵੱਲੋਂ ਇਕੱਠ ਵਿੱਚ ਬੈਠਿਆਂ ਨੂੰ ਜੀ ਆਇਆਂ ਕਹਿ ਕੇ ਆਪਣੀ ਗੱਲ ਸ਼ੁਰੂ ਕਰਦਾ ਹੈ। ਅੰਤ ਵਿੱਚ ਸਭ ਦਾ ਧੰਨਵਾਦ ਕਰਨ ਦਾ ਵੀ ਇਹੀ ਮਕਸਦ ਹੁੰਦਾ ਹੈ ਕਿ ਤੁਹਾਡੀ ਆਮਦ ਨੇ ਇਸ ਖ਼ੁਸ਼ੀਆਂ ਭਰੇ ਸਮਾਗਮ ਨੂੰ ਚਾਰ-ਚੰਨ ਲਾ ਦਿੱਤੇ ਹਨ। ਸਮੇਂ ਦੇ ਬਦਲਣ ਨਾਲ ਪੈਲੇਸ ਸੱਭਿਆਚਾਰ ਨੇ ਬਹੁਤ ਕੁਝ ਬਦਲ ਦਿੱਤਾ ਹੈ।

Advertisement

ਹੁਣ ਤਾਂ ਕਈ ਵਾਰ ਘਰ ਵਾਲਿਆਂ ਨੂੰ ਰੁਝੇਵਿਆਂ ਕਾਰਨ ਬਹੁਤੇ ਪ੍ਰਾਹਣਿਆਂ ਨੂੰ ਜੀ ਆਇਆਂ ਕਹਿਣ ਦਾ ਮੌਕਾ ਹੀ ਨਹੀਂ ਮਿਲਦਾ। ਹੁਣ ਕੋਈ ਇਹ ਉਡੀਕ ਨਹੀਂ ਕਰਦਾ ਕਿ ਉਸ ਨੂੰ ਚਾਹ-ਪਾਣੀ ਜਾਂ ਰੋਟੀ ਖਾਣ ਲਈ ਕੋਈ ਬੇਨਤੀ ਕਰੇ। ਹਰ ਮਹਿਮਾਨ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਇਹ ਜ਼ਿੰਮੇਵਾਰੀ ਆਪ ਹੀ ਨਿਭਾਈ ਜਾਂਦਾ ਹੈ। ਕਈ ਵਾਰ ਤਾਂ ਘਰਵਾਲਿਆਂ ਦੇ ਦਰਸ਼ਨ ਹੀ ਨਹੀਂ ਹੁੰਦੇ ਤੇ ਪ੍ਰਾਹੁਣੇ ਛਕ-ਛਕਾ ਕੇ ਸ਼ਗਨ ਦਾ ਲਿਫ਼ਾਫ਼ਾ ਕਿਸੇ ਹੱਥ ਸੌਂਪ ਕੇ ਚਲੇ ਜਾਂਦੇ ਹਨ।

ਪੁਰਾਣੇ ਸਮਿਆਂ ਵਿੱਚ ਕਿਸੇ ਵਿਸ਼ੇਸ਼ ਮਹਿਮਾਨ ਦੀ ਆਮਦ ਸਮੇਂ ਘਰ ਵਾਲੇ ਮੁੱਖ ਦਰਵਾਜ਼ੇ ਦੀਆਂ ਬਰੂਹਾਂ ’ਤੇ ਸਰ੍ਹੋਂ ਦਾ ਤੇਲ ਚੋਅ ਕੇ ਉਸ ਨੂੰ ਜੀ ਆਇਆਂ ਕਹਿੰਦੇ ਸਨ। ਅਜੇ ਵੀ ਕਿਤੇ ਕਿਤੇ ਇਹ ਰਸਮ ਨਿਭਾਈ ਜਾਂਦੀ ਹੈ। ਆਉਣ ਵਾਲੇ ਪ੍ਰਾਹੁਣੇ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਸੀ ਕਿ ਤੁਹਾਡਾ ਆਉਣਾ ਸਾਡੇ ਸਿਰ-ਮੱਥੇ ਹੈ। ਬਦਲ ਰਹੇ ਸਮਿਆਂ ਦੀ ਬਦੌਲਤ ਪ੍ਰਾਹਣੇ ਵੀ ਹੁਣ ਕਦੇ-ਕਦਾਈਂ ਹੀ ਆਉਂਦੇ ਹਨ। ਇਸ ਸਬੰਧੀ ਵੀ ਪਹਿਲਾਂ ਮੋਬਾਈਲ ’ਤੇ ਸਹਿਮਤੀ ਤੇ ਸਮਾਂ ਲੈ ਕੇ ਹੀ ਅਗਲਾ ਆਉਂਦਾ ਹੈ। ਹੁਣ ਲੋਕ ਪਹਿਲਾਂ ਵਰਗੇ ਮਹਿਮਾਨ-ਨਿਵਾਜ਼ ਵੀ ਨਹੀਂ ਰਹੇ। ਘਰ ਆਏ ਨੂੰ ਕੋਈ ਹੱਸ ਕੇ ਬੁਲਾ ਲਏ ਤਾਂ ਇਹੀ ਗਨੀਮਤ ਹੈ। ਮੋਬਾਈਲ ’ਤੇ ਤਾਂ ਭਾਵੇਂ ਰੋਜ਼ ਹੀ ‘ਗੁੱਡ ਮੌਰਨਿੰਗ’ ਦੇ ਸੁਨੇਹੇ ਤੇ ਨਕਲੀ ਫੁੱਲਾਂ ਦੇ ਗੁਲਦਸਤੇ ਭੇਜੇ ਜਾਂਦੇ ਹੋਣ, ਪਰ ਘਰ ਬਿਨਾਂ ਦੱਸੇ ਤੇ ਬੇਵਕਤ ਆਏ ਨੂੰ ਬਹੁਤੇ ਲੋਕ ਚੰਗਾ ਨਹੀਂ ਸਮਝਦੇ।

ਕਿਸੇ ਸਕੂਲ, ਕਾਲਜ, ਯੂਨੀਵਰਸਿਟੀ, ਦਫ਼ਤਰ ਜਾਂ ਅਦਾਰੇ ਵਿੱਚ ਜਦੋਂ ਕਦੇ ਕੋਈ ਨਵਾਂ ਅਧਿਆਪਕ, ਪ੍ਰਿੰਸੀਪਲ, ਅਧਿਕਾਰੀ ਤੇ ਮੁਲਾਜ਼ਮ ਪਹਿਲੇ ਦਿਨ ਆਉਂਦਾ ਹੈ ਤਾਂ ਉਸ ਨੂੰ ਉਸ ਦੇ ਦਫ਼ਤਰ ਵੱਲੋਂ ਰਸਮੀ ਤੌਰ ’ਤੇ ਜੀ ਆਇਆਂ ਕਹਿ ਕੇ ਉਸ ਦਾ ਸਵਾਗਤ ਕੀਤਾ ਜਾਂਦਾ ਹੈ। ਉਸ ਨੂੰ ਦਫ਼ਤਰ ਵੱਲੋਂ ਉਸ ਦੇ ਕੰਮ ਦੇ ਤੌਰ-ਤਰੀਕੇ ਤੇ ਸਾਥੀ ਕਰਮਚਾਰੀਆਂ ਨਾਲ ਮੁਲਾਕਾਤ ਕਰਾਈ ਜਾਂਦੀ ਹੈ ਤਾਂ ਕਿ ਉਹ ਸਾਰਿਆਂ ਨਾਲ ਰਚ-ਮਿਚ ਸਕੇ। ਕੰਮ ਭਾਵੇਂ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹਰ ਥਾਂ ਸੁਚਾਰੂ ਰੂਪ ਵਿੱਚ ਨਿਰਵਿਘਨ ਤੇ ਸਫਲਤਾਪੂਰਵਕ ਕੰੰਮ ਦਾ ਮਾਹੌਲ ਸਿਰਜਣ ਲਈ ਇੱਕ ਦੂਜੇ ਨਾਲ ਮੇਲ-ਮਿਲਾਪ ਤੇ ਸੰਵਾਦ ਜ਼ਰੂਰੀ ਸ਼ਰਤ ਹੈ।

ਅਕਸਰ ਦੇਖਦੇ ਹਾਂ ਕਿ ਸਾਹਿਤਕ-ਸੱਭਿਆਚਾਰਕ ਸਮਾਗਮਾਂ ਸਮੇਂ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸਭ ਤੋਂ ਪਹਿਲਾਂ ਹਾਜ਼ਰੀਨ ਨੂੰ ਨਿੱਘੀ ਜੀ ਆਇਆਂ ਕਹਿ ਕੇ ਸਭ ਦਾ ਸਮਾਗਮ ਵਿੱਚ ਹਾਜ਼ਰ ਹੋਣ ਲਈ ਸਵਾਗਤ ਕੀਤਾ ਜਾਂਦਾ ਹੈ। ਕਈ ਵਾਰ ਬੁਲਾਰਾ ਬਹੁਤ ਕਾਵਿਕ ਸ਼ਬਦਾਂ ਵਿੱਚ ਸੰਬੋਧਨ ਕਰਕੇ ਜਾਂ ਕਿਸੇ ਕਵਿਤਾ ਦੀਆਂ ਸਤਰਾਂ ਬੋਲ ਕੇ ਸਰੋਤਿਆਂ ਦਾ ਮਨ ਜਿੱਤ ਲੈਂਦਾ ਹੈ। ਕਈ ਵਾਰ ਇੰਜ ਵੀ ਹੁੰਦਾ ਹੈ ਕਿ ਜੀ ਆਇਆਂ ਕਹਿਣ ਵਾਲਾ ਸਵਾਗਤ ਕਰਨ ਦੀ ਥਾਂ ਲੋਕਾਂ ਦਾ ਧੰਨਵਾਦ ਹੀ ਕਰੀ ਜਾਂਦਾ ਹੈ, ਜਦੋਂ ਕਿ ਧੰਨਵਾਦ ਤਾਂ ਸਮਾਗਮ ਦੇ ਅਖੀਰ ਵਿੱਚ ਕੀਤਾ ਜਾਣਾ ਹੁੰਦਾ ਹੈ।

ਦਰਅਸਲ, ਜੀ ਆਇਆਂ ਤੇ ਸਵਾਗਤ ਕੇਵਲ ਰਸਮੀ ਸ਼ਬਦ ਮਾਤਰ ਹੀ ਨਹੀਂ ਹਨ। ਜਦੋਂ ਵੀ ਕੋਈ ਕਿਸੇ ਰਿਸ਼ਤੇਦਾਰੀ, ਦੋਸਤ-ਮਿੱਤਰ ਜਾਂ ਕਿਤੇ ਵੀ ਕਿਸੇ ਨੂੰ ਮਿਲਣ ਜਾਂਦਾ ਹੈ ਤਾਂ ਜਦੋਂ ਮੇਜ਼ਬਾਨ ਤੁਹਾਨੂੰ ਡੂੰਘੀ ਅਪਣੱਤ ਦਿਖਾਉਂਦਿਆਂ ਧੰਨਭਾਗ ਕਹਿ ਕੇ ਘਰ ਦੀਆਂ ਬਰੂਹਾਂ ਉੱਤੇ ਖਿੜੇ ਚਿਹਰੇ ਨਾਲ ਜੀ ਆਇਆਂ ਕਹਿੰਦਾ ਹੈ ਤਾਂ ਇਹ ਸ਼ਬਦ ਮਨੁੱਖ ਦੇ ਮਨ-ਮਸਤਕ ਵਿੱਚ ਵਸ ਜਾਂਦੇ ਹਨ। ਮਨੁੱਖ ਦੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਮੇਜ਼ਬਾਨ ਤੁਹਾਡੇ ਜਾਣ ’ਤੇ ਕਿੰਨਾ ਕੁ ਖ਼ੁਸ਼ ਹੋਇਆ ਹੈ।

ਹਵਾਈ ਅੱਡਿਆਂ ’ਤੇ ਇਹ ਦ੍ਰਿਸ਼ ਅਕਸਰ ਦੇਖਿਆ ਜਾਂਦਾ ਹੈ ਕਿ ਵਿਦੇਸ਼ਾਂ ਵਿੱਚੋਂ ਆਉਣ ਵਾਲੇ ਆਪਣੇ ਸਕੇ-ਸਬੰਧੀਆਂ ਨੂੰ ਜੀ ਆਇਆਂ ਕਹਿਣ ਲਈ ਘਰ ਦੇ ਮੈਂਬਰ ਗੁਲਦਸਤੇ ਲੈ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਨ। ਸਹੀ ਸਲਾਮਤ ਪਹੁੰਚਣ ਦੀ ਖ਼ੁਸ਼ੀ ਵਿੱਚ ਮਠਿਆਈ ਖੁਆ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਜਦੋਂ ਕੋਈ ਨਵ ਵਿਆਹੁਤਾ ਲੰਮੀ ਉਡੀਕ ਬਾਅਦ ਸੁੱਖਾਂ-ਸੁੱਖਦੀ ਆਪਣੇ ਮਾਹੀ ਦੇ ਦੇਸ਼ ਪਹੁੰਚਦੀ ਹੈ ਤਾਂ ਪਤੀ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਕਿਹਾ ਜੀ ਆਇਆਂ ਮਨ ਨੂੰ ਅਜਿਹਾ ਸਕੂਨ ਦਿੰਦਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਗਲਵੱਕੜੀ ਵਿੱਚ ਲਈਂ ਅੱਖਾਂ ਵਿੱਚ ਆਏ ਖ਼ੁਸ਼ੀ ਦੇ ਹੰਝੂਆਂ ਨਾਲ ਸਰਸ਼ਾਰ ਹੋ ਜਾਂਦੇ ਹਨ। ਕਈ ਸਾਲਾਂ ਬਾਅਦ ਜਦੋਂ ਕਦੇ ਕੋਈ ਵਿਦੇਸ਼ੋਂ ਪਰਤ ਕੇ ਪਿੰਡ ਆਉਂਦਾ ਹੈ ਤਾਂ ਸਾਰਾ ਪਰਿਵਾਰ ਉਸ ਦਾ ਸਵਾਗਤ ਕਰਨ ਤੇ ਜੀ ਆਇਆਂ ਕਹਿਣ ਲਈ ਪੱਬਾਂ ਭਾਰ ਹੋਇਆ ਕਈ ਸਕੀਮਾਂ ਘੜਦਾ ਹੈ। ਘਰ ਦੇ ਵਿੱਛੜੇ ਜੀਆਂ ਦੇ ਆਉਣ ਦੀ ਖ਼ੁਸ਼ੀ ਮਨਾਉਂਦਿਆਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ, ਉਸ ਪ੍ਰਤੀ ਆਪਣਾ ਪਿਆਰ ਤੇ ਸਤਿਕਾਰ ਨਿਛਾਵਰ ਕੀਤਾ ਜਾਂਦਾ ਹੈ। ਬਹੁਤੇ ਲੋਕ ਤਾਂ ਹੁਣ ਕਿਸੇ ਆਪਣੇ ਦੀ ਆਮਦ ’ਤੇ ਕੇਕ ਕੱਟ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ।

ਜਦੋਂ ਕੋਈ ਖਿਡਾਰੀ ਜਾਂ ਟੀਮ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗ਼ਮੇ ਲੈ ਕੇ ਦੇਸ਼ ਦਾ ਨਾਮ ਰੌਸ਼ਨ ਕਰਕੇ ਵਾਪਸ ਆਪਣੇ ਦੇਸ਼ ਪਰਤਦੇ ਹਨ ਤਾਂ ਹਵਾਈ ਅੱਡੇ ਉੱਤੇ ਹੀ ਉਨ੍ਹਾਂ ਦਾ ਸਵਾਗਤ ਕਰਨ ਤੇ ਜੀ ਆਇਆਂ ਕਹਿਣ ਲਈ ਵਿਸ਼ੇਸ਼ ਅਧਿਕਾਰੀ ਪਹੁੰਚਦੇ ਹਨ। ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਹੈ। ਕਈ ਸ਼ਹਿਰਾਂ ਵਿੱਚ ਤਾਂ ਮੈਡਲ ਜੇਤੂ ਖਿਡਾਰੀਆਂ ਨੂੰ ਮਾਣ ਸਤਿਕਾਰ ਦੇਣ ਲਈ ਖੁੱਲ੍ਹੀਆਂ ਜੀਪਾਂ ਵਿੱਚ, ਉਨ੍ਹਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਜੇਤੂ ਜਲੂਸ ਕੱਢਿਆ ਜਾਂਦਾ ਹੈ। ਹਰ ਕੋਈ ਉਨ੍ਹਾਂ ਦੀ ਪ੍ਰਾਪਤੀ ’ਤੇ ਉਨ੍ਹਾਂ ਨੂੰ ਜੀ ਆਇਆਂ ਕਹਿਣ ਲਈ ਬੇਤਾਬ ਹੋ ਜਾਂਦਾ ਹੈ। ਕਿਸੇ ਵੀ ਖੇਤਰ ਦੇ ਜੇਤੂ ਲਈ ਇਹ ਪਲ ਬਹੁਤ ਅਨਮੋਲ ਤੇ ਨਿਵੇਕਲੇ ਹੁੰਦੇ ਹਨ।

ਕੋਈ ਵੀ ਸਮਾਗਮ ਭਾਵੇਂ ਸਰਕਾਰੀ, ਨਿੱਜੀ, ਦਫ਼ਤਰੀ ਜਾਂ ਹੋਰ ਕਿਸੇ ਤਰ੍ਹਾਂ ਦਾ ਵੀ ਹੋਵੇ, ਸਭ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਕਹਿ ਕੇ ਹੀ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਚਲਾਈ ਜਾਂਦੀ ਹੈ। ਅਸਲ ਵਿੱਚ ਇਹ ਕੇਵਲ ਕੋਈ ਰਸਮੀ ਕਾਰਵਾਈ ਹੀ ਨਹੀਂ ਹੁੰਦੀ, ਸਗੋਂ ਮਨੁੱਖੀ ਸੂਝ-ਸਮਝ ਤੇ ਵਿਵੇਕ ਦਾ ਪ੍ਰਗਟਾਵਾ ਹੁੰਦੀ ਹੈ। ਆਮ ਜੀਵਨ ਵਿੱਚ ਵੀ ਇੱਕ ਦੂਜੇ ਨੂੰ ਖਿੜੇ ਚਿਹਰੇ ਨਾਲ ਮਿਲਣਾ-ਗਿਲਣਾ ਇੱਕ-ਦੂਜੇ ਨੂੰ ਜੀ ਆਇਆਂ ਕਹਿਣ ਦੇ ਸਮਾਨ ਹੀ ਹੁੰਦਾ ਹੈ। ਕਿਸੇ ਵੀ ਸਕੂਲ, ਕਾਲਜ, ਦਫ਼ਤਰ ਵਿੱਚ ਪਹੁੰਚਣ ਵਾਲੇ ਵਿਦਿਆਰਥੀ, ਅਧਿਆਪਕ ਤੇ ਮੁਲਾਜ਼ਮ ਹਰ ਰੋਜ਼ ਹੀ ਇੱਕ ਦੂਜੇ ਨੂੰ ਮਿਲਦੇ, ਨਿੱਘੀਆਂ ਗੱਲਾਂ-ਬਾਤਾਂ ਕਰਦੇ, ਸਾਝਾਂ ਦਾ ਪ੍ਰਗਟਾਵਾ ਕਰਦੇ, ਇੱਕ-ਦੂਜੇ ਦਾ ਹਾਲ-ਚਾਲ ਪੁੱਛਦੇ-ਦੱਸਦੇ, ਇੱਕ ਤਰ੍ਹਾਂ ਨਾਲ ਇੱਕ ਦੂਜੇ ਨੂੰ ਜੀ ਆਇਆਂ ਹੀ ਕਹਿ ਰਹੇ ਹੁੰਦੇ ਹਨ।

ਅਜੋਕੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲਦਾ ਜਾ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਨੌਜਵਾਨ ਵਰਗ ਅਜੋਕੇ ਸੋਸ਼ਲ-ਮੀਡੀਆ ਦੇ ਜਾਲ ਵਿੱਚ ਬੁਰੀ ਤਰ੍ਹਾਂ ਖਚਤ ਹੁੰਦਾ ਜਾ ਰਿਹਾ ਹੈ। ਉਸ ਨੂੰ ਆਪਣੇ ਆਲੇ-ਦੁਆਲੇ ਦੀ ਕੋਈ ਖ਼ਬਰ ਹੀ ਨਹੀਂ। ਉਹ ਤਾਂ ਆਮ ਤੌਰ ’ਤੇ ਘਰ ਦੇ ਜੀਆਂ ਨਾਲ ਵੀ ਗੱਲਬਾਤ ਨਹੀਂ ਕਰਦਾ। ਕੇਵਲ ਵਟਸਐਪ, ਇੰਸਟਾਗ੍ਰਾਮ ’ਤੇ ਸੁਨੇਹੇ ਭੇਜਣੇ ਹੀ ਜ਼ਿੰਦਗੀ ਨਹੀਂ ਹੁੰਦੀ। ਲੋਕਾਂ ਨਾਲ ਮਿਲਣਾ ਤੇ ਸੰਵਾਦ ਰਚਾਉਣ ਨਾਲ ਵੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਅਜੋਕੇ ਸਮੇਂ ਦੀ ਮਾਨਸਿਕਤਾ ਬਾਰੇ ਪੰਜਾਬੀ ਦੇ ਨਾਮਵਰ ਸ਼ਾਇਰ ਸੁਰਜੀਤ ਪਾਤਰ ਦਾ ਇੱਕ ਸ਼ਿਅਰ ਵੀ ਕਾਬਲੇ-ਗੌਰ ਹੈ- ‘ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ, ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ...।’

ਸੰਪਰਕ: 98153-56086

Advertisement
×