ਭੁੱਲਣ ਵਿੱਚ ਹੀ ਭਲਾਈ
ਸਮਾਜ ਵਿੱਚ ਰਹਿੰਦਿਆਂ ਇਨਸਾਨ ਦਾ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਬਹੁਤ ਸਾਰੇ ਹੋਰ ਲੋਕਾਂ ਨਾਲ ਵੀ ਵਾਹ ਪੈਂਦਾ ਹੈ। ਰੋਜ਼ਮਰ੍ਹਾ ਦੇ ਕੰਮਾਂ ਕਾਰਾਂ ’ਚ ਵਿਚਰਦਿਆਂ ਇਨਸਾਨ ਨੂੰ ਵੱਖੋ ਵੱਖਰੇ ਸੁਭਾਅ ਵਾਲੇ ਇਨਸਾਨ ਮਿਲਦੇ ਹਨ। ਕਈ ਮਿਲਣ ਵਾਲੇ ਦੀ ਬਹੁਤ ਤਾਰੀਫ਼...
ਸਮਾਜ ਵਿੱਚ ਰਹਿੰਦਿਆਂ ਇਨਸਾਨ ਦਾ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਬਹੁਤ ਸਾਰੇ ਹੋਰ ਲੋਕਾਂ ਨਾਲ ਵੀ ਵਾਹ ਪੈਂਦਾ ਹੈ। ਰੋਜ਼ਮਰ੍ਹਾ ਦੇ ਕੰਮਾਂ ਕਾਰਾਂ ’ਚ ਵਿਚਰਦਿਆਂ ਇਨਸਾਨ ਨੂੰ ਵੱਖੋ ਵੱਖਰੇ ਸੁਭਾਅ ਵਾਲੇ ਇਨਸਾਨ ਮਿਲਦੇ ਹਨ। ਕਈ ਮਿਲਣ ਵਾਲੇ ਦੀ ਬਹੁਤ ਤਾਰੀਫ਼ ਕਰਦੇ ਹਨ। ਕਈ ਤੁਹਾਡੇ ਸੱਚੇ ਪ੍ਰਸ਼ੰਸਕ ਵੀ ਹੁੰਦੇ ਹਨ, ਪਰ ਬਹੁਗਿਣਤੀ ਲੋਕਾਂ ਦਾ ਵਿਹਾਰ ਸਾਹਮਣੇ ਕੁਝ ਹੋਰ ਹੁੰਦਾ ਹੈ ਅਤੇ ਪਿੱਠ ਪਿੱਛੇ ਕੁਝ ਹੋਰ ਹੁੰਦਾ ਹੈ। ਬਹੁਤ ਸਾਰੇ ਵਿਅਕਤੀ ਤੁਹਾਡੇ ਪਰ੍ਹੇ ਹੋਣ ਸਾਰ ਤੁਹਾਡੀ ਬੁਰਾਈ ਸ਼ੁਰੂ ਕਰ ਦਿੰਦੇ ਹਨ। ਸੂਝਵਾਨ ਲੋਕ ਅਜਿਹੇ ਵਿਅਕਤੀਆਂ ਦੀ ਅਸਲੀਅਤ ਸਾਹਮਣੇ ਆਉਣ ’ਤੇ ਵੀ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕਰਦੇ। ਉਹ ਇਸ ਤਰ੍ਹਾਂ ਵਿਹਾਰ ਕਰਦੇ ਹਨ, ਜਿਵੇਂ ਉਨ੍ਹਾਂ ਨੂੰ ਕੁਝ ਪਤਾ ਹੀ ਨਾ ਹੋਵੇ। ਕਈ ਵਿਅਕਤੀਆਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਦੋਗਲੇ ਵਿਹਾਰ ਵਾਲੇ ਲੋਕਾਂ ਨੂੰ ਸ਼ੀਸ਼ਾ ਵਿਖਾਉਣਾ ਜ਼ਰੂਰੀ ਹੈ। ਫਿਰ ਉਹ ਸ਼ੀਸ਼ਾ ਵਿਖਾਉਣ ਲਈ ਤਰੀਕੇ ਤਲਾਸ਼ਣ ਵਿੱਚ ਬਹੁਤ ਸਾਰਾ ਸਮਾਂ ਬਰਬਾਦ ਕਰ ਦਿੰਦੇ ਹਨ।
ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਇਨਸਾਨ ਨੂੰ ਧੁਰ ਅੰਦਰ ਤੱਕ ਵਲੂੰਧਰ ਕੇ ਰੱਖ ਦਿੰਦੀਆਂ ਹਨ। ਕਈ ਵਿਅਕਤੀ ਜ਼ੁਬਾਨ ਦੇ ਅਜਿਹੇ ਗਹਿਰੇ ਜ਼ਖ਼ਮ ਦਿੰਦੇ ਹਨ ਕਿ ਤੁਹਾਡੀ ਰੂਹ ਕੰਬ ਜਾਂਦੀ ਹੈ। ਜਿਵੇਂ ਕਿਸੇ ਨੇ ਕਿਹਾ ਹੈ ਕਿ ਤਲਵਾਰ ਦੇ ਜ਼ਖ਼ਮ ਤਾਂ ਭਰ ਜਾਂਦੇ ਹਨ, ਪਰ ਜ਼ੁਬਾਨ ਦੇ ਜ਼ਖ਼ਮ ਨਹੀਂ ਭਰਦੇ। ਕੌੜੇ ਜਾਂ ਚੁੱਭਵੇਂ ਬੋਲ ਇਨਸਾਨ ਨੂੰ ਰਹਿ ਰਹਿ ਕੇ ਪਰੇਸ਼ਾਨ ਕਰਦੇ ਹਨ। ਮੰਦੇ ਬੋਲਾਂ ਨਾਲ ਆਪਣੇ ਤੋਂ ਨੀਵੇਂ ਵਿਅਕਤੀ ’ਤੇ ਗੁੱਸਾ ਕੱਢਣਾ ਸਾਡੇ ਸਮਾਜ ਵਿੱਚ ਆਮ ਹੀ ਹੈ। ਫਿਰ ਉਹ ਕਹਿਣਗੇ ਮੇਰਾ ਬਲੱਡ ਪ੍ਰੈੱਸ਼ਰ ਵਧ ਗਿਆ ਸੀ ਜਾਂ ਮੈਨੂੰ ਗੁੱਸਾ ਆ ਗਿਆ ਸੀ, ਪਰ ਵਿਦਵਾਨਾਂ ਦਾ ਕਹਿਣਾ ਹੈ ਕਿ ਗੁੱਸਾ ਨਾਮ ਦੀ ਕੋਈ ਸ਼ੈਅ ਨਹੀਂ ਹੁੰਦੀ। ਇਹ ਹਮੇਸ਼ਾਂ ਆਪਣੇ ਤੋਂ ਕਮਜ਼ੋਰ ’ਤੇ ਹੀ ਕਿਉਂ ਆਉਂਦਾ ਹੈ? ਆਪਣੇ ਤੋਂ ਤਕੜੇ ਸਾਹਮਣੇ ਗੁੱਸਾ ਕਿੱਧਰ ਛੂੰ ਮੰਤਰ ਹੋ ਜਾਂਦਾ ਹੈ?
ਰੂਹ ਨੂੰ ਤਕਲੀਫ਼ ਦੇਣ ਵਾਲੀਆਂ ਘਟਨਾਵਾਂ ਜਾਂ ਬੋਲ ਇਨਸਾਨ ’ਚ ਬਦਲੇ ਦੀ ਭਾਵਨਾ ਪੈਦਾ ਕਰ ਦਿੰਦੇ ਹਨ। ਪੀੜਤ ਵਿਅਕਤੀ ਸੋਚਦਾ ਰਹਿੰਦਾ ਹੈ ਕਿ ਜਿਵੇਂ ਉਸ ਨੇ ਮੈਨੂੰ ਮੰਦੇ ਬੋਲ ਬੋਲੇ, ਉਵੇਂ ਹੀ ਮੈਂ ਬੋਲਾਂਗਾ ਜਾਂ ਫਿਰ ਵਿਅਕਤੀ ਕਿਸੇ ਵੱਲੋਂ ਕੀਤੀ ਵਧੀਕੀ ਦਾ ਜਵਾਬ ਵਧੀਕੀ ਦੇ ਰੂਪ ਵਿੱਚ ਹੀ ਦੇਣ ਬਾਰੇ ਸੋਚਦਾ ਰਹਿੰਦਾ ਹੈ। ਇਹ ਬਦਲਾ ਲੈਣ ਦੀ ਭਾਵਨਾ ਵਿਅਕਤੀ ਦੇ ਦਿਲੋ ਦਿਮਾਗ਼ ’ਤੇ ਭਾਰੂ ਰਹਿੰਦੀ ਹੈ। ਕਈ ਇਨਸਾਨ ਆਪਣੇ ਨਾਲ ਬੀਤੀ ਦਾ ਬਦਲਾ ਲੈਣ ਲਈ ਬਹੁਤ ਘਾਤਕ ਹੱਦ ਤੱਕ ਚਲੇ ਜਾਂਦੇ ਹਨ। ਬਦਲੇ ਦੀ ਅੱਗ ਇਨਸਾਨ ਨੂੰ ਕੁੱਟਮਾਰ ਕਰਨ ਤੋਂ ਅੱਗੇ ਕਤਲ ਤੱਕ ਵੀ ਲੈ ਜਾਂਦੀ ਹੈ। ਨੌਕਰਾਂ ਵੱਲੋਂ ਮਾਲਕਾਂ ਦੀ ਕੀਤੀ ਹੱਤਿਆ ਦੇ ਤਮਾਮ ਕਾਰਨਾਂ ਵਿੱਚੋਂ ਇੱਕ ਕਾਰਨ ਮੰਦੇ ਬੋਲਾਂ ਦਾ ਬਦਲਾ ਲੈਣਾ ਵੀ ਹੁੰਦਾ ਹੈ।
ਬਦਲੇ ਦੀ ਅੱਗ ਵਿੱਚ ਸੜਦਾ ਵਿਅਕਤੀ ਕਿਸੇ ਦਾ ਨੁਕਸਾਨ ਕਰਨ ਤੋਂ ਪਹਿਲਾਂ ਆਪਣਾ ਨੁਕਸਾਨ ਕਰ ਬੈਠਦਾ ਹੈ। ਅਜਿਹੀ ਭਾਵਨਾ ਇਨਸਾਨ ਦਾ ਦਿਮਾਗ਼ੀ ਤਵਾਜ਼ਨ ਵਿਗਾੜੀ ਰੱਖਦੀ ਹੈ। ਇਨਸਾਨ ਦੀ ਊਰਜਾ ਉਸਾਰੂ ਪਾਸੇ ਲੱਗਣ ਦੀ ਬਜਾਏ ਬਦਲੇ ਦੀਆਂ ਸਕੀਮਾਂ ਘੜਨ ਵਿੱਚ ਲੱਗੀ ਰਹਿੰਦੀ ਹੈ। ਸ਼ਾਇਦ ਬਹੁਤ ਸਾਰੇ ਅਪਰਾਧ ਵੀ ਇਸ ਤਰ੍ਹਾਂ ਦੇ ਹਾਲਾਤ ਵਿੱਚੋਂ ਉਪਜਦੇ ਹਨ।
ਹਰ ਇਨਸਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਵਧੀਕੀ ਜਾਂ ਚੁੱਭਵੇਂ ਬੋਲਾਂ ਦਾ ਸਾਹਮਣਾ ਸਿਰਫ਼ ਤੁਹਾਨੂੰ ਹੀ ਨਹੀਂ ਕਰਨਾ ਪੈ ਰਿਹਾ। ਇਸ ਤਰ੍ਹਾਂ ਦੇ ਅਣਸੁਖਾਵੇਂ ਪਲ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਬਣਦੇ ਹਨ। ਮੰਦੇ ਜਾਂ ਚੁੱਭਵੇਂ ਬੋਲਾਂ ਨਾਲ ਸਾਹਮਣੇ ਵਾਲੇ ਨੂੰ ਪਰੇਸ਼ਾਨ ਕਰਨਾ ਸਾਡੇ ਸਮਾਜ ਵਿੱਚ ਆਮ ਹੁੰਦਾ ਜਾ ਰਿਹਾ ਹੈ। ਅਜਿਹੇ ਪਲਾਂ ਨੂੰ ਭੁਲਾ ਦੇਣ ਵਾਲੇ ਇਨਸਾਨ ਆਪਣੀ ਊਰਜਾ ਨੂੰ ਉਸਾਰੂ ਪਾਸੇ ਲਗਾ ਕੇ ਜ਼ਿੰਦਗੀ ’ਚ ਬਿਹਤਰੀਨ ਪ੍ਰਾਪਤੀਆਂ ਕਰ ਜਾਂਦੇ ਹਨ। ਜਦੋਂਕਿ ਅਜਿਹੇ ਪਲਾਂ ਨੂੰ ਦਿਲ ’ਤੇ ਲਾ ਕੇ ਬਦਲਾ ਲੈਣ ਦੇ ਰਸਤੇ ਤੁਰੇ ਇਨਸਾਨ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਅੰਦਰ ਪਲਦਾ ਗੁੱਸਾ ਚੁੱਪ ਚਪੀਤੇ ਉਨ੍ਹਾਂ ਦਾ ਹੀ ਨੁਕਸਾਨ ਕਰਦਾ ਰਹਿੰਦਾ ਹੈ। ਬਦਲੇ ਦੀ ਅੱਗ ਵਿੱਚ ਸੜਦਾ ਇਨਸਾਨ ਸਮਾਜ ਲਈ ਵੀ ਚੁਣੌਤੀ ਬਣ ਜਾਂਦਾ ਹੈ। ਉਸ ਦੀਆਂ ਗਤੀਵਿਧੀਆਂ ਦੂਜਿਆਂ ਲਈ ਵੀ ਹਾਨੀਕਾਰਕ ਹੋ ਨਿੱਬੜਦੀਆਂ ਹਨ।
ਆਪਣੀ ਮੰਜ਼ਿਲ ’ਤੇ ਪਹੁੰਚਣ ਦੇ ਇਛੁੱਕ ਇਨਸਾਨ ਦੁਖਾਂਤਕ ਪਲਾਂ ਦਾ ਬੋਝ ਨਾਲ ਲੈ ਕੇ ਨਹੀਂ ਤੁਰਦੇ। ਉਹ ਸੁਖਾਂਤਕ ਪਲਾਂ ਨੂੰ ਅਪਣਾਈ ਜਾਂਦੇ ਹਨ ਅਤੇ ਦੁਖਦ ਪਲਾਂ ਨੂੰ ਭੁਲਾਈ ਜਾਂਦੇ ਹਨ। ਸੰਵੇਦਨਸ਼ੀਲ ਇਨਸਾਨ ਬਦਲੇ ਦੀ ਭਾਵਨਾ ਜਲਦੀ ਪਾਲਦੇ ਹਨ। ਉਨ੍ਹਾਂ ਲਈ ਉਨ੍ਹਾਂ ਦੀ ਸੰਵੇਦਨਸ਼ੀਲਤਾ ਹੀ ਸਰਾਪ ਹੋ ਨਿੱਬੜਦੀ ਹੈ। ਉਹ ਹਰ ਛੋਟੀ ਤੋਂ ਛੋਟੀ ਗੱਲ ਨੂੰ ਮਹਿਸੂਸ ਕਰਦੇ ਹਨ, ਪਰ ਇਸ ਪਾਸੇ ਰਾਜਸੀ ਆਗੂਆਂ ਦਾ ਹਾਜ਼ਮਾ ਬੜਾ ਬਾਕਮਾਲ ਹੁੰਦਾ ਹੈ। ਉਨ੍ਹਾਂ ਦੀ ਸਹਿਣਸ਼ੀਲਤਾ ਆਮ ਵਿਅਕਤੀਆਂ ਨੂੰ ਹੈਰਾਨ ਕਰ ਦਿੰਦੀ ਹੈ, ਪਰ ਸ਼ਾਇਦ ਇਹ ਹੀ ਉਨ੍ਹਾਂ ਦੀ ਸਫਲ ਜ਼ਿੰਦਗੀ ਦਾ ਮੰਤਰ ਹੁੰਦਾ ਹੈ। ਮੁੱਕਦੀ ਗੱਲ ਜ਼ਿੰਦਗੀ ’ਚ ਆਏ ਦੁਖਾਂਤਕ ਪਲਾਂ ਨੂੰ ਭੁਲਾਉਣ ਵਿੱਚ ਹੀ ਭਲਾਈ ਹੈ। ਇਹ ਵੀ ਹਕੀਕਤ ਹੈ ਕਿ ਅਜਿਹੇ ਪਲਾਂ ਨੂੰ ਭੁਲਾ ਦੇਣਾ ਓਨਾ ਸੌਖਾ ਨਹੀਂ ਜਿੰਨਾ ਕਹਿਣਾ ਸੌਖਾ ਹੈ, ਪਰ ਫਿਰ ਵੀ ਹਰ ਇਨਸਾਨ ਨੂੰ ਆਪਣਾ ਖੂਨ ਮਚਾਉਣ ਨਾਲੋਂ ਦੁੱਖ ਦੇਣ ਵਾਲੇ ਪਲਾਂ ਨੂੰ ਭੁਲਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸੰਪਰਕ: 98786-05965

