Top-Cop Series: ਸਭ ਨੂੰ ਹਸਾਉਣ ਵਾਲੇ Gurpreet Ghuggi ਹੁਣ ਕਰਨਗੇ ਵੱਡੇ-ਵੱਡੇ ਕੇਸਾਂ ਦੀ ਜਾਂਚ !
ਪਾਲੀਵੁੱਡ ਦੇ ਦਿੱਗਜ ਅਦਾਕਾਰ ਗੁਰਪ੍ਰੀਤ ਘੁੱਗੀ ਹੁਣ ਇੱਕ ਅਜਿਹੇ ਅੰਦਾਜ਼ ਵਿੱਚ ਨਜ਼ਰ ਆਉਣ ਵਾਲੇ ਹਨ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਹਮੇਸ਼ਾ ਆਪਣੀ ਕਾਮੇਡੀ ਨਾਲ ਸਭ ਨੂੰ ਹਸਾਉਣ ਵਾਲੇ ਘੁੱਗੀ ਹੁਣ ਤੁਹਾਨੂੰ ਸੋਚਣ ਅਤੇ ਸਸਪੈਂਸ ਵਿੱਚ ਪਾਉਣ...
ਪਾਲੀਵੁੱਡ ਦੇ ਦਿੱਗਜ ਅਦਾਕਾਰ ਗੁਰਪ੍ਰੀਤ ਘੁੱਗੀ ਹੁਣ ਇੱਕ ਅਜਿਹੇ ਅੰਦਾਜ਼ ਵਿੱਚ ਨਜ਼ਰ ਆਉਣ ਵਾਲੇ ਹਨ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਹਮੇਸ਼ਾ ਆਪਣੀ ਕਾਮੇਡੀ ਨਾਲ ਸਭ ਨੂੰ ਹਸਾਉਣ ਵਾਲੇ ਘੁੱਗੀ ਹੁਣ ਤੁਹਾਨੂੰ ਸੋਚਣ ਅਤੇ ਸਸਪੈਂਸ ਵਿੱਚ ਪਾਉਣ ਲਈ ਬਿਲਕੁਲ ਤਿਆਰ ਹਨ। ਉਨ੍ਹਾਂ ਦੀ ਨਵੀਂ ਪੰਜਾਬੀ ਵੈੱਬ ਸੀਰੀਜ਼ 'ਟੌਪ ਕੌਪ' (Top Cop) ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੱਥੇ ਉਹ ਇੱਕ ਬਿਲਕੁਲ ਨਵੇਂ ਅਤੇ ਅਲੱਗ ਅਵਤਾਰ ਵਿੱਚ ਦਰਸ਼ਕਾਂ ਦੇ ਸਨਮੁੱਖ ਹੋਣਗੇ।
ਜੇਕਰ ਗੁਰਪ੍ਰੀਤ ਘੁੱਗੀ ਦੇ ਕਿਰਦਾਰ ਦੀ ਗੱਲ ਕਰੀਏ, ਤਾਂ ਇਸ ਵਾਰ ਉਹ ਕਿਸੇ ਹਾਸੋਹੀਣੇ ਰੋਲ ਵਿੱਚ ਨਹੀਂ, ਬਲਕਿ ਇੱਕ ਰਫ-ਟਫ ਇਨਵੈਸਟੀਗੇਸ਼ਨ ਅਧਿਕਾਰੀ (Investigation Officer) ਦੇ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਆਪਣੇ ਲੰਬੇ ਅਤੇ ਸ਼ਾਨਦਾਰ ਅਦਾਕਾਰੀ ਸਫ਼ਰ ਦੌਰਾਨ ਘੁੱਗੀ ਨੇ ਪਹਿਲੀ ਵਾਰ ਅਜਿਹਾ ਗੰਭੀਰ ਅਤੇ ਦਮਦਾਰ ਕਿਰਦਾਰ ਨਿਭਾਇਆ ਹੈ। ਇੱਕ ਅਜਿਹਾ ਅਫ਼ਸਰ ਜੋ ਕੇਸਾਂ ਦੀਆਂ ਗੁੰਝਲਾਂ ਨੂੰ ਸੁਲਝਾਉਂਦਾ ਹੈ ਅਤੇ ਜੁਰਮ ਦੀ ਦੁਨੀਆ ਨੂੰ ਹਿਲਾ ਕੇ ਰੱਖ ਦਿੰਦਾ ਹੈ। ਉਨ੍ਹਾਂ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਸਰਪ੍ਰਾਈਜ਼ ਹੋਣ ਵਾਲਾ ਹੈ, ਜੋ ਘੁੱਗੀ ਦੇ ਕਰੀਅਰ ਨੂੰ ਇੱਕ ਬਦਲਵੀਂ ਅਤੇ ਨਵੀਂ ਦਿਸ਼ਾ ਦੇਵੇਗਾ।
ਦੱਸ ਦਈਏ ਕਿ ਹਾਲ ਹੀ ਦੇ ਦਿਨਾਂ ਵਿੱਚ ਗੁਰਪ੍ਰੀਤ ਘੁੱਗੀ ਇੱਕ ਵੱਡੇ ਵਿਵਾਦ ਵਿੱਚ ਘਿਰ ਗਏ ਸਨ, ਪਰ ਇੱਕ ਸੱਚੇ ਕਲਾਕਾਰ ਦੀ ਤਰ੍ਹਾਂ, ਉਨ੍ਹਾਂ ਨੇ ਇਸ ਮਾਮਲੇ ਤੋਂ ਉਭਰਦੇ ਹੋਏ ਪੰਜਾਬੀ ਫ਼ਿਲਮ ਉਦਯੋਗ ਵਿੱਚ ਆਪਣੀ ਕਾਰਜਸ਼ੀਲਤਾ ਨੂੰ ਹੋਰ ਵਧਾ ਦਿੱਤਾ ਹੈ। ਇਸ ਵਾਰ ਉਹ OTT ਗਲਿਆਰਿਆਂ ਵਿੱਚ ਆਪਣੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। 'ਡੈਂਕ ਸਟੂਡੀਓਜ਼' ਦੇ ਬੈਨਰ ਹੇਠ ਬਣੀ ਇਸ ਸੀਰੀਜ਼ ਨੂੰ ਨਿਰਮਾਤਾ ਜਸਕਰਨ ਸਿੰਘ ਨੇ ਇੱਕ ਬਿੱਗ ਸੈੱਟਅੱਪ ਅਤੇ ਬਹੁਤ ਵੱਡੇ ਪੱਧਰ 'ਤੇ ਤਿਆਰ ਕੀਤਾ ਹੈ, ਜਿਸ ਨਾਲ ਘੁੱਗੀ ਦੇ ਕਿਰਦਾਰ ਨੂੰ ਹੋਰ ਵੀ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ।
ਇਸ ਬਿਹਤਰੀਨ ਸੀਰੀਜ਼ ਦਾ ਨਿਰਦੇਸ਼ਨ ਗੁਰਲਵ ਸਿੰਘ ਰਟੋਲ ਵੱਲੋਂ ਕੀਤਾ ਗਿਆ ਹੈ, ਜੋ ਇਸ ਪ੍ਰੋਜੈਕਟ ਨਾਲ ਪਾਲੀਵੁੱਡ ਵਿੱਚ ਇੱਕ ਨਵੇਂ ਅਤੇ ਪ੍ਰਭਾਵਸ਼ਾਲੀ ਸਫ਼ਰ ਦਾ ਅਗਾਜ਼ ਕਰ ਰਹੇ ਹਨ। ਜੇਕਰ ਬਾਕੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕਿਸ਼ਵਰ, ਗੁਨਵੀਨ ਮਨਚੰਦਾ, ਬਿਨੈ ਮਨਚੰਦਾ, ਸੁਖਵਿੰਦਰ ਰਾਜ ਬੁੱਟਰ ਅਤੇ ਗੁਰਪ੍ਰੀਤ ਤੋਤੀ ਵਰਗੇ ਕਈ ਦਿੱਗਜ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਪਰ ਸਭ ਦੀਆਂ ਨਜ਼ਰਾਂ ਸਿਰਫ਼ ਤੇ ਸਿਰਫ਼ ਗੁਰਪ੍ਰੀਤ ਘੁੱਗੀ ਦੇ ਇਸ ਨਵੇਂ ਤੇ ਵੱਖਰੇ ਅਵਤਾਰ 'ਤੇ ਹੀ ਟਿਕੀਆਂ ਰਹਿਣਗੀਆਂ। ਇਹ ਵੈੱਬ ਸੀਰੀਜ਼ 29 ਮਈ ਨੂੰ ਚੌਪਾਲ ਓਟੀਟੀ ਪਲੇਟਫਾਰਮ ਉੱਤੇ ਦੇਖੀ ਜਾ ਸਕਦੀ ਹੈ।

