ਪੰਜਾਬ ਦਾ ਪੁੱਤਰ ਧਰਮਿੰਦਰ
ਭਾਰਤੀ ਫਿਲਮ ਸਨਅਤ ’ਚ ਸਭ ਤੋਂ ਲੰਬਾ ਸਮਾਂ ਆਪਣੀ ਅਦਾਕਾਰੀ ਦਾ ਡੰਕਾ ਵਜਾਉਣ ਵਾਲਾ ਅਦਾਕਾਰ ਤੇ ਬੌਲੀਵੁੱਡ ਦਾ ਹੀ-ਮੈਨ ਧਰਮਿੰਦਰ ਭਾਵੇਂ ਇਸ ਦੁਨੀਆ ਵਿੱਚ ਨਹੀਂ ਰਿਹਾ, ਪਰ ਉਸ ਨੂੰ ਫਿਲਮੀ ਇਤਿਹਾਸ ’ਚ ਹਰ ਤਰ੍ਹਾਂ ਦੀ ਭੂਮਿਕਾ ਨਿਭਾਉਣ ਦੇ ਸਮਰੱਥ ਅਦਾਕਾਰ ਵਜੋਂ ਯਾਦ ਰੱਖਿਆ ਜਾਵੇਗਾ। ਉਹ ਇਕਲੌਤਾ ਪੰਜਾਬੀ ਅਦਾਕਾਰ ਹੈ ਜੋ ਛੇ ਦਹਾਕਿਆਂ ਤੋਂ ਵੱਧ ਸਮਾਂ ਫਿਲਮ ਜਗਤ ਵਿੱਚ ਸਰਗਰਮ ਰਿਹਾ ਅਤੇ ਤਿੰਨ ਸੌ ਤੋਂ ਵਧੇਰੇ ਫਿਲਮਾਂ ’ਚ ਬਹੁਪਰਤੀ ਤੇ ਯਾਦਗਾਰੀ ਰੋਲ ਨਿਭਾਏ। ਉਸ ਨੇ ਫਿਲਮੀ ਦੁਨੀਆ ’ਚ ਆਪਣੀ ਹਰ ਹਸਰਤ ਪੂਰੀ ਕੀਤੀ। ਸ਼ੁਹਰਤ ਦੀਆਂ ਬੁਲੰਦੀਆਂ ਨੂੰ ਛੋਹਣ ਵਾਲੇ ਧਰਮ ਭਾ ਜੀ ਦੇ ਅਦਾਕਾਰੀ ਦੇ ਸਫ਼ਰ ਦੇ ਸਮਾਂਤਰ ਹੀ ਵਾਪਰੀਆਂ ਬਹੁਤ ਸਾਰੀਆਂ ਚਰਚਾਵਾਂ/ਯਾਦਾਂ ਵੀ ਜੁੜੀਆਂ ਹੋਈਆਂ ਹਨ।
ਧਰਮਿੰਦਰ ਬਾਰੇ ਹਰ ਕੋਈ ਜਾਣਦਾ ਹੈ ਕਿ ਉਸ ਨੂੰ ਨੱਚਣਾ ਨਹੀਂ ਆਉਂਦਾ ਸੀ, ਪਰ ਉਹ ਹਰ ਕਿਸਮ ਦੇ ਗੀਤ ਨੂੰ ਵੱਡੇ ਪਰਦੇ ’ਤੇ ਆਪਣੀਆਂ ਮਨਮੋਹਕ ਅਦਾਵਾਂ ਨਾਲ ਜਚਾ ਦਿੰਦਾ ਸੀ। ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਖ਼ਾਸ ਕਰਕੇ ‘ਪ੍ਰਤਿੱਗਿਆ’ ਫਿਲਮ (1975) ਦੇ ਸਦਾਬਹਾਰ ਗੀਤ ‘ਮੈਂ ਜੱਟ ਯਮਲਾ ਪਗਲਾ ਦੀਵਾਨਾ...’ ’ਚ ਉਸ ਦੁਆਰਾ ਸਿਰ ’ਤੇ ਬੋਤਲ ਰੱਖ ਕੇ ਕੀਤਾ ਪੰਜਾਬੀ ਅੰਦਾਜ਼ ’ਚ ਨਾਚ ਅੱਜ ਵੀ ਮਕਬੂਲ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਖ਼ੁਸ਼ੀ ਦੇ ਮੌਕਿਆਂ ’ਤੇ ਸ਼ਰਾਬੀਆਂ ਦੁਆਰਾ ਸਿਰ ’ਤੇ ਬੋਤਲ ਰੱਖ ਕੇ ਨੱਚਣ ਦਾ ਪ੍ਰਚੱਲਣ ਇਸੇ ਗੀਤ ਤੋਂ ਸ਼ੁਰੂ ਹੋਇਆ। ਧਰਮਿੰਦਰ ਦੁਆਰਾ ਕੀਤੀਆਂ ਰੁਮਾਂਟਿਕ ਤੇ ਕਾਮੇਡੀ ਫਿਲਮਾਂ ਨੂੰ ਦੇਖ ਕੇ ਜਾਪਦਾ ਹੈ ਕਿ ਉਹ ਬਹੁਤ ਸ਼ਰਾਰਤੀ ਬੰਦਾ ਸੀ। ਇਸ ਬਾਰੇ ਉਸ ਦਾ ਤਰਕ ਸੀ ਕਿ ਉਹ ਮਿੱਠਾ ਜਿਹਾ ਸ਼ਰਾਰਤੀ ਬੰਦਾ ਹੈ ਨਾ ਕਿ ਗੰਦਾ ਸ਼ਰਾਰਤੀ। ਉਸ ਦੀ ਕੋਸ਼ਿਸ਼ ਰਹਿੰਦੀ ਸੀ ਕਿ ਉਹ ਆਪਣੀਆਂ ਸ਼ਰਾਰਤਾਂ ਨਾਲ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚਾਵੇ।
ਧਰਮਿੰਦਰ ਦਾ ਪਹਿਲਾ ਵਿਆਹ 19 ਸਾਲ ਦੀ ਉਮਰ ’ਚ 1954 ’ਚ ਪ੍ਰਕਾਸ਼ ਕੌਰ ਨਾਲ ਹੋ ਗਿਆ ਸੀ, ਜਿਸ ਤੋਂ ਉਸ ਦੇ ਘਰ ਚਾਰ ਬੱਚੇ ਪੈਦਾ ਹੋਏ, ਪੁੱਤਰ ਸੰਨੀ ਤੇ ਬੌਬੀ, ਧੀਆਂ ਅਜੀਤਾ ਤੇ ਵਿਜੇਤਾ। ਫਿਰ ਉਸ ਨੇ ਆਪਣੇ ਫਿਲਮੀ ਕਰੀਅਰ ਦੇ ਸਿਖਰ ’ਤੇ ਪਹੁੰਚ ਕੇ ਉਸ ਸਮੇਂ ਦੀ ਸਿਖਰਲੀ ਅਭਿਨੇਤਰੀ ਹੇਮਾ ਮਾਲਿਨੀ ਨਾਲ ਦੂਸਰਾ ਵਿਆਹ ਕਰ ਲਿਆ। ਇਸ ਵਿਆਹ ਤੋਂ ਪਹਿਲਾਂ ਉਸ ਨੇ ਪ੍ਰਕਾਸ਼ ਕੌਰ ਤੋਂ ਤਲਾਕ ਨਹੀਂ ਲਿਆ ਜਿਸ ਕਰਕੇ ਲੋਕਾਂ ’ਚ ਇਹ ਅਫ਼ਵਾਹ ਫੈਲ ਗਈ ਕਿ ਧਰਮਿੰਦਰ ਨੇ ਦੂਸਰਾ ਵਿਆਹ ਕਰਵਾਉਣ ਲਈ ਇਸਲਾਮ ਧਰਮ ਅਪਣਾ ਲਿਆ। ਜਿਸ ਬਾਰੇ ਉਸ ਨੇ ਸਫ਼ਾਈ ਦੇਣੀ ਜ਼ਰੂਰੀ ਨਾ ਸਮਝੀ ਤੇ ਲੋਕਾਂ ਦਾ ਇਹ ਭਰਮ ਉਸ ਨੇ ਭਾਜਪਾ ਵੱਲੋਂ ਬੀਕਾਨੇਰ ਤੋਂ ਲੋਕ ਸਭਾ ਦੀ ਚੋਣ ਸਮੇਂ ਮੁੜ ਇਹ ਮੁੱਦਾ ਉੱਛਲਣ ਮੌਕੇ ਤੋੜਿਆ। ਇਸ ਮੌਕੇ ਧਰਮ ਨੇ ਬਿਆਨ ਦਿੱਤਾ ਕਿ ਉਹ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਹੈ। ਉਹ ਅਜਿਹਾ ਇਨਸਾਨ ਨਹੀਂ ਜੋ ਆਪਣੇ ਸਵਾਰਥ ਲਈ ਧਰਮ ਬਦਲ ਲਵੇ।
ਧਰਮਿੰਦਰ ਨੇ ਆਪਣੀ ਪਹਿਲੀ ਫਿਲਮ ‘ਦਿਲ ਵੀ ਤੇਰਾ ਹਮ ਵੀ ਤੇਰਾ’ ਮੀਨਾ ਕੁਮਾਰੀ ਨਾਲ ਕੀਤੀ ਜਿਸ ਤੋਂ ਬਾਅਦ ਮੀਨਾ ਕੁਮਾਰੀ ਤੇ ਧਰਮਿੰਦਰ ਦੇ ਰੁਮਾਂਸ ਦੀ ਤਕਰੀਬਨ ਇੱਕ ਦਹਾਕਾ ਚਰਚਾ ਰਹੀ। ਖੂਬਸੂਰਤੀ ਬਾਰੇ ਧਰਮਿੰਦਰ ਦਾ ਕਹਿਣਾ ਸੀ ਕਿ ਕਿਸੇ ਵੀ ਚੀਜ਼ ਦੇ ਜਦੋਂ ਅਸੀਂ ਬਹੁਤ ਜ਼ਿਆਦਾ ਕੋਲ ਚਲੇ ਜਾਂਦੇ ਹਾਂ ਤਾਂ ਉਸ ਦੀ ਖ਼ੂਬਸੂਰਤੀ ਨਹੀਂ ਬਚਦੀ ਭਾਵ ਸਾਨੂੰ ਉਹ ਆਮ ਜਿਹੀ ਗੱਲ ਲੱਗਣ ਲੱਗ ਜਾਂਦੀ ਹੈ।
ਆਪਣੀਆਂ ਐਕਸ਼ਨ ਫਿਲਮਾਂ ਦੇ ਆਰੰਭ ’ਚ ਧਰਮਿੰਦਰ ਦਾ ਇੱਕ ਸੰਵਾਦ ਬਹੁਤ ਪ੍ਰਸਿੱਧ ਰਿਹਾ. ‘ਕੁੱਤੇ ਕਮੀਨੇ ਮੈਂ ਤੇਰਾ ਖ਼ੂਨ ਪੀ ਜਾਊਂਗਾ।’ ਜਦੋਂ ਉਹ ਆਪਣੀ ਢਲਦੀ ਉਮਰ ਦੌਰਾਨ ਖੰਡਾਲਾ ਫਾਰਮ ਹਾਊਸ ’ਚ ਰਹਿਣ ਲੱਗਿਆ ਤਾਂ ਉੱਥੇ ਉਸ ਨੂੰ ਆਪਣੇ ਕੁੱਤਿਆਂ ਨਾਲ ਵਿਚਰਦਿਆਂ ਉਨ੍ਹਾਂ ਦੇ ਸਭ ਤੋਂ ਵੱਧ ਵਫ਼ਾਦਾਰ ਜਾਨਵਰ ਹੋਣ ਦਾ ਅਹਿਸਾਸ ਹੋਇਆ। ਜਿਸ ਤੋਂ ਬਾਅਦ ਉਸ ਨੇ ਤੌਬਾ ਕੀਤੀ ਕੀ ਉਹ ਕਦੇ ਵੀ ਕੁੱਤੇ ਕਮੀਨੇ ਸ਼ਬਦ ਆਪਣੀ ਜ਼ਿੰਦਗੀ ਤੇ ਫਿਲਮਾਂ ’ਚ ਨਹੀਂ ਵਰਤੇਗਾ। ਨਾਮਵਰ ਅਭਿਨੇਤਰੀ ਪ੍ਰਿਟੀ ਜਿੰਟਾ ਧਰਮਿੰਦਰ ਨੂੰ ਬਹੁਤ ਪਸੰਦ ਕਰਦੀ ਸੀ ਤੇ ਉਸ ਨੇ ਇੱਕ ਵਾਰ ਖੁੱਲ੍ਹੇਆਮ ਪ੍ਰਸਤਾਵ ਰੱਖਿਆ ਸੀ ਕਿ ਧਰਮ ਜੀ ਉਸ ਦੀ ਕਿਸੇ ਫਿਲਮ ’ਚ ਉਸ ਦੇ ਪਿਤਾ ਦਾ ਕਿਰਦਾਰ ਨਿਭਾਉਣ। ਜਦੋਂ ਧਰਮਿੰਦਰ ਲੋਕ ਸਭਾ ’ਚ ਬੀਕਾਨੇਰ ਹਲਕੇ ਦੀ ਪ੍ਰਤੀਨਿਧਤਾ ਕਰ ਰਿਹਾ ਸੀ ਤਾਂ ਉਸ ਨੇ ਇੱਕ ਬਿਆਨ ਦਿੱਤਾ ਸੀ, ‘ਲੋਕਤੰਤਰ ਲਈ ਜ਼ਰੂਰੀ ਬੁਨਿਆਦੀ ਸ਼ਿਸ਼ਟਾਚਾਰ ਸਿਖਾਉਣ ਲਈ ਤਾਨਾਸ਼ਾਹ ਚੁਣਿਆ ਜਾਣਾ ਚਾਹੀਦਾ ਹੈ।’ ਇਸ ਬਿਆਨ ਕਰਕੇ ਧਰਮਿੰਦਰ ਨੂੰ ਰਾਜਨੀਤਕ ਹਲਕਿਆਂ ’ਚ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਵੈਸੇ ਲੋਕ ਸਭਾ ’ਚ ਉਸ ਦੀ ਨਾਂਹ ਦੇ ਬਰਾਬਰ ਸ਼ਮੂਲੀਅਤ ਹੀ ਰਹੀ। ਪਿਛਲੀ ਸਦੀ ਦੇ ਸੱਤਵੇਂ ਦਹਾਕੇ ’ਚ ਉਸ ਨੂੰ ਦੁਨੀਆ ਦੇ ਖੂਬਸੂਰਤ ਮਰਦਾਂ ’ਚ ਸ਼ਾਮਲ ਕੀਤਾ ਗਿਆ।
ਧਰਮਿੰਦਰ ਨੇ ਹਿੰਦੀ ਸਿਨੇਮਾ ਦੇ ਵੱਖ-ਵੱਖ ਦੌਰਾਂ ਦੀਆਂ ਬਹੁਤ ਸਾਰੀਆਂ ਨਾਮਵਰ ਅਭਿਨੇਤਰੀਆਂ ਨਾਲ ਹਿੱਟ ਫਿਲਮਾਂ ਦਿੱਤੀਆਂ। ਜਿਨ੍ਹਾਂ ਵਿੱਚ ਮੀਨਾ ਕੁਮਾਰੀ, ਮਾਲਾ ਸਿਨਹਾ, ਸਾਇਰਾ ਬਾਨੋ, ਨੂਤਨ, ਨੰਦਾ, ਹੇਮਾ ਮਾਲਿਨੀ, ਅਨੀਤਾ ਰਾਜ ਆਦਿ। ਸ਼ੁਰੂ ਵਿੱਚ ਤਕਰੀਬਨ ਇੱਕ ਦਹਾਕਾ ਉਸ ਦੀ ਮੀਨਾ ਕੁਮਾਰੀ ਨਾਲ ਜੋੜੀ ਹਿੱਟ ਰਹੀ ਅਤੇ ਇਸ ਜੋੜੀ ਨੇ ਸੱਤ ਹਿੱਟ ਫਿਲਮਾਂ ਦਿੱਤੀਆਂ। ਉਸ ਤੋਂ ਬਾਅਦ ਸਭ ਤੋਂ ਲੰਬਾ ਸਮਾਂ ਹੇਮਾ ਮਾਲਿਨੀ ਨਾਲ ਉਸ ਦੀ ਜੋੜੀ ਚਰਚਾ ’ਚ ਰਹੀ ਜਿਸ ਨਾਲ ਉਨ੍ਹਾਂ ਨੇ ‘ਸ਼ੋਅਲੇ’, ‘ਰਾਜਾ ਰਾਣੀ’, ‘ਸੀਤਾ ਔਰ ਗੀਤਾ’, ‘ਨਵਾਂ ਜ਼ਮਾਨਾ’, ‘ਪੱਥਰ ਔਰ ਪਾਇਲ’, ‘ਤੁਮ ਹੁਸੀਨ ਮੈਂ ਜਵਾਂ’, ‘ਜੁਗਨੂੰ’, ‘ਪ੍ਰਤਿੱਗਿਆ’, ‘ਪੱਥਰ’, ‘ਦੋਸਤ’, ‘ਚਰਸ’, ‘ਮਾਂ’, ‘ਚਾਚਾ-ਭਤੀਜਾ’ ਆਦਿ ਫਿਲਮਾਂ ਦਿੱਤੀਆਂ। ਧਰਮਿੰਦਰ ਲਈ 1987 ਦਾ ਵਰ੍ਹਾ ਸਭ ਤੋਂ ਸਫਲ ਰਿਹਾ ਜਿਸ ਦੌਰਾਨ ਉਸ ਦੀਆਂ 7 ਹਿੱਟ ਅਤੇ 9 ਸਫਲ ਫਿਲਮਾਂ ਆਈਆਂ। ਉਸ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਰੁਮਾਂਟਿਕ ਨਾਇਕ ਵਜੋਂ ਕੀਤੀ ਸੀ। ਫਿਰ ਉਸ ਨੇ ਸਫਲ ਐਕਸ਼ਨ, ਥਰਿੱਲਰ, ਸਸਪੈਂਸ ਤੇ ਕਾਮੇਡੀ ਫਿਲਮਾਂ ਰਾਹੀਂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ’ਤੇ ਰਾਜ ਕੀਤਾ। ਢਲਦੀ ਉਮਰ ’ਚ ਆ ਕੇ ਉਸ ਨੇ 1990 ਤੋਂ ਬਾਅਦ ਚਰਿੱਤਰ ਅਭਿਨੇਤਾ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਧਰਮਿੰਦਰ ਨੂੰ ਪਹਿਲੀ ਵਾਰ 1966 ’ਚ ਫਿਲਮ ‘ਫੂਲ ਔਰ ਪੱਥਰ’ ਲਈ ਫਿਲਮਫੇਅਰ ਪੁਰਸਕਾਰ ਪ੍ਰਦਾਨ ਕੀਤਾ ਗਿਆ। ਫਿਰ ਉਸ ਨੂੰ 1971 ’ਚ ਫਿਲਮ ‘ਮੇਰਾ ਗਾਓਂ ਮੇਰਾ ਦੇਸ’ ਲਈ ਫਿਲਮਫੇਅਰ ਪੁਰਸਕਾਰ ਮਿਲਿਆ। ਇਸ ਪੁਰਸਕਾਰ ਤੋਂ ਬਾਅਦ ਧਰਮ ਦਾ ਅਕਸ ਬਹੁਪਰਤੀ ਅਦਾਕਾਰ ਵਾਲਾ ਬਣ ਗਿਆ।
ਫਿਲਮ ਨਿਰਮਾਤਾ ਵਜੋਂ ਧਰਮਿੰਦਰ ਨੇ ਆਪਣੇ ਪੁੱਤਰ ਸਨੀ ਦਿਓਲ ਨੂੰ ‘ਬੇਤਾਬ’ (1983) ਤੇ ਬੌਬੀ ਦਿਓਲ ਨੂੰ ‘ਬਰਸਾਤ’ (1995), ਬੇਟੀ ਈਸ਼ਾ ਦਿਓਲ ਨੂੰ ‘ਟੈੱਲ ਮੀ ਓ ਖੁਦਾ’ (2011) ਤੇ ਭਤੀਜੇ ਅਭੈ ਦਿਓਲ ਦਾ ‘ਸੋਚਾ ਨਾ ਥਾ’ (2005) ਰਾਹੀਂ ਫਿਲਮੀ ਸਫ਼ਰ ਸ਼ੁਰੂ ਕਰਵਾਇਆ। ਫਿਰ ਉਸ ਨੇ ਰਾਸ਼ਟਰੀ ਤੇ ਫਿਲਮਫੇਅਰ ਪੁਰਸਕਾਰ ਜੇਤੂ ‘ਘਾਇਲ’ ਫਿਲਮ ਦਾ ਨਿਰਮਾਣ ਕੀਤਾ। ਉਸ ਨੇ ਆਪਣੇ ਪੁੱਤਰਾਂ ਨਾਲ ਅਦਾਕਾਰੀ ਦਾ ਸੁਫ਼ਨਾ ਪੂਰਾ ਕਰਨ ਹਿੱਤ ‘ਅਪਨੇ’ ਅਤੇ ‘ਯਮਲਾ ਪਗਲਾ ਦੀਵਾਨਾ’ ਫਿਲਮ ਬਣਾਈ ਤੇ ਇਸ ਦਾ ਸੀਕੁਏਲ ਵੀ ਬਣਾਇਆ। ਉਸ ਨੇ ‘ਇੰਡੀਆਜ਼ ਗਾਟ ਟੈਲੈਂਟ’ ਸ਼ੋਅ ਰਾਹੀਂ ਟੀਵੀ ’ਤੇ ਵੀ ਹਾਜ਼ਰੀ ਲਗਾਈ। ਆਪਣੇ ਰੰਗੀਨ ਮਿਜ਼ਾਜ ਲਈ ਜਾਣੇ ਜਾਂਦੇ ਧਰਮਿੰਦਰ ਨੂੰ ਬਹੁਤ ਸਾਰੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਜਿਨ੍ਹਾਂ ਵਿੱਚ ਭਾਰਤ ਸਰਕਾਰ ਦਾ ਤੀਸਰਾ ਸਭ ਤੋਂ ਵੱਡਾ ਪੁਰਸਕਾਰ ‘ਪਦਮ ਭੂਸ਼ਣ’ ਵੀ ਸ਼ਾਮਲ ਹੈ। ਇਸ ਬਹੁਪਰਤੀ ਪ੍ਰਤਿਭਾ ਦੇ ਮਾਲਕ ਇਨਸਾਨ ਨੂੰ ਦੁਨੀਆ ਵਿੱਚ ਹਮੇਸ਼ਾਂ ਸਤਿਕਾਰ ਤੇ ਪਿਆਰ ਨਾਲ ਯਾਦ ਕੀਤਾ ਜਾਵੇਗਾ।
ਸੰਪਰਕ: 97795-90575
