ਚੰਪਕ ਵਣ ਦੀ ਏਕਤਾ
ਬਾਲ ਕਹਾਣੀ ਚੇਤਨ ਚੀਤਾ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਆਪਣੀ ਨਾਨੀ ਦੇ ਘਰ ਹਰਮਨ ਜੰਗਲ ਆਇਆ ਹੋਇਆ ਸੀ। ਚੇਤਨ ਦੀ ਆਪਣੀ ਗੁਫ਼ਾ ਚੰਪਕ ਵਣ ਵਿੱਚ ਕਾਲੀ ਪਹਾੜੀ ਦੇ ਕੋਲ ਸੀ। ਉਸ ਦੇ ਮਾਤਾ-ਪਿਤਾ ਕਾਲੀ ਪਹਾੜੀ ਦੇ ਪਿੱਛੇ ਵਗਣ ਵਾਲੀ ਕਲ-ਕਲ ਨਦੀ...
ਬਾਲ ਕਹਾਣੀ
ਚੇਤਨ ਚੀਤਾ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਆਪਣੀ ਨਾਨੀ ਦੇ ਘਰ ਹਰਮਨ ਜੰਗਲ ਆਇਆ ਹੋਇਆ ਸੀ। ਚੇਤਨ ਦੀ ਆਪਣੀ ਗੁਫ਼ਾ ਚੰਪਕ ਵਣ ਵਿੱਚ ਕਾਲੀ ਪਹਾੜੀ ਦੇ ਕੋਲ ਸੀ। ਉਸ ਦੇ ਮਾਤਾ-ਪਿਤਾ ਕਾਲੀ ਪਹਾੜੀ ਦੇ ਪਿੱਛੇ ਵਗਣ ਵਾਲੀ ਕਲ-ਕਲ ਨਦੀ ਦੇ ਦੂਜੇ ਪਾਸੇ ਇੱਕ ਪਾਰਕ ਵਿੱਚ ਆਪਣੀ ਕੱਪੜੇ ਦੀ ਦੁਕਾਨ ਚਲਾਉਂਦੇ ਸਨ। ਸਕੂਲ ਆਉਣ ਤੋਂ ਬਾਅਦ ਚੇਤਨ ਆਪਣਾ ਜ਼ਿਆਦਾਤਰ ਸਮਾਂ ਆਪਣੀ ਗੁਫ਼ਾ ਵਿੱਚ ਇਕੱਲਾ ਹੀ ਬਿਤਾਉਂਦਾ ਸੀ। ਹੁਣ ਛੁੱਟੀਆਂ ਹੋਈਆਂ ਤਾਂ ਉਹ ਹਰਮਨ ਜੰਗਲ ਆਪਣੀ ਨਾਨੀ ਦੇ ਘਰ ਪਹੁੰਚ ਗਿਆ।
ਚੇਤਨ ਨੂੰ ਆਪਣੇ ਨਾਨਾ-ਨਾਨੀ ਦੇ ਘਰ ਆ ਕੇ ਬਹੁਤ ਆਨੰਦ ਆਉਂਦਾ ਸੀ। ਇੱਥੇ ਖਾਣ-ਪੀਣ ਦੀ ਪੂਰੀ ਆਜ਼ਾਦੀ ਸੀ ਅਤੇ ਕੋਈ ਰੋਕ-ਟੋਕ ਕਰਨ ਵਾਲਾ ਵੀ ਨਹੀਂ ਸੀ। ਹਰਮਨ ਜੰਗਲ ਦੀਆਂ ਹਰੀਆਂ-ਭਰੀਆਂ ਵਾਦੀਆਂ ਵਿੱਚ ਉਸ ਦਾ ਮਨ ਬਹੁਤ ਪ੍ਰਸੰਨ ਰਹਿੰਦਾ ਸੀ। ਉਹ ਦਿਨ ਭਰ ਖੂਬ ਖੇਡਦਾ ਅਤੇ ਰਾਤ ਨੂੰ ਆਪਣੇ ਨਾਨਾ-ਨਾਨੀ ਤੋਂ ਬਹੁਤ ਸਾਰੀਆਂ ਕਹਾਣੀਆਂ ਸੁਣਦਾ ਸੀ। ਇਸ ਵਾਰ ਨਾਨਕੇ ਫੇਰੀ ਦੌਰਾਨ ਉਸ ਦੇ ਨਾਨਾ ਜੀ ਨੇ ਉਸ ਨੂੰ ਇੱਕ ਨਵਾਂ ਅਤੇ ਮਹਿੰਗਾ ਸਮਾਰਟਫੋਨ ਵੀ ਖਰੀਦ ਕੇ ਦਿੱਤਾ ਸੀ। ਨਾਨਾ-ਨਾਨੀ ਚੇਤਨ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਚੇਤਨ ਜਦੋਂ ਵੀ ਦੋ-ਚਾਰ ਛੁੱਟੀਆਂ ਹੁੰਦੀਆਂ ਤਾਂ ਉਨ੍ਹਾਂ ਦੇ ਪਿਆਰ ਦਾ ਆਨੰਦ ਲੈਣ ਹਰਮਨ ਜੰਗਲ ਪਹੁੰਚ ਜਾਂਦਾ ਸੀ। ਹੁਣ ਤਾਂ ਉਸ ਦੇ ਕੋਲ ਨਵਾਂ ਸਮਾਰਟਫੋਨ ਵੀ ਸੀ, ਜਿਸ ਨਾਲ ਉਹ ਜਦੋਂ ਚਾਹੇ ਨਾਨਾ-ਨਾਨੀ ਨਾਲ ਢੇਰ ਸਾਰੀਆਂ ਗੱਲਾਂ ਕਰ ਸਕਦਾ ਸੀ। ਇੰਟਰਨੈੱਟ ਕਾਰਨ ਉਹ ਪੂਰੀ ਦੁਨੀਆ ਨਾਲ ਜੁੜ ਗਿਆ ਸੀ। ਉਸ ਨੇ ਆਪਣੀ ਡਾਇਰੀ ਵਿੱਚ ਲਿਖੇ ਦੋਸਤਾਂ ਦੇ ਸਾਰੇ ਨੰਬਰ ਆਪਣੇ ਸਮਾਰਟਫੋਨ ਵਿੱਚ ਸੇਵ ਕਰ ਲਏ ਸਨ।
ਹੁਣ ਉਸ ਦੀਆਂ ਛੁੱਟੀਆਂ ਖ਼ਤਮ ਹੋਣ ਵਾਲੀਆਂ ਸਨ। ਕੱਲ੍ਹ ਉਸ ਨੇ ਚੰਪਕ ਵਣ ਆਪਣੀ ਗੁਫ਼ਾ ਵਿੱਚ ਵਾਪਸ ਜਾਣਾ ਸੀ। ਉਸ ਨੇ ਆਪਣੇ ਸਾਰੇ ਦੋਸਤਾਂ ਨੂੰ ਫੋਨ ਕਰਕੇ ਚੰਪਕ ਵਣ ਪਰਤਣ ਦੀ ਸੂਚਨਾ ਦੇ ਦਿੱਤੀ ਸੀ। ਅਗਲੇ ਦਿਨ ਉਹ ਸਵੇਰੇ ਹੀ ਚੰਪਕ ਵਣ ਲਈ ਨਿਕਲ ਪਿਆ ਅਤੇ ਸ਼ਾਮ ਤੱਕ ਆਪਣੀ ਗੁਫ਼ਾ ਵਿੱਚ ਪਹੁੰਚ ਗਿਆ। ਘਰ ਪਹੁੰਚ ਕੇ ਉਸ ਨੇ ਜਿਵੇਂ ਹੀ ਗੁਫ਼ਾ ਵਿੱਚ ਪ੍ਰਵੇਸ਼ ਕੀਤਾ ਅੰਦਰੋਂ ਇੱਕ ਭਿਆਨਕ ‘ਮਿਆਊਂ... ਊਂ...!’ ਦੀ ਆਵਾਜ਼ ਆਈ। ਉਹ ਡਰ ਕੇ ਤੁਰੰਤ ਗੁਫ਼ਾ ਤੋਂ ਬਾਹਰ ਨਿਕਲ ਆਇਆ। ਚੇਤਨ ਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਅਤੇ ਉਸ ਦੇ ਕੰਨਾਂ ਵਿੱਚ ਉਹ ਭਿਆਨਕ ਆਵਾਜ਼ ਗੂੰਜ ਰਹੀ ਸੀ। ਉਹ ਸੋਚਣ ਲੱਗਾ, ‘ਗੁਫ਼ਾ ਦੇ ਅੰਦਰ ਕੌਣ ਹੋ ਸਕਦਾ ਹੈ ?’ ਕੁਝ ਦੇਰ ਸੋਚਣ ਤੋਂ ਬਾਅਦ ਜਦੋਂ ਉਸ ਦਾ ਮਨ ਸ਼ਾਂਤ ਹੋਇਆ ਤਾਂ ਉਸ ਨੂੰ ਲੱਗਿਆ ਕਿ ਸ਼ਾਇਦ ਇਹ ਉਸ ਦਾ ਵਹਿਮ ਹੋ ਸਕਦਾ ਹੈ। ਉਹ ਹਿੰਮਤ ਕਰਕੇ ਦੁਬਾਰਾ ਗੁਫ਼ਾ ਦੇ ਅੰਦਰ ਗਿਆ। ਇਸ ਵਾਰ ਤਾਂ ਉਹ ਹੋਰ ਵੀ ਤੇਜ਼ ਗਰਜਦੀ ਹੋਈ ਮਿਆਊਂ ਦੀ ਆਵਾਜ਼ ਸੁਣ ਕੇ ਕੰਬ ਗਿਆ ਅਤੇ ਤੇਜ਼ੀ ਨਾਲ ਗੁਫ਼ਾ ’ਚੋਂ ਬਾਹਰ ਭੱਜ ਆਇਆ।
ਕੁਝ ਦੇਰ ਸ਼ਹਿਤੂਤ ਦੇ ਰੁੱਖ ਦੇ ਹੇਠਾਂ ਬੈਠਣ ਤੋਂ ਬਾਅਦ ਜਦੋਂ ਉਸ ਦੀ ਹਾਲਤ ਸਥਿਰ ਹੋਈ, ਤਾਂ ਉਸ ਨੇ ਸੋਚਿਆ ਕਿ ਉਹ ਦੌੜ ਕੇ ਦੁਕਾਨ ’ਤੇ ਆਪਣੇ ਮਾਤਾ-ਪਿਤਾ ਕੋਲ ਚਲਾ ਜਾਵੇ ਅਤੇ ਉਨ੍ਹਾਂ ਨੂੰ ਸਾਰੀ ਘਟਨਾ ਦੱਸੇ ਕਿ ਕੋਈ ਭਿਆਨਕ ਭੂਤ ਗੁਫ਼ਾ ਵਿੱਚ ਵੜ ਆਇਆ ਹੈ ਅਤੇ ਹੁਣ ਉਨ੍ਹਾਂ ਨੂੰ ਉਹ ਗੁਫ਼ਾ ਛੱਡ ਦੇਣੀ ਚਾਹੀਦੀ ਹੈ, ਪਰ ਫਿਰ ਉਸ ਨੇ ਸੋਚਿਆ ਕਿ ਨਾਨਾ-ਨਾਨੀ ਦੀਆਂ ਕਹਾਣੀਆਂ ਵਿੱਚ ਤਾਂ ਭੂਤ ਕਾਲਪਨਿਕ ਹੁੰਦੇ ਹਨ ਤਾਂ ਫਿਰ ਇਹ ਭੂਤ ਖ਼ਤਰਨਾਕ ਕਿਵੇਂ ਹੋ ਸਕਦਾ ਹੈ ? ਇਸ ਦਾ ਹੱਲ ਕੱਢਣ ਲਈ ਉਸ ਨੇ ਆਪਣੇ ਕੁਝ ਦੋਸਤਾਂ ਨੂੰ ਫੋਨ ’ਤੇ ਮੈਸੇਜ ਕਰਕੇ ਬੁਲਾ ਲਿਆ।
ਉਸ ਦਾ ਦੋਸਤ ਮੋਟੂ ਸ਼ੇਰ ਤੁਰੰਤ ਆ ਗਿਆ। ਉਸ ਨੇ ਦੇਖਿਆ ਕਿ ਭੋਲਾ ਹਾਥੀ ਵੀ ਹੌਲੀ-ਹੌਲੀ ਚਲਿਆ ਆ ਰਿਹਾ ਹੈ। ਮਿਕਲ ਮੰਕੀ ਅਤੇ ਹੀਰਾ ਖਰਗੋਸ਼ ਵੀ ਆਪਣੇ ਹੋਰ ਦੋਸਤਾਂ ਨਾਲ ਉੱਥੇ ਪਹੁੰਚ ਗਏ। ਜੰਗਲ ਦਾ ਸੂਚਨਾ ਅਧਿਕਾਰੀ ਲੰਬੂ ਲੰਗੂਰ ਵੀ ਉੱਥੇ ਪਹੁੰਚ ਚੁੱਕਾ ਸੀ। ਉਸ ਨੇ ਸਾਰੀ ਜਾਣਕਾਰੀ ਇਕੱਠੀ ਕਰਕੇ ਮਹਾਰਾਜਾ ਬੱਬਰ ਸ਼ੇਰ ਤੱਕ ਪਹੁੰਚਾ ਦਿੱਤੀ ਸੀ। ਚੇਤਨ ਚੀਤੇ ਦੀ ਗੁਫ਼ਾ ਦੇ ਬਾਹਰ ਜਾਨਵਰਾਂ ਦਾ ਤਾਂਤਾ ਲੱਗ ਗਿਆ ਸੀ। ਚੇਤਨ ਨੇ ਮਿਆਊਂ ਦੀ ਆਵਾਜ਼ ਦੀ ਪੂਰੀ ਕਹਾਣੀ ਆਪਣੇ ਦੋਸਤਾਂ ਨੂੰ ਸੁਣਾਈ।
ਜਦੋਂ ਸਾਰੇ ਦੋਸਤ ਇਕੱਠੇ ਹੋਏ ਤਾਂ ਉੱਥੇ ਲੂੰਬੜੀ ਮਾਸੀ ਲੂਸੀ ਵੀ ਆਈ ਹੋਈ ਸੀ ਜੋ ਖੁਦ ਨੂੰ ਬਹੁਤ ਚਲਾਕ ਸਮਝਦੀ ਸੀ। ਉਸ ਨੇ ਚੇਤਨ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ, ‘‘ਜਾ ਵੇ ਚੇਤਨਾ! ਤੂੰ ਤਾਂ ਚੀਤਾ ਹੈਂ, ਇੱਕ ਮਿਆਊਂ ਦੀ ਆਵਾਜ਼ ਤੋਂ ਡਰ ਗਿਆ ? ਲੱਗਦਾ ਹੈ ਨਾਨੀ ਦੇ ਘਰ ਜਾ ਕੇ ਤੂੰ ਸ਼ਿਕਾਰ ਕਰਨਾ ਭੁੱਲ ਗਿਆ ਹੈਂ!’’ ਚੇਤਨ ਨੇ ਲੂਸੀ ਮਾਸੀ ਨੂੰ ਬੜੀ ਸ਼ਾਂਤੀ ਨਾਲ ਜਵਾਬ ਦਿੱਤਾ, ‘‘ਮਾਸੀ, ਡਰ ਆਵਾਜ਼ ਦਾ ਨਹੀਂ, ਅਣਜਾਣ ਖ਼ਤਰੇ ਦਾ ਹੈ। ਬੁੱਧੀਮਾਨੀ ਇਸੇ ਵਿੱਚ ਹੈ ਕਿ ਪਹਿਲਾਂ ਦੁਸ਼ਮਣ ਦੀ ਤਾਕਤ ਦਾ ਪਤਾ ਲਗਾਇਆ ਜਾਵੇ।’’ ਚੇਤਨ ਦਾ ਜਵਾਬ ਸੁਣ ਕੇ ਲੂਸੀ ਨਿਰੁੱਤਰ ਹੋ ਗਈ ਅਤੇ ਸ਼ਰਮਿੰਦੀ ਜਿਹੀ ਹੋ ਕੇ ਇੱਕ ਪਾਸੇ ਖੜ੍ਹੀ ਹੋ ਗਈ।
ਮਿਆਊਂ ਦੀ ਆਵਾਜ਼ ਦਾ ਰਹੱਸ ਸੁਣ ਕੇ ਉਸ ਦੇ ਦੋਸਤ ਵੀ ਹੈਰਾਨ ਸਨ। ਕੁਝ ਨਰਮ ਦਿਲ ਦੋਸਤਾਂ ਨੇ ਮਹਾਰਾਜਾ ਬੱਬਰ ਸ਼ੇਰ ਕੋਲ ਜਾਣ ਦੀ ਸਲਾਹ ਦਿੱਤੀ। ਲੰਬੂ ਲੰਗੂਰ ਨੇ ਦੱਸਿਆ ਕਿ ਮਹਾਰਾਜ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇੱਥੇ ਇੱਕ ਪਾਸੇ ਭੋਲਾ ਹਾਥੀ ਖੜ੍ਹਾ ਕੁਝ ਸੋਚ ਰਿਹਾ ਸੀ। ਉਸ ਨੂੰ ਸੋਚਦੇ ਦੇਖ ਜਦੋਂ ਚੇਤਨ ਚੀਤੇ ਨੇ ਇਸ਼ਾਰੇ ਨਾਲ ਉਸ ਦੀ ਸਲਾਹ ਪੁੱਛੀ ਤਾਂ ਉਸ ਨੇ ਦੋ ਮਿੰਟ ਰੁਕਣ ਲਈ ਕਿਹਾ। ਥੋੜ੍ਹੀ ਦੇਰ ਬਾਅਦ ਉਹ ਬੋਲਿਆ, ‘‘ਡਰਨ ਦੀ ਲੋੜ ਨਹੀਂ ਹੈ... ਇਹ ਆਵਾਜ਼ ਜਾਣੀ-ਪਛਾਣੀ ਲੱਗ ਰਹੀ ਹੈ। ਮੈਨੂੰ ਲੱਗਦਾ ਹੈ ਇਹ ਆਵਾਜ਼ ਬਾਘੜ-ਬਿੱਲੇ ਉਰਫ਼ ਬਿੱਲੂ ਬਦਮਾਸ਼ ਦੀ ਹੈ! ਇਹ ਨਵਾਂ-ਨਵਾਂ ਬਦਮਾਸ਼ੀ ਦੀ ਦੁਨੀਆ ਵਿੱਚ ਆਇਆ ਹੈ।’’ ਸਭ ਨੇ ਉਤਸੁਕਤਾ ਨਾਲ ਭੋਲੇ ਹਾਥੀ ਵੱਲ ਦੇਖਿਆ ਤਾਂ ਉਸ ਨੇ ਦੱਸਿਆ ਕਿ ਉਹ ਉਸ ਨੂੰ ਕਈ ਦਿਨਾਂ ਤੋਂ ਜੰਗਲ ਵਿੱਚ ਘੁੰਮਦੇ ਹੋਏ ਦੇਖ ਰਿਹਾ ਹੈ। ਉਹ ਆਪਣੇ ਸੁਕੜੂ ਜੰਗਲ ਨੂੰ ਛੱਡ ਕੇ ਸਾਡੇ ਹਰੇ-ਭਰੇ ਚੰਪਕ ਵਣ ਵਿੱਚ ਦਹਿਸ਼ਤ ਫੈਲਾਉਣ ਆਇਆ ਹੈ। ਉਸ ਨੂੰ ਫੜ ਕੇ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ।
ਭੋਲੇ ਹਾਥੀ ਨੇ ਕਿਹਾ, ‘‘ਮੈਂ ਉਸ ਨੂੰ ਆਪਣੀ ਸੁੰਡ ਨਾਲ ਖਿੱਚ ਕੇ ਬਾਹਰ ਕੱਢਦਾ ਹਾਂ, ਫਿਰ ਉਸ ਨੂੰ ਫੜ ਕੇ ਮਹਾਰਾਜਾ ਬੱਬਰ ਸ਼ੇਰ ਦੇ ਹਵਾਲੇ ਕਰ ਦਿਆਂਗੇ। ਜੇਕਰ ਇਸ ਨੂੰ ਨਹੀਂ ਫੜਿਆ ਗਿਆ ਤਾਂ ਇਹ ਇਸੇ ਤਰ੍ਹਾਂ ਸਭ ਨੂੰ ਪਰੇਸ਼ਾਨ ਕਰਦਾ ਰਹੇਗਾ।’’ ਸਭ ਨੇ ਭੋਲੇ ਹਾਥੀ ਨਾਲ ਸਹਿਮਤੀ ਜਤਾਈ। ਭੋਲੇ ਹਾਥੀ ਨੇ ਗੁਫ਼ਾ ਵਿੱਚ ਸੁੰਡ ਪਾ ਕੇ ਉਸ ਨੂੰ ਫੜ ਲਿਆ। ਬਾਘੜ-ਬਿੱਲੇ ਨੇ ਹਾਥੀ ਦੀ ਸੁੰਡ ’ਤੇ ਦੋ-ਚਾਰ ਨਹੁੰਦਰਾਂ ਵੀ ਮਾਰੀਆਂ, ਪਰ ਬਹਾਦਰ ਭੋਲੇ ਹਾਥੀ ਨੇ ਉਸ ਨੂੰ ਖਿੱਚ ਕੇ ਬਾਹਰ ਕੱਢ ਹੀ ਲਿਆਂਦਾ। ਗੁਫ਼ਾ ਤੋਂ ਬਾਹਰ ਆਉਂਦੇ ਹੀ ਸਭ ਨੇ ਮਿਲ ਕੇ ਉਸ ਨੂੰ ਦਬੋਚ ਲਿਆ। ਥੋੜ੍ਹੀ ਕੁੱਟਮਾਰ ਤੋਂ ਬਾਅਦ ਬਿੱਲੂ ਬਦਮਾਸ਼ ਨੂੰ ਮਹਾਰਾਜਾ ਬੱਬਰ ਸ਼ੇਰ ਦੇ ਸਾਹਮਣੇ ਪੇਸ਼ ਕੀਤਾ ਗਿਆ।
ਹੁਣ ਉਸ ਦੀ ਸਾਰੀ ਬਦਮਾਸ਼ੀ ਨਿਕਲ ਚੁੱਕੀ ਸੀ। ਉਹ ਹੱਥ ਜੋੜ ਕੇ ਖੜ੍ਹਾ ਮੁਆਫ਼ੀ ਮੰਗ ਰਿਹਾ ਸੀ। ਉਹ ਸੁਕੜੂ ਜੰਗਲ ਵਿੱਚ ਗ਼ਰੀਬੀ ਅਤੇ ਭੁੱਖਮਰੀ ਦਾ ਜ਼ਿਕਰ ਕਰਦਾ ਰਿਹਾ। ਅੰਤ ਵਿੱਚ ਮਹਾਰਾਜੇ ਵੱਲੋਂ ਮੰਗਣ ’ਤੇ ਉਹ ਆਪਣਾ ਪਾਸਪੋਰਟ ਵੀ ਨਹੀਂ ਦਿਖਾ ਸਕਿਆ। ਬਿਨਾਂ ਪਾਸਪੋਰਟ ਦੇ ਆਪਣੇ ਦੇਸ਼ ਵਿੱਚ ਬਾਘੜ-ਬਿੱਲੇ ਨੂੰ ਦੇਖ ਕੇ ਮਹਾਰਾਜਾ ਬੱਬਰ ਸ਼ੇਰ ਦਾ ਗੁੱਸਾ ਹੋਰ ਵਧ ਗਿਆ।
ਮਹਾਰਾਜ ਗਰਜਿਆ, ‘‘ਚੰਪਕ ਵਣ ਵਿੱਚ ਸ਼ਰਾਰਤ ਅਤੇ ਗੁੰਡਾਗਰਦੀ ਲਈ ਕੋਈ ਥਾਂ ਨਹੀਂ ਹੈ। ਬਾਘੜ-ਬਿੱਲੇ ਉਰਫ਼ ਬਿੱਲੂ ਬਦਮਾਸ਼ ਨੇ ਬਿਨਾਂ ਪਾਸਪੋਰਟ ਦੇ ਨਾ ਸਿਰਫ਼ ਸਾਡੇ ਚੰਪਕ ਵਣ ਵਿੱਚ ਘੁਸਪੈਠ ਕੀਤੀ ਹੈ, ਸਗੋਂ ਸਾਡੇ ਹੋਣਹਾਰ ਚੇਤਨ ਚੀਤੇ ਨੂੰ ਡਰਾਇਆ ਵੀ ਹੈ।’’ ਮਹਾਰਾਜਾ ਬੱਬਰ ਸ਼ੇਰ ਨੇ ਬਿਨਾਂ ਪਾਸਪੋਰਟ ਚੰਪਕ ਵਣ ਵਿੱਚ ਪ੍ਰਵੇਸ਼ ਕਰਨ ਅਤੇ ਗੁੰਡਾਗਰਦੀ ਕਰਨ ਦੇ ਅਪਰਾਧ ਵਿੱਚ ਉਸ ਨੂੰ ਦੋ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ।
ਸੰਪਰਕ: 96540-36080

