ਦੇਖੋ ਵੀਡੀਓ: ਹਰਿਆਣਾ: ਪੁਲੀਸ ਵੱਲੋਂ Rapper Badshah ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ; ਬਾਦਸ਼ਾਹ ਨੇ ਮੁਆਫੀ ਮੰਗੀ
ਗੀਤ ‘ਟਟੀਹਰੀ’ ਵਿਚ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦਾ ਮਾਮਲਾ
ਹਰਿਆਣਾ ਪੁਲੀਸ ਨੇ ਹਾਲ ਹੀ ਵਿੱਚ ਰਿਲੀਜ਼ ਹੋਏ ਹਰਿਆਣਵੀ ਗਾਣੇ ‘ਟਟੀਹਰੀ’ ਵਿੱਚ ਇਤਰਾਜ਼ਯੋਗ ਬੋਲਾਂ ਅਤੇ ਦ੍ਰਿਸ਼ਾਂ ਦੇ ਦੋਸ਼ ਵਿੱਚ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਰੈਪਰ ਅਤੇ ਸੰਗੀਤਕਾਰ ਬਾਦਸ਼ਾਹ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਬਾਦਸ਼ਾਹ ਨੂੰ ਦੇਸ਼ ਛੱਡ ਕੇ ਜਾਣ ਤੋਂ ਰੋਕਣ ਲਈ ਉਸ ਖ਼ਿਲਾਫ਼ ਲੁੱਕਆਊਟ ਸਰਕੂਲਰ (LOC) ਜਾਰੀ ਕਰਨ ਦੀ ਪ੍ਰਕਿਰਿਆ ਵਿੱਢ ਦਿੱਤੀ ਹੈ। ਪੰਚਕੂਲਾ ਪੁਲੀਸ ਨੇ ਬਾਦਸ਼ਾਹ ਨੂੰ ਤੁਰੰਤ ਪੇਸ਼ ਹੋਣ ਲਈ ਰਸਮੀ ਨੋਟਿਸ ਵੀ ਜਾਰੀ ਕੀਤਾ ਹੈ। ਦੂਜੇ ਪਾਸੇ ਗਾਇਕ ਤੇ ਰੈਪਰ ਬਾਦਸ਼ਾਹ ਨੇ ਆਪਣੇ ਗੀਤ ’ਤੇ ਵਿਵਾਦ ਵਧਣ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ। ਬਾਦਸ਼ਾਹ ਨੇ ਕਿਹਾ ਕਿ ਉਹ ਖੁਦ ਹਰਿਆਣਾ ਤੋਂ ਹੈ ਤੇ ਜੇ ਉਸ ਦੇ ਬੋਲਾਂ ਨਾਲ ਹਰਿਆਣਾ ਵਾਸੀਆਂ ਨੂੰ ਠੇਸ ਪੁੱਜੀ ਹੈ ਤਾਂ ਉਹ ਮੁਆਫੀ ਮੰਗਦੇ ਹਨ।
ਹਰਿਆਣਾ ਪੁਲੀਸ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਬਾਦਸ਼ਾਹ ਦੀ ਗ੍ਰਿਫ਼ਤਾਰੀ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਵੱਖ-ਵੱਖ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਚਕੂਲਾ ਦੇ ਇੱਕ ਨਿਵਾਸੀ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਇਸ ਐਫ.ਆਈ.ਆਰ. (FIR) ਵਿੱਚ ਮਹਿਲਾ ਅਸ਼ਲੀਲ ਪ੍ਰਦਰਸ਼ਨ ਰੋਕੂ ਐਕਟ ਅਤੇ ਭਾਰਤੀ ਨਿਆ ਸੰਹਿਤਾ (BNS) ਦੀਆਂ ਕਈ ਧਾਰਾਵਾਂ ਲਗਾਈਆਂ ਗਈਆਂ ਹਨ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਸ ਵੀਡੀਓ ਨੂੰ ਹਟਾਉਣ ਲਈ ਵੀ ਨੋਟਿਸ ਜਾਰੀ ਕੀਤੇ ਗਏ ਹਨ। ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਰੈਪਰ ਨੂੰ ਸੰਮਨ ਜਾਰੀ ਕੀਤੇ ਹਨ।
ਪੁਲੀਸ ਮੁਤਾਬਕ ਵੀਡੀਓ ਵਿੱਚ ਨਾਬਾਲਗ ਲੜਕੀਆਂ ਨੂੰ ਸਕੂਲ ਦੀ ਵਰਦੀ ਵਿੱਚ ਬੈਗ ਸੁੱਟਦੇ ਅਤੇ ਪੜ੍ਹਾਈ ਤੋਂ ਭੱਜਦੇ ਹੋਏ ਦਿਖਾਇਆ ਗਿਆ ਹੈ। ਗਾਣੇ ਵਿੱਚ ਵਰਤੇ ਗਏ ਕੁਝ ਸ਼ਬਦ ਸਕੂਲ ਦੇ ਮਾਹੌਲ ਅਤੇ ਸਿੱਖਿਆ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ। ਇਸ ਤੋਂ ਇਲਾਵਾ, ਔਰਤਾਂ ਅਤੇ ਲੜਕੀਆਂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਵੀ ਪਾਈ ਗਈ ਹੈ। ਪੁਲੀਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਵੀਡੀਓ ਬਣਾਉਣ ਲਈ ਸਰਕਾਰੀ ਸਕੂਲ ਅਤੇ ਹਰਿਆਣਾ ਰੋਡਵੇਜ਼ ਦੀ ਬੱਸ ਦੀ ਵਰਤੋਂ ਕਰਨ ਲਈ ਜ਼ਰੂਰੀ ਮਨਜ਼ੂਰੀ ਲਈ ਗਈ ਸੀ ਜਾਂ ਨਹੀਂ। ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਵੀ ਇਸ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਸੱਭਿਆਚਾਰ ਨੂੰ ਗਲਤ ਤਰੀਕੇ ਨਾਲ ਦਿਖਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

