DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਂ ਦਾ ਕੋਈ ਬਦਲ ਨਹੀਂ

ਕੁਦਰਤ ਵਿੱਚ ਸਭ ਤੋਂ ਉੱਤਮ ਜੀਵ ਮਨੁੱਖ ਹੈ, ਪਰ ਮਨੁੱਖੀ ਜੀਵਾਂ ’ਚੋਂ ਸਭ ਤੋਂ ਵੱਧ ਅਹਿਮੀਅਤ ਔਰਤ ਅਤੇ ਖਾਸ ਕਰਕੇ ਮਾਂ ਦੇ ਰਿਸ਼ਤੇ ਨੂੰ ਦਿੱਤੀ ਗਈ ਹੈ। ਮਾਂ ਦੇ ਰਿਸ਼ਤੇ ’ਚੋਂ ਹੀ ਸਭ ਤੋਂ ਵੱਧ ਅਪਣੱਤ, ਪਿਆਰ, ਤਿਆਗ, ਸੁਰੱਖਿਆ ਅਤੇ...

  • fb
  • twitter
  • whatsapp
  • whatsapp
Advertisement

ਕੁਦਰਤ ਵਿੱਚ ਸਭ ਤੋਂ ਉੱਤਮ ਜੀਵ ਮਨੁੱਖ ਹੈ, ਪਰ ਮਨੁੱਖੀ ਜੀਵਾਂ ’ਚੋਂ ਸਭ ਤੋਂ ਵੱਧ ਅਹਿਮੀਅਤ ਔਰਤ ਅਤੇ ਖਾਸ ਕਰਕੇ ਮਾਂ ਦੇ ਰਿਸ਼ਤੇ ਨੂੰ ਦਿੱਤੀ ਗਈ ਹੈ। ਮਾਂ ਦੇ ਰਿਸ਼ਤੇ ’ਚੋਂ ਹੀ ਸਭ ਤੋਂ ਵੱਧ ਅਪਣੱਤ, ਪਿਆਰ, ਤਿਆਗ, ਸੁਰੱਖਿਆ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਜ਼ਰ ਆਉਂਦੀ ਹੈ। ਇੱਕ ਮਾਂ ਵੱਲੋਂ ਪਰਿਵਾਰ ਅਤੇ ਸਮਾਜ ਵਿੱਚ ਪਾਏ ਜਾਂਦੇ ਅਮੁੱਲੇ ਯੋਗਦਾਨ ਅਤੇ ਉਸ ਪ੍ਰਤੀ ਸਤਿਕਾਰ, ਸੁਰੱਖਿਆ ਅਤੇ ਪਿਆਰ ਦੀ ਭਾਵਨਾ ਪ੍ਰਗਟ ਕਰਨ ਲਈ ਹੀ ਪੂਰੇ ਸੰਸਾਰ ਵਿੱਚ ਹਰ ਸਾਲ ਮਈ ਦੇ ਦੂਜੇ ਐਤਵਾਰ ਕੌਮਾਂਤਰੀ ਮਾਂ ਦਿਵਸ ਮਨਾਇਆ ਜਾਂਦਾ ਹੈ।

ਹਰ ਮਨੁੱਖ ਦੀ ਜੰਮਣਹਾਰ ਅਤੇ ਪਾਲਣਹਾਰ ਮੁੱਖ ਤੌਰ ’ਤੇ ਉਸ ਦੀ ਮਾਂ ਹੀ ਹੁੰਦੀ ਹੈ। ਬੇਸ਼ੱਕ ਇਸ ਵਿੱਚ ਪਿਤਾ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ, ਪਰ ਮਾਂ ਆਪਣੀ ਔਲਾਦ ਲਈ ਜਿੰਨੇ ਕਸ਼ਟ ਝੱਲਦੀ ਹੈ, ਉਸ ਦਾ ਕਰਜ਼ ਸਾਰੀ ਉਮਰ ਨਹੀਂ ਚੁਕਾਇਆ ਜਾ ਸਕਦਾ। ਇੱਕ ਜ਼ਿੰਮੇਵਾਰ ਮਾਂ ਸਾਰੀ ਉਮਰ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਅਤੇ ਦੁੱਖਾਂ ਦਾ ਸਾਹਮਣਾ ਕਰਦੀ ਹੋਈ ਆਪਣੀ ਔਲਾਦ ਅਤੇ ਬਾਕੀ ਪਰਿਵਾਰ ਨੂੰ ਸਿਹਤਮੰਦ ਅਤੇ ਖੁਸ਼ਹਾਲ ਰੱਖਦੀ ਹੈ ਅਤੇ ਉਨ੍ਹਾਂ ਦੇ ਦੁੱਖ ਦੂਰ ਕਰਨ ਲਈ ਆਪਾ ਵਾਰ ਦਿੰਦੀ ਹੈ। ਇਸੇ ਜਜ਼ਬੇ ਕਰਕੇ ਸੰਸਾਰ ਵਿੱਚ ਮਾਂ ਦੇ ਰਿਸ਼ਤੇ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ ਗਿਆ ਹੈ।

Advertisement

ਇਹ ਸਿਰਫ਼ ਮਾਂ ਹੀ ਹੁੰਦੀ ਹੈ ਜਿਹੜੀ ਬੱਚਿਆਂ ਲਈ ਸਾਰੀ ਸਾਰੀ ਰਾਤ ਜਾਗ ਕੇ ਕੱਟਦੀ ਹੈ। ਜੇਕਰ ਬੱਚਾ ਥੋੜ੍ਹਾ ਜਿਹਾ ਵੀ ਬਿਮਾਰ ਹੋ ਜਾਵੇ ਤਾਂ ਮਾਂ ਦੀਆਂ ਅੱਖਾਂ ’ਚੋਂ ਨੀਂਦ ਬਿਲਕੁਲ ਉੱਡ ਜਾਂਦੀ ਹੈ, ਭੁੱਖ ਮਰ ਜਾਂਦੀ ਹੈ ਅਤੇ ਚਿਹਰੇ ਉੱਤੇ ਉਦਾਸੀ ਛਾ ਜਾਂਦੀ ਹੈ। ਜਿੰਨਾ ਪਿਆਰ, ਮੋਹ ਅਤੇ ਬੇਮਿਸਾਲ ਤਿਆਗ ਮਾਂ ਆਪਣੇ ਬੱਚਿਆਂ ਲਈ ਕਰਦੀ ਹੈ, ਓਨਾ ਹੋਰ ਕਿਸੇ ਵੀ ਦੁਨਿਆਵੀ ਰਿਸ਼ਤੇ ਵਿੱਚ ਨਜ਼ਰ ਨਹੀਂ ਆਉਂਦਾ। ਸਵੇਰੇ ਛੇ ਵਜੇ ਤੋਂ ਲੈ ਕੇ ਰਾਤ ਦੇ ਗਿਆਰਾਂ ਵਜੇ ਤੱਕ ਲਗਾਤਾਰ ਸਾਰੇ ਕੰਮ ਕਰਕੇ ਪਰਿਵਾਰ ਦੀ ਦੇਖਭਾਲ ਕਰਨ ਵਾਲੀ ਮਾਂ ਸਭ ਤੋਂ ਆਖਰ ਵਿੱਚ ਰੋਟੀ ਖਾਂਦੀ ਹੈ ਅਤੇ ਆਖਰ ਵਿੱਚ ਹੀ ਸੌਂਦੀ ਹੈ। ਸਭ ਤੋਂ ਅਹਿਮ ਤੱਥ ਇਹ ਹੈ ਕਿ ਮਾਂ ਇਹ ਸਭ ਕੁਝ ਬਿਨਾਂ ਕਿਸੇ ਤਨਖਾਹ ਜਾਂ ਸਵਾਰਥ ਦੇ ਹੀ ਕਰਦੀ ਹੈ। ਇੱਥੋਂ ਤੱਕ ਕਿ ਪਰਿਵਾਰ ਦੀ ਸੇਵਾ ਲਈ ਉਹ ਮਾੜੀ ਮੋਟੀ ਬਿਮਾਰੀ ਦੀ ਵੀ ਕੋਈ ਪਰਵਾਹ ਨਹੀਂ ਕਰਦੀ। ਮਾਂ ਨੂੰ ਕਦੇ ਕੋਈ ਛੁੱਟੀ ਨਹੀਂ ਮਿਲਦੀ ਅਤੇ ਉਹ ਸਾਰੀ ਜ਼ਿੰਦਗੀ ਖੁਸ਼ੀ ਨਾਲ ਇਹ ਜ਼ਿੰਮੇਵਾਰੀ ਨਿਭਾਉਂਦੀ ਹੈ। ਕੀ ਅਸੀਂ ਕਦੇ ਸੋਚਿਆ ਹੈ ਕਿ ਇਸ ਦੇ ਬਾਵਜੂਦ ਉਸ ਨੂੰ ਪਰਿਵਾਰ ਅਤੇ ਸਮਾਜ ਵਿੱਚ ਬਰਾਬਰ ਦਾ ਸਤਿਕਾਰ ਅਤੇ ਪਿਆਰ ਕਿਉਂ ਨਹੀਂ ਦਿੱਤਾ ਜਾਂਦਾ? ਇਸ ਉਤੇ ਸਾਨੂੰ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ।

Advertisement

ਮਾਂ ਆਪਣੇ ਬੱਚੇ ਦੀ ਸਭ ਤੋਂ ਪਹਿਲੀ ਅਧਿਆਪਕ ਹੁੰਦੀ ਹੈ। ਬੱਚੇ ਨੂੰ ਸਭ ਤੋਂ ਮੁੱਢਲੀ ਨੈਤਿਕ ਸਿੱਖਿਆ ਉਸ ਦੀ ਮਾਂ ਵੱਲੋਂ ਹੀ ਦਿੱਤੀ ਜਾਂਦੀ ਹੈ। ਮਾਂ ਹੀ ਉਸ ਨੂੰ ਆਪਣੀ ਮਾਂ ਬੋਲੀ ਵਿੱਚ ਬੋਲਣਾ ਸਿਖਾਉਂਦੀ ਹੈ ਅਤੇ ਸਭ ਤੋਂ ਪਹਿਲਾਂ ਬੱਚਾ ਮਾਂ ਸ਼ਬਦ ਦਾ ਹੀ ਉਚਾਰਨ ਕਰਦਾ ਹੈ। ਇਸੇ ਲਈ ਉਸ ਭਾਸ਼ਾ ਨੂੰ ਮਾਂ ਬੋਲੀ ਦਾ ਦਰਜਾ ਦਿੱਤਾ ਜਾਂਦਾ ਹੈ ਜਿਸ ਭਾਸ਼ਾ ਵਿੱਚ ਉਸ ਦੀ ਮਾਂ ਮੁੱਢਲੀ ਸਿੱਖਿਆ ਗ੍ਰਹਿਣ ਕਰਦੀ ਹੈ ਅਤੇ ਸਕੂਲ ਭੇਜਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਵੀ ਆਪਣੀ ਮਾਂ ਬੋਲੀ ਵਿੱਚ ਹੀ ਬੋਲਣਾ, ਪੜ੍ਹਨਾ ਅਤੇ ਲਿਖਣਾ ਸਿਖਾਉਂਦੀ ਹੈ। ਜਿਨ੍ਹਾਂ ਬੱਚਿਆਂ ਦੀਆਂ ਮਾਵਾਂ ਉਨ੍ਹਾਂ ਨੂੰ ਜਨਮ ਦੇਣ ਤੋਂ ਬਾਅਦ ਸਦੀਵੀ ਵਿਛੋੜਾ ਦੇ ਜਾਂਦੀਆਂ ਹਨ ਜਾਂ ਉਨ੍ਹਾਂ ਨੂੰ ਛੱਡ ਜਾਂਦੀਆਂ ਹਨ, ਉਨ੍ਹਾਂ ਦਾ ਪਾਲਣ ਪੋਸ਼ਣ, ਆਦਤਾਂ, ਸਮਝ ਅਤੇ ਬਚਪਨ ਦੂਜੇ ਬੱਚਿਆਂ ਤੋਂ ਬਿਲਕੁਲ ਵੱਖਰਾ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਮਾਵਾਂ ਦਾ ਪਿਆਰ-ਦੁਲਾਰ ਅਤੇ ਮੁੱਢਲੀ ਨੈਤਿਕ ਸਿੱਖਿਆ ਹਾਸਲ ਨਹੀਂ ਹੋਈ ਹੁੰਦੀ।

ਪੂਰੇ ਨੌਂ ਮਹੀਨੇ ਕੁੱਖ ਵਿੱਚ ਰੱਖਣ ਤੋਂ ਬਾਅਦ ਇੱਕ ਔਰਤ ਬੱਚੇ ਨੂੰ ਜਨਮ ਦੇਣ ਵਿੱਚ ਭਾਵੇਂ ਬਹੁਤ ਜ਼ਿਆਦਾ ਪੀੜਾ ਸਹਿੰਦੀ ਹੈ, ਪਰ ਮਾਂ ਬਣਨ ਦੇ ਅਹਿਸਾਸ ਦੀ ਖੁਸ਼ੀ ਉਸ ਨੂੰ ਸਭ ਤਰ੍ਹਾਂ ਦੇ ਕਸ਼ਟ ਅਤੇ ਦੁੱਖ ਭੁਲਾ ਦਿੰਦੀ ਹੈ। ਹਕੀਕਤ ਇਹ ਹੈ ਕਿ ਮਾਂ ਦੇ ਰਿਸ਼ਤੇ ਦਾ ਦੁਨੀਆ ਵਿੱਚ ਹੋਰ ਕੋਈ ਬਦਲ ਨਹੀਂ ਹੈ। ਭਾਵੇਂ ਕਿ ਪਰਿਵਾਰ ਦੀਆਂ ਮੁੱਖ ਜ਼ਿੰਮੇਵਾਰੀਆਂ ਸੰਭਾਲਣ ਵਿੱਚ ਪਿਤਾ ਦਾ ਅਹਿਮ ਯੋਗਦਾਨ ਹੁੰਦਾ ਹੈ, ਪਰ ਘਰ ਨੂੰ ਸਹੀ ਅਤੇ ਸੱਭਿਅਕ ਢੰਗ ਨਾਲ ਚਲਾਉਣ ਲਈ ਇੱਕ ਸੁਹਿਰਦ ਮਾਂ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ ਜਿਸ ਦਾ ਸਾਰੀ ਉਮਰ ਦੇਣ ਨਹੀਂ ਦਿੱਤਾ ਜਾ ਸਕਦਾ। ਉਹ ਤਾਂ ਸਾਰੀ ਉਮਰ ਸਗੋਂ ਆਪਣੇ ਪਰਿਵਾਰ ਅਤੇ ਔਲਾਦ ਦੀ ਖੁਸ਼ਹਾਲੀ, ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਜਦੋਂ ਤੱਕ ਮਾਂ-ਬਾਪ ਜਿਉਂਦੇ ਹੋਣ, ਮਨੁੱਖ ਨੂੰ ਉਸ ਦੀ ਉਮਰ ਵਧਣ ਜਾਂ ਬਜ਼ੁਰਗ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ। ਉਹ ਪਰਿਵਾਰ ਅਤੇ ਸਮਾਜ ਵਿੱਚ ਬੱਚਿਆਂ ਵਾਂਗ ਹੀ ਵਿਚਰਦਾ ਹੈ ਅਤੇ ਉਸ ਨੂੰ ਆਪਣੇ ਸਿਰ ਉਤੇ ਮਾਂ-ਬਾਪ ਦੀ ਇੱਕ ਸੰਘਣੀ ਅਤੇ ਠੰਢੀ ਛਾਂ ਦਾ ਅਹਿਸਾਸ ਰਹਿੰਦਾ ਹੈ। ਕਿਸੇ ਮਨੁੱਖ ਨੂੰ ਮਾਂ-ਬਾਪ ਦੀ ਕਮੀ ਦਾ ਅਹਿਸਾਸ ਉਦੋਂ ਹੀ ਹੁੰਦਾ ਹੈ ਜਦੋਂ ਉਹ ਉਸ ਕੋਲ ਨਹੀਂ ਰਹਿੰਦੇ ਜਾਂ ਸਦੀਵੀ ਵਿਛੋੜਾ ਦੇ ਜਾਂਦੇ ਹਨ।

ਅਸੀਂ ਭਾਰਤੀ ਲੋਕ ਪੱਛਮੀ ਸੱਭਿਆਚਾਰ ਨੂੰ ਕੋਸਦੇ ਨਹੀਂ ਥੱਕਦੇ, ਪਰ ਸਾਡੇ ਆਪਣੇ ਦੇਸ਼, ਸਮਾਜ ਅਤੇ ਸੱਭਿਆਚਾਰ ਵਿੱਚ ਨੌਜਵਾਨ ਪੀੜ੍ਹੀ ਆਪਣੇ ਮਾਪਿਆਂ ਪ੍ਰਤੀ ਬਣਦੀ ਨੈਤਿਕ ਜ਼ਿੰਮੇਵਾਰੀ ਨਹੀਂ ਨਿਭਾ ਰਹੀ। ਇਸੇ ਕਰਕੇ ਕਈ ਬਜ਼ੁਰਗ ਮਾਂ-ਬਾਪ ਨੂੰ ਆਪਣਾ ਬੁਢਾਪਾ ਅਤੇ ਆਖਰੀ ਵਕਤ ਬਿਰਧ ਆਸ਼ਰਮਾਂ ਵਿੱਚ ਗੁਜ਼ਾਰਨ ਲਈ ਮਜਬੂਰ ਹੋਣਾ ਪੈਂਦਾ ਹੈ। ਇਹ ਬੇਹੱਦ ਸ਼ਰਮਨਾਕ ਹੈ ਕਿ ਕਈ ਧੀ-ਪੁੱਤ ਤਾਂ ਜਾਇਦਾਦ ਹਥਿਆਉਣ ਲਈ ਮਾਂ-ਬਾਪ ਨੂੰ ਕਤਲ ਕਰਨ ਤੱਕ ਵੀ ਜਾਂਦੇ ਹਨ। ਮਾਂ-ਬਾਪ ਵੱਲੋਂ ਔਖੇ ਹੋ ਕੇ ਵਿਦੇਸ਼ਾਂ ਵਿੱਚ ਭੇਜੇ ਕਈ ਧੀ-ਪੁੱਤ ਆਪਣੇ ਮਾਂ-ਬਾਪ ਦੀ ਕਦੇ ਸਾਰ ਨਹੀਂ ਲੈਂਦੇ ਅਤੇ ਕਈ ਤਾਂ ਉਨ੍ਹਾਂ ਦੀਆਂ ਆਖਰੀ ਰਸਮਾਂ ਵਿੱਚ ਵੀ ਸ਼ਾਮਲ ਨਹੀਂ ਹੁੰਦੇ। ਜਿਹੜੇ ਆਪਣੇ ਮਾਂ-ਬਾਪ ਦੀ ਸੇਵਾ ਨਹੀਂ ਕਰਦੇ ਅਤੇ ਉਨ੍ਹਾਂ ਨਾਲ ਸਮਾਂ ਨਹੀਂ ਬਿਤਾਉਂਦੇ, ਉਨ੍ਹਾਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਹ ਸਾਰੀ ਉਮਰ ਪਛਤਾਵੇ ਦੀ ਅੱਗ ਵਿੱਚ ਧੁਖਦੇ ਰਹਿੰਦੇ ਹਨ ਅਤੇ ਆਪਣੀ ਔਲਾਦ ਦੇ ਅੱਗੇ ਵੀ ਸ਼ਰਮਸਾਰ ਹੁੰਦੇ ਹਨ। ਜਿਨ੍ਹਾਂ ਪਰਿਵਾਰਾਂ ਅਤੇ ਸਮਾਜਾਂ ਵਿੱਚ ਔਰਤ ਅਤੇ ਮਾਂ ਦੀ ਸੁਰੱਖਿਆ ਅਤੇ ਸਤਿਕਾਰ ਨਹੀਂ ਕੀਤਾ ਜਾਂਦਾ, ਉਹ ਕਦੇ ਵਿਕਾਸ ਨਹੀਂ ਕਰ ਸਕਦੇ।

ਅਫ਼ਸੋਸ ਹੈ ਕਿ ਸਾਡੇ ਸਮਾਜ ਵਿੱਚ ਕੁਝ ਕੁ ਮਾਵਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਕਿਸੇ ਪਰਿਵਾਰਕ-ਸਮਾਜਿਕ ਦਬਾਅ ਜਾਂ ਲੜਕੇ ਦੀ ਖਾਹਿਸ਼ ਕਾਰਨ ਬਾਰ ਬਾਰ ਗਰਭਪਾਤ ਕਰਵਾਉਂਦੀਆਂ ਹਨ ਜਾਂ ਕਿਸੇ ਹੋਰ ਕਾਰਨ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਰੂੜੀਆਂ, ਝਾੜੀਆਂ ਜਾਂ ਨਾਲਿਆਂ ਵਿੱਚ ਸੁੱਟਣ ਦਾ ਅਪਰਾਧ ਕਰਨ ਤੱਕ ਜਾਂਦੀਆਂ ਹਨ। ਹਾਲਾਂਕਿ ਕਈ ਵਾਰ ਇਸ ਵਿੱਚ ਉਨ੍ਹਾਂ ਦੀ ਆਪਣੀ ਕੋਈ ਸਹਿਮਤੀ ਨਹੀਂ ਹੁੰਦੀ। ਕੁਝ ਅਜਿਹੀਆਂ ਵੀ ਹੁੰਦੀਆਂ ਹਨ ਜੋ ਵਿਆਹ ਤੋਂ ਬਾਹਰੇ ਸਬੰਧਾਂ ਨੂੰ ਤਰਜੀਹ ਦੇ ਕੇ ਮਾਸੂਮ ਬੱਚਿਆਂ ਨੂੰ ਨਹਿਰ ਵਿੱਚ ਧੱਕਾ ਦੇਣ ਜਾਂ ਜ਼ਹਿਰ ਦੇ ਕੇ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੀਆਂ ਅਤੇ ਜਾਂ ਫਿਰ ਆਪਣੀ ਔਲਾਦ - ਪਰਿਵਾਰ ਨੂੰ ਸਦਾ ਲਈ ਛੱਡ ਜਾਂਦੀਆਂ ਹਨ। ਕੁਝ ਮਾਵਾਂ ਉਹ ਵੀ ਹੁੰਦੀਆਂ ਹਨ ਜੋ ਆਪਣੀ ਅੰਧਵਿਸ਼ਵਾਸੀ ਸੋਚ ਕਾਰਨ ਆਪਣੇ ਬਿਮਾਰ ਅਤੇ ਬਜ਼ੁਰਗ ਸੱਸ-ਸਹੁਰੇ ਅਤੇ ਬੱਚਿਆਂ ਨੂੰ ਭੁੱਖੇ ਭਾਣੇ ਛੱਡ ਕੇ ਸਾਰਾ ਸਾਰਾ ਦਿਨ ਧਾਰਮਿਕ ਸਥਾਨਾਂ, ਡੇਰਿਆਂ ਅਤੇ ਮੱਠਾਂ ਵਿਖੇ ਦਿਖਾਵੇ ਦੀ ‘ਸੇਵਾ’ ਕਰਦੀਆਂ ਹਨ ਅਤੇ ਖੁਦ ਵੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਪਰ ਇਨ੍ਹਾਂ ਦੇ ਇਲਾਵਾ ਕੁਝ ਮਾਵਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਜਵਾਨੀ ਵਿੱਚ ਵਿਧਵਾ ਹੋ ਜਾਣ ਤੋਂ ਬਾਅਦ ਮਾਂ ਦੇ ਇਲਾਵਾ ਇੱਕ ਬਾਪ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਉਂਦੀਆਂ ਹਨ।

ਇਸ ਲਈ ਸਾਡਾ ਨੈਤਿਕ ਫਰਜ਼ ਹੈ ਕਿ ਆਪਣੇ ਮਾਂ-ਬਾਪ, ਬਜ਼ੁਰਗਾਂ, ਬਿਮਾਰਾਂ ਅਤੇ ਲੋੜਵੰਦਾਂ ਦੀ ਸੇਵਾ, ਸਤਿਕਾਰ ਅਤੇ ਮਦਦ ਕਰੀਏ। ਇਸ ਦੇ ਇਲਾਵਾ ਹਕੂਮਤਾਂ ਅਤੇ ਖੁਦ ਸਮਾਜ ਵੱਲੋਂ ਲੜਕੀਆਂ, ਮਾਵਾਂ ਅਤੇ ਸਮੂਹ ਔਰਤ ਵਰਗ ਦੀ ਸੁਰੱਖਿਆ ਅਤੇ ਸਨਮਾਨ ਯਕੀਨੀ ਬਣਾਉਣ ਦੇ ਵਿਸ਼ੇਸ਼ ਅਮਲੀ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਮਾਂ ਵਰਗਾ ਘਣ-ਛਾਵਾਂ ਬੂਟਾ ਹਰੇਕ ਦੇ ਵਿਹੜੇ ਵਿੱਚ ਸਦਾ ਫਲਦਾ ਫੁਲਦਾ ਰਹੇ ਅਤੇ ਅਸੀਂ ਇਸ ਦੀ ਠੰਢੀ ਅਤੇ ਸੰਘਣੀ ਛਾਂ ਅਤੇ ਮੋਹ ਨੂੰ ਲੰਬੇ ਸਮੇਂ ਤੱਕ ਮਾਣਦੇ ਰਹੀਏ। ਹਕੂਮਤਾਂ ਵੱਲੋਂ ਸਿਰਫ਼ ਔਰਤ ਪੱਖੀ ਸਖ਼ਤ ਕਾਨੂੰਨ ਬਣਾ ਦੇਣ ਨਾਲ ਜਾਂ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇ ਕੇ ਇਹ ਸਭ ਯਕੀਨੀ ਨਹੀਂ ਬਣਾਇਆ ਜਾ ਸਕਦਾ। ਅਜਿਹੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਾਲ ਨਾਲ ਮਰਦ ਪ੍ਰਧਾਨ ਭਾਰਤੀ ਸਮਾਜ ਅਤੇ ਖਾਸ ਕਰ ਨੌਜਵਾਨਾਂ ਨੂੰ ਆਪਣੀ ਮਾਨਸਿਕਤਾ ਨੂੰ ਔਰਤ ਪੱਖੀ, ਵਿਗਿਆਨਕ ਅਤੇ ਸੰਵੇਦਨਸ਼ੀਲ ਬਣਾਉਣ ਅਤੇ ਲੜਕੀਆਂ, ਔਰਤਾਂ ਅਤੇ ਮਾਵਾਂ ਪ੍ਰਤੀ ਸਤਿਕਾਰ ਵਿਖਾਉਣਾ ਚਾਹੀਦਾ ਹੈ। ਇਸ ਲਈ ਸੱਤਾਧਾਰੀ ਜਮਾਤਾਂ ਅਤੇ ਲੋਕ ਪੱਖੀ ਜਮਹੂਰੀ ਤੇ ਅਗਾਂਹਵਧੂ ਸੰਸਥਾਵਾਂ ਨੂੰ ਮੌਜੂਦਾ ਕਾਰਪੋਰੇਟ ਪੱਖੀ ਅਤੇ ਔਰਤ ਵਿਰੋਧੀ ਰਾਜ ਪ੍ਰਬੰਧ ਨੂੰ ਵੀ ਬਦਲਣ ਦੀ ਲੋੜ ਹੈ ਜਿਹੜਾ ਮੀਡੀਆ ਰਾਹੀਂ ਔਰਤ ਨੂੰ ਇੱਕ ਬਾਜ਼ਾਰੀ ਵਸਤੂ ਦੇ ਤੌਰ ’ਤੇ ਪੇਸ਼ ਕਰਕੇ ਉਸ ਦਾ ਸ਼ੋਸ਼ਣ ਕਰਵਾਉਣ ਲਈ ਜ਼ਿੰਮੇਵਾਰ ਹੈ।

ਸੰਪਰਕ: 76960-30173

Advertisement
×