DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਹੱਬਤ ਦਾ ਇਜ਼ਹਾਰ ਇੰਝ ਵੀ ਹੁੰਦਾ

ਜਦੋਂ ਵੀ ਮੁਹੱਬਤ ਦੀ ਗੱਲ ਤੁਰਦੀ ਹੈ ਤਾਂ ਸਾਡੇ ਦਿਲੋ ਦਿਮਾਗ਼ ਵਿੱਚ ਰੁਮਾਂਟਿਕ ਫਿਲਮੀ ਦ੍ਰਿਸ਼ ਉੱਭਰਨ ਲੱਗਦੇ ਹਨ। ਜਿਵੇਂ ਚੰਨ ਤਾਰੇ ਤੋੜ ਕੇ ਲਿਆਉਣ ਦੀਆਂ ਗੱਲਾਂ, ਇੱਕ ਦੂਜੇ ਤੋਂ ਜਾਨ ਵਾਰਨ ਦੀਆਂ ਗੱਲਾਂ, ਅੰਬਰਾਂ ਵਿੱਚ ਮਹਿਲ ਮੁਨਾਰੇ ਬਣਾਉਣ ਦੀਆਂ ਗੱਲਾਂ...

  • fb
  • twitter
  • whatsapp
  • whatsapp
Advertisement

ਜਦੋਂ ਵੀ ਮੁਹੱਬਤ ਦੀ ਗੱਲ ਤੁਰਦੀ ਹੈ ਤਾਂ ਸਾਡੇ ਦਿਲੋ ਦਿਮਾਗ਼ ਵਿੱਚ ਰੁਮਾਂਟਿਕ ਫਿਲਮੀ ਦ੍ਰਿਸ਼ ਉੱਭਰਨ ਲੱਗਦੇ ਹਨ। ਜਿਵੇਂ ਚੰਨ ਤਾਰੇ ਤੋੜ ਕੇ ਲਿਆਉਣ ਦੀਆਂ ਗੱਲਾਂ, ਇੱਕ ਦੂਜੇ ਤੋਂ ਜਾਨ ਵਾਰਨ ਦੀਆਂ ਗੱਲਾਂ, ਅੰਬਰਾਂ ਵਿੱਚ ਮਹਿਲ ਮੁਨਾਰੇ ਬਣਾਉਣ ਦੀਆਂ ਗੱਲਾਂ ਆਦਿ। ਜਦੋਂ ਕਿ ਅਸਲੀ ਮੁਹੱਬਤ ਇੱਕ ਅਜਿਹਾ ਮਹੀਨ ਰੁਹਾਨੀ ਫ਼ਲਸਫ਼ਾ ਹੈ, ਜਿਸ ਦੀ ਗਹਿਰਾਈ ਨੂੰ ਸਮਝਣਾ ਖਾਅਲਾ ਜੀ ਦਾ ਵਾੜਾ ਨਹੀਂ। ਖ਼ੈਰ, ਦੁਨਿਆਵੀ ਗਰਜ਼ਮੰਦਾਂ ਦੀ ਮੁਹੱਬਤ ਤਾਂ ਇਨ੍ਹਾਂ ਮਿੱਠੀਆਂ ਹਵਾਈ ਗੱਲਾਂ ਵਾਂਗ ਹੀ ਹੁੰਦੀ ਹੈ ਤੇ ਇਹ ਮਿੱਠੀਆਂ ਗੱਲਾਂ ਵਿਆਹ ਤੋਂ ਪਹਿਲਾਂ ਬੇਹੱਦ ਕਾਰਗਰ ਵੀ ਸਹਾਈ ਹੁੰਦੀਆਂ ਹਨ, ਪ੍ਰੰਤੂ ਵਿਆਹ ਮਗਰੋਂ ਜ਼ਿੰਦਗੀ ਦੀਆਂ ਬਦਲਦੀਆਂ ਲੋੜਾਂ, ਆਸਾਂ-ਉਮੀਦਾਂ ਅਤੇ ਹਾਲਾਤ ਕਾਰਨ ਮੁਹੱਬਤ ਦੇ ਮਾਅਨੇ ਵੀ ਬਦਲ ਜਾਂਦੇ ਹਨ।

ਅਜੋਕੇ ਸਮਾਜ ਵਿੱਚ ਅਕਸਰ ਪਤਨੀਆਂ ਨੂੰ ਆਪਣੇ ਪਤੀਆਂ ਕੋਲੋਂ ਇਹੀ ਸ਼ਿਕਵਾ ਰਹਿੰਦਾ ਹੈ ਕਿ ਪਤੀ ਵਿਆਹ ਤੋਂ ਪਹਿਲਾਂ ਜਿੰਨੀ ਮੁਹੱਬਤ ਕਰਦਾ ਸੀ, ਵਿਆਹ ਮਗਰੋਂ ਓਨੀ ਮੁਹੱਬਤ ਨਹੀਂ ਕਰਦਾ। ਵਿਆਹ ਤੋਂ ਪਹਿਲਾਂ ਜੋ ਆਪਣੀ ਮਹਿਬੂਬਾ ਲਈ ਜਾਨ ਦੇਣ ਤੱਕ ਤਿਆਰ ਹੋ ਜਾਂਦੇ ਹਨ, ਵਿਆਹ ਮਗਰੋਂ ਜੇਕਰ ਪਤਨੀ ਉਨ੍ਹਾਂ ਨੂੰ ਕੋਈ ਘਰੇਲੂ ਕੰਮ ਕਰਨ ਲਈ ਕਹਿ ਦੇਵੇ ਤਾਂ ਜਾਨ ਨਿਕਲ ਜਾਂਦੀ ਹੈ। ਮਗਰਲੀ ਜ਼ਿੰਦਗੀ ਵਿੱਚ ਸਿਰਫ਼ ਮਿੱਠੀਆਂ ਗੱਲਾਂ ਨਾਲ ਮੁਹੱਬਤ ਦਾ ਇਜ਼ਹਾਰ ਨਹੀਂ ਕੀਤਾ ਜਾ ਸਕਦਾ ਸਗੋਂ ਪਤਨੀ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ, ਖ਼ਾਸ ਕਰਕੇ ਘਰੇਲੂ ਕੰਮਾਂ-ਕਾਰਾਂ ਵਿੱਚ ਹੱਥ ਵਟਾਉਣਾ ਤੇ ਦਿਨ ਚੜ੍ਹਦੀ ਜ਼ਿੰਦਗੀ ਦੇ ਬੋਝ ਨੂੰ ਰਲ ਮਿਲ ਕੇ ਚੁੱਕਣਾ ਹੀ ਮੁਹੱਬਤ ਦਾ ਪ੍ਰਗਟਾਵਾ ਹੁੰਦਾ ਹੈ। ਰਬਿੰਦਰਨਾਥ ਟੈਗੋਰ ਦਾ ਕਥਨ ਹੈ ‘ਪਿਆਰ ਉਹ ਨਹੀਂ ਜੋ ਕਿਸੇ ਨੂੰ ਆਪਣਾ ਬਣਾ ਲਏ, ਪਿਆਰ ਉਹ ਹੈ ਜੋ ਕਿਸੇ ਦੇ ਨਾਲ ਮਿਲ ਕੇ ਜਿਉਣਾ ਸਿਖਾ ਦੇਵੇ।’

Advertisement

ਪਤੀ-ਪਤਨੀ ਦਾ ਰਿਸ਼ਤਾ ਦੁਨੀਆ ਦੇ ਸਭ ਰਿਸ਼ਤਿਆਂ ਨਾਲੋਂ ਵੱਡਾ ਇਸੇ ਕਰਕੇ ਗਿਣਿਆ ਗਿਆ ਹੈ ਕਿਉਂਕਿ ਜ਼ਿੰਦਗੀ ਦੇ ਸਫ਼ਰ ਵਿੱਚ ਬਾਕੀ ਰਿਸ਼ਤਿਆਂ ਦੇ ਮੁਕਾਬਲੇ ਇਹ ਦੋਵੇਂ ਇੱਕ ਦੂਜੇ ਦੇ ਅਸਲੀ ਹਮਰਾਜ਼ ਤੇ ਹਮਰਾਹ ਹੋ ਨਿੱਬੜਦੇ ਹਨ। ਰਲਮਿਲ ਕੇ ਕੀਤੇ ਗਏ ਘਰੇਲੂ ਕੰਮ-ਕਾਰ ਜਿਵੇਂ ਭਾਂਡੇ ਮਾਂਜਣੇ, ਕੱਪੜੇ ਧੋਣੇ, ਖਾਣਾ ਬਣਾਉਣਾ, ਸਬਜ਼ੀਆਂ ਕੱਟਣੀਆਂ, ਸਾਫ਼ ਸਫ਼ਾਈ, ਬੱਚਿਆਂ ਦੀ ਸੰਭਾਲ ਆਦਿ ਨਾਲ ਜਿੱਥੇ ਥੋੜ੍ਹੇ ਸਮੇਂ ਵਿੱਚ ਵਧੀਆ ਢੰਗ ਨਾਲ ਕੰਮ ਨਿਪਟਦਾ ਹੈ, ਉੱਥੇ ਇੱਕ ਦੂਜੇ ਲਈ ਪਿਆਰ ਤੇ ਸਤਿਕਾਰ ਹੋਰ ਵਧਦਾ ਹੈ। ਪਤਨੀਆਂ ਸ਼ਬਦਾਂ ਨਾਲ ਨਹੀਂ ਸਗੋਂ ਕੰਮਾਂ ਕਾਰਾਂ ਨਾਲ ਜਤਾਈ ਮੁਹੱਬਤ ਦੀਆਂ ਕਾਇਲ ਹੁੰਦੀਆਂ ਹਨ। ਇੱਕ ਮਨੋਵਿਗਿਆਨੀ ਨੇ ਦੱਸਿਆ ਕਿ ਉਸ ਕੋਲ ਤਣਾਅ ਦੇ ਇਲਾਜ ਵਾਸਤੇ ਆਈ ਇੱਕ ਔਰਤ ਦੀ ਸਭ ਤੋਂ ਵੱਡੀ ਸਮੱਸਿਆ ਇਹੀ ਨਿਕਲੀ ਕਿ ਉਹ ਆਪਣੀ ਅੰਦਰਲੀ ਭੜਾਸ ਨਹੀਂ ਸੀ ਕੱਢ ਪਾ ਰਹੀ ਕਿਉਂਕਿ ਉਸ ਦਾ ਪਤੀ ਨਾ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦਾ ਸੀ ਅਤੇ ਨਾ ਹੀ ਉਸ ਦੇ ਗਿਲੇ ਸ਼ਿਕਵੇ ਸੁਣਦਾ ਸੀ।

Advertisement

ਇੱਕ ਮਨੋਵਿਗਿਆਨਕ ਤੱਥ ਇਹ ਵੀ ਹੈ ਕਿ ਘਰੇਲੂ ਕੰਮਕਾਜ ਕਰਦਿਆਂ ਸਿਰਜਣਾਤਮਕ ਵਿਚਾਰਾਂ ਦਾ ਪ੍ਰਵਾਹ ਜ਼ਿਆਦਾ ਤੇਜ਼ ਹੁੰਦਾ ਹੈ। ਮੇਰਾ ਨਿੱਜੀ ਤਜਰਬਾ ਹੈ ਕਿ ਮੇਰੀਆਂ ਅੱਧੀਆਂ ਤੋਂ ਵੱਧ ਲਿਖਤਾਂ ਦੇ ਵਿਚਾਰ ਘਰੇਲੂ ਕੰਮਕਾਰ ਕਰਦਿਆਂ ਹੀ ਜ਼ਹਿਨ ਵਿੱਚ ਆਏ ਹਨ। ਮੇਰੇ ਇੱਕ ਮਿੱਤਰ ਨੇ ਇੱਕ ਵਾਰ ਹਾਸੇ ਵਿੱਚ ਗੱਲ ਕਰਦਿਆਂ ਦੱਸਿਆ ਸੀ ਕਿ ਮੇਰੀ ਪਤਨੀ ਨੇ ਮੈਨੂੰ ਡਿਸ਼ਵਾਸ਼ਰ (ਭਾਂਡੇ ਧੋਣ ਵਾਲੀ ਮਸ਼ੀਨ) ਲੈਣ ਲਈ ਕਿਹਾ, ਪਰ ਮਹਿੰਗਾ ਹੋਣ ਕਾਰਨ ਮੈਂ ਡਿਸ਼ਵਾਸ਼ਰ ਨਹੀਂ ਲੈਣਾ ਚਾਹੁੰਦਾ ਸੀ। ਸੋ, ਘਰ ਵਿੱਚ ਭਾਂਡੇ ਮਾਂਜਣ ਦੀ ਜ਼ਿੰਮੇਵਾਰੀ ਮੈਂ ਚੁੱਕ ਲਈ ਅਤੇ ਡਿਸ਼ਵਾਸ਼ਰ ਦੇ ਬਚੇ ਪੈਸਿਆਂ ਨਾਲ ਅਸੀਂ ਪਰਿਵਾਰ ਸਮੇਤ ਪਹਾੜਾਂ ਵਿੱਚ ਛੁੱਟੀਆਂ ਮਨਾ ਆਏ। ਫਜ਼ੂਲ ਖ਼ਰਚਾ ਵੀ ਬਚ ਗਿਆ ਨਾਲੇ ਪਤਨੀ ਤੇ ਬੱਚੇ ਵੀ ਖ਼ੁਸ਼ ਹੋ ਗਏ।

ਦਰਅਸਲ, ਸਾਡੇ ਸਮਾਜ ਵਿੱਚ ਘਰੇਲੂ ਕੰਮ ਸਿਰਫ਼ ਔਰਤਾਂ ਦੀ ਹੀ ਜ਼ਿੰਮੇਵਾਰੀ ਮੰਨੇ ਜਾਂਦੇ ਹਨ, ਪਰ ਹੁਣ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਤੇ ਬਹੁਤਾਤ ਵਿੱਚ ਪੁਰਸ਼ ਇਹ ਗੱਲ ਸਮਝ ਵੀ ਚੁੱਕੇ ਹਨ। ਇਸੇ ਲਈ ਅਜੋਕੇ ਸ਼ਹਿਰੀ ਸਮਾਜ ਵਿੱਚ ਅਸਲੀ ਜੈਂਟਲਮੈਨ ਉਹੀ ਮੰਨਿਆ ਜਾਂਦਾ ਹੈ ਜੋ ਪਤਨੀ ਨਾਲ ਮਿਲ ਕੇ ਕੰਮ ਕਰਨ ਵਿੱਚ ਕੋਈ ਹੀਣ ਭਾਵਨਾ ਨਾ ਮੰਨਦਾ ਹੋਵੇ। ਖ਼ਾਸ ਕਰਕੇ ਜਿੱਥੇ ਪਤੀ-ਪਤਨੀ ਦੋਵੇਂ ਨੌਕਰੀਪੇਸ਼ਾ ਹੋਣ, ਉੱਥੇ ਤਾਂ ਪਤੀ ਦਾ ਪਤਨੀ ਨਾਲ ਹਰ ਛੋਟੇ-ਵੱਡੇ ਘਰੇਲੂ ਕੰਮ ਵਿੱਚ ਹੱਥ ਵਟਾਉਣਾ ਲਾਜ਼ਮੀ ਹੋ ਜਾਂਦਾ ਹੈ। ਮੇਰੀ ਇੱਕ ਸਹਿਕਰਮੀ ਨੇ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਅਸੀਂ ਦੋਵੇਂ ਪਤੀ-ਪਤਨੀ ਜਦੋਂ ਸ਼ਾਮ ਨੂੰ ਕੰਮ ਤੋਂ ਘਰ ਜਾਂਦੇ ਹਾਂ ਤਾਂ ਦਫ਼ਤਰ ਦੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਕਰਦੇ ਕਦੋਂ ਰਲ ਮਿਲ ਕੇ ਕੰਮ ਨਿਪਟਾ ਲੈਂਦੇ ਹਾਂ ਪਤਾ ਹੀ ਨਹੀਂ ਚੱਲਦਾ। ਜਿੱਥੇ ਪਤੀ ਨੌਕਰੀਪੇਸ਼ਾ ਹੋਵੇ ਅਤੇ ਪਤਨੀ ਘਰ ਚਲਾਉਂਦੀ ਹੋਵੇ, ਉੱਥੇ ਫੋਕੇ ਮਰਦਊਪੁਣੇ ਦੇ ਸ਼ਿਕਾਰ ਕਈ ਪਤੀ ਇਹ ਰੋਅਬ ਮਾਰਦੇ ਰਹਿੰਦੇ ਹਨ ਕਿ ਮੈਂ ਪਰਿਵਾਰ ਲਈ ਸਾਰਾ ਦਿਨ ਕੰਮ ਕਰਦਾ ਹਾਂ ਜਦੋਂ ਕਿ ਹਕੀਕਤ ਕੁਝ ਹੋਰ ਹੁੰਦੀ ਹੈ। ਹੁਣ ਤਾਂ ਇਹ ਗੱਲ ਕੋਈ ਲੁਕੀ ਛਿਪੀ ਨਹੀਂ ਰਹਿ ਗਈ ਕਿ ਜੇਕਰ ਇੱਕ ਦਿਨ ਵੀ ਪਤਨੀ ਘਰ ਦੇ ਕੰਮ ਤੋਂ ਛੁੱਟੀ ਲੈ ਲਵੇ ਤਾਂ ਸਾਰੇ ਘਰ ਦਾ ਤਾਣਾ-ਬਾਣਾ ਹੀ ਬਿਖਰ ਜਾਂਦਾ ਹੈ।

ਪੁਰਾਣੇ ਵੇਲਿਆਂ ਵਿੱਚ ਘਰੇਲੂ ਕੰਮ ਕਰਨਾ ਪੁਰਸ਼ਾਂ ਦੀ ਤੌਹੀਨ ਸਮਝੀ ਜਾਂਦੀ ਸੀ, ਪ੍ਰੰਤੂ ਅਜੋਕੇ ਸਮੇਂ ਵਿੱਚ ਜ਼ਿਆਦਤਰ ਪੁਰਸ਼ ਪਤਨੀਆਂ ਨਾਲ ਮਿਲ ਕੇ ਘਰੇਲੂ ਕੰਮ ਕਾਰ ਕਰਨ ਵਿੱਚ ਸ਼ਰਮ ਨਹੀਂ ਸਗੋਂ ਮਾਣ ਮਹਿਸੂਸ ਕਰਦੇ ਹਨ। ਕਈ ਸੌੜੀ ਸੋਚ ਵਾਲੇ ਪੁਰਸ਼ ਘਰੇਲੂ ਕੰਮ ਕਾਰ ਕਰਨ ਵਾਲਿਆਂ ਦਾ ਮਜ਼ਾਕ ਵੀ ਉਠਾਉਂਦੇ ਹਨ, ਪ੍ਰੰਤੂ ਅਜਿਹੀ ਸੌੜੀ ਸੋਚ ਵਾਲੇ ਹੁਣ ਘੱਟ ਗਿਣਤੀ ਵਿੱਚ ਚਲੇ ਗਏ ਹਨ। ਕਿਸੇ ਨੇ ਇੱਕ ਅਜਿਹੇ ਬੰਦੇ ਨੂੰ ਸਵਾਲ ਪੁੱਛਿਆ ਜੋ ਹਰ ਕੰਮ ਆਪਣੀ ਪਤਨੀ ਤੋਂ ਪੁੱਛ ਕੇ ਕਰਦਾ ਸੀ ਕਿ ਤੂੰ ਆਪਣੀ ਪਤਨੀ ਤੋਂ ਐਨਾ ਡਰਦਾ ਕਿਉਂ ਹੈ ? ਉਸ ਨੇ ਜਵਾਬ ਦਿੱਤਾ ਕਿ ਮੈਂ ਡਰਦਾ ਨਹੀਂ, ਸਗੋਂ ਆਪਣੀ ਪਤਨੀ ਦਾ ਅਹਿਤਰਾਮ ਕਰਦਾ ਹਾਂ। ਇੱਕ ਮਨੋਵਿਗਿਆਨਕ ਤੱਥ ਹੈ ਕਿ ਪੁਰਸ਼ਾਂ ਵਿੱਚ ਤਣਾਅ ਘੱਟ ਕਰਨ ਲਈ ਭਾਂਡੇ ਮਾਂਜਣਾ, ਖਾਣਾ ਬਣਾਉਣਾ ਅਤੇ ਘਰ ਦੇ ਹੋਰ ਛੋਟੇ ਮੋਟੇ ਕੰਮ ਕਰਨੇ ਸਹਾਈ ਸਿੱਧ ਹੁੰਦੇ ਹਨ। ਸੋ, ਸਿਰਫ਼ ਮਿੱਠੀਆਂ ਗੱਲਾਂ ਨਾਲ ਹੀ ਨਹੀਂ ਸਗੋਂ ਘਰ ਵਿੱਚ ਭਾਂਡੇ ਮਾਂਜ ਕੇ ਵੀ ਮੁਹੱਬਤ ਦਾ ਇਜ਼ਹਾਰ ਕੀਤਾ ਜਾ ਸਕਦਾ ਹੈ।

ਸੰਪਰਕ: 98782-24000

Advertisement
×