DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਬਦਾਂ ਵਿੱਚ ਵਹਿੰਦੇ ਵਿਚਾਰ

ਸਾਡੇ ਮਨ ਅਕਸਰ ਵਿਚਾਰਾਂ ਨਾਲ ਭਰੇ ਰਹਿੰਦੇ ਹਨ। ਵਿਚਾਰਾਂ ਦਾ ਪਰਵਾਹ ਨਿਰੰਤਰ ਚੱਲਦਾ ਰਹਿੰਦਾ ਹੈ। ਕਈ ਵਾਰ ਇਹ ਵਿਚਾਰ ਆਪਸ ਵਿੱਚ ਹੀ ਇਸ ਕਦਰ ਉਲਝ ਜਾਂਦੇ ਹਨ ਕਿ ਗੁੰਝਲਦਾਰ ਬਣ ਜਾਂਦੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਖ਼ਿਆਲ ਸਪੱਸ਼ਟ...

  • fb
  • twitter
  • whatsapp
  • whatsapp
Advertisement

ਸਾਡੇ ਮਨ ਅਕਸਰ ਵਿਚਾਰਾਂ ਨਾਲ ਭਰੇ ਰਹਿੰਦੇ ਹਨ। ਵਿਚਾਰਾਂ ਦਾ ਪਰਵਾਹ ਨਿਰੰਤਰ ਚੱਲਦਾ ਰਹਿੰਦਾ ਹੈ। ਕਈ ਵਾਰ ਇਹ ਵਿਚਾਰ ਆਪਸ ਵਿੱਚ ਹੀ ਇਸ ਕਦਰ ਉਲਝ ਜਾਂਦੇ ਹਨ ਕਿ ਗੁੰਝਲਦਾਰ ਬਣ ਜਾਂਦੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਖ਼ਿਆਲ ਸਪੱਸ਼ਟ ਨਹੀਂ ਹਨ, ਪਰ ਵਿਚਾਰ ਤਾਂ ਸਪੱਸ਼ਟ ਸਨ। ਦਰਅਸਲ, ਉਨ੍ਹਾਂ ਦਾ ਪ੍ਰਗਟਾਵਾ ਨਾ ਹੋਣ ਕਾਰਨ ਵਿਚਾਰਾਂ ਦੀ ਤਾਣੀ ਉਲਝਦੀ ਜਾਂਦੀ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਡਾ ਮਨ ਗੁੰਝਲਾਂ ਨਾਲ ਭਰਿਆ ਹੈ। ਵਿਚਾਰਾਂ ਦਾ ਪ੍ਰਗਟਾਵਾ ਇਨ੍ਹਾਂ ਦੇ ਪ੍ਰਵਾਹ ਨੂੰ ਨਵੀਂ ਸੇਧ ਦਿੰਦਾ ਹੈ। ਨਵਾਂਪਣ ਲੈ ਕੇ ਆਉਂਦਾ ਹੈ। ਪੁਰਾਣੇ ਖ਼ਿਆਲ ਬਾਹਰ ਨਿਕਲਦੇ ਰਹਿੰਦੇ ਹਨ ਤੇ ਨਵੇਂ ਉਨ੍ਹਾਂ ਦੀ ਥਾਂ ਲੈਂਦੇ ਰਹਿੰਦੇ ਹਨ। ਇਸ ਨਾਲ ਵਿਚਾਰ ਦੀ ਸਪੱਸ਼ਟਤਾ ਨਜ਼ਰ ਆਉਣ ਲੱਗਦੀ ਹੈ।

ਅਕਸਰ ਨਦੀਆਂ ਦਾ ਪਾਣੀ ਉਦੋਂ ਗੰਧਲਾ ਹੁੰਦਾ ਹੈ, ਜਦੋਂ ਉਹ ਰੁਕ ਜਾਂਦਾ ਹੈ। ਅਜਿਹਾ ਜਾਂ ਤਾਂ ਕਿਸੇ ਪਦਾਰਥ ਦੀ ਮਿਲਾਵਟ ਕਾਰਨ ਹੁੰਦਾ ਹੈ ਜਾਂ ਕੋਈ ਰੋਕ ਲੱਗ ਜਾਣ ਕਾਰਨ। ਪਾਣੀ ਦਾ ਨਿਰੰਤਰ ਵਹਿਣਾ ਪਾਣੀ ਦੀ ਨਿਰਮਲਤਾ ਨੂੰ ਕਾਇਮ ਰੱਖਦਾ ਹੈ। ਸਾਡਾ ਮਨ ਵੀ ਉਸ ਨਦੀ ਸਮਾਨ ਹੀ ਹੈ। ਜੇ ਲਗਾਤਾਰ ਵਿਚਾਰ ਬਿਨਾਂ ਪ੍ਰਗਟਾਵੇ ਤੋਂ ਇੱਕ ਥਾਂ ਪਏ ਰਹਿਣ ਤਾਂ ਇਹ ਸੜ੍ਹਾਂਦ ਮਾਰਨ ਲੱਗਦੇ ਹਨ। ਜਿਵੇਂ ਨਾਲਿਆਂ ਜਾਂ ਛੱਪੜਾਂ ਦਾ ਰੁਕਿਆ ਹੋਇਆ ਪਾਣੀ। ਵਿਚਾਰਾਂ ਦਾ ਨਿਰੰਤਰ ਵਹਿਣਾ ਇਨ੍ਹਾਂ ਨੂੰ ਨਵਿਆਉਂਦਾ ਰਹਿੰਦਾ ਹੈ।

Advertisement

ਮਨੁੱਖੀ ਮਨ ਚੰਚਲ ਸੁਭਾਅ ਦਾ ਹੈ। ਤਰ੍ਹਾਂ-ਤਰ੍ਹਾਂ ਦੀ ਭਟਕਣਾ ਇਸ ਦਾ ਹਿੱਸਾ ਹੈ। ਇਸੇ ਕਾਰਨ ਪ੍ਰਾਚੀਨ ਕਾਲ ਤੋਂ ਹੀ ਭਾਰਤ ਵਿੱਚ ਮਨ ਨੂੰ ਸਮਝਣ ਤੇ ਉਸ ਨੂੰ ਸਹੀ ਸੇਧ ਦੇਣ ਦੀ ਪਰੰਪਰਾ ਪ੍ਰਚੱਲਿਤ ਰਹੀ ਹੈ। ਮਨ ਦੇ ਵਿਚਾਰਾਂ ਨੂੰ ਦੇਖਣਾ, ਸਮਝਣਾ ਤੇ ਉਨ੍ਹਾਂ ਨੂੰ ਉਸਾਰੂ ਰੂਪ ਦੇਣਾ ਤਾਂ ਜੋ ਸਮਾਜ ਦੇ ਭਲੇ ਲਈ ਕੁਝ ਸਿਰਜਿਆ ਜਾ ਸਕੇ। ਇਹੀ ਇਸ ਪ੍ਰਕਿਰਿਆ ਦਾ ਮੁੱਖ ਮੰਤਵ ਰਿਹਾ ਹੈ। ਜਿਵੇਂ ਨਦੀਆਂ ਦਾ ਪਾਣੀ ਬੰਨ੍ਹ ਮਾਰ ਕੇ ਆਪ ਰੋਕਿਆ ਜਾਂਦਾ ਹੈ ਤਾਂ ਜੋ ਪਣ-ਊਰਜਾ ਪੈਦਾ ਕੀਤੀ ਜਾ ਸਕੇ। ਭਾਵ ਉਸ ਨੂੰ ਉਸਾਰੂ ਦਿਸ਼ਾ ਦਿੱਤੀ ਜਾ ਸਕੇ।

Advertisement

ਅੱਜਕੱਲ੍ਹ ਕਿਸੇ ਕੋਲ ਏਨਾ ਸਮਾਂ ਜਾਂ ਸਾਹਸ ਨਹੀਂ ਹੈ ਕਿ ਮਨ ਨੂੰ ਸਾਧਣ ਲਈ ਕਠਿਨ ਤਪੱਸਿਆ ਕੀਤੀ ਜਾ ਸਕੇ, ਪਰ ਵਿਚਾਰਾਂ ਵਿੱਚ ਨਵੀਨਤਾ ਭਰਨ ਲਈ ਹੋਰ ਵੀ ਬਹੁਤ ਸਾਰੇ ਸਾਧਨ ਹਨ- ਮੈਡੀਟੇਸ਼ਨ ਕਰਨਾ, ਸੰਗੀਤ ਸੁਣਨਾ, ਗੱਲਬਾਤ ਰਾਹੀ ਵਿਚਾਰਾਂ ਦਾ ਅਦਾਨ-ਪ੍ਰਦਾਨ ਤੇ ਲੇਖਨ ਕਲਾ। ਇਨ੍ਹਾਂ ਵਿੱਚੋਂ ਲੇਖਨ ਕਲਾ ਇੱਕ ਵਿਲੱਖਣ ਰੂਪ ਹੈ। ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਵਿਚਾਰ ਬੋਲਣ ਦੀ ਰਫ਼ਤਾਰ ਨਾਲ ਚੱਲਦੇ ਹਨ, ਪਰ ਲਿਖਣ ਸਮੇਂ ਸਾਨੂੰ ਹਰ ਸ਼ਬਦ ਨਾਲ ਠਹਿਰਨਾ ਪੈਂਦਾ ਹੈ। ਇਹ ਠਹਿਰਾਅ ਸਾਨੂੰ ਮੌਕਾ ਦਿੰਦਾ ਹੈ ਆਪਣੇ ਵਿਚਾਰਾਂ ਨੂੰ ਹੋਰ ਡੂੰਘਾਈ ਨਾਲ ਦੇਖਣ ਦਾ। ਉਨ੍ਹਾਂ ਨੂੰ ਸਮਝਣ ਦਾ। ਇਸ ਲਈ ਲਿਖਣ ਨਾਲ ਸਿਰਫ਼ ਸਾਡੇ ਵਿਚਾਰਾਂ ਨੂੰ ਰਾਹ ਹੀ ਨਹੀਂ ਮਿਲਦਾ ਸਗੋਂ ਇਹ ਉਨ੍ਹਾਂ ਨੂੰ ਸੰਵਾਰਨ ਦੀ ਇੱਕ ਪ੍ਰਕਿਰਿਆ ਬਣ ਜਾਂਦੀ ਹੈ। ਸਾਡੇ ਵਿਚਾਰ ਸੰਜਮਤਾ ਫੜਨ ਲੱਗਦੇ ਹਨ।

ਜਦੋਂ ਤੁਸੀਂ ਲਿਖਣਾ ਸ਼ੁਰੂ ਕਰਦੇ ਹੋ ਤਾਂ ਕਈ ਵਾਰ ਵਿਚਾਰਾਂ ਦੀ ਸਪੱਸ਼ਟਤਾ ਨਾ ਹੋਣ ਕਾਰਨ ਵਾਕ ਬਣਤਰ ਸਹੀ ਨਹੀਂ ਰਹਿੰਦੀ। ਕਦੇ-ਕਦੇ ਸਾਰਥਕ ਸ਼ਬਦ ਨਹੀ ਸੁੱਝਦੇ, ਪਰ ਜਿਉਂ-ਜਿਉਂ ਸਾਡਾ ਲਿਖਣ ਦਾ ਸਫ਼ਰ ਅੱਗੇ ਵਧਣ ਲੱਗਦਾ ਹੈ, ਸਾਡੀ ਲਿਖਣ ਸ਼ੈਲੀ ਸੁਧਰਨ ਲੱਗਦੀ ਹੈ। ਅਸਲ ਵਿੱਚ ਇਹ ਸੁਧਾਰ ਸਾਡੇ ਮਨ ਦੇ ਵਿਚਾਰਾਂ ਦੇ ਸੁਲਝਣ ਦਾ ਨਤੀਜਾ ਹੁੰਦਾ ਹੈ। ਲਿਖਣ ਰਾਹੀਂ ਪੁਰਾਣੇ ਇਕੱਤਰ ਹੋਏ ਵਿਚਾਰ ਬਾਹਰ ਜਾਣ ਲੱਗਦੇ ਹਨ ਅਤੇ ਨਵੇਂ ਵਿਚਾਰਾਂ ਲਈ ਖਾਲੀ ਥਾਂ ਬਣਦੀ ਜਾਂਦੀ ਹੈ। ਇਹ ਅਦਾਨ-ਪ੍ਰਦਾਨ ਵਿਚਾਰਾਂ ਨੂੰ ਉਚਾਈ ਦੇਣ ਲੱਗਦਾ ਹੈ। ਸਾਡੇ ਖ਼ਿਆਲਾਂ ਨੂੰ ਪਨਪਣ ਜਾਂ ਪੈਦਾ ਹੋਣ ਲਈ ਖੁੱਲ੍ਹਾ ਤੇ ਸੋਹਣਾ ਮਾਹੌਲ ਮਿਲਣ ਲੱਗਦਾ ਹੈ। ਹੌਲੀ-ਹੌਲੀ ਸਾਡੀਆ ਲਿਖਤਾਂ ਵਿੱਚ ਸੁਧਾਰ ਆਉਣ ਲੱਗਦਾ ਹੈ।

ਲਿਖਣਾ ਮਨ ਦੇ ਬੋਝ ਨੂੰ ਹਲਕਾ ਕਰਨ ਵਿੱਚ ਬਹੁਤ ਉਚੇਚੀ ਥਾਂ ਰੱਖਦਾ ਹੈ। ਸ਼ਾਇਦ ਇਸੇ ਕਰਕੇ ਹੀ ਜਰਨਲਿੰਗ ਨੂੰ ਏਨਾ ਮਹੱਤਵ ਦਿੱਤਾ ਜਾਂਦਾ ਹੈ। ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ਦੇ ਉਭਾਰ ਨਾਲ ਹਰੇਕ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹ ਮਿਲੀ ਹੈ ਤਾਂ ਹੀ ਤੁਸੀਂ ਮਹਿਸੂਸ ਕਰਦੇ ਹੋਵੇਗੇ ਕਿ ਲੋਕ ਹੁਣ ਉਨ੍ਹਾਂ ਵਿਸ਼ਿਆਂ ’ਤੇ ਖੁੱਲ੍ਹ ਕੇ ਵਿਚਾਰ ਪ੍ਰਗਟ ਕਰ ਰਹੇ ਹਨ ਜੋ ਪਹਿਲਾਂ ਉਨ੍ਹਾਂ ਦੀ ਗੱਲਬਾਤ ਦਾ ਹਿੱਸਾ ਹੀ ਨਹੀਂ ਸੀ।

ਮੇਰਾ ਨਿੱਜੀ ਤਜਰਬਾ ਹੈ ਕਿ ਜਦੋਂ ਕਦੇ ਵੀ ਮਾਨਸਿਕ ਤਣਾਅ ਜਾਂ ਭਾਰੀਪਣ ਮਹਿਸੂਸ ਹੋਵੇ ਤਾਂ ਕੁਝ ਨਾ ਕੁਝ ਲਿਖਣ ਬੈਠ ਜਾਣਾ ਫਾਇਦੇਮੰਦ ਹੋ ਸਕਦਾ ਹੈ। ਹੌਲੀ-ਹੌਲੀ ਮਾਨਸਿਕ ਬੋਝ ਛਟਣ ਲੱਗਦਾ ਹੈ। ਮਨ ਹੌਲਾ ਮਹਿਸੂਸ ਕਰਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਾਲੇ ਬੱਦਲ ਮੀਂਹ ਵਰ੍ਹਨ ਤੋਂ ਬਾਅਦ ਸਫ਼ੈਦ ਨਜ਼ਰ ਆਉਣ ਲੱਗਦੇ ਹਨ। ਬੱਦਲ ਛਟਣ ਲੱਗਦੇ ਹਨ ਤੇ ਚਾਨਣ ਪਸਰਨ ਲੱਗਦਾ ਹੈ।

ਕਈ ਵਾਰ ਮਨ ਦੀਆਂ ਗੁੰਝਲਾਂ ਦਾ ਹੱਲ ਉਨ੍ਹਾਂ ਨੂੰ ਜ਼ਬਰਦਸਤੀ ਸੁਲਝਾਉਣ ਵਿੱਚ ਨਹੀਂ, ਸਗੋਂ ਉਨ੍ਹਾਂ ਨੂੰ ਸ਼ਬਦਾਂ ਵਿੱਚ ਉਤਾਰ ਦੇਣ ਵਿੱਚ ਲੁਕਿਆ ਹੁੰਦਾ ਹੈ। ਜਦੋਂ ਵਿਚਾਰ ਕਾਗਜ਼ਾਂ ’ਤੇ ਉਤਰਨ ਲੱਗਦੇ ਹਨ ਤਾਂ ਮਨ ’ਤੇ ਬਣਿਆ ਬੋਝ ਹਲਕਾ ਹੋਣ ਲੱਗਦਾ ਹੈ। ਇਸੇ ਹੌਲੇਪਣ ਵਿੱਚੋਂ ਸਪੱਸ਼ਟਤਾ ਜਨਮ ਲੈਣ ਲੱਗਦੀ ਹੈ।

ਸੰਪਰਕ: 95015-32509

Advertisement
×