ਦੋ ਦੋਸਤ
ਬਾਲ ਕਹਾਣੀ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਕਾਫ਼ੀ ਬੱਚੇ ਪੜ੍ਹਦੇ ਸਨ। ਕਈ ਜਮਾਤਾਂ ਦੇ ਤਾਂ ਤਿੰਨ ਤਿੰਨ ਸੈਕਸ਼ਨ ਹੋਣ ਕਰਕੇ ਹਮੇਸ਼ਾਂ ਵਿਦਿਆਰਥੀਆਂ ਦੀ ਰੌਣਕ ਲੱਗੀ ਰਹਿੰਦੀ। ਦਸਵੀਂ ਜਮਾਤ ਦੇ ਦੋ ਵਿਦਿਆਰਥੀਆਂ ਅਵਤਾਰ ਤੇ ਹਰੀਸ਼ ਵਿੱਚ ਡੂੰਘੀ ਦੋਸਤੀ ਸੀ। ਜਿੱਥੇ...
ਬਾਲ ਕਹਾਣੀ
ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਕਾਫ਼ੀ ਬੱਚੇ ਪੜ੍ਹਦੇ ਸਨ। ਕਈ ਜਮਾਤਾਂ ਦੇ ਤਾਂ ਤਿੰਨ ਤਿੰਨ ਸੈਕਸ਼ਨ ਹੋਣ ਕਰਕੇ ਹਮੇਸ਼ਾਂ ਵਿਦਿਆਰਥੀਆਂ ਦੀ ਰੌਣਕ ਲੱਗੀ ਰਹਿੰਦੀ। ਦਸਵੀਂ ਜਮਾਤ ਦੇ ਦੋ ਵਿਦਿਆਰਥੀਆਂ ਅਵਤਾਰ ਤੇ ਹਰੀਸ਼ ਵਿੱਚ ਡੂੰਘੀ ਦੋਸਤੀ ਸੀ। ਜਿੱਥੇ ਅਵਤਾਰ ਲੰਬੇ ਕੱਦ ਅਤੇ ਭਰਮੇ ਸਰੀਰ ਦਾ ਮਾਲਕ ਸੀ, ਉੱਥੇ ਹਰੀਸ਼ ਦੁਬਲਾ ਪਤਲਾ ਅਤੇ ਛੋਟੇ ਕੱਦ ਦਾ ਬੱਚਾ ਹੋਣ ਕਰਕੇ ਸਾਰੇ ਹੀ ਉਸ ਨੂੰ ਛੋਟੂ ਕਹਿੰਦੇ।
ਅਵਤਾਰ ਦੇ ਮਾਪੇ ਥੋੜ੍ਹੇ ਗ਼ਰੀਬ ਸਨ ਤੇ ਹਰੀਸ਼ ਦੇ ਘਰ ਦੇ ਨਾਂ ਬਹੁਤੇ ਅਮੀਰ ਅਤੇ ਨਾ ਹੀ ਗ਼ਰੀਬ। ਉਸ ਦੇ ਪਿਤਾ ਪਿੰਡ ਵਿੱਚ ਹੀ ਦੁਕਾਨਦਾਰੀ ਕਰਦੇ ਸਨ, ਜਦਕਿ ਅਵਤਾਰ ਦੇ ਪਿਤਾ ਮਜ਼ਦੂਰੀ ਕਰਨ ਸ਼ਹਿਰ ਜਾਂਦੇ ਸਨ। ਦੋਵਾਂ ਦੀ ਦੋਸਤੀ ਪੱਕੀ ਹੋਣ ਕਰਕੇ ਉਹ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਅਤੇ ਛੋਟੇ ਛੋਟੇ ਕੰਮ ਵੀ ਉਹ ਆਪ ਕਰਦੇ।
ਹਰੀਸ਼, ਅਵਤਾਰ ਨਾਲੋਂ ਹੁਸ਼ਿਆਰ ਸੀ ਅਤੇ ਉਹ ਆਪਣੀ ਮਿਹਨਤ ਨਾਲ ਹਰ ਸਾਲ ਆਪਣੀ ਜਮਾਤ ਵਿੱਚੋਂ ਪਹਿਲੇ ਸਥਾਨ ’ਤੇ ਆਉਂਦਾ, ਪਰ ਅਵਤਾਰ ਆਮ ਵਿਦਿਆਰਥੀਆਂ ਵਰਗਾ ਸੀ। ਦੋਵਾਂ ਦੀ ਦੋਸਤੀ ਦੇਖ ਕੇ ਇੱਕ ਦਿਨ, ਇੱਕ ਨਵੇਂ ਆਏ ਅਧਿਆਪਕ ਨੇ ਦੋਵਾਂ ਨੂੰ ਇਕੱਠੇ ਦੇਖ ਕੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ, ‘‘ਤੁਸੀਂ ਦੋਵੇਂ ਪੱਕੇ ਮਿੱਤਰ ਹੋ?’’
‘‘ਜੀ ਸਰ।’’ ਦੋਵੇਂ ਇਕੱਠੇ ਹੀ ਬੋਲੇ।
‘‘ਪਰ ਦੋਵੇਂ ਇੱਕੋ ਜਿਹੇ ਹੁਸ਼ਿਆਰ ਤਾਂ ਨ੍ਹੀਂ।’’ ਅਧਿਆਪਕ ਨੇ ਹੱਸਦਿਆਂ ਕਿਹਾ।
‘‘ਸਰ, ਮੈਂ ਘੱਟ ਪੜ੍ਹਦਾਂ।’’ ਅਵਤਾਰ ਬੋਲਿਆ।
‘‘ਬੇਟੇ ਤੂੰ ਆਪਣੇ ਦੋਸਤ ਦੀ ਰੀਸ ਕਰ। ਚੰਗੀ ਰੀਸ ਕਰਨੀ ਚਾਹੀਦੀ ਹੈ।’’
‘‘ਸਰ ਮੈਨੂੰ ਘਰੇ ਕੰਮ ਕਰਨਾ ਪੈਂਦੈ।’’ ਅਵਤਾਰ ਨੇ ਆਪਣੀ ਮਜਬੂਰੀ ਦੱਸੀ।
‘‘ਬੇਟੇ ਘਰ ਦੇ ਕੰਮ ਵੀ ਜ਼ਰੂਰੀ ਹਨ, ਪਰ ਪੜ੍ਹਾਈ ਵੀ ਜ਼ਰੂਰੀ ਐ। ਮੈਂ ਤੁਹਾਡੀ ਮਦਦ ਲਈ ਹਰ ਵੇਲੇ ਹਾਜ਼ਰ ਹਾਂ, ਤੁਸੀਂ ਜਦੋਂ ਮਰਜ਼ੀ ਮੈਥੋਂ ਕੁਝ ਵੀ ਪੁੱਛ ਸਕਦੇ ਹੋ।’’
‘‘ਯੈੱਸ ਸਰ!’’
‘‘ਅੱਜ ਤੋਂ ਤੁਸੀਂ ਆਪਸ ਵਿੱਚ ਮੁਕਾਬਲਾ ਸ਼ੁਰੂ ਕਰ ਦਿਓ।’’
‘‘ਸਰ ਮੇਰਾ ਤੇ ਹਰੀਸ਼ ਦਾ ਕੀ ਮੁਕਾਬਲਾ?’’
‘‘ਬੇਟਾ ਦਿਲ ਨਹੀਂ ਛੱਡੀਦਾ। ਜੇ ਕੱਛੂ ਖਰਗੋਸ਼ ਤੋਂ ਸ਼ਰਤ ਜਿੱਤ ਸਕਦਾ ਹੈ ਤਾਂ ਫਿਰ ਤੂੰ ਕਿਉਂ ਨਹੀਂ ਬਰਾਬਰੀ ਕਰ ਸਕਦਾ? ਦਿਲ ਕੱਛੂ ਵਰਗਾ ਹਿੰਮਤੀ ਬਣਾ।’’
‘‘ਸਰ ਮੈਂ ਪੂਰੀ ਕੋਸ਼ਿਸ਼ ਕਰਾਂਗਾ।’’
‘‘ਸਰ ਮੈਨੂੰ ਵੀ ਕੋਈ ਟਿੱਪ ਦੇ ਦਿਓ ਤਾਂ ਕਿ ਮੈਂ ਹੋਰ ਹੁਸ਼ਿਆਰ ਹੋਵਾਂ, ਦੂਜੇ ਸੈਕਸ਼ਨ ਦੇ ਬੱਚਿਆਂ ਦੇ ਮੁਕਾਬਲੇੇ।’’ ਹਰੀਸ਼ ਨੇ ਵੀ ਪੁੱਛਿਆ।
‘‘ਬੇਟਾ ਹਮੇਸ਼ਾਂ ਕੋਈ ਪ੍ਰਸ਼ਨ ਯਾਦ ਕਰਨ ਦੇ ਨਾਲ ਯਾਦ ਨਹੀਂ ਹੋ ਜਾਂਦਾ ਬਲਕਿ ਸਾਨੂੰ ਉਸ ਨੂੰ ਯਾਦ ਕਰਨ ਦੇ ਨਾਲ ਨਾਲ ਲਿਖ ਕੇ ਵੀ ਦੇਖਣਾ ਪੈਂਦਾ ਹੈ ਤਾਂ ਹੀ ਗੱਲ ਬਣਦੀ ਹੈ।’’
‘‘ਠੀਕ ਐ ਸਰ।’’
‘‘ਹਾਂ ਬਹੁਤ ਸਾਰੇ ਬੱਚੇ ਯਾਦ ਕਰ ਲੈਂਦੇ ਨੇ, ਪਰ ਲਿਖਣ ਵੇਲੇ ਗ਼ਲਤੀ ਕਰ ਜਾਂਦੇ ਨੇ ਤੇ ਇਹ ਗ਼ਲਤੀਆਂ ਹੀ ਨੰਬਰ ਕਟਵਾਉਂਦੀਆਂ ਨੇ।’’
‘‘ਜੀ ਸਰ!’’ ਦੋਵੇਂ ਬੱਚਿਆਂ ਨੇ ਕਿਹਾ ਤੇ ਫਿਰ ਵਾਪਸ ਆ ਗਏ।
ਕੁਝ ਦਿਨਾਂ ਵਿੱਚ ਹੀ ਦੋਵਾਂ ’ਤੇ ਅਧਿਆਪਕ ਦੀ ਗੱਲ ਦਾ ਅਸਰ ਦਿਖਾਈ ਦੇਣ ਲੱਗਾ। ਅਵਤਾਰ ਵੀ ਹੁਣ ਮਿਹਨਤ ਕਰਦਾ ਤੇ ਹਰੀਸ਼ ਨੂੰ ਟੱਕਰ ਦਿੰਦਾ। ਹਰੀਸ਼ ਆਪਣੇ ਦੋਸਤ ਵੱਲੋਂ ਕੀਤੀ ਮਿਹਨਤ ’ਤੇ ਖੁਸ਼ ਹੁੰਦਾ ਤੇ ਦੂਜੇ ਪਲ ਉਹ ਆਪ ਹੋਰ ਮਿਹਨਤ ਕਰਨ ਲੱਗ ਜਾਂਦਾ ਕਿਉਂਕਿ ਉਸ ਨੂੰ ਆਪਣਾ ਤਖ਼ਤ ਡੋਲਦਾ ਨਜ਼ਰ ਆ ਰਿਹਾ ਸੀ।
ਸਾਲਾਨਾ ਪੇਪਰਾਂ ਵਿੱਚ ਅਜੇ ਕਾਫ਼ੀ ਸਮਾਂ ਬਾਕੀ ਸੀ। ਸੋ ਇੱਕ ਦਿਨ ਦੋਵੇਂ ਦੋਸਤ ਬੈਠ ਕੇ ਗੱਲਾਂ ਕਰ ਰਹੇ ਸਨ ਕਿ ਹਰੀਸ਼ ਨੇ ਆਪਣੇ ਦੋਸਤ ਅਵਤਾਰ ਨੂੰ ਕਿਹਾ;
‘‘ਅਵਤਾਰ ਮੇਰੇ ਦਿਮਾਗ਼ ਵਿੱਚ ਇੱਕ ਨਵੀਂ ਸਕੀਮ ਆਈ ਹੈ?’’
‘‘ਦੱਸ।’’
‘‘ਆਪਾਂ ਸਾਰੇ ਵਿਸ਼ਿਆਂ ਦੀ ਫੁੱਲ ਤਿਆਰੀ ਕਰੀਏ।’’
‘‘ਉਹ ਤਾਂ ਆਪਾਂ ਕਰ ਹੀ ਰਹੇ ਹਾਂ।’’
‘‘ਨਹੀਂ ਇਹ ਨਵਾਂ ਵਿਚਾਰ ਹੈ।’’
‘‘ਅੱਛਾ! ਦੱਸ?’’
‘‘ਦੇਖ ਜੇ ਤੇਰੇ ਟੈਸਟ ਵਿੱਚੋਂ ਨੰਬਰ ਘੱਟ ਆਏ ਤਾਂ ਤੂੰ ਮੈਨੂੰ 10 ਰੁਪਏ ਦੇਵੇਂਗਾ ਤੇ ਜੇ ਮੇਰੇ ਘੱਟ ਆਏ ਤਾਂ ਮੈਂ ਤੈਨੂੰ ਦੇਊਂਗਾ।’’
‘‘ਲੈ ਤੂੰ ਤਾਂ ਮੇਰੇ ਤੋਂ ਵੱਧ ਹੁਸ਼ਿਆਰ ਹੈ, ਮੈਂ ਕਿੱਥੋਂ ਰੋਜ਼ 10 ਰੁਪਏ ਲਿਆਊਂ।’’
‘‘ਚੱਲ ਆਪਾਂ ਇਹ ਸ਼ਰਤ ਨਹੀਂ ਰੱਖਦੇ, ਪਰ ਕੋਸ਼ਿਸ਼ ਤਾਂ ਕਰ।’’
‘‘ਚੱਲ ਠੀਕ ਐ।’’
ਇਸ ਤਰ੍ਹਾਂ ਉਹ ਆਪਸ ਵਿੱਚ ਮੁਕਾਬਲੇ ਨਾਲ ਪੜ੍ਹਦੇ ਰਹੇ ਤੇ ਟੈਸਟ ਹੁੰਦੇ ਰਹੇ। ਭਾਵੇਂ ਅਵਤਾਰ ਦੇ ਨੰਬਰ ਕਈ ਵਾਰ ਵੱਧ ਜਾਂਦੇ, ਪਰ ਹਰੀਸ਼ ਦੇ ਤਕਰੀਬਨ ਵੱਧ ਹੀ ਹੁੰਦੇ। ਇਹ ਸਿਲਸਿਲਾ ਚੱਲਦਾ ਰਿਹਾ ਅਤੇ ਦੋਵੇਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ, ਪਰ ਠੱਗੀ ਦੇ ਬਲ ’ਤੇ ਨਹੀਂ ਬਲਕਿ ਮਿਹਨਤ ਦੇ ਬਲ ’ਤੇ।
ਮਾਰਚ ਮਹੀਨਾ ਚੜ੍ਹ ਗਿਆ। ਪੇਪਰਾਂ ਦੀ ਡੇਟ ਸ਼ੀਟ ਆ ਗਈ, ਸਾਰੇ ਬੱਚੇ ਖੁਸ਼ ਸਨ ਕਿ ਪੇਪਰ ਹੋ ਜਾਣ ’ਤੇ ਉਹ ਅਗਲੀ ਕਲਾਸ ਵਿੱਚ ਪੜ੍ਹਨ। ਹੌਲੀ ਹੌਲੀ ਪੇਪਰ ਖ਼ਤਮ ਹੋ ਗਏ। ਕੁਝ ਦਿਨ ਛੁੱਟੀਆਂ ਰਹੀਆਂ, ਪਰ ਸਕੂਲ ਵਾਲਿਆਂ ਨੇ ਸਭ ਬੱਚਿਆਂ ਨੂੰ ਅਗਲੀ ਕਲਾਸ ਵਿੱਚ ਦੁਬਾਰਾ ਦਾਖਲ ਕਰਕੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਦੋਵੇਂ ਦੋਸਤ ਫਿਰ ਇਕੱਠੇ ਹੀ ਰਹਿੰਦੇ। ਉਨ੍ਹਾਂ ਦੀ ਦੋਸਤੀ ਪਹਿਲਾਂ ਦੀ ਤਰ੍ਹਾਂ ਉਵੇਂ ਹੀ ਮਜ਼ਬੂਤ ਸੀ।
ਮਈ ਦਾ ਮਹੀਨਾ ਚੜ੍ਹ ਗਿਆ ਤੇ ਗਰਮੀ ਵੀ ਵਧ ਗਈ। ਕਈ ਵਾਰ ਤਾਂ ਸੂਰਜ ਦਿਨ ਚੜ੍ਹਦੇ ਨਾਲ ਹੀ ਤਪਣ ਲੱਗ ਜਾਂਦਾ। ਭਾਵੇਂ ਸੂਰਜ ਦੇ ਚੜ੍ਹਨ ਨਾਲ ਗਰਮੀ ਵਧ ਗਈ ਸੀ, ਪਰ ਬੱਚਿਆਂ ਦੇ ਅੰਦਰ ਨਤੀਜਿਆਂ ਦੀ ਚਿੰਤਾ ਕਾਰਨ ਉਨ੍ਹਾਂ ਨੂੰ ਅੰਦਰੋਂ ਠੰਢ ਹੀ ਲੱਗਦੀ ਸੀ। 16 ਮਈ ਦਾ ਦਿਨ ਸੀ ਕਿ ਸਾਰੇ ਬੱਚੇ ਪੜ੍ਹ ਰਹੇ ਸਨ ਤਾਂ ਅਧਿਆਪਕ ਕੋਲ ਸਕੂਲ ਦਾ ਸੇਵਾਦਾਰ ਆਇਆ ਤੇ ਕਹਿਣ ਲੱਗਾ, ‘‘ਸਰ, ਸਾਹਿਬ ਨੇ ਬੁਲਾਇਐ।’’
‘‘ਕਿਵੇਂ?’’
‘‘ਦਸਵੀਂ ਦਾ ਨਤੀਜਾ ਚੈੱਕ ਕਰਨੈ।’’
‘‘ਨਤੀਜਾ ਆ ਗਿਆ?’’ ਨਤੀਜਾ ਸ਼ਬਦ ਸੁਣਦੇ ਹੀ ਸਭ ਬੱਚਿਆਂ ਦੇ ਕੰਨ ਖੜ੍ਹੇ ਹੋ ਗਏ। ਸਭ ਦੀਆਂ ਧੜਕਣਾਂ ਤੇਜ਼ ਹੋ ਗਈਆਂ।
‘‘ਬੇਟਾ ਚੁੱਪ ਚਾਪ ਬੈਠ ਕੇ ਕੰਮ ਕਰਨਾ, ਮੈਂ ਜਲਦੀ ਹੀ ਆ ਰਿਹਾ ਹਾਂ।’’
‘‘ਯੈੱਸ ਸਰ!’’ ਸਾਰੇ ਬੱਚੇ ਇੱਕੋ ਸੁਰ ਵਿੱਚ ਬੋਲੇ।
ਕੁਝ ਦੇਰ ਬਾਅਦ ਜਮਾਤ ਵਿੱਚ ਅਧਿਆਪਕ ਨੂੰ ਆਉਂਦਾ ਦੇਖ ਕੇ ਬੱਚੇ ਖੁਸ਼ ਹੋ ਗਏ। ਉਨ੍ਹਾਂ ਦੇ ਹੱਥ ਵਿੱਚ ਦੋ ਤਿੰਨ ਛਪੇ ਹੋਏ ਕਾਗਜ਼ ਸਨ।
‘‘ਸਰ ਆ ਗਿਆ ਨਤੀਜਾ?’’ ਅਧਿਆਪਕ ਦੇ ਕਲਾਸ ਵਿੱਚ ਦਾਖਲ ਹੁੰਦੇ ਹੀ ਸਾਰਿਆਂ ਨੇ ਉਤਸੁਕਤਾ ਨਾਲ ਪੁੱਛਿਆ।
‘ਹਾਂ ਬੇਟਾ!’’
‘‘ਸਰ ਫਸਟ ਕੌਣ ਐਂ?’’ ਵਿੱਚੋਂ ਇੱਕ ਆਵਾਜ਼ ਆਈ।
‘‘ਬੇਟਾ ਫਸਟ ਤਾਂ ਹਰੀਸ਼ ਹੀ ਹੈ।’’
‘‘ਤੇ ਸੈਕਿੰਡ ਕੌਣ ਹੈ ਜੀ?’’
‘‘ਸੈਕਿੰਡ ਮੈਨੂੰ ਲੱਗਦਾ ਅਵਤਾਰ ਹੈ।’’
ਸਭ ਬੱਚੇ ਆਪਣਾ ਆਪਣਾ ਨਤੀਜਾ ਦੇਖਣ ਲੱਗੇ। ਕੋਈ ਵੀ ਫੇਲ੍ਹ ਹੋਣ ਨਾ ਕਰਕੇ ਸਾਰੇ ਖੁਸ਼ ਸਨ। ਸਾਰੇ ਹੀ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਸਨ। ਕੁਝ ਦੇਰ ਬਾਅਦ ਸਕੂਲ ਦੇ ਪ੍ਰਿੰਸੀਪਲ ਜਮਾਤ ਵਿੱਚ ਆਏ ਤੇ ਕਿਹਾ, ‘‘ਬੇਟਾ ਮੈਂ ਤੁਹਾਡੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ ਅਤੇ ਕੱਲ੍ਹ ਆਪਾਂ ਪ੍ਰਾਰਥਨਾ ਸਭਾ ਵਿੱਚ ਪਹਿਲੀਆਂ 10 ਪੁਜੀਸ਼ਨਾਂ ਵਾਲਿਆਂ ਨੂੰ ਸਨਮਾਨਿਤ ਕਰਾਂਗੇ।’’
‘‘ਯੈੱਸ ਸਰ!’’ ਸਾਰੇ ਬੱਚਿਆਂ ਨੇ ਖੁਸ਼ ਹੋ ਕੇ ਕਿਹਾ।
ਅਵਤਾਰ ਤੇ ਹਰੀਸ਼ ਦੋਵੇਂ ਬਹੁਤ ਖੁਸ਼ ਸਨ। ਅਵਤਾਰ ਨੇ ਹਰੀਸ਼ ਦਾ ਧੰਨਵਾਦ ਕਰਦਿਆਂ ਕਿਹਾ, ‘‘ਹਰੀਸ਼, ਜੇਕਰ ਤੂੰ ਸਕੀਮ ਨਾ ਦੱਸਦਾ ਤਾਂ ਮੇਰੇ ਨੰਬਰ ਸ਼ਾਇਦ ਇੰਨੇ ਨਾ ਆਉਂਦੇ।’’
‘‘ਯਾਰ ਮੈਨੂੰ ਬਹੁਤ ਖੁਸ਼ੀ ਹੈ ਤੇਰੇ ਸੈਕਿੰਡ ਆਉਣ ਦੀ।’’ ਇਹ ਕਹਿ ਕੇ ਹਰੀਸ਼ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ ਜੋ ਖੁਸ਼ੀ ਦੇ ਸਨ।
ਸੰਪਰਕ: 94630-20766

