ਟਾਂਗੇ ਦੀਆਂ ਅਭੁੱਲ ਯਾਦਾਂ
ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਜਿੱਥੇ ਕਿਲੋਮੀਟਰਾਂ ਦਾ ਸਫ਼ਰ ਮਿੰਟਾਂ ਵਿੱਚ ਸਿਮਟ ਜਾਂਦਾ ਹੈ, ਉੱਥੇ ਪੰਜਾਬ ਵਿੱਚ ਕਦੇ ਟਾਂਗੇ ਦਾ ਸਫ਼ਰ ਸਮੇਂ ਨਾਲ ਗੱਲਾਂ ਕਰਦਾ ਇੱਕ ਮਿੱਠਾ ਅਹਿਸਾਸ ਹੁੰਦਾ ਸੀ। ਟਾਂਗੇ ਦਾ ਸਫ਼ਰ ਅੱਜ ਸਾਡੇ ਜੀਵਨ ਤੋਂ ਲਗਭਗ ਗੁੰਮ...
ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਜਿੱਥੇ ਕਿਲੋਮੀਟਰਾਂ ਦਾ ਸਫ਼ਰ ਮਿੰਟਾਂ ਵਿੱਚ ਸਿਮਟ ਜਾਂਦਾ ਹੈ, ਉੱਥੇ ਪੰਜਾਬ ਵਿੱਚ ਕਦੇ ਟਾਂਗੇ ਦਾ ਸਫ਼ਰ ਸਮੇਂ ਨਾਲ ਗੱਲਾਂ ਕਰਦਾ ਇੱਕ ਮਿੱਠਾ ਅਹਿਸਾਸ ਹੁੰਦਾ ਸੀ। ਟਾਂਗੇ ਦਾ ਸਫ਼ਰ ਅੱਜ ਸਾਡੇ ਜੀਵਨ ਤੋਂ ਲਗਭਗ ਗੁੰਮ ਹੋ ਚੁੱਕਾ ਹੈ। ਸਮੇਂ ਦੀ ਤੇਜ਼ ਦੌੜ, ਮੋਟਰਾਂ, ਮਸ਼ੀਨੀ ਯੁੱਗ ਦੀ ਬੇਲਗਾਮ ਤਕਨੀਕੀ ਤਰੱਕੀ ਅਤੇ ਆਵਾਜਾਈ ਦੇ ਨਵੇਂ ਸਾਧਨਾਂ ਨੇ ਟਾਂਗੇ ਵਰਗੀ ਸਾਦਗੀ ਨੂੰ ਪਿੱਛੇ ਛੱਡ ਦਿੱਤਾ ਹੈ। ਅੱਜ ਈ-ਰਿਕਸ਼ਿਆਂ ਤੋਂ ਲੈ ਕੇ ਬੱਸਾਂ, ਕਾਰਾਂ ਅਤੇ ਮੈਟਰੋ, ਹਵਾਈ ਜਹਾਜ਼ ਤੱਕ ਅਨੇਕ ਸਾਧਨ ਹਨ, ਪਰ ਟਾਂਗੇ ਦੀ ਗੱਲ ਹੀ ਕੁਝ ਹੋਰ ਸੀ, ਉਹ ਗੱਲ ਜੋ ਸਿਰਫ਼ ਰਾਹ ਨਹੀਂ, ਰਿਸ਼ਤੇ ਵੀ ਤੈਅ ਕਰਦੀ ਸੀ।
ਉਨ੍ਹਾਂ ਦਿਨਾਂ ਵਿੱਚ ਕਈ ਟਾਂਗੇ ਵਾਲੇ ਆਪਣੇ ਟਾਂਗਿਆਂ ਨੂੰ ਬੜੇ ਚਾਅ ਨਾਲ ਪੂਰਨ ਤੌਰ ’ਤੇ ਸਜਾ ਕੇ ਰੱਖਦੇ ਸਨ। ਟਾਂਗੇ ਨਾਲ ਘੋੜੀ ਜੁੜੀ ਹੋਵੇ ਜਾਂ ਘੋੜਾ ਜੋੜਿਆਂ ਹੋਵੇ, ਪਰ ਉਨ੍ਹਾਂ ਦੇ ਗਲ਼ ਵਿੱਚ ਪਈ ਘੰਟੀ ਦੀ ਟਣ-ਟਣ, ਟਾਪਾਂ ਦੀ ਥਾਪ ਅਤੇ ਪਹੀਆਂ ਦੀ ਖੜ-ਖੜ, ਚੀਂ ਚੀਂ ਰਸਤੇ ਦੀਆਂ ਕਹਾਣੀਆਂ ਬਣਦੀਆਂ ਸਨ, ਉੱਥੇ ਘੋੜੇ ਦੇ ਸਿਰ ਉੱਤੇ ਬੰਨ੍ਹਿਆ ਰੰਗੀਨ ਰੁਮਾਲ ਇਉਂ ਲਹਿਰਾਉਂਦਾ ਜਿਵੇਂ ਹਵਾ ਨਾਲ ਗੱਲਾਂ ਕਰਦਾ ਹੋਵੇ। ਘੋੜੀਆਂ ਦੇ ਪੈਰਾਂ ’ਤੇ ਬੰਨ੍ਹੀਆਂ ਚਟਾਖੇਦਾਰ ਪੱਟੀਆਂ ਹਰ ਕਦਮ ਨਾਲ ਰਾਗ ਛੇੜਦੀਆਂ, ਜਿਵੇਂ ਸੜਕ ਉੱਤੇ ਕੋਈ ਲੋਕ-ਧੁਨ ਜਿਉਂਦੀ ਹੋ ਗਈ ਹੋਵੇ। ਟਾਂਗੇ ਦੀ ਸੀਟ ਨਰਮ ਤੇ ਆਰਾਮਦਾਇਕ ਹੁੰਦੀ ਸੀ, ਜਿਸ ਦੀ ਸਫ਼ਾਈ ਤੇ ਸਹੂਲਤ ਦਾ ਖ਼ਾਸ ਧਿਆਨ ਰੱਖਿਆ ਜਾਂਦਾ। ਪਿੱਠ ਪਿੱਛੇ ਲੱਗੀਆਂ ਫਿਕਸ ਗੱਦੀਆਂ ਤੋਂ ਇਲਾਵਾ ਟਾਂਗੇ ਦੇ ਦੋਹਾਂ ਪਾਸਿਆਂ ’ਤੇ ਚਮਕਦਾਰ ਪਿੱਤਲ ਦੀਆਂ ਲੱਗੀਆਂ ਸਜਾਵਟਾਂ ਧੁੱਪ ਵਿੱਚ ਚਮਕਦੀਆਂ ਅਤੇ ਰਾਤ ਨੂੰ ਲਾਲਟੈਨ ਦੀ ਰੌਸ਼ਨੀ ਵਿੱਚ ਇੱਕ ਅਜੀਬ ਹੀ ਰੌਣਕ ਬਣਦੀ ਸੀ। ਟਾਂਗੇ ਚਾਲਕ ਆਪਣੇ ਸਾਫ਼-ਸੁਥਰੇ ਕੱਪੜਿਆਂ ਅਤੇ ਸਿਰ ’ਤੇ ਸਜੀ ਪੱਗ ਨਾਲ ਆਪਣੀ ਪਛਾਣ ਆਪ ਬਣ ਜਾਂਦਾ। ਉਸ ਦੀ ਆਵਾਜ਼, ਘੋੜੇ ਨਾਲ ਗੱਲਾਂ ਕਰਦਿਆਂ ਜਾਂ ਸਵਾਰੀਆਂ ਨੂੰ ਸੱਦਦਿਆਂ, ਉਸ ਯੁੱਗ ਦੀ ਸਾਦਗੀ ਅਤੇ ਮਿਠਾਸ ਦਾ ਅਹਿਸਾਸ ਕਰਵਾ ਦਿੰਦੀ ਸੀ।
ਉਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਟਾਂਗੇ ਆਮ ਦਿਖਾਈ ਦਿੰਦੇ ਸਨ। ਸਵੇਰੇ ਦੀ ਠੰਢੀ ਹਵਾ ਵਿੱਚ ਟਾਂਗੇ ਵਾਲਾ ਘੋੜੇ ਦੀ ਪਿੱਠ ’ਤੇ ਥਾਪੀ ਮਾਰਦਾ ਤੇ ਲਗਾਮ ਨੂੰ ਹੱਥ ਫੜਦਾ ਹੋਇਆਂ ‘ਚੱਲ ਮੇਰੇ ਬੱਬਰ ਸ਼ੇਰ’ ਅਤੇ ਘੋੜਾ ਮਾਲਕ ਦੀ ਆਵਾਜ਼ ਨੂੰ ਸਮਝਦਾ ਹੋਇਆ ਮੰਜ਼ਿਲ ਵੱਲ ਵਧ ਪੈਂਦਾ। ਇਹ ਮਸ਼ੀਨਰੀ ਦੀ ਨਹੀਂ, ਮਨੁੱਖ ਅਤੇ ਜਾਨਵਰ ਦੀ ਸਾਂਝ ਸੀ। ਉਹ ਸਫ਼ਰ ਮੰਜ਼ਿਲ ਤੱਕ ਪਹੁੰਚਣ ਦੀ ਜਲਦੀ ਨਹੀਂ, ਰਾਹਾਂ ਨਾਲ ਰਿਸ਼ਤਾ ਜੋੜਣ ਦਾ ਨਾਮ ਸੀ। ਟਾਂਗਾ ਮੰਜ਼ਿਲ ਤੱਕ ਪਹੁੰਚਣ ਦਾ ਸਾਧਨ ਤਾਂ ਹੈ ਹੀ ਸੀ, ਉਹ ਇੱਕ ਜਿਉਂਦਾ ਅਨੁਭਵ ਵੀ ਸੀ ਜਿੱਥੇ ਰਫ਼ਤਾਰ ਨਹੀਂ, ਸਬਰ ਸੀ, ਸ਼ੋਰ ਨਹੀਂ, ਸਾਂਝ ਸੀ ਅਤੇ ਸਫ਼ਰ, ਮੰਜ਼ਿਲ ਤੋਂ ਵੱਧ ਮਹੱਤਵਪੂਰਨ ਹੁੰਦਾ ਸੀ, ਉੱਥੇ ਸਮਾਜਿਕ ਜੀਵਨ, ਮਨੁੱਖੀ ਸਾਂਝ ਅਤੇ ਸੰਵੇਦਨਸ਼ੀਲਤਾ ਦਾ ਪ੍ਰਤੀਕ ਸੀ ਟਾਂਗਾ।
ਟਾਂਗੇ ਦੇ ਚੱਲਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਸੀ ਹੁੰਦਾ। ਜਦੋਂ ਸਵਾਰੀਆਂ ਪੂਰੀਆਂ ਹੋ ਜਾਂਦੀਆਂ, ਉਦੋਂ ਹੀ ਰਵਾਨਗੀ ਹੁੰਦੀ। ਜੇ ਸਵਾਰੀ ਭਰਨ ਵਿੱਚ ਸਮਾਂ ਲੱਗਦਾ ਤਾਂ ਕਈ ਵਾਰ ਲੋਕ ਟਾਂਗੇ ਤੋਂ ਹੇਠਾਂ ਉਤਰ ਕੇ ਟਾਂਗਾ ਚਾਲਕ ਨੂੰ ਦੱਸ ਕੇ ਚਾਹ ਪੀ ਆਉਂਦੇ, ਬਿਨਾਂ ਇਸ ਡਰ ਦੇ ਕਿ ਸੀਟ ਕਿਸੇ ਹੋਰ ਨੂੰ ਮਿਲ ਜਾਏਗੀ। ਇਹ ਸਫ਼ਰ ਭਰੋਸੇ ਅਤੇ ਸਬਰ ’ਤੇ ਟਿਕਿਆ ਹੁੰਦਾ ਸੀ। ਬੱਚਿਆਂ ਲਈ ਟਾਂਗਾ ਸਵਾਰੀ ਨਹੀਂ, ਇੱਕ ਮੇਲਾ ਹੁੰਦਾ ਸੀ। ਅੱਗੇ ਬੈਠ ਕੇ ਘੋੜੇ ਦੀਆਂ ਟਾਪਾ ਸੁਣਨੀਆਂ, ਘੋੜੇ ਨੂੰ ਹੱਥ ਲਾਉਣਾ, ਹਵਾ ਨਾਲ ਗੱਲਾਂ ਕਰਨੀਆਂ। ਇਹ ਬਚਪਨ ਦੀਆਂ ਅਮੁੱਲ ਯਾਦਾਂ ਸਨ। ਦੂਜਾ ਇਹ ਕਿ ਉਹ ਸਮਾਂ ਵੀ ਕਿੰਨਾ ਵਧੀਆ ਸੀ, ਜਦੋਂ ਟਾਂਗਾ ਚਾਲਕ ਸਵਾਰੀਆਂ ਤੋਂ ਕਿਰਾਇਆ ਮੰਜ਼ਿਲ ’ਤੇ ਪਹੁੰਚ ਕੇ ਹੀ ਲੈਂਦਾ ਸੀ, ਨਾ ਕੋਈ ਜਲਦੀ, ਨਾ ਕੋਈ ਸ਼ੱਕ, ਭਾੜਾ ਵੀ ਇੰਨਾ ਵਾਜਬ ਕਿ ਸਫ਼ਰ ਥਕਾਉਣ ਦੀ ਥਾਂ ਸੁਖਦਾਈ ਲੱਗਦਾ ਸੀ।
ਟਾਂਗੇ ਦਾ ਸਫ਼ਰ ਕੱਚੇ ਰਸਤਿਆਂ, ਖੇਤਾਂ ਦੀ ਹਰਿਆਲੀ, ਸਰ੍ਹੋਂ ਦੇ ਪੀਲੇ ਫੁੱਲਾਂ ਅਤੇ ਨਹਿਰਾਂ ਦੇ ਕੰਢਿਆਂ ਨੇੜਿਉਂ ਲੰਘਦਾ ਇੱਕ ਸ਼ਾਨਦਾਰ ਨਜ਼ਾਰਾ ਪੇਸ਼ ਕਰਦਾ ਸੀ। ਇਹ ਦ੍ਰਿਸ਼ ਅੱਖਾਂ ਨਾਲ ਨਹੀਂ, ਦਿਲ ਨਾਲ ਵੇਖੇ ਜਾਂਦੇ ਸਨ। ਟਾਂਗੇ ਵਿੱਚ ਬੈਠੀਆਂ ਸਵਾਰੀ ਟਾਂਗੇ ਵਾਲੇ ਨਾਲ ਗੱਲਾਂ ਕਰਦੀਆਂ ਹਾਲ-ਏ ਮੌਸਮ ਬਾਰੇ, ਫ਼ਸਲਾਂ ਬਾਰੇ, ਪਿੰਡ ਦੀਆਂ ਖ਼ਬਰਾਂ ਬਾਰੇ ਗੱਲਾਂ ਕਰਦੀਆਂ ਸਨ। ਉਸ ਸਮੇਂ ਨਾ ਮੋਬਾਈਲ ਸਨ, ਨਾ ਕੰਨਾਂ ਵਿੱਚ ਲੱਗੇ ਯੀਅਰਫੋਨ। ਇਨਸਾਨ- ਇਨਸਾਨ ਨਾਲ ਜੁੜਿਆ ਹੋਇਆ ਸੀ ਅਤੇ ਟਾਂਗਾ ਰਿਸ਼ਤਿਆਂ ਦਾ ਪੁਲ ਸੀ।
ਕਈ ਵਾਰ ਮਜ਼ੇਦਾਰ ਗੱਲ ਇਹ ਹੋਣੀ ਕਿ ਜਦੋਂ ਟਾਂਗੇ ਦੇ ਪਿੱਛੇ ਸਰੀਰੋਂ ਭਾਰੀਆਂ ਸਵਾਰੀਆਂ ਬੈਠ ਜਾਂਦੀਆਂ, ਤਾਂ ਟਾਂਗੇ ਦਾ ਸੰਤੁਲਨ ਵਿਗੜ ਜਾਂਦਾ ਤੇ ਘੋੜੀ ਅੱਗੋਂ ਉੱਪਰ ਚੁੱਕੀ ਜਾਂਦੀ ਅਤੇ ਸਵਾਰੀਆਂ ਡਰ ਦੇ ਮਾਰੇ ਸ਼ੋਰ ਮਚਾ ਦਿੰਦੀਆਂ। ਟਾਂਗੇ ਵਾਲਾ ਤਜਰਬੇ ਨਾਲ ਸਵਾਰੀਆਂ ਨੂੰ ਠੀਕ ਥਾਂ ਬਿਠਾ ਕੇ ਸੰਤੁਲਨ ਬਣਾਉਂਦਾ। ਕਈ ਵਾਰ ਤਾਂ ਟਾਂਗੇ ਦੀ ਇੱਕ ਬਾਹੀ ’ਤੇ ਟਾਂਗਾ ਚਾਲਕ ਤੇ ਦੂਸਰੀ ਬਾਹੀ ’ਤੇ ਕਿਸੇ ਹੋਰ ਵਿਅਕਤੀ ਨੂੰ ਬਿਠਾ ਲੈਣਾ ਤਾਂ ਕਿ ਉੱਚੀ ਨੀਵੀਂ ਸੜਕ ਤੋਂ ਘੋੜਾ ਮੁੜ ਉਤਾਂਹ ਨਾ ਚੁੱਕਿਆ ਜਾਵੇ। ਇਹ ਸਾਰਾ ਕੁਝ ਸਿਰਫ਼ ਹੁਨਰ ਨਹੀਂ, ਸਗੋਂ ਜ਼ਿੰਮੇਵਾਰੀ ਅਤੇ ਸਾਂਝ ਦਾ ਪ੍ਰਗਟਾਵਾ ਸੀ।
ਗਰਮੀ ਦੀ ਰੁੱਤ ਵਿੱਚ ਜਿੱਥੇ ਲੋਕ ਅੱਤ ਦੀ ਗਰਮੀ ਨੂੰ ਬਰਦਾਸ਼ਤ ਕਰਨ ਦਾ ਦਮ ਰੱਖਦੇ ਸਨ, ਉੱਥੇ ਘੋੜੇ ਦੇ ਵੀ ਪਸੀਨੇ ਛੁੱਟ ਜਾਣੇ, ਫਿਰ ਮਿੱਟੀ ਦੀ ਖੁਸ਼ਬੂ ਅਤੇ ਟਾਂਗੇ ਦੇ ਚੱਕਿਆਂ ਦੀ ਚੀਂ-ਚੀਂ ਦੀ ਆਵਾਜ਼ ਮਿਲ ਕੇ ਇੱਕ ਅਜਿਹੀ ਤਸਵੀਰ ਬਣਾਉਂਦੇ ਜੋ ਅੱਜ ਯਾਦਾਂ ਦੇ ਫਰੇਮ ਵਿੱਚ ਹੀ ਕੈਦ ਹੈ। ਟਾਂਗੇ ਦੀਆਂ ਅਭੁੱਲ ਯਾਦਾਂ ਇੱਥੇ ਹੀ ਮੁੱਕਦੀਆਂ ਨਹੀਂ, ਉਸ ਸਮੇਂ ਵਿੱਚ ਟੁੱਟੀਆਂ-ਫੁੱਟੀਆਂ ਸੜਕਾਂ, ਉਬੜ-ਖਾਬੜ ਰਾਹ, ਟੋਏ ਤੇ ਟਿੱਬੇ ਇਹ ਸਾਰੀਆਂ ਰੁਕਾਵਟਾਂ ਟਾਂਗੇ ਲਈ ਕੋਈ ਨਵੀਂ ਗੱਲ ਨਹੀਂ ਸਨ। ਦਰਅਸਲ, ਇਹੀ ਉਸ ਦੀ ਅਸਲ ਪਛਾਨ ਅਤੇ ਤਾਕਤ ਸੀ। ਉਸ ਦੇ ਲੱਕੜ ਦੇ ਮਜ਼ਬੂਤ ਚੱਕੇ ਹਰ ਕਿਸਮ ਦੀ ਅੜਚਣ ਨੂੰ ਬੇਝਿਜਕ ਪਾਰ ਕਰ ਜਾਂਦੇ ਸਨ। ਰਾਹ ਕਿੰਨਾ ਵੀ ਖ਼ਰਾਬ ਕਿਉਂ ਨਾ ਹੋਵੇ, ਟਾਂਗਾ ਆਪਣੀ ਪੂਰੀ ਸਮਰੱਥਾ ਨਾਲ ਅੱਗੇ ਵਧਦਾ ਰਹਿੰਦਾ, ਨਾ ਸ਼ਿਕਾਇਤ, ਨਾ ਠਹਿਰਾਅ। ਹਾਂ, ਝਟਕੇ ਤਾਂ ਸਵਾਰੀਆਂ ਨੂੰ ਲੱਗਦੇ ਸਨ, ਕਦੇ ਇੱਕ ਪਾਸੇ, ਕਦੇ ਦੂਜੇ ਪਾਸੇ, ਪਰ ਉਹ ਸਵਾਰੀਆਂ ਵੀ ਉਨ੍ਹਾਂ ਸਮਿਆਂ ਦੀਆਂ ਸਨ, ਜੋ ਇਨ੍ਹਾਂ ਝਟਕਿਆਂ ਨੂੰ ਸਹਿਣ ਦੀ ਹਿੰਮਤ ਹੀ ਨਹੀਂ, ਸਗੋਂ ਆਦਤ ਵੀ ਰੱਖਦੀਆਂ ਸਨ। ਅਸਲ ਵਿੱਚ ਟਾਂਗੇ ਦਾ ਇਹ ਝੂਲਦਾ ਸਫ਼ਰ ਉਸ ਸਮੇਂ ਦੀ ਜ਼ਿੰਦਗੀ ਦੀ ਰਫ਼ਤਾਰ, ਸਬਰ ਅਤੇ ਹੌਸਲੇ ਦੀ ਜਿਉਂਦੀ ਤਸਵੀਰ ਸੀ।
ਉਨ੍ਹਾਂ ਦਿਨਾਂ ਵਿੱਚ ਟਾਂਗੇ ਹੀ ਆਵਾਜਾਈ ਦਾ ਮੁੱਖ ਸਾਧਨ ਹੋਣ ਕਾਰਨ ਪਿੰਡਾਂ ਨੂੰ ਟਾਵੀਆਂ-ਟਾਵੀਆ ਬੱਸਾਂ ਆਉਂਦੀਆਂ-ਜਾਂਦੀਆਂ ਸਨ, ਜਿਨ੍ਹਾਂ ਦੀ ਉਡੀਕ ਪਿੰਡ ਦੇ ਹਰ ਚੌਕ ’ਤੇ ਕੀਤੀ ਜਾਂਦੀ ਸੀ। ਟਾਂਗਾ ਚਾਲਕਾਂ ਨੂੰ ਬੱਸਾਂ ਦੇ ਸਮੇਂ ਇਸ ਤਰ੍ਹਾਂ ਯਾਦ ਹੁੰਦੇ, ਜਿਵੇਂ ਕਿਸੇ ਨੇ ਮਨ ਵਿੱਚ ਘੜੀ ਫਿੱਟ ਕਰ ਰੱਖੀ ਹੋਵੇ, ਕਿਹੜੀ ਬੱਸ ਕਿਹੜੇ ਵੇਲੇ ਆਉਣੀ ਹੈ, ਕਿੱਥੇ ਰੁਕਣੀ ਹੈ ਅਤੇ ਬੱਸ ਦੇ ਪਹੁੰਚਣ ਤੋਂ ਪੰਜ ਮਿੰਟ ਪਹਿਲਾਂ ਟਾਂਗਾ ਕਿਵੇਂ ਤੋਰਨਾ ਹੈ।
ਟਾਂਗਾ ਚਾਲਕ ਸਵਾਰੀਆਂ ਨੂੰ ਬੈਠਾਉਂਦਾ, ਘੋੜੇ ਦੀ ਲਗਾਮ ਨੂੰ ਹੌਲੀ ਜਿਹੀ ਝਟਕਾ ਦਿੰਦਾ ਅਤੇ ਦਿਲ ਵਿੱਚ ਇਹ ਆਸ ਰੱਖਦਾ ਕਿ ਅੱਜ ਕਿਸਮਤ ਸਾਥ ਦੇਵੇਗੀ, ਪਰ ਕਿਸਮਤ ਹਰ ਵਾਰ ਮਿਹਰਬਾਨ ਨਹੀਂ ਸੀ ਹੁੰਦੀ। ਕਈ ਵਾਰ ਬੱਸ ਪਿੱਛੋਂ ਲੇਟ ਹੋ ਜਾਂਦੀ ਤੇ ਟਾਂਗਾ ਚਾਲਕ ਸੁੱਖ ਦੀ ਸਾਹ ਲੈਂਦਾ ਹੀ ਹੁੰਦਾ ਕਿ ਅਚਾਨਕ ਧੂੜ ਉਡਾਉਂਦੀ ਬੱਸ ਸਾਹਮਣੇ ਆ ਖੜ੍ਹੀ ਹੁੰਦੀ। ਫਿਰ ਉਹ ਮੰਜ਼ਰ ਬਣਦਾ, ਜੋ ਵੇਖਣ ਵਾਲਿਆਂ ਲਈ ਹਾਸੇ ਨਾਲ ਭਰਪੂਰ, ਪਰ ਟਾਂਗੇ ਵਾਲੇ ਲਈ ਬੇਹੱਦ ਦਰਦਨਾਕ ਹੁੰਦਾ। ਟਾਂਗਾ ਸਵਾਰੀਆਂ ਨਾਲ ਭਰਿਆ ਹੁੰਦਾ, ਪਰ ਬੱਸ ਦੇ ਆਉਂਦੇ ਹੀ ਸਵਾਰੀਆਂ ਛਾਲਾਂ ਮਾਰ ਕੇ ਟਾਂਗੇ ਤੋਂ ਉਤਰਦੀਆਂ ਅਤੇ ਬੱਸ ਵੱਲ ਦੌੜ ਪੈਂਦੀਆਂ। ਪਲ ਭਰ ਵਿੱਚ ਟਾਂਗਾ ਖ਼ਾਲੀ ਹੋ ਜਾਂਦਾ। ਆਲੇ-ਦੁਆਲੇ ਖੜ੍ਹੇ ਲੋਕ ਇਹ ਦ੍ਰਿਸ਼ ਵੇਖ ਕੇ ਹੱਸ ਪੈਂਦੇ। ਕਿਸੇ ਲਈ ਇਹ ਸਿਰਫ਼ ਇੱਕ ਮਨੋਰੰਜਕ ਘਟਨਾ ਹੁੰਦੀ, ਪਰ ਟਾਂਗਾ ਚਾਲਕ ਦਾ ਦਿਲ ਉਸ ਵੇਲੇ ਐਸਾ ਹੋ ਜਾਂਦਾ, ਜਿਵੇਂ ਪਾਣੀ ਵਿੱਚ ਪਤਾਸਾ ਪੈਂਦੇ ਹੀ ਭੁਰ ਜਾਂਦਾ ਹੋਵੇ। ਸਮਾਂ ਬੀਤ ਗਿਆ, ਰਾਹ ਬਦਲ ਗਏ, ਵਾਹਨ ਬਦਲ ਗਏ, ਪਰ ਯਾਦਾਂ ਅਜੇ ਵੀ ਜਿਉਂਦੀਆਂ ਹਨ।
ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਨਵੇਂ-ਨਵੇਂ ਤਜਰਬੇ ਕਰ ਰਹੀ ਹੈ। ਪ੍ਰੀ-ਵੈਡਿੰਗ ਸ਼ੂਟ ਹੁਣ ਸਿਰਫ਼ ਮਹਿੰਗੀਆਂ ਥਾਵਾਂ ਜਾਂ ਵਿਦੇਸ਼ੀ ਸਥਾਨਾਂ ਤੱਕ ਸੀਮਿਤ ਨਹੀਂ ਰਹੀਆਂ, ਸਗੋਂ ਇਹ ਸੱਭਿਆਚਾਰਕ ਪ੍ਰਤੀਕਾਂ ਨੂੰ ਵੀ ਆਪਣੇ ਵਿੱਚ ਸ਼ਾਮਲ ਕਰ ਰਹੀਆਂ ਹਨ। ਕੁਝ ਨੌਜਵਾਨਾਂ ਵੱਲੋਂ ਪੁਰਾਣੀ ਵਿਰਾਸਤ ਦੇ ਪ੍ਰਤੀਕ ਟਾਂਗੇ ਨੂੰ ਆਪਣੇ ਪ੍ਰੀ-ਵੈਡਿੰਗ ਸ਼ੂਟ ਦਾ ਸਜਾਵਟੀ ਹਿੱਸਾ ਬਣਾਉਣਾ ਇਸ ਗੱਲ ਦੀ ਜਿਉਂਦੀ ਮਿਸਾਲ ਹੈ ਕਿ ਨਵੀਂ ਪੀੜ੍ਹੀ ਅਜੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਟਾਂਗਾ ਜੋ ਕਦੇ ਰੋਜ਼ੀ-ਰੋਟੀ ਦਾ ਸਾਧਨ ਸੀ, ਅੱਜ ਯਾਦਾਂ, ਇਤਿਹਾਸ ਅਤੇ ਸੱਭਿਆਚਾਰ ਦੀ ਨਿਸ਼ਾਨੀ ਬਣ ਕੇ ਤਸਵੀਰਾਂ ਵਿੱਚ ਮੁਸਕਰਾ ਰਿਹਾ ਹੈ। ਇਹੋ ਜਿਹੇ ਨਵੇਂ ਤੇ ਖੂਬਸੂਰਤ ਪ੍ਰਯੋਗ ਦਰਸਾਉਂਦੇ ਹਨ ਕਿ ਜੇਕਰ ਨਵੀਂ ਸੋਚ ਨੂੰ ਪੁਰਾਤਨ ਵਿਰਾਸਤ ਨਾਲ ਜੋੜਿਆ ਜਾਵੇ, ਤਾਂ ਉਹ ਸਿਰਫ਼ ਧਿਆਨ ਹੀ ਨਹੀਂ ਖਿੱਚਦੀ, ਸਗੋਂ ਦਿਲਾਂ ਵਿੱਚ ਵੀ ਆਪਣੀ ਪੱਕੀ ਥਾਂ ਬਣਾਉਂਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ ਜਦੋਂ ਕਦੇ ਕਿਤੇ ਟਾਂਗਾ ਦਿਖਾਈ ਦੇ ਜਾਂਦਾ ਹੈ, ਤਾਂ ਸਿਰਫ਼ ਅੱਖਾਂ ਹੀ ਨਹੀਂ, ਯਾਦਾਂ ਵੀ ਰੁਕ ਜਾਂਦੀਆਂ ਹਨ ਅਤੇ ਮਨ ਅਣਜਾਣੇ ਹੀ ਉਸ ਦੌਰ ਵੱਲ ਮੁੜ ਜਾਂਦਾ ਹੈ, ਜਿੱਥੇ ਜ਼ਿੰਦਗੀ ਹੌਲੀ ਸੀ, ਪਰ ਦਿਲ ਬਹੁਤ ਮਜ਼ਬੂਤ।
ਟਾਂਗਾ ਸਿਰਫ਼ ਸੜਕਾਂ ਤੱਕ ਹੀ ਸੀਮਤ ਨਹੀਂ ਸੀ। ਫਿਲਮਾਂ ਅਤੇ ਗੀਤਾਂ ਵਿੱਚ ਵੀ ਉਸ ਦੀ ਆਪਣੀ ਥਾਂ ਸੀ। ਫਿਲਮ ‘ਚੱਲ ਪ੍ਰੇਮ ਨਗਰ’ ਦਾ ਗੀਤ ਜਾਂ ਫਿਲਮ ‘ਸ਼ੋਅਲੇ’ ਵਿੱਚ ਟਾਂਗੇ ਨਾਲ ਜੁੜੇ ਦ੍ਰਿਸ਼ ਅੱਜ ਵੀ ਲੋਕਾਂ ਦੀ ਯਾਦ ਵਿੱਚ ਤਾਜ਼ਾ ਹਨ। ਇਨ੍ਹਾਂ ਫਿਲਮਾਂ ਵਿੱਚ ਟਾਂਗਾ ਸਿਰਫ਼ ਸਵਾਰੀ ਹੀ ਨਹੀਂ, ਸਗੋਂ ਕਹਾਣੀ ਦਾ ਜਿੰਦਾ ਕਿਰਦਾਰ ਬਣ ਕੇ ਸਾਹਮਣੇ ਆਉਂਦਾ ਸੀ।
ਅੱਜ ਦੀ ਪੀੜ੍ਹੀ ਜੇ ਟਾਂਗੇ ਦੇ ਸਫ਼ਰ ਦੀਆਂ ਇਹ ਗੱਲਾਂ ਸੁਣੇ, ਤਾਂ ਉਹ ਹੈਰਾਨ ਵੀ ਹੋਵੇ ਅਤੇ ਖ਼ੁਸ਼ ਵੀ। ਹੈਰਾਨ ਇਸ ਗੱਲ ’ਤੇ ਕਿ ਬਿਨਾਂ ਘੜੀ ਦੇ ਸਮਾਂ ਵੀ ਲੰਘ ਜਾਂਦਾ ਸੀ ਅਤੇ ਖ਼ੁਸ਼ ਇਸ ਅਹਿਸਾਸ ’ਤੇ ਕਿ ਸਫ਼ਰ ਕਦੇ ਦਿਲਾਂ ਨੂੰ ਨੇੜੇ ਲਿਆਉਂਦਾ ਸੀ। ਟਾਂਗੇ ਅੱਜ ਸੜਕਾਂ ਤੋਂ ਗਾਇਬ ਹਨ, ਪਰ ਘੋੜੇ ਦੇ ਗਲ਼ ਵਿੱਚ ਪਈ ਘੰਟੀ ਦੀ ਟਣ-ਟਣ, ਟਾਪਾਂ ਦੀ ਥਾਪ ਅਤੇ ਪਹੀਆਂ ਦੀ ਖੜ-ਖੜ ਅਜੇ ਵੀ ਯਾਦਾਂ ਦੇ ਦਰਵਾਜ਼ੇ ਖੜਕਾਉਂਦੀ ਹੈ। ਉਹ ਸਫ਼ਰ ਜਿੱਥੇ ਅਜਨਬੀ ਵੀ ਆਪਣੇ ਲੱਗਦੇ ਸਨ, ਅੱਜ ਦੀ ਇਕੱਲੀ ਦੌੜ ਵਿੱਚ ਇੱਕ ਮਿੱਠੀ ਕਮੀ ਵਾਂਗ ਮਹਿਸੂਸ ਹੁੰਦਾ ਹੈ।
ਸੰਪਰਕ: 94174-27656

