ਮੁੰਬਈ: ਅਦਾਕਾਰ ਆਸ਼ੂਤੋਸ਼ ਰਾਣਾ ਨੇ ਵੈੱਬ ਸੀਰੀਜ਼ ‘ਦਿ ਗਰੇਟ ਇੰਡੀਅਨ ਮਰਡਰ’ ਵਿੱਚ ਨਿਰਦੇਸ਼ਕ ਤਿਗਮਾਂਸ਼ੂ ਧੂਲੀਆ ਨਾਲ ਕੰਮ ਕਰਨ ਦਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸ ਨੂੰ ਸਕ੍ਰਿਪਟ ਪੜ੍ਹਨ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਕਿਉਂਕਿ ਉਸ ਨੂੰ ਤਿਗਮਾਂਸ਼ੂ ਦੇ ਨਾਂ ਤੋਂ ਹੀ ਪਤਾ ਲੱਗ ਗਿਆ ਸੀ ਕਿ ਇਹ ਪ੍ਰਾਜੈਕਟ ਕਾਫੀ ਵੱਡਾ ਹੋਵੇਗਾ। ਸੀਰੀਜ਼ ਵਿੱਚ ਆਸ਼ੂਤੋਸ਼ ਸਿਆਸੀ ਆਗੂ ‘ਜਗਨਨਾਥ ਰਾਏ’ ਦਾ ਕਿਰਦਾਰ ਨਿਭਾ ਰਿਹਾ ਹੈ। ਸਿਆਸੀ ਦਬਦਬਾ, ਅਪਰਾਧਕ ਗਤੀਵਿਧੀਆਂ ਅਤੇ ਹਿੰਸਾ ਉਸ ਦੇ ਜੀਵਨ ਦਾ ਹਿੱਸਾ ਹਨ।
ਤਿਗਮਾਂਸ਼ੂ ਬਾਰੇ ਗੱਲ ਕਰਦਿਆਂ ਅਦਾਕਾਰ ਨੇ ਕਿਹਾ, ‘‘ਉਸ ਨਾਲ ਮੇਰਾ ਸਫ਼ਰ ਕਾਫੀ ਸ਼ਾਨਦਾਰ ਰਿਹਾ। ਉਹ ਬਹੁਤ ਸ਼ਾਨਦਾਰ ਨਿਰਦੇਸ਼ਕ, ਲੇਖਕ ਅਤੇ ਅਦਾਕਾਰ ਹੈ। ਇਹ ਸੁਮੇਲ ਆਪਣੇ ਆਪ ਵਿੱਚ ਹੀ ਬਹੁਤ ਵਧੀਆ ਹੈ। ਕਲਾ ਉਸ ਦਾ ਪੇਸ਼ਾ ਨਹੀਂ ਹੈ। ਇਹ ਉਸ ਦਾ ਸੁਭਾਅ ਹੈ ਕਿ ਜਦੋਂ ਤੁਸੀਂ ਉਸ ਨਾਲ ਕੰਮ ਕਰਦੇ ਹੋ ਤਾਂ ਉਹ ਤੁਹਾਨੂੰ ਤੁਹਾਡੀਆਂ ਹੱਦਾਂ ਤੋਂ ਅੱਗੇ ਧੱਕਦਾ ਹੈ ਅਤੇ ਤੁਸੀਂ ਦੇਖਦੇ ਹੋ ਕਿ ਤੁਸੀਂ ਆਪਣੀਆਂ ਹੱਦਾਂ ਤੋਂ ਕਾਫੀ ਅੱਗੇ ਨਿਕਲ ਆਏ ਹੋ।’’ ਉਸ ਨੇ ਕਿਹਾ, ‘‘ਉਹ ਮੌਜੂਦਾ ਸਮੇਂ ਦੇ ਸਭ ਤੋਂ ਵਧੀਆ ਨਿਰਦੇਸ਼ਕਾਂ ’ਚੋਂ ਇੱਕ ਹੈ। ਜੇ ਤੁਸੀਂ ਉਸ ਨਾਲ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਸੈੱਟ ’ਤੇ ਬਿਨਾਂ ਤਿਆਰੀ ਦੇ ਜਾਣਾ ਪਵੇਗਾ ਕਿਉਂਕਿ ਦ੍ਰਿਸ਼ ਤਾਂ ਲਿਖਿਆ ਹੀ ਹੋਇਆ ਹੈ ਪਰ ਉਹ ਤੁਹਾਨੂੰ ਮੌਕੇ ਦੇ ਹਿਸਾਬ ਨਾਲ ਕਈ ਨਵੇਂ ਟੀਚੇ ਦੇ ਕੇ ਕਿਰਦਾਰ ਨਿਭਾਉਣ ਲਈ ਕਹਿੰਦਾ ਹੈ।’’
ਜ਼ਿਕਰਯੋਗ ਹੈ ਕਿ ‘ਦਿ ਗ੍ਰੇਟ ਇੰਡੀਅਨ ਮਰਡਰ’ ਵਿਕਾਸ ਸਵਰੂਪ ਦੇ ਨਾਵਲ ‘ਸਿਕਸ ਸਸਪੈਕਟਸ’ ਉੱਤੇ ਅਧਾਰਤ ਹੈ, ਜਿਸ ਦੀ ਕਹਾਣੀ ਇੱਕ ਮੰਤਰੀ ਦੇ ਪੁੱਤਰ ਦੇ ਕਤਲ ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਆਸ਼ੂਤੋਸ਼ ਤੋਂ ਇਲਾਵਾ ਪ੍ਰਤੀਕ ਗਾਂਧੀ, ਰਿਚਾ ਚੱਢਾ, ਰਘੁਬੀਰ ਯਾਦਵ ਨਜ਼ਰ ਆਉਣਗੇ। -ਆਈਏਐੱਨਐੱਸ