ਸੱਚੀਂ ਮੁੱਚੀ ਐਵੇਂ ਮੁੱਚੀ

ਸੱਚੀਂ ਮੁੱਚੀ ਐਵੇਂ ਮੁੱਚੀ

ਡਾ. ਹਰਜੀਤ ਸਿੰਘ

ਡਾ. ਹਰਜੀਤ ਸਿੰਘ
ਬਾਲ ਕਥਾ-ਲੜੀ 24

ਆਲੋਕ, ਡਾ. ਆਨੰਦ ਤੇ ਗੋਮਤੀ ਅੰਮਾ ਨੇ ਗੁਫ਼ਾ ਵਿਚਲੇ ਪੱਥਰਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਪਰਖਿਆ, ਪਰ ਕਿਧਰੇ ਵੀ ਅੱਗੇ ਜਾਣ ਲਈ ਕੋਈ ਰਾਹ ਨਾ ਲੱਭਾ। ਪਰ ਕਿਤਾਬ ਵਿਚਲੇ ਨਕਸ਼ੇ ਮੁਤਾਬਿਕ ਇਸ ਗੁਫ਼ਾ ’ਚੋਂ ਹੀ ਫੁੱਲਾਂ ਦੀ ਵਾਦੀ ਨੂੰ ਰਾਹ ਜਾਂਦਾ ਸੀ। ਡਾ. ਆਨੰਦ ਬਹੁਤ ਹੀ ਫ਼ਿਕਰਮੰਦ ਹੋ ਰਹੇ ਸਨ ਕਿ ਹੁਣ ਕੀ ਕੀਤਾ ਜਾਏ। ਵਾਪਸ ਪਰਤਣ ਦਾ ਮਤਲਬ ਸੀ ਉਹ ਸੌ ਸਾਲ ਬਾਅਦ ਖਿੜਣ ਵਾਲੇ ਨਾ-ਯਾਬ ਫੁੱਲਾਂ ਨੂੰ ਕਦੇ ਨਹੀਂ ਵੇਖ ਸਕਣਗੇ। ਇੱਥੋਂ ਤਕ ਪਹੁੰਚਣ ਲਈ ਉਨ੍ਹਾਂ ਨੇ ਕਿੰਨੀਆਂ ਮੁਸੀਬਤਾਂ ਝੱਲੀਆਂ ਸਨ। ਉਨ੍ਹਾਂ ਸਭਨਾਂ ਨੇ ਬੜੇ ਸੁਪਨੇ ਲਏ ਸਨ। ਇਸ ਅਲੌਕਿਕ ਕ੍ਰਿਸ਼ਮੇ ਨੂੰ ਵੇਖਣ ਲਈ ਉਹ ਹਰ ਮੁਸੀਬਤ ਉਠਾਉਣ ਲਈ ਤਿਆਰ ਸਨ, ਪਰ ਗੁਫ਼ਾ ਵਿਚੋਂ ਅੱਗੇ ਜਾਣ ਵਾਲਾ ਕੋਈ ਰਾਹ ਨਹੀਂ ਸੀ ਦਿਸ ਰਿਹਾ। ਥੱਕ ਕੇ ਉਹ ਗੁਫ਼ਾ ਦੇ ਵਿਚਾਲੇ ਬੈਠ ਗਏ, ਰੌਸ਼ਨੀ ਦੀਆਂ ਕਿਰਨਾਂ ਉਨ੍ਹਾਂ ਦੇ ਮੋਢਿਆਂ ’ਤੇ ਪੈ ਰਹੀਆਂ ਸਨ। ਮਲ੍ਹਕ ਜਿਹੇ ਨਿੱਕਾ ਭਾਲੂ ਆਲੋਕ ਦੀ ਗੋਦੀ ਵਿਚੋਂ ਨਿਕਲ ਕੇ ਪੱਥਰਾਂ ਨੂੰ ਸੁੰਘਦਾ ਸੁੰਘਦਾ ਹੋਇਆ ਇਕ ਹਨੇਰੇ ਜਿਹੇ ਕੋਨੇ ਵੱਲ ਤੁਰ ਪਿਆ। ਇਸ ਹਨੇਰੀ ਨੁੱਕਰ ਨੂੰ ਉਨ੍ਹਾਂ ਚੰਗਾ ਤਰ੍ਹਾਂ ਨਹੀਂ ਸੀ ਘੋਖਿਆ। ਉਨ੍ਹਾਂ ਨੂੰ ਲੱਗਾ ਸੀ ਕਿ ਜਿੱਥੇ ਇੰਨਾ ਹਨੇਰਾ ਹੈ, ਉੱਥੇ ਕੋਈ ਰਾਹ ਨਹੀਂ ਹੋਵੇਗਾ।

ਆਲੋਕ ਵੀ ਉਸਦੇ ਮਗਰ ਮਗਰ ਤੁਰਨ ਲੱਗਾ ਤਾਂ ਇਕ ਜਗ੍ਹਾ ਤੋਂ ਉਸਨੂੰ ਠੰਢੀ ਠੰਢੀ ਹਵਾ ਆਉਣ ਦਾ ਅਹਿਸਾਸ ਹੋਇਆ। ਉਸਨੇ ਕੋਲ ਜਾ ਕੇ ਵੇਖਿਆ ਕਿ ਪੱਥਰਾਂ ਵਿਚਕਾਰ ਇਕ ਮਘੋਰਾ ਸੀ ਜਿਸ ਵਿਚੋਂ ਹਵਾ ਆ ਰਹੀ ਸੀ। ਆਲੋਕ ਨੇ ਅੰਮਾ ਅਤੇ ਡਾ. ਆਨੰਦ ਨੂੰ ਉਨ੍ਹਾਂ ਪੱਥਰਾਂ ਕੋਲ ਬੁਲਾਇਆ। ਉਨ੍ਹਾਂ ਨੇ ਵੇਖਿਆ ਕਿ ਇਨ੍ਹਾਂ ਪੱਥਰਾਂ ਦੇ ਓਹਲਿਉਂ ਇਕ ਮਘੋਰੇ ਰਾਹੀਂ ਹਵਾ ਫਰਨ ਫਰਨ ਅੰਦਰ ਆ ਰਹੀ ਸੀ। ਲੱਗਦਾ ਸੀ ਦੂਜੇ ਪਾਸੇ ਜ਼ਰੂਰ ਹੀ ਖੁੱਲ੍ਹੀ ਥਾਂ ਹੋਵੇਗੀ। ਮਘੋਰਾ ਬਹੁਤ ਵੱਡਾ ਨਹੀਂ ਸੀ, ਨਿੱਕਾ ਭਾਲੂ ਉਸ ਮਘੋਰੇ ਥਾਈਂ ਬਾਹਰ ਨੂੰ ਤੁਰ ਪਿਆ। ਉਸ ਨੂੰ ਰੋਕਦਾ ਰੋਕਦਾ ਆਲੋਕ ਵੀ ਘਿਸਰਦਾ ਹੋਇਆ ਉਸ ਮਘੋਰੇ ਵਿਚ ਪ੍ਰਵੇਸ਼ ਕਰ ਗਿਆ। ਮਘੋਰਾ ਅੱਗੋਂ ਕਾਫ਼ੀ ਖੁੱਲ੍ਹਾ ਸੀ, ਜਿਵੇਂ ਇਹ ਕੋਈ ਰਾਹ ਹੀ ਸੀ, ਭਾਲੂ ਨੂੰ ਪਕੜ ਕੇ ਅਜੇ ਆਲੋਕ ਮਘੋਰੇ ਤੋਂ ਕੁਝ ਹੀ ਦੂਰ ਗਿਆ ਸੀ ਕਿ ਅਚਾਨਕ ਮਿੱਟੀ ਖਿਸਕਣ ਦੀ ਆਵਾਜ਼ ਆਈ, ਫੇਰ ਗੜਗੜਾ ਕੇ ਪੱਥਰ ਖਿਸਕੇ ਤੇ ਮਘੋਰਾ ਬੰਦ ਹੋ ਗਿਆ।

ਇਕ ਪਾਸੇ ਆਲੋਕ ਅਤੇ ਭਾਲੂ ਤੇ ਦੂਜੇ ਪਾਸੇ ਡਾ. ਆਨੰਦ ਤੇ ਗੋਮਤੀ ਅੰਮਾ। ਮਘੋਰੇ ਦੇ ਬੰਦ ਹੋਣ ਕਰਕੇ ਆਰ ਪਾਰ ਬਸ ਮੱਧਮ ਜਿਹੀ ਆਵਾਜ਼ ਸੁਣਾਈ ਦੇ ਰਹੀ ਸੀ। ਆਲੋਕ ਡਰ ਨਾਲ ਕੰਬ ਉਠਿਆ। ਉਸਨੇ ਜ਼ੋਰ ਨਾਲ ਆਵਾਜ਼ ਦਿੱਤੀ, ‘ਗੋਮਤੀ ਅੰਮਾ... ਗੋਮਤੀ ਅੰਮਾ... ਪਰ ਉਸਨੂੰ ਗੋਮਤੀ ਅੰਮਾ ਦਾ ਕੋਈ ਵੀ ਜਵਾਬ ਸੁਣਾਈ ਨਾ ਦਿੱਤਾ। ਆਲੋਕ ਨੇ ਫਿਰ ਪੂਰੀ ਤਾਕਤ ਲਾ ਕੇ ਉੱਚੀ ਆਵਾਜ਼ ਵਿਚ ਕਿਹਾ, ‘ਅੰਮਾ।’

ਹੁਣ ਉਸਨੂੰ ਡਾ. ਆਨੰਦ ਦੀ ਮੱਧਮ ਜਿਹੀ ਆਵਾਜ਼ ਸੁਣਾਈ ਦਿੱਤੀ, ‘ਆਲੋਕ ਤੂੰ ਠੀਕ ਹੈਂ ਨਾ?’ ਆਲੋਕ ਨੇ ਫੇਰ ਉੱਚੀ ਆਵਾਜ਼ ਵਿਚ ਕਿਹਾ, ‘ਹਾਂ ਜੀ।’

ਗੁਫ਼ਾ ਦੇ ਬਾਹਰਲੇ ਬੰਨੇ ਆਲੋਕ ਅਤੇ ਨਿੱਕਾ ਭਾਲੂ ਅਤੇ ਗੁਫ਼ਾ ਦੇ ਅੰਦਰ ਡਾ. ਗੋਮਤੀ ਅਤੇ ਡਾ. ਆਨੰਦ ਸਭ ਵੱਖੋ ਵੱਖ ਹੋ ਗਏ ਸਨ। ਡਾ. ਆਨੰਦ ਉਸ ਬੰਦ ਹੋਏ ਮਘੋਰੇ ਦੇ ਕੋਲ ਆ ਕੇ ਉੱਚੀ ਆਵਾਜ਼ ਵਿਚ ਬੋਲੇ, ‘ਆਲੋਕ ਬੇਟਾ ਘਬਰਾਈਂ ਨਾ ਅਸੀਂ ਕੋਈ ਹੋਰ ਰਾਹ ਲੱਭਦੇ ਆਂ। ਕਿਤਾਬ ਵਿਚਲੇ ਨਕਸ਼ੇ ਮੁਤਾਬਿਕ ਗੁਫ਼ਾ ਤੋਂ ਬਾਅਦ ਉੱਚੀਆਂ ਪਹਾੜੀਆਂ ਵਿਚਕਾਰ ਇਕ ਝੀਲ ਹੈ, ਤੂੰ ਉਸ ਝੀਲ ’ਤੇ ਪਹੁੰਚ ਕੇ ਸਾਡਾ ਇੰਤਜ਼ਾਰ ਕਰੀਂ।’ ਆਲੋਕ ਦੀ ਪ੍ਰਾਚੀਨ ਕਿਤਾਬ ਵੀ ਡਾ. ਆਨੰਦ ਦੇ ਕੋਲ ਰਹਿ ਗਈ ਸੀ।

ਆਲੋਕ ਹਿੰਮਤ ਇਕੱਠੀ ਕਰਕੇ ਉੱਠਿਆ ਤੇ ਉਹ ਹੌਲੀ ਹੌਲੀ ਮਘੋਰੇ ਵਿਚੋਂ ਅੱਗੇ ਵੱਧਣ ਲੱਗਾ। ਹੁਣ ਬਾਹਰੋਂ ਆਉਣ ਵਾਲੀ ਹਵਾ ਦੀ ਸ਼ੂਕ ਹੋਰ ਵੀ ਉੱਚੀ ਗੂੰਜਣ ਲੱਗ ਪਈ।

ਨਿੱਕਾ ਭਾਲੂ ਨਿੱਕੇ ਨਿੱਕੇ ਪੈਰ ਧਰਦਾ, ਆਸ-ਪਾਸ ਸੁੰਘਦਾ ਹੋਇਆ ਅੱਗੇ ਅੱਗੇ ਜਾ ਰਿਹਾ ਸੀ। ਮਘੋਰੇ ਵਿਚਲਾ ਰਾਹ ਹੁਣ ਉਨ੍ਹਾਂ ਨੂੰ ਇਕ ਬਹੁਤ ਵੱਡੀ ਚਟਾਨ ਲੈ ਆਇਆ, ਪਰ ਇਹ ਚਟਾਨ ਤਾਂ ਬਹੁਤ ਉਚਾਈ ਉੱਤੇ ਸੀ ਅਤੇ ਉਸ ਤੋਂ ਉਤਰਨ ਦਾ ਕੋਈ ਰਾਹ ਵੀ ਨਹੀਂ ਸੀ।

ਆਲੋਕ ਨੇ ਆਸ ਪਾਸ ਵੇਖਿਆ ਸਾਹਮਣੇ ਵੀ ਬਹੁਤ ਉੱਚਾ ਪਹਾੜ ਸੀ। ਆਸੇ ਪਾਸੇ ਵੀ ਬਸ ਪਹਾੜ ਹੀ ਪਹਾੜ ਸਨ। ਭਾਲੂ ਅਤੇ ਆਲੋਕ ਜਿੱਥੇ ਖੜ੍ਹੇ, ਉਹ ਥਾਂ ਬਹੁਤ ਖ਼ਤਰਨਾਕ ਲੱਗ ਰਹੀ ਸੀ। ਤੇਜ਼ ਹਵਾ ਚੱਲ ਰਹੀ ਸੀ ਤੇ ਆਸ ਪਾਸ ਰੁੱਖ ਜਾਂ ਪੌਦੇ ਵੀ ਨਹੀਂ ਸਨ। ਜੇ ਉਹ ਇਸ ਚਟਾਨ ਤੋਂ ਫਿਸਲ ਗਏ ਤਾਂ ਬਚਣ ਦਾ ਕੋਈ ਸਹਾਰਾ ਨਹੀਂ ਸੀ। ਆਲੋਕ ਪੈਰਾਂ ਪਰਨੇ ਬੈਠ ਕੇ ਹੌਲੀ ਹੌਲੀ ਸਰਕਦਾ ਹੋਇਆ ਚਟਾਨ ਦੇ ਆਖ਼ਰੀ ਸਿਰੇ ਕੋਲ ਪਹੁੰਚ ਕੇ ਪੱਥਰਾਂ ’ਤੇ ਲੇਟ ਗਿਆ ਤੇ ਉਸਨੇ ਚਟਾਨ ਤੋਂ ਹੇਠਾਂ ਵੇਖਣ ਦੀ ਕੋਸ਼ਿਸ਼ ਕੀਤੀ। ਅਗਲੀ ਚਟਾਨ ਕਾਫ਼ੀ ਥੱਲੇ ਸੀ। ਫਿਰ ਇੰਜ ਉਸਨੇ ਘਿਸਰਦਿਆਂ-ਘਿਸਰਦਿਆਂ ਚਟਾਨ ਦੇ ਬਾਕੀ ਪਾਸਿਆਂ ਵੱਲ ਵੀ ਵੇਖਿਆ ਕਿਸੇ ਪਾਸੇ ਵੀ ਕੋਈ ਰਾਹ ਨਹੀਂ ਸੀ। ਹੁਣ ਆਸਮਾਨ ਵਿਚ ਵੀ ਬੱਦਲ ਆ ਗਏ ਸਨ। ਰੌਸ਼ਨੀ ਵੀ ਮੱਧਮ ਹੋ ਰਹੀ ਸੀ। ਆਲੋਕ ਹੌਲੀ-ਹੌਲੀ ਘਿਸਰ ਕੇ ਫੇਰ ਮਘੋਰੇ ਵੱਲ ਵਾਪਸ ਆ ਗਿਆ। ਨਿੱਕਾ ਭਾਲੂ ਵੀ ਘੁਰ ਘੁਰ ਕਰਦਾ ਉਸ ਦੀ ਬੁੱਕਲ ਵਿਚ ਆ ਗਿਆ।

ਗੁਫ਼ਾ ਦੇ ਅੰਦਰ ਡਾ. ਆਨੰਦ ਅਤੇ ਗੋਮਤੀ ਅੰਮਾ ਫੇਰ ਪੱਥਰਾਂ ਨੂੰ ਨੇੜਿਓਂ ਜਾ ਕੇ ਵਾਚ ਰਹੇ ਸਨ ਕਿ ਸ਼ਾਇਦ ਕੋਈ ਹੋਰ ਰਾਹ ਲੱਭ ਪਵੇ। ਹਾਰ ਕੇ ਡਾ. ਆਨੰਦ ਨੇ ਅੰਮਾ ਨੂੰ ਕਿਹਾ, ‘ਅੰਮਾ ਏਥੇ ਰੁਕਣਾ ਖ਼ਤਰਨਾਕ ਹੋ ਸਕਦਾ ਏ ਤੁਸੀਂ ਵਾਪਸ ਚਲੇ ਜਾਓ। ਮੈਂ ਤਾਂ ਕਿਸੇ ਤਰ੍ਹਾਂ ਇਸ ਗੁਫ਼ਾ ਵਿਚੋਂ ਨਿਕਲ ਕੇ ਆਲੋਕ ਦੀ ਤਲਾਸ਼ ਕਰ ਲਵਾਂਗਾ।’ ਗੋਮਤੀ ਅੰਮਾ ਇਹ ਸੁਣ ਕੇ ਜ਼ਮੀਨ ’ਤੇ ਬੈਠ ਗਈ। ਡਾ. ਆਨੰਦ ਵੀ ਉਨ੍ਹਾਂ ਦੇ ਸਾਹਮਣੇ ਬੈਠ ਗਏ। ਗੋਮਤੀ ਅੰਮਾ ਨੇ ਪੁੱਛਿਆ, ‘ਆਨੰਦ ਭਾਈ ਤੁਸੀਂ ਕਿਸ ਮਕਸਦ ਨਾਲ ਇੱਥੇ ਆਏ ਸੀ?’ ਡਾ. ਆਨੰਦ ਨੇ ਕਿਹਾ, ‘ਜੜ੍ਹੀ ਬੂਟੀਆਂ ਦੀ ਖੋਜ ਲਈ। ਮੈਦਾਨਾਂ ਵਿਚ ਇਹ ਅਨਮੋਲ ਬਨਸਪਤੀ ਆਲੋਪ ਹੁੰਦੀ ਜਾ ਰਹੀ ਏ। ਹਿਮਾਲਿਆ ਦੀ ਗੋਦ ਵਿਚ ਅਜੇ ਵੀ ਅਜਿਹੀਆਂ ਜੜ੍ਹੀਆਂ ਬੂਟੀਆਂ ਨੇ ਜੋ ਸਾਡੇ ਜੀਵਨ ਵਿਚ ਬਹੁਤ ਜ਼ਰੂਰੀ ਨੇ।’ ਗੋਮਤੀ ਅੰਮਾ ਨੇ ਕਿਹਾ, ‘ਦੇਵਤਿਆਂ ਨੇ ਆਪ ਮੈਨੂੰ ਆਲੋਕ ਨਾਲ ਮਿਲਾਇਆ ਤੇ ਏਸ ਯਾਤਰਾ ਲਈ ਦੇਵਤਿਆਂ ਨੇ ਆਪ ਉਸਨੂੰ ਚੁਣਿਆ ਹੈ। ਮੈਂ ਉਸਨੂੰ ਹਨੇਰੀ ਗੁਫ਼ਾ ਵਿਚ ਇਕੱਲਿਆਂ ਭੁੱਖੇ ਪਿਆਸੇ ਨੂੰ ਛੱਡ ਕੇ ਕਿਵੇਂ ਜਾ ਸਕਦੀ ਹਾਂ? ਮੈਨੂੰ ਯਕੀਨ ਹੈ ਕਿ ਯੇਤੀ ਦੇਵਤਾ ਉਸ ਦੀ ਰੱਖਿਆ ਕਰਨਗੇ।’ ਡਾਕਟਰ ਆਨੰਦ ਨੇ ਗੋਮਤੀ ਅੰਮਾ ਵੱਲ ਵੇਖ ਕੇ ਕਿਹਾ,‘ਅੰਮਾ ਤੁਸੀਂ ਏਸ ਉਮਰ ਵਿਚ ਇਸ ਯਾਤਰਾ ’ਤੇ ਕਿਉਂ ਆਏ ਹੋ?’ ਗੋਮਤੀ ਅੰਮਾ ਨੇ ਕਿਹਾ,‘ਮੈਂ ਵੀ ਇਨ੍ਹਾਂ ਫੁੱਲਾਂ ਬਾਰੇ ਬਹੁਤ ਕਹਾਣੀਆਂ ਆਪਣੀ ਮਾਂ ਤੋਂ ਸੁਣੀਆਂ ਸਨ, ਫਿਰ ਦੇਵਤਾ ਯੇਤੀ ਦੇ ਦਰਸ਼ਨ ਕੌਣ ਨਹੀਂ ਕਰਨਾ ਚਾਹੇਗਾ?’

ਓਧਰ ਨਿੱਕੇ ਭਾਲੂ ਨੂੰ ਗੋਦ ਵਿਚ ਲਈ ਆਲੋਕ ਉਪਰ ਆਕਾਸ਼ ਵੱਲ ਵੇਖ ਰਿਹਾ ਸੀ ਤੇ ਸੋਚ ਰਿਹਾ ਸੀ ਜੇ ਮੀਂਹ ਪੈਣ ਲੱਗ ਪਿਆ ਤਾਂ ਉਹ ਕੀ ਕਰੇਗਾ? ਉਹ ਅਜੇ ਬੱਦਲਾਂ ਵੱਲ ਵੇਖ ਹੀ ਰਿਹਾ ਸੀ ਕਿ ਉਸਨੂੰ ਬੱਦਲਾਂ ਵਿਚੋਂ ਇਕ ਤੇਜ਼ ਰਫ਼ਤਾਰ ਨਾਲ ਉੱਡਦੀ ਹੋਈ ਚੀਲ੍ਹ ਨਜ਼ਰ ਆਈ ਜੋ ਉਨ੍ਹਾਂ ’ਤੇ ਝਪਟਣ ਵਾਲੀ ਸੀ। ਬਿਜਲੀ ਦੀ ਫੁਰਤੀ ਨਾਲ ਆਲੋਕ ਭਾਲੂ ਨੂੰ ਲੈ ਕੇ ਪਲਟੀ ਮਾਰ ਗਿਆ। ਚੀਕਦੀ ਹੋਈ ਚੀਲ੍ਹ ਉਸ ਦੇ ਬੜੇ ਨੇੜਿਓਂ ਮੁੜੀ। ਹਵਾ ਵਿਚ ਉਸਦੇ ਨਿੱਕੇ ਨਿੱਕੇ ਖੰਭ ਉੱਡਣ ਲੱਗੇ। ਚੀਲ੍ਹ ਉਡਾਰੀ ਮਾਰ ਦੂਰ ਚਲੀ ਗਈ, ਪਰ ਉਹ ਫੇਰ ਝਪਟ ਸਕਦੀ ਸੀ। ਆਲੋਕ ਨੇ ਵੇਖਿਆ ਕਿ ਉਸ ਦੀ ਸੋਟੀ ਵੀ ਗੁਫ਼ਾ ਵਿਚ ਰਹਿ ਗਈ ਸੀ। ਉਸਨੇ ਕਾਹਲੀ ਨਾਲ ਆਪਣੇ ਥੈਲੇ ਵਿਚੋਂ ਕੁਝ ਕੱਪੜੇ ਕੱਢੇ ਤੇ ਹੱਥ ਵਿਚ ਫੜ ਲਏ। ਨਿੱਕੇ ਭਾਲੂ ਨੂੰ ਉਸਨੇ ਆਪਣੇ ਪਿੱਛੇ ਕਰ ਲਿਆ। ਸੱਚਮੁੱਚ ਚੀਲ੍ਹ ਫੇਰ ਉਨ੍ਹਾਂ ’ਤੇ ਝਪਟੀ, ਏਸ ਵਾਰ ਕੱਪੜੇ ਲਹਿਰਾ ਕੇ ਉੱਚੀ ਉੱਚੀ ਚੀਖ਼ ਕੇ ਆਲੋਕ ਨੇ ਚੀਲ੍ਹ ਨੂੰ ਫੇਰ ਵਾਪਸ ਮੁੜਨ ’ਤੇ ਮਜਬੂਰ ਕਰ ਦਿੱਤਾ। ਪਰ ਚੀਖ਼ਦੀ ਹੋਈ ਚੀਲ੍ਹ ਉਨ੍ਹਾਂ ਦੇ ਦੁਆਲੇ ਲਗਾਤਾਰ ਮੰਡਰਾ ਰਹੀ ਸੀ।

ਉਧਰ ਗੁਫ਼ਾ ਦੇ ਅੰਦਰ ਹੁਣ ਬੱਦਲਾਂ ਕਰਕੇ ਹਨੇਰਾ ਹੋ ਗਿਆ ਸੀ। ਡਾ. ਆਨੰਦ ਨੇ ਬੈਟਰੀ ਜਗਾ ਲਈ ਤੇ ਇਕ ਤਿੱਖਾ ਜਿਹਾ ਪੱਥਰ ਚੁੱਕ ਕੇ ਉਹ ਉਸ ਮਘੋਰੇ ਵੱਲ ਗਏ, ਜਿਸ ਰਾਹੀਂ ਆਲੋਕ ਅਤੇ ਨਿੱਕਾ ਭਾਲੂ ਗਏ ਸਨ। ਡਾ. ਆਨੰਦ ਪੂਰੀ ਤਾਕਤ ਨਾਲ ਪੱਥਰਾਂ ਵਿਚੋਂ ਮਿੱਟੀ ਕੱਢਣ ਲੱਗੇ, ਪਰ ਨੰਗੇ ਹੱਥੀਂ ਔਜ਼ਾਰਾਂ ਤੋਂ ਬਿਨਾਂ ਇਨ੍ਹਾਂ ਮਜ਼ਬੂਤ ਪੱਥਰਾਂ ਨੂੰ ਹਿਲਾਉਣਾ ਆਸਾਨ ਨਹੀਂ ਸੀ। ਡਾ. ਆਨੰਦ ਨੂੰ ਇੰਜ ਪੱਥਰਾਂ ਨਾਲ ਜੂਝਦਿਆਂ ਵੇਖ ਗੋਮਤੀ ਅੰਮਾ ਨੇ ਕਿਹਾ, ‘ਇਨ੍ਹਾਂ ਪੱਥਰਾਂ ਨੂੰ ਇੰਜ ਹਿਲਾਉਣਾ ਖ਼ਤਰਨਾਕ ਹੋ ਸਕਦਾ ਹੈ। ਜੇ ਇਹ ਫਿਰ ਡਿੱਗ ਪਏ ਤਾਂ ਆਲੋਕ ਦੀ ਜਾਨ ਨੂੰ ਵੱਡੀ ਮੁਸੀਬਤ ਆ ਸਕਦੀ ਹੈ।’

(ਬਾਕੀ ਅਗਲੀ ਵਾਰ)

ਸੰਪਰਕ: 98768-81870

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਸਰਕਾਰ ਨੂੰ ਰਾਸ ਆਇਆ ਵਿਰੋਧੀ ਧਿਰ ਦਾ ਬਾਈਕਾਟ; ਸੰਸਦ ਦੇ ਦੋਵੇਂ ਸਦਨ ਅਣ...

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਸਾਰੀਆਂ ਗੱਡੀਆਂ ਕੀਤੀਆਂ ਰੱਦ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਸ਼ਹਿਰ

View All