DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਿਮ ਟਿਮਾਉਂਦੇ ਤਾਰੇ

ਬਾਲ ਕਹਾਣੀ ਸਵੇਰ ਦੀ ਸਭਾ ਤੋਂ ਬਾਅਦ ਸਕੂਲ ਦੇ ਸਾਰੇ ਵਿਦਿਆਰਥੀ ਜਮਾਤਾਂ ਵਿੱਚ ਜਾ ਰਹੇ ਸਨ। ਹੌਲੀ-ਹੌਲੀ ਚੱਲ ਰਹੀ ਹਵਾ ਤੇ ਬੱਚਿਆਂ ਦੇ ਚਿਹਰਿਆਂ ’ਤੇ ਫੈਲੀ ਖੁਸ਼ੀ ਬੜੀ ਪਿਆਰੀ ਲੱਗ ਰਹੀ ਸੀ। ਅੱਜ ਸਾਇੰਸ ਦੀ ਜਮਾਤ ਵਿੱਚ ਕੁਝ ਨਵਾਂ ਸਿੱਖਣ...

  • fb
  • twitter
  • whatsapp
  • whatsapp
Advertisement

ਬਾਲ ਕਹਾਣੀ

ਸਵੇਰ ਦੀ ਸਭਾ ਤੋਂ ਬਾਅਦ ਸਕੂਲ ਦੇ ਸਾਰੇ ਵਿਦਿਆਰਥੀ ਜਮਾਤਾਂ ਵਿੱਚ ਜਾ ਰਹੇ ਸਨ। ਹੌਲੀ-ਹੌਲੀ ਚੱਲ ਰਹੀ ਹਵਾ ਤੇ ਬੱਚਿਆਂ ਦੇ ਚਿਹਰਿਆਂ ’ਤੇ ਫੈਲੀ ਖੁਸ਼ੀ ਬੜੀ ਪਿਆਰੀ ਲੱਗ ਰਹੀ ਸੀ।

Advertisement

ਅੱਜ ਸਾਇੰਸ ਦੀ ਜਮਾਤ ਵਿੱਚ ਕੁਝ ਨਵਾਂ ਸਿੱਖਣ ਨੂੰ ਮਿਲਣਾ ਸੀ। ਜਿਵੇਂ ਹੀ ਅਧਿਆਪਕ ਜਮਾਤ ਵਿੱਚ ਆਏ, ਸਾਰੇ ਬੱਚੇ ਖੜ੍ਹੇ ਹੋ ਕੇ ਬੋਲੇ, “ਸਤਿ ਸ੍ਰੀ ਅਕਾਲ ਸਰ ਜੀ!”

Advertisement

“ਸਤਿ ਸ੍ਰੀ ਅਕਾਲ ਬੱਚਿਓ।” ਅਧਿਆਪਕ ਨੇ ਮੁਸਕਰਾਹਟ ਨਾਲ ਜਵਾਬ ਦਿੱਤਾ।

ਉਨ੍ਹਾਂ ਨੇ ਬੋਰਡ ’ਤੇ ਵੱਡੇ ਅੱਖਰਾਂ ਵਿੱਚ ਲਿਖਿਆ, ‘ਤਾਰੇ।’

ਇਹ ਦੇਖ ਕੇ ਪਰਨੀਤ ਦੀਆਂ ਅੱਖਾਂ ਚਮਕਣ ਲੱਗ ਪਈਆਂ। ਉਹ ਹਮੇਸ਼ਾਂ ਰਾਤ ਨੂੰ ਅਸਮਾਨ ਵੱਲ ਦੇਖਦੀ ਤੇ ਸੋਚਦੀ ਰਹਿੰਦੀ, ਇਹ ਟਿਮ ਟਿਮਾਉਂਦੇ ਤਾਰੇ ਆਖਿਰ ਕੀ ਹਨ ? ਅੱਜ ਉਸ ਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲਣ ਵਾਲੇ ਸਨ।

ਪਰਨੀਤ ਨੇ ਤੁਰੰਤ ਹੱਥ ਖੜ੍ਹਾ ਕੀਤਾ;

“ਸਰ, ਤਾਰਾ ਹੁੰਦਾ ਕੀ ਹੈ?”

ਅਧਿਆਪਕ ਨੇ ਕਿਹਾ, “ਵਾਹ ਪਰਨੀਤ, ਬਹੁਤ ਵਧੀਆ ਸਵਾਲ। ਤਾਰਾ, ਜਿਸ ਨੂੰ ਅਸੀਂ ਨਛੱਤਰ ਵੀ ਕਹਿੰਦੇ ਹਾਂ, ਬ੍ਰਹਿਮੰਡ ਵਿੱਚ ਮੌਜੂਦ ਵੱਡੇ-ਵੱਡੇ ਗਰਮ ਗੈਸਾਂ ਦੇ ਗੋਲੇ ਹੁੰਦੇ ਹਨ। ਇਹ ਆਪਣੇ ਆਪ ਰੌਸ਼ਨੀ ਤੇ ਗਰਮੀ ਪੈਦਾ ਕਰਦੇ ਹਨ। ਸਾਡਾ ਸੂਰਜ ਵੀ ਇੱਕ ਤਾਰਾ ਹੀ ਹੈ।”

ਜਮਾਤ ਵਿੱਚ ਖੁਸਰ-ਫੁਸਰ ਹੋਣ ਲੱਗੀ।

ਪਰਨੀਤ ਨੇ ਹੈਰਾਨ ਹੋ ਕੇ ਪੁੱਛਿਆ;

“ਸਰ ! ਸੂਰਜ ਵੀ ਤਾਰਾ ਹੈ? ਪਰ ਉਹ ਤਾਂ ਦਿਨ ਵਿੱਚ ਦਿਖਦਾ ਹੈ!”

ਅਧਿਆਪਕ ਹੱਸ ਪਏ, “ਹਾਂ ਬੇਟਾ, ਸੂਰਜ ਸਾਡੇ ਸਭ ਤੋਂ ਨੇੜੇ ਦਾ ਤਾਰਾ ਹੈ। ਇਸ ਲਈ ਉਹ ਸਾਨੂੰ ਸਭ ਤੋਂ ਵੱਡਾ ਤੇ ਚਮਕੀਲਾ ਦਿਖਾਈ ਦਿੰਦਾ ਹੈ। ਹੋਰ ਤਾਰੇ ਸਾਡੇ ਤੋਂ ਬਹੁਤ ਦੂਰ ਹਨ, ਇਸ ਕਰਕੇ ਉਹ ਛੋਟੇ-ਛੋਟੇ ਟਿਮ ਟਿਮਾਉਂਦੇ ਦਿਖਦੇ ਹਨ।”

ਪਰਨੀਤ ਨੇ ਫਿਰ ਪੁੱਛਿਆ;

“ਸਰ, ਇਹ ਤਾਰੇ ਟਿਮ ਟਿਮਾਉਂਦੇ ਕਿਉਂ ਹਨ?”

ਅਧਿਆਪਕ ਨੇ ਬੋਰਡ ’ਤੇ ਇੱਕ ਚਿੱਤਰ ਬਣਾਇਆ ਤੇ ਕਿਹਾ;

“ਜਦੋਂ ਤਾਰਿਆਂ ਦੀ ਰੌਸ਼ਨੀ ਧਰਤੀ ਦੇ ਵਾਤਾਵਰਨ ਵਿੱਚੋਂ ਲੰਘਦੀ ਹੈ ਤਾਂ ਹਵਾ ਦੀਆਂ ਪਰਤਾਂ ਉਸ ਨੂੰ ਵੱਖ-ਵੱਖ ਤਰੀਕੇ ਨਾਲ ਮੋੜ ਦਿੰਦੀਆਂ ਹਨ। ਇਸ ਕਰਕੇ ਸਾਨੂੰ ਲੱਗਦਾ ਹੈ ਕਿ ਤਾਰੇ ਟਿਮਟਿਮਾ ਰਹੇ ਹਨ।”

ਸਾਰੇ ਵਿਦਿਆਰਥੀਆਂ ਦੇ ਮਨ ਵਿੱਚ ਸਵਾਲ ਉੱਠ ਰਹੇ ਸਨ?

ਰਿਦਮ ਨੇ ਉਤਸੁਕਤਾ ਨਾਲ ਪੁੱਛਿਆ;

“ਸਰ, ਕੀ ਸਾਰੇ ਤਾਰੇ ਇੱਕੋ ਜਿਹੇ ਹੁੰਦੇ ਨੇ?”

“ਨਹੀਂ ਬੇਟਾ। ਤਾਰੇ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ। ਕੁਝ ਬਹੁਤ ਵੱਡੇ ਹੁੰਦੇ ਨੇ, ਕੁਝ ਛੋਟੇ। ਕੁਝ ਦਾ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ, ਇਸ ਲਈ ਉਹ ਨੀਲੇ ਜਾਂ ਚਿੱਟੇ ਦਿਖਦੇ ਨੇ ਤੇ ਕੁਝ ਥੋੜ੍ਹੇ ਠੰਢੇ ਹੁੰਦੇ ਨੇ, ਇਸ ਲਈ ਲਾਲ ਜਾਂ ਪੀਲੇ ਦਿਖਦੇ ਨੇ।” ਅਧਿਆਪਕ ਨੇ ਸਮਝਾਇਆ।

ਪਰਨੀਤ ਨੇ ਹੈਰਾਨ ਹੋ ਕੇ ਕਿਹਾ;

“ਵਾਹ ਸਰ ! ਮਤਲਬ ਤਾਰਿਆਂ ਦੇ ਵੀ ਰੰਗ ਹੁੰਦੇ ਨੇ!”

“ਬਿਲਕੁਲ। ਤਾਰਿਆਂ ਦਾ ਰੰਗ ਉਨ੍ਹਾਂ ਦੇ ਤਾਪਮਾਨ ’ਤੇ ਨਿਰਭਰ ਕਰਦਾ ਹੈ।” ਅਧਿਆਪਕ ਨੇ ਜਵਾਬ ਦਿੱਤਾ।

ਫਿਰ ਪਰਨੀਤ ਨੇ ਇੱਕ ਹੋਰ ਸਵਾਲ ਕੀਤਾ;

“ਸਰ, ਇਹ ਖਿੱਤੀਆਂ ਜਾਂ ਨਕਸ਼ਤਰ ਕੀ ਹੁੰਦੇ ਨੇ?”

ਅਧਿਆਪਕ ਨੇ ਬੋਰਡ ’ਤੇ ਸਪਤਰਿਸ਼ੀ ਦਾ ਆਕਾਰ ਬਣਾਇਆ ਤੇ ਕਿਹਾ;

“ਜਦੋਂ ਕਈ ਤਾਰੇ ਇਕੱਠੇ ਹੋ ਕੇ ਇੱਕ ਖ਼ਾਸ ਅਕਾਰ ਬਣਾਉਂਦੇ ਨੇ, ਤਾਂ ਉਸ ਨੂੰ ਅਸੀਂ ਨਕਸ਼ਤਰ ਜਾਂ ਤਾਰਾ ਸਮੂਹ ਕਹਿੰਦੇ ਹਾਂ। ਜਿਵੇਂ ਸਪਤ ਰਿਸ਼ੀ, ਕ੍ਰਿਤੀਕਾ ਤੇ ਮ੍ਰਿਗਸ਼ਿਰਾ।”

ਪਰਜੋਤ ਨੇ ਪਰਨੀਤ ਦੇ ਕੰਨ ਵਿੱਚ ਕੁਝ ਕਿਹਾ, ਅਧਿਆਪਕ ਸਮਝ ਗਏ ਕਿ ਪਰਜੋਤ ਵੀ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ। ਅਧਿਆਪਕ ਨੇ ਕਿਹਾ, ‘‘ਪਰਜੋਤ ਖੜ੍ਹੇ ਹੋ ਕੇ ਪੁੱਛੋ ਪੁੱਤਰ।’’

ਪਰਜੋਤ ਝੱਟਪੱਟ ਖੜ੍ਹਾ ਹੋ ਗਿਆ ਤੇ ਪੁੱਛਣ ਲੱਗਾ;

“ਸਰ, ਧਰੁਵ ਤਾਰਾ ਕਿਹੜਾ ਹੁੰਦਾ ਹੈ?”

ਅਧਿਆਪਕ ਨੇ ਸਮਝਾਇਆ, “ਧਰੁਵ ਤਾਰਾ ਉਹ ਤਾਰਾ ਹੁੰਦਾ ਹੈ ਜੋ ਹਮੇਸ਼ਾਂ ਇੱਕੋ ਥਾਂ ’ਤੇ ਦਿਖਾਈ ਦਿੰਦਾ ਹੈ। ਪੁਰਾਣੇ ਸਮੇਂ ਵਿੱਚ ਲੋਕ ਇਸ ਦੀ ਮਦਦ ਨਾਲ ਦਿਸ਼ਾ ਪਤਾ ਕਰਦੇ ਸਨ।”

ਹੁਣ ਪਰਨੀਤ ਬਹੁਤ ਖੁਸ਼ ਸੀ। ਉਸ ਨੇ ਇੱਕ ਹੋਰ ਸਵਾਲ ਕੀਤਾ;

“ਸਰ, ਪੂਛਲ ਤਾਰਾ ਕੀ ਹੁੰਦਾ ਹੈ?”

ਅਧਿਆਪਕ ਨੇ ਦੱਸਿਆ; “ਪੂਛਲ ਤਾਰਾ ਅਸਲ ਵਿੱਚ ਤਾਰਾ ਨਹੀਂ ਹੁੰਦਾ, ਉਸ ਨੂੰ ਧੂਮਕੇਤੂ ਕਹਿੰਦੇ ਹਨ। ਇਹ ਬਰਫ਼, ਧੂੜ ਤੇ ਗੈਸਾਂ ਨਾਲ ਬਣਿਆ ਹੁੰਦਾ ਹੈ। ਜਦੋਂ ਇਹ ਸੂਰਜ ਦੇ ਨੇੜੇ ਆਉਂਦਾ ਹੈ ਤਾਂ ਇਸ ਦੇ ਪਿੱਛੇ ਚਮਕਦੀ ਹੋਈ ਪੂਛ ਬਣ ਜਾਂਦੀ ਹੈ।”

ਰਿਦਮ ਨੇ ਹੱਥ ਖੜ੍ਹਾ ਕਰਦਿਆਂ ਪੁੱਛਿਆ;

“ਸਰ, ਕੀ ਅਸੀਂ ਸਾਰੇ ਤਾਰੇ ਦੇਖ ਸਕਦੇ ਹਾਂ?”

ਸਾਰੀ ਜਮਾਤ ਦੇ ਵਿਦਿਆਰਥੀ ਇਕੱਠੇ ਬੋਲੇ, ‘‘ਸਰ ਇਹ ਤਾਂ ਅਸੀਂ ਸਾਰੇ ਹੀ ਜਾਣਨਾ ਚਾਹੁੰਦੇ ਹਾਂ।’’

ਪੂਰੀ ਜਮਾਤ ਨੂੰ ਚੁੱਪ ਕਰਾਉਂਦਿਆਂ, ਅਧਿਆਪਕ ਨੇ ਕਿਹਾ, “ਨਹੀਂ ਬੇਟਾ, ਅਸੀਂ ਨੰਗੀ ਅੱਖ ਨਾਲ ਇੱਕੋ ਸਮੇਂ ਲਗਭਗ 3000 ਤਾਰੇ ਹੀ ਦੇਖ ਸਕਦੇ ਹਾਂ, ਪਰ ਬ੍ਰਹਿਮੰਡ ਵਿੱਚ ਤਾਰਿਆਂ ਦੀ ਗਿਣਤੀ ਅਣਗਿਣਤ ਹੈ। ਅਰਬਾਂ ਗਲੈਕਸੀਆਂ ਹਨ ਤੇ ਹਰ ਗਲੈਕਸੀ ਵਿੱਚ ਅਰਬਾਂ ਤਾਰੇ ਹੁੰਦੇ ਨੇ।”

ਪਰਨੀਤ ਹੈਰਾਨ ਹੋ ਗਈ; “ਮਤਲਬ ਬ੍ਰਹਿਮੰਡ ਬਹੁਤ ਵੱਡਾ ਹੈ!”

“ਹਾਂ ਬੇਟਾ। ਇਹ ਬਹੁਤ ਹੀ ਵਿਸ਼ਾਲ ਹੈ, ਜਿਸ ਦੀ ਪੂਰੀ ਜਾਣਕਾਰੀ ਅਜੇ ਵੀ ਮਨੁੱਖ ਲੱਭ ਰਿਹਾ ਹੈ।” ਅਧਿਆਪਕ ਨੇ ਬੜੇ ਪਿਆਰ ਨਾਲ ਦੱਸਿਆ।

ਜਮਾਤ ਦੇ ਅਖੀਰ ਵਿੱਚ ਅਧਿਆਪਕ ਨੇ ਕਿਹਾ;

“ਬੱਚਿਓ, ਇਹ ਟਿਮ ਟਿਮਾਉਂਦੇ ਤਾਰੇ ਸਾਨੂੰ ਸਿਰਫ਼ ਸੋਹਣੇ ਹੀ ਨਹੀਂ ਲੱਗਦੇ, ਸਗੋਂ ਇਹ ਸਾਨੂੰ ਇੱਕ ਵੱਡੀ ਸਿੱਖਿਆ ਵੀ ਦਿੰਦੇ ਨੇ।”

ਪਰਨੀਤ ਨੇ ਪੁੱਛਿਆ;

“ਕਿਹੜੀ ਸਿੱਖਿਆ ਸਰ ?”

ਅਧਿਆਪਕ ਨੇ ਹੌਲੀ ਆਵਾਜ਼ ਵਿੱਚ ਕਿਹਾ;

“ਜਿਵੇਂ ਤਾਰੇ ਹਨੇਰੇ ਅਕਾਸ਼ ਵਿੱਚ ਵੀ ਚਮਕਦੇ ਰਹਿੰਦੇ ਹਨ, ਉਸੇ ਤਰ੍ਹਾਂ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਮੁਸ਼ਕਲਾਂ ਦੇ ਬਾਵਜੂਦ ਚਮਕਦੇ ਰਹਿਣਾ ਚਾਹੀਦਾ ਹੈ। ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ।”

ਪਰਨੀਤ ਦੇ ਦਿਲ ’ਚ ਇਹ ਗੱਲ ਬੈਠ ਗਈ। ਉਸ ਦਿਨ ਤੋਂ ਬਾਅਦ, ਜਦੋਂ ਵੀ ਉਹ ਰਾਤ ਨੂੰ ਅਸਮਾਨ ਵੱਲ ਦੇਖਦੀ, ਉਹ ਤਾਰਿਆਂ ਨੂੰ ਸਿਰਫ਼ ਟਿਮ ਟਿਮਾਉਂਦੇ ਨਹੀਂ ਦੇਖਦੀ ਸੀ, ਸਗੋਂ ਉਨ੍ਹਾਂ ਵਿੱਚੋਂ ਇੱਕ ਪ੍ਰੇਰਣਾ ਮਹਿਸੂਸ ਕਰਦੀ। ਉਸ ਨੂੰ ਲੱਗਦਾ ਜਿਵੇਂ ਹਰ ਤਾਰਾ ਉਸ ਨੂੰ ਕਹਿ ਰਿਹਾ ਹੋਵੇ, “ਮਿਹਨਤ ਕਰ, ਅੱਗੇ ਵਧ, ਤੂੰ ਵੀ ਚਮਕ ਸਕਦੀ ਏਂ।”

ਸੰਪਰਕ: 94171-63426

Advertisement
×