ਵਿਆਹ ਦੀ ਭਾਜੀ
‘ਸੀਰਨੀ’ ਜਾਂ ‘ਭਾਜੀ’ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਅਥਾਹ ਮਿਠਾਸ ਛੁਪੀ ਹੋਈ ਹੈ। ਇਸ ਇੱਕ ਸ਼ਬਦ ਦੇ ਉਚਾਰਣ ਨਾਲ ਵਿਆਹ ਵਾਲੇ ਘਰ ਦੀ ਤਸਵੀਰ ਅੱਖਾਂ ਸਾਹਮਣੇ ਘੁੰਮਣ ਲੱਗ ਜਾਂਦੀ ਹੈ। ਜਿਸ ਵਿੱਚ ਭੱਠੀ ਚੜ੍ਹਨਾ, ਲੱਡੂ ਵੱਟਣਾ, ਇੱਕ ਕੋਠੜੀ ਵਿੱਚ...
‘ਸੀਰਨੀ’ ਜਾਂ ‘ਭਾਜੀ’ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਅਥਾਹ ਮਿਠਾਸ ਛੁਪੀ ਹੋਈ ਹੈ। ਇਸ ਇੱਕ ਸ਼ਬਦ ਦੇ ਉਚਾਰਣ ਨਾਲ ਵਿਆਹ ਵਾਲੇ ਘਰ ਦੀ ਤਸਵੀਰ ਅੱਖਾਂ ਸਾਹਮਣੇ ਘੁੰਮਣ ਲੱਗ ਜਾਂਦੀ ਹੈ। ਜਿਸ ਵਿੱਚ ਭੱਠੀ ਚੜ੍ਹਨਾ, ਲੱਡੂ ਵੱਟਣਾ, ਇੱਕ ਕੋਠੜੀ ਵਿੱਚ ਮੰਜਿਆਂ ’ਤੇ ਚਾਦਰਾਂ ਵਿਛਾ ਕੇ ਕੁਇੰਟਲਾਂ ਦੇ ਹਿਸਾਬ ਨਾਲ ਹਲਵਾਈਆਂ ਤੋਂ ਘਰੇ ਪਕਵਾਈ ਹੋਈ ਮਠਿਆਈ ਅਤੇ ਉਸ ਦੀ ਮਿੱਠੀ ਮਿੱਠੀ ਖੁਸ਼ਬੋ ਦੀ ਯਾਦ ਆ ਜਾਂਦੀ ਹੈ।
ਪੰਜਾਬ ਦੇ ਵਿਆਹਾਂ ਦੀਆਂ ਪੁਰਾਣੀਆਂ ਰੀਤਾਂ ਵਿੱਚ ਸੀਰਨੀ ਦਾ ਆਪਣਾ ਹੀ ਇੱਕ ਖ਼ਾਸ ਸਥਾਨ ਰਿਹਾ ਹੈ। ਸੀਰਨੀ ਤਿਆਰ ਕਰਨ ਲਈ ਉਚੇਚੇ ਤੌਰ ’ਤੇ ਵਿਆਹ ਵਾਲੇ ਘਰ ਵਿੱਚ ਕਈ ਦਿਨ ਪਹਿਲਾਂ ਭੱਠੀ ਚੜ੍ਹਾਈ ਜਾਂਦੀ ਸੀ। ਹਲਵਾਈ ਦੇ ਆਲੇ ਦੁਆਲੇ ਪਿੰਡ ਦੇ ਸ਼ਰੀਕੇ ਵਿੱਚੋਂ ਮੁੰਡੇ ਅਤੇ ਬਜ਼ੁਰਗ ਖ਼ਾਸ ਤੌਰ ’ਤੇ ਲੱਡੂ ਵੱਟਣ ਜਾਂ ਹੋਰ ਨਿੱਕੇ ਮੋਟੇ ਕੰਮਾਂ ਵਿੱਚ ਮਦਦ ਕਰਨ ਲਈ ਆਉਂਦੇ ਸਨ। ਇਕੱਠੇ ਬੈਠੇ ਜਦ ਆਪਸ ਵਿੱਚ ਹਾਸਾ ਠੱਠਾ ਤੇ ਮਸ਼ਕਰੀਆਂ ਕਰਦੇ ਤਾਂ ਵਿਆਹ ਵਾਲੇ ਘਰ ਦੀ ਰੌਣਕ ਦੁੱਗਣੀ ਹੋ ਜਾਂਦੀ ਸੀ। ਇਸ ਨਾਲ ਆਪਸੀ ਭਾਈਚਾਰਕ ਸਾਂਝ ਵਧਣ ਦੇ ਨਾਲ ਨਾਲ ਸਾਡੇ ਸਮਾਜ ਦੀ ਖ਼ੂਬਸੂਰਤ ਸੱਭਿਆਚਾਰਕ ਵਿਰਾਸਤ ਦੀ ਤਸਵੀਰ ਸਾਹਮਣੇ ਆਉਂਦੀ ਸੀ।
ਅੱਜ ਵਿਆਹ ਤੋਂ ਪਹਿਲਾਂ ਹੀ ਕਾਰਡ ਦੇ ਨਾਲ ਦਿੱਤਾ ਹੋਇਆ ਇੱਕ ਮਹਿੰਗੇ ਤੋਂ ਮਹਿੰਗਾ, ਨਵੇਂ ਡਿਜ਼ਾਈਨਾਂ ਨਾਲ ਤਿਆਰ ਕੀਤਾ ਹੋਇਆ ਮਠਿਆਈ ਦਾ ਡੱਬਾ ਵੱੱਡੇ ਵੱਡੇ ਝੋਲਿਆਂ, ਪੀਪਿਆਂ ਜਾਂ ਬੋਰੀਆਂ ਵਿੱਚ ਸੇਰਾਂ ਦੇ ਹਿਸਾਬ ਨਾਲ ਦਿੱਤੀ ਜਾਣ ਵਾਲੀ ਸੀਰਨੀ ਦੀ ਰੀਸ ਕਿੱਥੋਂ ਕਰ ਲਵੇਗਾ ? ਅੱਜ ਭਾਵੇਂ ਵਿਆਹਾਂ ਵਿੱਚ ਕੇਕ, ਮਠਿਆਈਆਂ ਅਤੇ ਮਹਿੰਗੇ ਤੋਹਫ਼ਿਆਂ ਆਦਿ ਦਾ ਰਿਵਾਜ ਵਧ ਗਿਆ ਹੈ, ਪਰ ਪੁਰਾਣੇ ਸਮਿਆਂ ਵਿੱਚ ਰਿਸ਼ਤੇਦਾਰਾਂ ਨੂੰ ਸੇਰਾਂ ਦੇ ਹਿਸਾਬ ਨਾਲ ਸੀਰਨੀ ਦੇਣ ਦਾ ਆਪਣਾ ਹੀ ਇੱਕ ਵੱਖਰਾ ਮਹੱਤਵ ਸੀ। ਇਹ ਖ਼ੁਸ਼ੀ ਸਾਂਝੀ ਕਰਨ ਦਾ ਸਾਦਾ ਤੇ ਪਿਆਰਾ ਤਰੀਕਾ ਸੀ।
ਪੁਰਾਣੇ ਪੰਜਾਬੀ ਵਿਆਹਾਂ ਵਿੱਚ ਸੀਰਨੀ ਕੋਈ ਇੱਕ ਨਿਸ਼ਚਿਤ ਮਠਿਆਈ ਨਹੀਂ ਸੀ। ਇਹ ਇਲਾਕੇ ਅਤੇ ਪਰਿਵਾਰ ਦੀ ਰੀਤ ਅਨੁਸਾਰ ਵੱਖ-ਵੱਖ ਮਠਿਆਈਆਂ ਦਾ ਮਿਸ਼ਰਣ ਜਾਂ ਮਿਲੀ-ਜੁਲੀ ਮਠਿਆਈ ਹੁੰਦੀ ਸੀ। ਆਮ ਤੌਰ ’ਤੇ ਇਸ ਵਿੱਚ ਬੂੰਦੀ ਦੇ ਲੱਡੂ, ਖੰਡ ਵਾਲੀਆਂ ਮੋਟੀਆਂ ਪਕੌੜੀਆਂ, ਗੁੜ ਵਾਲੀਆਂ ਮੋਟੀਆਂ ਪਕੌੜੀਆਂ, ਖੰਡ ਵਾਲੇ ਤੇ ਗੁੜ ਵਾਲੇ ਸ਼ੱਕਰ ਪਾਰੇ ਜਾਂ ਖੁਰਮੇ, ਨਮਕੀਨ ਮੱਠੀਆਂ, ਨਮਕੀਨ ਮੋਟੀਆਂ ਪਕੌੜੀਆਂ ਆਦਿ ਹੁੰਦੀਆਂ ਸਨ। ਵਿਆਹ ਵਾਲੇ ਘਰ ਵਿੱਚ ਪ੍ਰਾਹੁਣਿਆਂ ਦੀ ਆਮਦ ਕਈ ਦਿਨ ਪਹਿਲਾਂ ਹੀ ਹੋਣੀ ਸ਼ੁਰੂ ਹੋ ਜਾਂਦੀ ਸੀ। ਜਦ ਘਰੇ ਮੇਲ ਆਉਂਦਾ ਸੀ ਤਾਂ ਉਨ੍ਹਾਂ ਦੀ ਆਓ ਭਗਤ ਚਾਹ ਪਾਣੀ ਦੇ ਨਾਲ ਥਾਲਾਂ ਵਿੱਚ ਸੀਰਨੀ ਪਰੋਸ ਕੇ ਕੀਤੀ ਜਾਂਦੀ ਸੀ। ਵਿਆਹ ਵਾਲੇ ਘਰ ਦਾ ਵੱਖਰਾ ਜਿਹਾ ਨਜ਼ਾਰਾ ਹੁੰਦਾ ਸੀ।
ਪੰਜਾਬ ਵਿੱਚ ਵਿਆਹਾਂ ਦੌਰਾਨ ਰਿਸ਼ਤੇਦਾਰਾਂ ਨੂੰ ਭਾਜੀ ਮੋੜਨ ਦਾ ਰਿਵਾਜ ਹੈ। ਜੇ ਕੋਈ ਰਿਸ਼ਤੇਦਾਰ ਆਪਣੇ ਧੀ-ਪੁੱਤ ਦੇ ਵਿਆਹ ਵਿੱਚ ਕਿਸੇ ਨੂੰ ਦੋ ਸੇਰ ਭਾਜੀ ਜਾਂ ਸੀਰਨੀ ਦਿੰਦਾ ਸੀ ਤਾਂ ਅਗਲੀ ਵਾਰ ਉਹੀ ਰਿਸ਼ਤੇਦਾਰ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਦੀ ਖ਼ੁਸ਼ੀ ਵਿੱਚ ਢਾਈ ਸੇਰ ਭਾਜੀ ਜਾਂ ਸੀਰਨੀ ਦਿੰਦਾ ਸੀ। ਇਸ ਦਾ ਮਤਲਬ ਇਹ ਹੁੰਦਾ ਸੀ ਕਿ ਅਸੀਂ ਅਗਾਂਹ ਤੁਹਾਡੇ ਨਾਲ ਮਿਲਵਰਤਣ ਦੀ ਰੀਤ ਜਾਰੀ ਰੱਖਣੀ ਹੈ। ਨਾਨਕਾ ਮੇਲ ਵਿਆਹ ਵਿੱਚ ਵਧ ਚੜ੍ਹ ਕੇ ਖ਼ਰਚਾ ਕਰਕੇ ਆਉਂਦਾ ਸੀ ਤਾਂ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਵਿਦਾ ਕਰਨ ਲੱਗੇ ਪੱਚੀ ਪੱਚੀ ਸੇਰ ਭਾਜੀ ਜਾਂ ਸੀਰਨੀ ਦੀਆਂ ਪੰਡਾਂ ਬੰਨ੍ਹ ਕੇ ਦੇਣ ਦਾ ਰਿਵਾਜ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਪੂਰੇ ਪਿੰਡ ਵਿੱਚ ਫੇਰਨੀ ਹੁੰਦੀ ਸੀ ਤੇ ਦੱਸਣਾ ਹੁੰਦਾ ਸੀ ਕਿ ਉਹ ਆਪਣੇ ਦੋਹਤੇ ਜਾਂ ਦੋਹਤੀ ਦਾ ਵਿਆਹ ਕਰਕੇ ਆਏ ਹਨ। ਇਸੇ ਤਰ੍ਹਾਂ ਵਿਆਹ ਦੀ ਖ਼ੁਸ਼ੀ ਵਿੱਚ ਘਰ ਵਿੱਚ ਬਣੀ ਸੀਰਨੀ ਬਾਕੀ ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਗੁਆਂਢੀਆਂ ਵਿੱਚ ਵੀ ਚਾਰ ਸੇਰ ਜਾਂ ਪੰਜ ਸੇਰ ਆਮ ਹੀ ਵੰਡੀ ਜਾਂਦੀ ਸੀ। ਇਸ ਦਾ ਮਤਲਬ ਸਿਰਫ਼ ਮੂੰਹ ਮਿੱਠਾ ਕਰਵਾਉਣਾ ਨਹੀਂ ਸੀ, ਸਗੋਂ ਇਹ ਖ਼ੁਸ਼ੀ ਵਿੱਚ ਦੂਜਿਆਂ ਨੂੰ ਸ਼ਾਮਲ ਕਰਨ ਦਾ ਪ੍ਰਤੀਕ ਸੀ। ਘਰ ਵਿੱਚ ਕੋਈ ਸ਼ੁਭ ਕਾਰਜ ਹੋਵੇ ਤਾਂ ਸੀਰਨੀ ਦੇ ਕੇ ਖੁਸ਼ਖਬਰੀ ਸਾਂਝੀ ਕਰਨੀ ਪੰਜਾਬੀ ਸੱਭਿਆਚਾਰ ਦੀ ਸਾਦਗੀ ਭਰੀ ਪਰੰਪਰਾ ਸੀ।
ਸੀਰਨੀ ਨਾਲ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਵੀ ਜੁੜੀ ਹੋਈ ਸੀ। ਕਈ ਵਾਰ ਤਾਂ ਵਿਆਹ ਵਾਲੇ ਘਰ ਦੇ ਲੋਕ ਆਪਣੇ ਹੱਥੀਂ ਤਿਆਰ ਕੀਤੀ ਸੀਰਨੀ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਦੇ ਘਰ ਆਪ ਜਾ ਕੇ ਦੇ ਕੇ ਆਉਂਦੇ ਸਨ। ਇਸ ਨਾਲ ਰਿਸ਼ਤੇਦਾਰੀਆਂ ਅਤੇ ਗੁਆਂਢ ਦੇ ਸਬੰਧ ਹੋਰ ਮਜ਼ਬੂਤ ਅਤੇ ਮਿਠਾਸ ਨਾਲ ਭਰਪੂਰ ਬਣਦੇ ਸਨ। ਸੇਰਾਂ ਦੇ ਹਿਸਾਬ ਨਾਲ ਮਿਲੀ ਸੀਰਨੀ ਵਿਆਹ ਜਾ ਕੇ ਆਉਣ ਤੋਂ ਬਾਅਦ ਵੀ ਕਈ ਕਈ ਦਿਨ ਘਰਾਂ ਵਿੱਚ ਖ਼ਤਮ ਨਹੀਂ ਹੁੰਦੀ ਸੀ ਜਿਸ ਨਾਲ ਵਿਆਹ ਦੀ ਯਾਦ ਤਰੋਤਾਜ਼ਾ ਰਹਿੰਦੀ ਸੀ।
ਸੀਰਨੀ ਤੋਂ ਇੱਕ ਗੱਲ ਹੋਰ ਸਪੱਸ਼ਟ ਹੈ ਕਿ ਪਹਿਲਾਂ ਲੋਕ ਹੱਥੀਂ ਮਿਹਨਤ ਕਰਨ ਵਾਲੇ ਸਨ, ਆਪਸੀ ਮਿਲਵਰਤਨ ਵਾਲੇ ਸਨ, ਉਹ ਰਿਸ਼ਟ ਪੁਸ਼ਟ ਸਨ। ਅੱਜਕੱਲ੍ਹ ਵਾਂਗ ਮੂੰਹ ਮਿੱਠਾ ਕਰਨ ਲਈ ਲੱਡੂ ਤੋਂ ਚੂੰਢੀ ਭਰ ਕੇ ਨਹੀਂ ਖਾਂਦੇ ਸਨ, ਉਨ੍ਹਾਂ ਨੂੰ ਕੋਈ ਸ਼ੂਗਰ ਜਾਂ ਬਲੱਡ ਪ੍ਰੈੱਸ਼ਰ ਵਰਗੀਆਂ ਬਿਮਾਰੀਆਂ ਨਹੀਂ ਲੱਗੀਆਂ ਹੋਈਆਂ ਸਨ। ਉਹ ਦੱਬ ਕੇ ਕੰਮ ਕਰਦੇ ਹੋਣ ਕਰਕੇ ਸੀਰਨੀ ਵਰਗੀ ਮਠਿਆਈ ਨੂੰ ਵੀ ਰੱਜ ਰੱਜ ਕੇ ਖਾਂਦੇ ਸਨ।
ਸੀਰਨੀ ਨਾਲ ਸਬੰਧਤ ਇੱਕ ਹੋਰ ਅਖ਼ੀਰਲੀ ਰੀਤ ਜੁੜੀ ਹੁੰਦੀ ਸੀ ਜਿਸ ਨੂੰ ‘ਕੋਠੀ ਝਾੜ’ ਕਿਹਾ ਜਾਂਦਾ ਹੈ। ਵਿਆਹ ਵਾਲੇ ਮੁੰਡੇ ਜਾਂ ਕੁੜੀ ਦੀ ਮਾਂ ਵਿਆਹ ਤੋਂ ਸਵਾ ਮਹੀਨਾ ਬਾਅਦ ਪੰਜ ਸੇਰ ‘ਸੀਰਨੀ’ ਆਪਣੇ ਪੇਕੇ ਭਾਵ ਨਾਨਕਿਆਂ ਨੂੰ ਦੇ ਕੇ ਆਉਂਦੀ ਸੀ ਜਿਸ ਦਾ ਮਤਲਬ ਇਹ ਹੁੰਦਾ ਸੀ ਕਿ ਹੁਣ ਵਿਆਹ ਦੇ ਸਾਰੇ ਰੀਤੀ ਰਿਵਾਜ ਖ਼ੁਸ਼ੀ ਖ਼ੁਸ਼ੀ ਸਮਾਪਤ ਹੋ ਗਏ ਹਨ ਤੇ ਜੋ ਘਰ ਬਚਦੀ ਮਠਿਆਈ ਸੀ ਉਹ ਕੋਠੀ ਝਾੜ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਣ ਆਈ ਹੈ। ਬਦਲੇ ਵਿੱਚ ਉਸ ਦੇ ਪੇਕੇ ਪਰਿਵਾਰ ਵੱਲੋਂ ਆਪਣੀ ਧੀ ਨੂੰ ਸ਼ਗਨ ਦੇ ਤੌਰ ’ਤੇ ਕੱਪੜੇ ਲੀੜੇ ਦੇ ਕੇ ਸ਼ਗਨਾਂ ਨਾਲ ਤੋਰਿਆ ਜਾਂਦਾ ਸੀ।
ਇਸ ਰੀਤ ਦੀ ਸਭ ਤੋਂ ਖੂਬਸੂਰਤ ਗੱਲ ਉਸ ਸਮੇਂ ਦੀ ਸਾਦਗੀ ਦੀ ਤਸਵੀਰ ਸਾਹਮਣੇ ਆਉਂਦੀ ਹੈ। ਖ਼ੁਸ਼ੀ ਮਨਾਉਣ ਲਈ ਵੱਡੇ ਹੋਟਲ, ਮਹਿੰਗੀਆਂ ਮਠਿਆਈਆਂ ਜਾਂ ਦਿਖਾਵੇ ਦੀ ਲੋੜ ਨਹੀਂ ਸੀ। ਅੱਜ ਸੀਰਨੀ ਦੀ ਇਹ ਰੀਤ ਕਈ ਥਾਵਾਂ ਤੋਂ ਲਗਭਗ ਲੋਪ ਹੋ ਚੁੱਕੀ ਹੈ। ਵਿਆਹਾਂ ਦਾ ਰੂਪ ਆਧੁਨਿਕ ਹੋ ਗਿਆ ਹੈ, ਪਰ ਜੇ ਅਸੀਂ ਆਪਣੇ ਵਿਰਸੇ ਦੀਆਂ ਅਜਿਹੀਆਂ ਸਾਦੀਆਂ ਰੀਤਾਂ ਨੂੰ ਦੁਬਾਰਾ ਯਾਦ ਕਰੀਏ ਤਾਂ ਵਿਆਹ ਸਿਰਫ਼ ਦਿਖਾਵੇ ਦਾ ਸਮਾਗਮ ਨਹੀਂ, ਸਗੋਂ ਰਿਸ਼ਤਿਆਂ ਅਤੇ ਸਾਂਝ ਦੀ ਖ਼ੁਸ਼ੀ ਵੀ ਬਣ ਸਕਦਾ ਹੈ। ਸੀਰਨੀ ਵਰਗੀ ਰੀਤ ਨੂੰ ਜਿਊਂਦੇ ਰੱਖਣਾ ਸਾਡੇ ਵਸ ਵਿੱਚ ਹੈ। ਸੀਰਨੀ ਸਿਰਫ਼ ਮਠਿਆਈ ਹੀ ਨਹੀਂ ਹੁੰਦੀ ਸੀ ਸਗੋਂ ਇਹ ਪੰਜਾਬੀ ਲੋਕ-ਜੀਵਨ ਦੀ ਮਿੱਠੀ ਸਾਂਝ ਦਾ ਪ੍ਰਤੀਕ ਸੀ।
ਸੰਪਰਕ: 99889-01324

